ਚੀਨੀ ਅਧਿਕਾਰੀਆਂ ਨੇ ਇੱਕ ਹੋਰ ਕੈਨੇਡੀਅਨ ਨੂੰ ਕੀਤਾ ਗ੍ਰਿਫ਼ਤਾਰ

ਚੀਨੀ ਅਧਿਕਾਰੀਆਂ ਨੇ ਇੱਕ ਹੋਰ ਕੈਨੇਡੀਅਨ ਨੂੰ ਕੀਤਾ ਗ੍ਰਿਫ਼ਤਾਰ

ਬੀਜਿੰਗ : ਚੀਨ ਵਿਚ ਇਕ ਹੋਰ ਕੈਨੇਡੀਅਨ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕੈਨੇਡਾ ਦੇ ਇਕ ਅਖਬਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਦੂਰਸੰਚਾਰ ਕਾਰਜਕਾਰੀ ਦੀ ਗ੍ਰਿਫਤਾਰੀ ਮਗਰੋਂ ਦੋਹਾਂ ਦੇਸ਼ਾਂ ਵਿਚ ਸ਼ੁਰੂ ਹੋਏ ਡਿਪਲੋਮੈਟਿਕ ਵਿਵਾਦ ਦੇ ਬਾਅਦ ਕੈਨੇਡਾ ਦੇ ਨਾਗਰਿਕ ਦੀ ਇਹ ਤੀਜੀ ਗ੍ਰਿਫਤਾਰੀ ਹੈ। ਕੈਨੇਡਾ ਦੀ ਇਕ ਅਖਬਾਰ ਮੁਤਾਬਕ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ,”ਸਾਨੂੰ ਕੈਨੇਡੀਅਨ ਨਾਗਰਿਕ ਨੂੰ ਹਿਰਾਸਤ ਵਿਚ ਲਏ ਜਾਣ ਦੀ ਜਾਣਕਾਰੀ ਹੈ।”
ਖਬਰ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ ਮੰਤਰਾਲੇ ਦੇ ਬੁਲਾਰੇ ਨੇ ਉਸ ਦਾ ਵੇਰਵਾ ਨਹੀਂ ਦਿੱਤਾ। ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਇਸ ਗ੍ਰਿਫਤਾਰੀ ਦਾ ਸੰਬੰਧ ਹੁਵੇਈ ਦੇ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝਊ ਦੀ ਗ੍ਰਿਫਤਾਰੀ ਨਾਲ ਹੈ ਜਾਂ ਨਹੀਂ। ਉੱਧਰ ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਯਿੰਗ ਨੇ ਨਿਯਮਿਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੀਡੀਆ ਵਿਚ ਆਈ ਹਿਰਾਸਤ ਦੀ ਇਸ ਖਬਰ ਦੇ ਬਾਰੇ ਵਿਚ ਉਨ੍ਹਾਂ ਨੇ ਨਹੀਂ ਸੁਣਿਆ ਹੈ।
ਹਾਲ ਹੀ ਵਿਚ ਕੈਨੇਡੀਅਨਾਂ ਨੂੰ ਹਿਰਾਸਤ ਵਿਚ ਲਏ ਜਾਣ ਨਾਲ ਅਜਿਹਾ ਸ਼ੱਕ ਪੈਦਾ ਹੋਇਆ ਹੈ ਕਿ ਚੀਨ ਮੇਂਗ ਨੂੰ 1 ਦਸੰਬਰ ਨੂੰ ਗ੍ਰਿਫਤਾਰ ਕੀਤਾ ਜਾਣ ਦੇ ਬਦਲੇ ਵਿਚ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਰਿਹਾ ਹੈ। ਉਂਝ ਅਧਿਕਾਰਕ ਰੂਪ ਨਾਲ ਇਸ ਸਬੰਧ ਵਿਚ ਕੁਝ ਨਹੀਂ ਕਿਹਾ ਗਿਆ ਹੈ। ਮੇਂਗ ਨੂੰ ਇਕ ਅਮਰੀਕੀ ਹਵਾਲਗੀ ਦੀ ਸੁਣਵਾਈ ਦੇ ਸਬੰਧ ਵਿਚ ਵੈਨਕੂਵਰ ਵਿਚ ਬੀਤੇ ਹਫਤੇ ਜਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਮੇਂਗ ‘ਤੇ ਕਾਨੂੰਨ ਦੀ ਉਲੰਘਣਾ ਕਰ ਕੇ ਈਰਾਨ ਨਾਲ ਕਾਰੋਬਾਰੀ ਐਕਸਚੇਂਜ ਨੂੰ ਲੈ ਕੇ ਘਪਲਾ ਕਰਨ ਦਾ ਦੋਸ਼ ਹੈ।

ਤੀਜੇ ਕੈਨੇਡੀਅਨ ਦੀ ਗ੍ਰਿਫ਼ਤਾਰੀ ਪਹਿਲੇ ਦੋ ਮਾਮਲਿਆਂ ਤੋਂ ਵੱਖ : ਟਰੂਡੋ

ਓਟਵਾ : ਚੀਨੀ ਅਧਿਕਾਰੀਆਂ ਵਲੋਂ ਹਿਰਾਸਤ ‘ਚ ਲਏ ਗਏ ਇੱਕ ਹੋਰ ਕੈਨੇਡੀਅਨ ਦੇ ਮਾਮਲੇ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਇਹ ਮਾਮਲਾ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋ ਕੈਨੇਡੀਅਨਾਂ ਨਾਲ ਸਬੰਧਤ ਨਹੀਂ ਲੱਗਦਾ। ਪ੍ਰਧਾਨ ਮੰਤਰੀ ਵਲੋਂ ਇੱਕ ਨਿਊਜ਼ ਕਾਨਫਰੰਸ ਵਿੱਚ ਇਹ ਬਿਆਨ ਦਿੱਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋ ਹੋਰਨਾਂ ਕੈਨੇਡੀਅਨਾਂ ਉੱਤੇ ਗੰਭੀਰ ਜੁਰਮ ਕਰਨ, ਕੌਮੀ ਸਕਿਊਰਿਟੀ ਤੇ ਖੁਫੀਆ ਤੰਤਰ ਨੂੰ ਖਤਰਾ ਖੜ੍ਹਾ ਕਰਨ ਤੇ ਹੋਰ ਗੰਭੀਰ ਇਲਜ਼ਾਮ ਹਨ। ਪਰ ਇਹ ਮਾਮਲਾ ਉਹੋ ਜਿਹਾ ਨਹੀਂ ਹੈ ਅਤੇ ਸਾਡੇ ਵਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਗਲੋਬਲ ਅਫੇਅਰਜ਼ ਕੈਨੇਡਾ ਨੇ ਆਖਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਹੁਣ ਇੱਕ ਮਹਿਲਾ ਨੂੰ ਨਜ਼ਰਬੰਦ ਕੀਤਾ ਗਿਆ ਹੈ ਤੇ ਉਹ ਅਲਬਰਟਾ ਤੋਂ ਹੈ।