ਜੂਝ ਮਰੋਂ ਤਉ ਸਾਚ ਪਤੀਜੈ॥

ਜੂਝ ਮਰੋਂ ਤਉ ਸਾਚ ਪਤੀਜੈ॥

ਸਿੱਖ ਇਤਿਹਾਸ ਅਦੁੱਤੀ ਸ਼ਹਾਦਤਾਂ ਦਾ ਇਤਿਹਾਸ ਹੈ, ਜਿਸ ਦੀ ਉਦਾਹਰਣ ਸੰਸਾਰ ਦੇ ਇਤਿਹਾਸ ਵਿੱਚ ਦੁਰਲੱਭ ਹੈ, ਕਿਉਂਕਿ ਸਿੱਖ ਧਰਮ ਦੀ ਨੀਹਂ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਹ ਮਾਰਗ ਇੱਕ ਮਹਾਨ ਸੂਰਮਗਤੀ ਦਾ ਮਾਰਗ ਹੈ। ਅਜਿਹੇ ਮਾਰਗ ਦਾ ਪਾਂਧੀ ਆਪਾਂ ਤਿਆਗ ਕੇ ਅਧਿਆਤਮਿਕ ਅੰਨਦ ਦੀ ਪ੍ਰਾਪਤੀ ਕਰਨ ਦੇ ਸਮੱਰਥ ਹੋ ਜਾਪਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:
ਜਉ ਤਉ ਪ੍ਰਮ ਖੇਲਣ ਕਾ ਚਾਉ। ਸਿਰ ਧਰਿ ਤਲੀ ਗਲੀ ਮੇਰੀ ਆਉ।
ਇਤੁ ਮਾਰਗਿ ਪੈਰ ਧਰੀਜੈ, ਸਿਰ ਦੀਜੈ ਕਾਣਿ ਨ ਕੀਜੈ।
ਨਿਸਚੈ ਹੀ, ਜਦੋਂ ਤੱਕ ਇਨਸਾਨੀ ਮਨ ਵਿੱਚ ਸ੍ਵੈ ਸਤਿਕਾਰ ਨਹੀਂ ਹੈ, ਉਹ ਜ਼ੁਲਮ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦਾ; ਜ਼ੁਲਮ ਭਾਵੇਂ ਵਰਣ-ਵੰਡ, ਆਸ਼ਰਮ-ਵੰਡ, ਧਾਰਮਿਕ ਕੱੜੜਤਾ, ਛੂਤ ਛਾਤ, ਜਾਤ-ਪਾਤ ਦੇ ਵਖਰੇਵੇਂ ਅਤੇ ਊਚ-ਨੀਚ ਕਰਕੇ ਹੀ ਹੋਵੇ। ਅਜਿਹੀ ਸੋਝੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਦੀਆਂ ਰੂਹਾਂ ਵਿੱਚ ਭਰ ਦਿੱਤੀ, ਜਿਸ ਨੂੰ ਨੌਂ(੯) ਗੁਰੂ ਸਾਹਿਬਾਨ ਨੇ ਅੱਗੇ ਤੋਰਿਆ, ਕਿਉਂਕਿ ਉਹ ਜਾਣਦੇ ਸਨ ਕਿ 1000 ਸਾਲ ਦੀ ਗੁਲਾਮੀ ਨੂੰ ਖਤਮ ਕਰਨ ਲਈ ਨਿਰੰਤਰ ਜਦੋਂ ਜਹਿਦ ਦੀ ਲੋੜ ਹੈ। ਇਸ ਕਾਰਜ ਲਈ ਗੁਰੂ ਸਾਹਿਬਾਨ ਨੇ ਅਣਥੱਕ ਉਪਰਾਲੇ ਕੀਤੇ ਅਤੇ ਸਿੱਖਾਂ ਵਿੱਚ ਬਹਾਦਰੀ ਤੇ ਜੋਸ਼ ਭਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਤੱਤਕਾਲੀਨ ਭਾਰਤੀ ਰਾਜਿਆਂ, ਧਾਰਮਿਕ ਕੱਟੜਵਾਦੀ ਸ਼ਕਤੀਆਂ ਅਤੇ ਇਸਨਾਨੀ ਸ਼ਕਤੀ ਦੇ ਜ਼ੁਲਮਾਂ ਹੇਠਾਂ ਦੱਬੀ ਲਤਾੜੀ ਕਿਰਤੀ ਜਮਾਤ ਅਜਿਹੇ ਆਗੂ ਦੀ ਭਾਲ ਵਿੱਚ ਸੀ, ਜੋ ਉਹਨਾਂ ਨੂੰ ਸਮਾਜਿਕ, ਰਾਜਨੀਤਕ ਅਤੇ ਅਤੇ ਧਾਰਮਿਕ ਅਜ਼ਾਦੀ ਦਿਵਾਓਣ ਦੇ ਸਮਰੱਥ ਹੋਵੇ। ਕਿਉਂਕਿ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਪਰਕਿਰਿਆ ਸਿਖਰ ਤੇ ਸੀ ਅਤੇ ਉਹਨਾਂ ਨੂੰ “ਅੰਤਰ ਪੂਜਾ ਪੜੇ ਕਤੇਬਾਂ, ਸੰਜਮ ਤੁਰਕਾਂ ਭਾਈ” ਦੀ ਸਥਿਤੀ ਵਿੱਚੋਂ ਵਿਚਰਨਾ ਪੈ ਰਿਹਾ ਸੀ।
ਭਾਵੇਂ ਸੂਫ਼ੀ ਲਹਿਰ ਅਤੇ ਭਗਤੀ ਲਹਿਰ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਦੀ ਕੋਸਿਸ਼ ਆਰੰਭੀ, ਪਰ ਇਸ ਜ਼ੁਲਮ ਖ਼ਿਲਾਫ਼ ਕ੍ਰਾਂਤੀ ਲਿਆਉਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਸਰਬ-ਪੱਖੀ ਅਗਵਾਈ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਰ ਜਾਤ, ਵਰਗ ਦੇ ਲੋਕਾਂ ਨੂੰ ਕਥਾ ਕੀਰਤਨ ਸਤਿ ਸੰਗ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ। ਇੰਝ ਇਨਸਾਨੀ ਮਨ ਅੰਦਰ ਪਰਮ ਜੋਤਿ ਦਾ ਚਾਨਣ ਪ੍ਰਦਾਨ ਕਰਨ ਦਾ ਉਪਰਾਲਾ ਕੀਤਾ ਅਤੇ ‘ਸਰਬੱਤ ਦੇ ਭਲੇ’ ਵਾਸਤੇ ਆਪਾ ਵਾਰਨ ਲਈ ਤਤਪਰ ਰਹਿਣ ਲਈ ਪ੍ਰੇਰਿਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸੰਗਤ-ਪੰਗਤ ਵਿੱਚ ਹਰ ਵਰਣ, ਜਾਤ ਦੇ ਲੋਕਾਂ ਨੂੰ ਸਾਮਲ ਹੋਣ ਦੀ ਖੁੱਲ੍ਹ ਦਿੱਤੀ। ਫਿਰ ਗੁਰੂ ਅਮਰ ਦਾਸ ਜੀਨੇ ‘ਪਹਿਲੇ ਪੰਗਤ ਪਾਛੇ ਸੰਗਤ’ ਦਾ ਸਿਧਾਂਤ ਦ੍ਰਿੜ੍ਹ ਕਰਵਾਇਆ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਬਣਵਾਏ ਅੰਮ੍ਰਿਤਸਰ ਸਰੋਵਰ ਵਿੱਚ ਹਰ ਸ਼੍ਰੇਣੀ ਦੇ ਲੋਕਾਂ ਨੂੰ ਇਸ਼ਨਾਨ ਕਰਨ ਦੀ ਖੁੱਲ੍ਹ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਨਾਂ ਕਿਸੇ ਵਿਤਕਰੇ ਹਰ ਜਾਤ ਵਰਣ ਦੇ ਸੰਤਾਂ ਭਗਤਾਂ ਦੀ ਬਾਣੀ ਸਾਮਲ ਕੀਤੀ ਭਾਵੇਂ ਉਹਨਾਂ ਦਾ ਸੰਬੰਧ ਅਖੋਤੀ ਨੀਚ ਜਾਤਾਂ ਨਾਲ ਹੀ ਕਿਉਂ ਨਾਂ ਹੋਵੇ।
ਸੱਚ ਤੇ ਪਹਿਰਾਂ ਦਿੰਦਿਆਂ ਪੰਜਵੇਂ ਅਤੇ ਨੌਂਵੇਂ ਗੁਰੂ ਸਾਹਿਬ ਨੇ ਕੂੜ ਨਾਲ ਸਮਝੌਤਾ ਨਾ ਕੀਤਾ ਅਤੇ ਸ਼ਹੀਦੀ ਪਰਵਾਨ ਕਰ ਲਈ। ਇੰਝ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਬਾਂਹ ਫੜੀ “ਬਾਹੇਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹੇ ਨ ਛੋੜੀਏ” ਦਾ ਕੌਤਕ ਮਹਾਨ ਬਲੀਦਾਨ ਦੇ ਕੇ ਰਚਾਇਆ। ਕਿਸੇ ਦਾਰਸ਼ਨਿਕ ਨੇ ਠੀਕ ਹੀ ਕਿਹਾ ਸੀ ਕਿ ਪਵਿੱਤਰ ਬਲੀਦਾਨ ਦੇ ਖ਼ੂਨ ਦਾ ਹਰ ਕਤਰਾ ਸੱਚੇ ਧਰਮ ਦੇ ਮਹੱਲ ਦੀ ਬੁਨਿਆਦ ਬਣਦਾ ਹੈ।
ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਿਰਜਨਾ ਇਸ ਤੱਥ ਦੀ ਪੁਸ਼ਟੀ ਕਰਵਾਉਂਦੀ ਹੈ। ਖਾਲਸੇ ਦੀ ਸਿਰਜਨਾ ਇਕ ਤਰ੍ਹਾਂ ਨਾਲ ਸੱਚ ਦੇ ਧਾਰਨੀ ਧਰਮੀ ਬੰਦਿਆਂ ਦੀ ਸਿਰਜਨਾ ਸੀ, ਜੋ ਪ੍ਰਭੂ-ਗੁਣਾਂ ਨਾਲ ਭਰਪੂਰ ਸੀ ਅਤੇ ਹਰ ਪ੍ਰਕਾਰ ਦੇ ਔਗੁਣਾਂ ਤੋਂ ਮੁਕਤ ਵੀ। ਖਾਲਸਾ ਗੁਰੂ ਵਾਸਤੇ “ਸੀਸ ਵੱਢੇ ਕਰਿ ਬੈਸਣ ਦੀਜੈ ਵਿਣੁ ਸਿਰ ਸੇਵ ਕਰੀਜੈ” ਲਈ ਤੱਤਪੁਰ ਰਹਿੰਦਾ ਹੈ ਉਹ ਤਾਂ “ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚ ਅਗਨੀ ਆਪੁ ਜਲਾਈ ਦੇ ਵੀ ਸਮਰੱਥ ਹੈ। ਅਜਿਹਾ ਅਮਰ ਜੀਵਨ ਪ੍ਰਦਾਨ ਕਰਨ ਵਾਲਾ ਅੰਮ੍ਰਿਤਪਾਨ ਗੁਰੂ ਜੀ ਦੇ ਦੋਵੇਂ ਵੱ ਸਾਹਿਬਜ਼ਾਦਿਆਂ ਨੇ ਕੀਤਾ ਸ਼ਸਤੱਰ-ਧਾਰੀ ਬਣੇ, ਯੁੱਧ ਵਿੱਦਿਆ ਹਾਸਲ ਕੀਤੀ ਅਤੇ ਅਕਸਰ ਜੰਗ ਲੜਨ ਦੇ ਕਰਤੱਵ ਕਰਦੇ ਰਹਿੰਦੇ ਸਨ। ਇੰਝ ਸ਼ਸਤਰ-ਧਾਰੀ ਖਾਲਸਾ, ਹਕੂਮਤ ਲਈ ਖੱਤਰੇ ਦਾ ਚਿੰਨ ਬਣ ਗਿਆ। ਕਿਉਕਿ ਹਰ ਵਰਗ ਦੇ ਲੋਕਾਂ ਨੂੰ ਬਰਾਬਰੀ ਦੇ ਅਧਿਕਾਰ ਅਤੇ ਅਜ਼ਾਦੀ ਪ੍ਰਾਪਤ ਹੋਈ। ਇਹ ਸਭ, ਨਾ ਤਾਂ ਪਹਾੜੀ ਰਾਜਿਆਂ ਅਤੇ ਨਾਂ ਹੀ ਮੁਗਲ ਹਕੂਮਤ ਨੂੰ ਸਵੀਕਾਰ ਸੀ। ਭੰਗਾਣੀ ਦੇ ਯੁੱਧ ਉਪਰੰਭ ਔਰੰਗਜੇਬ ਨੇ ਝੂਠੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਮਜਬੂਰ ਕੀਤਾ । ਸਰਸਾ ਨਦੀ ਤੇ ਘਮਸਾਨ ਦਾ ਯੁੱਧ ਹੋਇਆ ਅਤੇ ਸਤਿਗੁਰਾਂ ਦਾ ਪਰਵਾਰ ਤਿੰਨ ਹਿਸਿਆਂ ਵਿੱਚ ਵੰਡਿਆਂ ਗਿਆ। ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ, ਦੋ ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸਮੇਤ ਚਾਲੀ ਕੁ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚੇ। ਦੁਸ਼ਮਣਾਂ ਦੀ ਦਸ ਲੱਖ ਫੌਜ ਨੇ ਗੜੀ ਨੂੰ ਘੇਰਾ ਪਾ ਲਿਆ। ‘ਸਵਾ ਲਾਖ ਸੇ ਏਕ ਲੜਾਊ’ ਦਾ ਬਚਨ ਚਮਕੌਰ ਦੀ ਗੜੀ ਦੇ ਯੁੱਧ ਵਿੱਚ ਪਰਤੱਖ ਹੋਇਆ। ਗੁਰੂ ਜੀ ਦੀਆਂ ਅਸੀਸਾਂ ਲੈ, ਸਾਹਿਬਜ਼ਾਦਾ ਅਜੀਤ ਸਿੰਘ ਦਾ ਜੱਥਾ ਵੈਰੀਆਂ ਤੇ ਟੁੱਟ ਪਿਆ। ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੰਘ ਸੂਰਬੀਰਾਂ ਨੇ ਅਅਗਿਣਤ ਵੈਰੀਆਂ ਨੂੰ ਮੌਤ ਦੀ ਘਾਟ ਉਤਾਰਿਆ। ਅਖੀਰ ਦੇ ਤੱਕ ਜੂਝਦੇ ਹੋਏ ਬਾਬਾ ਅਜੀਤ ਸਿੰਘ ਅਤੇ ਬਾਕੀ ਦੇ ਸਿੰਘ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦੇ, ਬਾਬਾ ਜੁਝਾਰ ਸਿੰਘ ਜੀ ਵੀ ਗੁਰੂ ਜੀ ਤੋਂ ਅਸੀਸਾਂ ਲੈ ਬਹਾਦਰੀ ਦੇ ਜੌਹਰ ਦਿਖਾਉਂਦੇ ਸੂਰਮਗਤੀ ਨੂੰ ਪ੍ਰਾਪਤ ਹੋਏ। ਕੇਵਲ 11 ਸਿੰਘ ਹੀ ਗੜੀ ਵਿੱਚ ਬਚੇ ਜਿਨਾਂ ਨੂੰ ਗੁਰੂ ਸਾਹਿਬ ਨੇ ਬਚਨ ਕੀਤੇ ਕਿ “ਦੁਸ਼ਮਣ ਨਾਲ ਬਹਾਦਰੀ ਨਾਲ ਲੜਨਾ ਹੀ ਸਾਡਾ ਧਰਮ ਅਤੇ ਕਰਤੱਵ ਹੈ। ਸਾਡੇ ਲਹੂ ਦਾ ਇਕ ਇਕ ਕਰਤੱਵ ਸਾਡੇ ਧਰਮ ਦੀਆਂ ਨੀਂਹਾਂ ਪੱਕੀਆਂ ਕਰੇਗਾ।” ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਗੁਰੂ ਸਾਹਿਬ ਦੇ ਇਸ ਫੁਰਮਾਨ ਤੇ ਪਹਿਰਾ ਦਿੰਦੀ ਹੈ।
ਜਬ ਆਵ ਕੀ ਅਉਧ ਨਿਸ਼ਾਨ ਬਨੈ, ਅਤ ਹੀ ਰਣ ਮੈ ਤਬ ਜੂਝ ਮਰੋਂ।
ਚੰਡੀ ਚਰਿਤ੍ਰ
ਭਾਈ ਦੁਨਾਂ ਸਿੰਘ ਹੰਡੂਰੀਆਂ ਨੇ ਕਥਾ ਗੁਰੂ ਜੀ ਕੇ ਸੁਤਨ ਕੀ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰੇੜਤਾ ਇੰਝ ਕਰਦੇ ਹਨ:
ਸਾਬਾਸ਼ ਪਿਸਰ। ਖ਼ੂਬ ਦਲੇਰੀ ਸੇ ਲੜੇ ਹੋ,
ਹਾਂ, ਕਿਉਂ ਨ ਹੋ, ਗੋਬਿੰਦ ਕੇ ਫ਼ਰਜ਼ੰਦ ਖੜੇ ਹੋ।
ਸਾਹਿਬਜ਼ਾਦਿਆਂ ਦੇ ਚਮਕੌਰ ਦੀ ਜੰਗ ਵਿੱਚ ਰੁਪਮਾਨ ਕੀਤੇ ਬਹਾਦਰੀ ਦੇ ਜੌਹਰ ਭਾਰਤੀ ਕੌਮ ਅਤੇ ਦੇਸ਼ ਦਾ ਫ਼ਖ਼ਰ ਬਣੇ। ਪ੍ਰਣਾਮ ਹੈ ਅਜਿਹੇ ਸੂਰਬੀਰ ਸਿੰਘਾਂ ਨੂੰ ਜਿਨ੍ਹਾਂ ਨੇ ਧਰਮ ਦੇਸ਼ ਅਤੇ ਸਮੁੱਚੀ ਮਾਨਵਤਾ ਦਾ ਸ੍ਵੈਮਾਨ, ਅਣਖ ਤੇ ਅਜ਼ਾਦੀ ਹਿੱਤ “ਪੁਰਜਾ ਪੁਰਜਾ ਕਟਿ ਮਰੈਂ, ਕਬਹੂੰ ਨ ਛਾਡੈ ਖੇਤ॥” ਦੇ ਬਚਨਾਂ ਤੇ ਪਹਿਰਾ ਦਿੱਤਾ। ਇੰਝ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਿਤ ਨਾਲ ਉਹ ਪਰਮਗਤੀ ਨੂੰ ਪ੍ਰਾਪਤ ਹੋਏ ਅਤੇ “ਜੂਝ ਮਰੋਂ ਤੋ ਸਾਚ ਪਤੀਜੈ” ਦਾ ਪ੍ਰਣ ਪੂਰਾ ਕੀਤਾ।

ਡਾ: ਸੁਸੀਲ ਕੌਰ
ਖਾਲਸਾ ਸਕੂਲ, ਸਰੀ