ਅਸਾਵੀਂ ਜੰਗ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ

ਅਸਾਵੀਂ ਜੰਗ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਮੁਗ਼ਲਾਂ ਨਾਲ ਟੱਕਰ ਲੈਂਦੇ ਸਰਸਾ ਨਦੀ ਪਾਰ ਕਰਕੇ ਰੋਪੜ ਵਿਚਦੀ ਹੁੰਦੇ ਹੋਏ ਗੁੱਜਰਾਂ ਤੇ ਰੰਘੜਾਂ ਨਾਲ ਕੁਝ ਝੜਪਾਂ ਹੋਣ ਤੋਂ ਬਾਅਦ ਗੁਰੂ ਜੀ, ਦੋਨੋਂ ਸਾਹਿਬਜ਼ਾਦੇ ਤੇ ਸਿੰਘ ਚਮਕੌਰ ਸਾਹਿਬ ਵਿਖੇ ਆ ਗਏ। ਉਥੇ ਆ ਕੇ ਗੁਰੂ ਜੀ ਨੇ ਚੌਧਰੀ ਰਾਜਪੂਤਾਂ ਦੀ ਹਵੇਲੀ ਵਿਚ ਚਲੇ ਗਏ। ਗੁਰੂ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦਿਆਂ ਹਵੇਲੀ ਅੰਦਰ ਮੋਰਚਾਬੰਦੀ ਕਰ ਦਿੱਤੀ। ਚਮਕੌਰ ਦੀ ਸੰਗਤ ਨੂੰ ਗੁਰੂ ਜੀ ਬਾਰੇ ਪਤਾ ਲੱਗਿਆ। ਸਮਾਂ ਨਾਜ਼ੁਕ ਸੀ। ਸੰਗਤ ਨੂੰ ਜਿੰਨੀ ਕੁ ਸੇਵਾ ਕਰਨ ਦਾ ਮੌਕਾ ਮਿਲਿਆ ਸੇਵਾ ਕੀਤੀ। ਸ਼ਾਹੀ ਫੌਜ ਗੁਰੂ ਜੀ ਦਾ ਪਿੱਛਾ ਕਰਦੀ ਆ ਰਹੀ ਸੀ। ਪਰ ਵਜ਼ੀਰ ਖਾਂ ਸਰਹਿੰਦ ਤੋਂ ਪਹਿਲਾਂ ਦਿੱਲੀ ਵੱਲੋਂ ਆਈ ਫੌਜ ਨੇ ਹਵੇਲੀ ਨੂੰ ਘੇਰਾ ਪਾ ਲਿਆ, ਜਿਸ ਦੀ ਕਮਾਨ ਮਲੇਰਕੋਟਲੇ ਦਾ ਨਾਹਰ ਖਾਂ ਕਰ ਰਿਹਾ ਸੀ। ਥੋੜ੍ਹੇ ਸਮੇਂ ਪਿੱਛੋਂ ਵਜ਼ੀਰ ਖਾਂ ਸਰਹਿੰਦ ਸੂਬੇਦਾਰ ਆਪਣੇ ਚੋਟੀ ਦੇ ਜਵਾਨ ਸਰਸਾ ਨਦੀ ‘ਤੇ ਮਰਵਾ ਕੇ ਰਹਿੰਦ-ਖੂੰਹਦ ਲੈ ਕੇ ਆ ਰਲ਼ਿਆ। ਉਧਰ ਗੁਰੂ ਜੀ ਦੀ ਪਾਰਖੂ ਅੱਖ ਨੇ ਪਹਿਚਾਣ ਲਿਆ ਕਿ ਜੰਗ ਸਵੇਰੇ ਹੋਵੇਗੀ। ਰਾਤੋ-ਰਾਤ ਸ਼ਾਹੀ ਫੌਜ ਹੋਰ ਆ ਗਈ। ਹਵੇਲੀ ਅੰਦਰ ਅੱਲਾ ਦੇ ਦੂਤ ਬੇਫ਼ਿਕਰ ਚੜ੍ਹਦੀ ਕਲਾ ਵਿਚ ਬੈਠੇ ਸਨ। ਗੁਰੂ ਜੀ ਸਿੰਘਾਂ ਕੋਲ ਜਾਂਦੇ ਲੱਖਾਂ ਖੁਸ਼ੀਆਂ ਬਖ਼ਸ਼ਿਸ਼ ਕਰਦੇ, ਸਿੰਘਾਂ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦੇ ਅੱਗੇ ਸਾਹਿਬਜ਼ਾਦਿਆਂ ਕੋਲ ਚਲੇ ਗਏ, ਦੋਨੋਂ ਵੀਰ ਮਿੱਟੀ ਨਾਲ ਲਿੱਬੜੀਆਂ ਪੁਸ਼ਾਕਾਂ, ਇਕ ਦੂਜੇ ਵੱਲ ਮੂੰਹ ਕਰਕੇ ਸੁੱਤੇ ਪਏ ਸੀ। ਗੁਰੂ ਜੀ ਨੇ ਸਾਹਿਬਜ਼ਾਦਿਆਂ ਦੇ ਵਾਲਾਂ ‘ਚ ਹੱਥ ਫੇਰਿਆ, ਮੂੰਹ ਚੁੰਮਿਆ ਸੋਚਣ ਲੱਗੇ, ਮੇਰੇ ਲਾਲੋ! ਤੁਸੀਂ ਕੱਲ੍ਹ ਤਕ ਨਹੀਂ ਰਹਿਣਾ, ਪਰ ਵੈਰਾਗ ਨਹੀਂ ਕੀਤਾ ਅਕਾਲ-ਪੁਰਖ ਦਾ ਭਾਣਾ ਮੰਨਿਆ। ਦੁੱਖਾਂ ਦੇ ਪਹਾੜ ਟੁੱਟ ਗਏ, ਛੋਟੇ ਸਾਹਿਬਜ਼ਾਦੇ, ਮਾਤਾ ਜੀ ਅਤੇ ਜਾਨ ਤੋਂ ਪਿਆਰੇ ਸਿੰਘ ਵਿੱਛੜ ਗਏ ਪਰ ਸਤਿਗੁਰੂ ਨਾ ਡੋਲੇ, ਨਾ ਘਬਰਾਏ ਸਭ ਦੁੱਖ-ਸੁਖ ਵਾਹਿਗੁਰੂ ਦਾ ਮੰਨਦੇ। ਦਿਨ ਚੜ੍ਹਿਆ ਸਿੰਘਾਂ ਨੇ ਨਾਮ-ਸਿਮਰਨ ਤੋਂ ਬਾਅਦ ਪੁਜ਼ੀਸ਼ਨਾਂ ਸੰਭਾਲ ਲਈਆਂ, ਉਧਰ ਮੁਗ਼ਲ ਕਮਾਂਡਰ ਮੀਟਿੰਗਾਂ ਕਰਨ ਲੱਗੇ, ਸੂਬੇਦਾਰ ਵਜ਼ੀਰ ਖਾਂ ਕਹਿ ਰਿਹਾ ਸੀ ਅਸੀਂ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰਨਾ ਹੈ। ਕਿਸੇ ਨੂੰ ਮਾਰਨਾ ਨਹੀਂ ਜਿਉਂਦਿਆਂ ਨੂੰ ਫੜਨਾ ਹੈ। ਹਵੇਲੀ ਨੂੰ ਤਿੰਨ ਪਾਸਿਆਂ ਤੋਂ ਘੇਰ ਲਉ। ਸ਼ਾਹੀ ਜਵਾਨ ਕਾਫਲਿਆਂ ਦੇ ਰੂਪ ਵਿਚ ਹਵੇਲੀ ਦੇ ਨੇੜੇ ਲੱਗੇ, ਸ਼ੇਰਾਂ ਨੂੰ ਵੰਗਾਰਨਾ ਅੱਗ ਦੇ ਭਾਂਬੜ ਵਿਚ ਡਿੱਗਣ ਦੇ ਬਰਾਬਰ ਹੈ। ਗੁਰੂ ਜੀ ਨੇ ਜੈਕਾਰਾ ਲਾਇਆ। ਸਿੰਘਾਂ ਨੇ ਅਕਾਲ ਸਹਾਏ ਕਹਿ ਕੇ ਤੀਰਾਂ ਦੀ ਵਰਖਾ ਕਰ ਦਿੱਤੀ, ਤੀਰਾਂ ਨੂੰ ਪਾਣ ਜ਼ਹਿਰਲੀ ਸੀ ਜਿਸ ਦੇ ਤੀਰ ਲੱਗਦਾ ਬੋਲਣ ਦੀ ਵੀ ਗੁੰਜ਼ਾਇਸ਼ ਨਾ ਰਹਿੰਦੀ। ਇਕ ਤੀਰ ਕਈਆਂ ਨੂੰ ਪਾਰ ਬੁਲਾ ਜਾਂਦਾ। ਤੀਰ ਦੁਸ਼ਮਣਾਂ ਦੀਆਂ ਹਿੱਕਾਂ ਬਿੰਨ੍ਹਣ ਲੱਗੇ ਜੋ ਫੌਲਾਦੀ ਕੰਧ ਵਾਂਗ ਡਟੇ ਆ ਰਹੇ ਸੀ, ਉਹ ਰੇਤ ਦੀ ਕੰਧ ਵਾਂਗ ਥਾਂ ‘ਤੇ ਹੀ ਬਹਿ ਗਏ। ਲੋਥਾਂ ਹੀ ਲੋਥਾਂ ਹੋ ਗਈਆਂ। ਮੁਗ਼ਲ ਡਰ ਗਏ। ਲੋਥਾਂ ਤੇ ਜ਼ਖਮੀਆਂ ਨੂੰ ਥਾਂ ‘ਤੇ ਹੀ ਛੱਡ ਗਏ। ਪਿੱਛੇ ਹੱਟ ਗਏ, ਕਮਾਂਡਰਾਂ ਨੂੰ ਹੱਥਾਂ ਦੀਆਂ ਪੈ ਗਈਆਂ। ਮੁਗ਼ਲਾਂ ਨੇ ਕੁਝ ਸਮਾਂ ਰੁਕਣ ਤੋਂ ਬਾਅਦ ਪੈਂਤੜਾ ਬਦਲ ਦਿੱਤਾ। ਵੱਡੀਆਂ ਪੌੜੀਆਂ ਹਵੇਲੀ ਨੂੰ ਲਾ ਦਿੱਤੀਆਂ ਤਾਂ ਕਿ ਅੰਦਰ ਜਾ ਕੇ ਸਿੰਘਾਂ ਨੂੰ ਫੜਿਆ ਜਾ ਸਕੇ। ਪਰ ਸਿੰਘ ਸ਼ੇਰਾਂ ਦੇ ਦਰਸ਼ਨ ਕੌਣ ਕਰਦਾ? ਕੋਈ ਜਾਣ ਲਈ ਤਿਆਰ ਨਾ ਹੋਇਆ। ਇਕ ਸਿਪਾਹੀ ਕਹਿੰਦਾ ਬੇਸ਼ੱਕ ਮੈਨੂੰ ਘਰ ਨੂੰ ਤੋਰ ਦੇਵੋ ਪਰ ਮੈਂ ਤਾਂ ਸਿੰਘਾਂ ਕੋਲ ਨਹੀਂ ਜਾ ਸਕਦਾ, ਨਾ ਹੀ ਕੰਧ ਢਾਹ ਸਕਦਾਂ। ਅਖੀਰ ਨਾਹਰ ਖਾਂ ਮਲੇਰਕੋਟਲੇ ਵਾਲਾ ਗੁੱਸਾ ਖਾ ਕੇ ਪੌੜੀ ਜਾ ਚੜ੍ਹਿਆ, ਜਦੋਂ ਅੱਧ ‘ਚ ਗਿਆ ਤਾਂ ਗੁਰੂ ਜੀ ਦੀ ਨਜ਼ਰ ਪਈ ਤਾਂ ਸ਼ਹਿਨਸ਼ਾਹ ਸਤਿਗੁਰਾਂ ਨੇ ਇਕ ਤੀਰ ਦੀ ਬਖਸ਼ਿਸ਼ ਨਾਹਰ ਖਾਂ ਨੂੰ ਕਰ ਦਿੱਤੀ। ਉਹ ਡੰਡਿਆਂ ਵਿਚ ਲੱਗਦਾ ਥੱਲੇ ਧੜੱਮ ਕਰਕੇ ਡਿੱਗ ਪਿਆ। ਇਸ ਦੇ ਨਾਲ ਹੀ ਥੱਲ੍ਹੇ ਖੜ੍ਹੇ ਨਾਇਕ ਖੁਆਜਾ ਮੁਹੰਮਦ ਨੂੰ ਵੀ ਤੀਰ ਨਾਲ ਮਾਰ ਦਿੱਤਾ ਇਸ ਨਾਲ ਮੁਗ਼ਲਾਂ ਵਿਚ ਸਹਿਮ ਪੈ ਗਿਆ। ਦੋ ਚੋਟੀ ਦੇ ਕਮਾਂਡਰ ਮਰ ਗਏ ਪਰ ਸੂਬੇਦਾਰ ਦੇ ਸਖ਼ਤ ਹੁਕਮ ਕਾਰਨ ਇਕ ਹੋਰ ਕਮਾਂਡਰ ਗ਼ੈਰਤ ਖਾਂ ਆਪਣੀ ਫੌਜ ਦੀ ਗ਼ੈਰਤ ਲਈ ਹਜ਼ਾਰ ਸ਼ਾਹੀ ਜਵਾਨਾਂ ਨੂੰ ਨਾਲ ਲੈ ਕੇ ਇਹ ਮਾਣਮੱਤਾ ਗੱਭਰੂ ਹਵੇਲੀ ਨੇੜੇ ਲੱਗਿਆ ਤਾਂ ਸਿੰਘਾਂ ਨੇ ਤੀਰਾਂ ਨਾਲ ਕਿਸੇ ਨੂੰ ਗੇਟ ਨੇੜੇ ਨਹੀਂ ਲੱਗਣ ਦਿੱਤਾ। ਗ਼ੈਰਤ ਖ਼ਾਂ ਹੱਲਾਸ਼ੇਰੀ ਦੇ ਰਿਹਾ ਸੀ ਤਾਂ ਗੁਰੂ ਜੀ ਨੇ ਗ਼ੈਰਤ ਦਾ ਇਕ ਤੀਰ ਗ਼ੈਰਤ ਖਾਂ ਨੂੰ ਵੀ ਬਖ਼ਸ਼ ਦਿੱਤਾ। ਗ਼ੈਰਤ ਖਾਂ ਦੀ ਮੌਤ ਤੋਂ ਪਿੱਛੋਂ ਮਰਦੂਦ ਖਾਂ ਨੇ ਕਮਾਨ ਸੰਭਾਲੀ। ਸਿੰਘ ਅਕਾਲ ਸਹਾਏ ਦੀ ਰੱਬੀ ਆਵਾਜ਼ ਨਾਲ ਤੀਰ ਛੱਡ ਰਹੇ ਸੀ। ਸ਼ਾਹੀ ਨੌਜਵਾਨ ਕਾਫ਼ੀ ਮਰ ਗਏ ਮਰਦੂਦ ਖਾਂ ਕਮਾਨ ਛੱਡ ਕੇ ਕੰਧ ਦੇ ਉਹਲੇ ਇਕ ਕੌਲ਼ੇ ਕੋਲ ਖੜ੍ਹ ਕੇ ਹੱਥ ਉੱਪਰ ਚੁੱਕ ਕੇ ਜਾਨ ਦੀ ਸੁੱਖ ਮੰਗ ਰਿਹਾ ਸੀ। ਇਕ ਸਿੰਘ ਦੀ ਬਾਜ ਅੱਖ ਨੇ ਮਰਦੂਦ ਖਾਂ ਦਾ ਸਿਰ ਵੇਖ ਲਿਆ ਤਾਂ ਸ਼ੂਕਦੇ ਤੀਰ ਨੇ ਉਸ ਨੂੰ ਥਾਂ ‘ਤੇ ਹੀ ਚਿੱਤ ਕਰ ਦਿੱਤਾ। ਸ਼ਾਹੀ ਜਵਾਨ ਪਿੱਛੇ ਹਟ ਗਏ, ਲੋਥਾਂ ਦੇ ਢੇਰ ਲੱਗ ਗਏ। ਮੁਗ਼ਲ ਆਪਣੇ ਆਪ ਨੂੰ ਫਸੇ ਮਹਿਸੂਸ ਕਰ ਰਹੇ ਸੀ। ਮੁਗ਼ਲਾਂ ਫੇਰ ਇਕ ਭਰਵਾਂ ਹੱਲਾ ਬੋਲਿਆ। ਉਧਰ ਗੁਰੂ ਜੀ ਨੇ ਖ਼ਤਰਾ ਮਹਿਸੂਸ ਕੀਤਾ ਤਾਂ ਆਪ ਜੀ ਨੇ ਸਿੰਘਾਂ ਦੇ ਜਥੇ ਜੰਗ ਨੂੰ ਤੋਰਨੇ ਸ਼ੁਰੂ ਕੀਤੇ। ਜਦੋਂ ਮੁਗ਼ਲ ਫੌਜ ਸਿਰ’ਤੇ ਆ ਚੜ੍ਹੀ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਨੂੰ ਜਾਣ ਲਈ ਕਿਹਾ। ਸਿੰਘਾਂ ਨੇ ਸ਼ਸਤਰ ਸੰਭਾਲ ਗੁਰੂ ਜੀ ਨੂੰ ਫਤਹਿ ਬੁਲਾ ਜੈਕਾਰੇ ਛੱਡਦੇ, ਗੇਟੋਂ ਬਾਹਰ ਆ ਗਏ, ਆਉਂਦਿਆਂ ਤਰਥੱਲੀ ਮਚਾ ਦਿੱਤੀ। ਸਿੰਘਾਂ ਦੇ ਸਰੀਰ ਅੰਗਿਆਰਾਂ ਵਾਂਗ ਭੱਖਦੇ ਸੀ। ਜਿਧਰ ਜਾਂਦੇ ਲੋਥਾਂ ਦੇ ਸੱਥਰ ਲੱਗ ਜਾਂਦੇ। ਸਿੰਘਾਂ ਦਾ ਹਮਲਾ ਬਹੁਤ ਤੇਜ਼ ਸੀ। ਸ਼ਾਹੀ ਜਵਾਨ ਭਮੱਤਰ ਗਏ। ਸਿੰਘ ਹਨ੍ਹੇਰੀ ਵਾਂਗ ਹਥਿਆਰ ਚਲਾ ਰਹੇ ਸੀ। ਹਵੇਲੀ ‘ਚੋਂ ਸ਼ੂਕਦੇ ਤੀਰ ਕਈਆਂ ਦੀ ਜਿੰਦ ਕੱਢ ਰਹੇ ਸੀ। ਖੁਦਾ ਤੇ ਬਦੀ ਦਾ ਮੁਕਾਬਲਾ ਸੀ। ਮੁਗ਼ਲਾਂ ਦੇ ਚੋਟੀ ਦੇ ਨੌਜਵਾਨ ਬਹੁਤ ਮਰ ਗਏ ਸੀ। ਇਕ ਖ਼ਾਨ ਕਹਿ ਰਿਹਾ ਸੀ, ”ਸਿੰਘ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ ਕਿ ਇਹ ਬਹੁਤ ਦਲੇਰ ਤੇ ਤਾਕਤਵਰ ਹਨ। ਮੌਤ ਨੂੰ ਕੁਝ ਨਹੀਂ ਸਮਝਦੇ।” ਅਖੀਰ ਥੋੜ੍ਹੇ ਜਿਹੇ ਸਿੰਘ ਏਨੀ ਨਫ਼ਰੀ ਅੱਗੇ ਕਿੰਨਾ ਕੁ ਚਿਰ ਲੜ ਸਕਦੇ ਸੀ, ਅਖੀਰ ਜ਼ਖ਼ਮੀ ਹੋ ਕੇ ਮਰਦੇ ਦਮ ਤਕ ਜੂਝਦੇ ਧਰਮ ਖ਼ਾਤਰ ਸ਼ਹੀਦੀਆਂ ਪਾ ਗਏ। ਸਿੰਘ ਆਪਣੀ ਜਾਨ ਸ਼ਸਤਰਾਂ ‘ਤੇ ਟੰਗੀ ਫਿਰਦੇ ਸੀ, ਜਿਧਰ ਵਾਰ ਕਰਦੇ ਸ਼ਾਹੀ ਜਵਾਨ ਤੌਬਾ-ਤੌਬਾ ਕਰ ਉੱਠਦੇ, ਮੈਦਾਨ ਛੱਡ ਕੇ ਭੱਜਣ ਲੱਗੇ। ਪਰ ਹਾਕਮਾਂ ਦੀਆਂ ਝਿੜਕਾਂ ਨੇ ਉਨ੍ਹਾਂ ਦੀ ਜਾਨ ਦਿਵਾ ਦਿੱਤਾ। ਸਿੰਘ ਜ਼ਿਆਦਾ ਜ਼ਖਮੀ ਹੋਣ ਕਰਕੇ ਆਪਣੀ ਜਾਨ ਤੋਂ ਪਿਆਰੇ ਧਰਮ ਤੋਂ ਜਿੰਦਾਂ ਵਾਰ ਗਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸਿੰਘ; ਜੋ ਲੱਖਾਂ ਮੁਗ਼ਲਾਂ ਨੂੰ ਅੱਗੇ ਲਾਈ ਫਿਰਦੇ ਸੀ। ਇਸ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੇ ਪਿਤਾ ਜੀ ਤੋਂ ਜੰਗ ਦੇ ਮੈਦਾਨ ਜੂਝਣ ਲਈ ਆਗਿਆ ਮੰਗੀ। ਗੁਰੂ ਜੀ ਨੇ ਚਾਰ ਸਿੰਘਾਂ ਸਮੇਤ ਸਾਰਿਆਂ ਨੂੰ ਥਾਪੜਾ ਦੇ ਕੇ ਜੰਗ-ਏ-ਮੈਦਾਨ ਭੇਜ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਥੀ ਖਾਲਸੇ ਸਿੰਘ ਇਕ ਸ਼ੇਰ ਦੀ ਫੁਰਤੀ ਵਾਂਗ ਗੇਟੋਂ ਬਾਹਰ ਆਏ। ਸ਼ਾਹੀ ਜਵਾਨਾਂ ਤੇ ਬਾਜ ਦੀ ਤਰ੍ਹਾਂ ਝਪਟੇ ਵੈਰੀਆਂ ਨੂੰ ਗਰਜ-ਗਰਜ ਕੇ ਮੌਤ ਦੇ ਘਾਟ ਉਤਾਰ ਰਹੇ ਸੀ। ਮੁਗ਼ਲਾਂ ਵਿਚ ਹਾਹਾਕਾਰ ਮੱਚ ਗਈ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਤਲਵਾਰ ਸੰਜੋਆਂ ਮੜ੍ਹੇ ਜਵਾਨ ਦੇ ਲੱਗੀ ਤਾਂ ਉਹ ਟੁੱਟ ਗਈ। ਬਿਜਲੀ ਦੀ ਫੁਰਤੀ ਵਾਂਗ ਨੇਜਾ ਸੰਭਾਲ ਲਿਆ। ਸ਼ਾਹੀ ਜਵਾਨ ਇਸ ਤਰ੍ਹਾਂ ਡਿੱਗ ਰਹੇ ਸੀ ਜਿਵੇਂ ਹਨ੍ਹੇਰੀ ਵਿਚ ਦਰੱਖ਼ਤ ਟੁੱਟਦੇ ਹੋਣ, ਸਿੰਘ ਦੁਸ਼ਮਣ ਦੇ ਆਹੂ ਲਾਹ ਰਹੇ ਸੀ। ਸਾਥੀ ਸਿੰਘ ਸ਼ਹੀਦ ਹੋ ਗਏ। ਸਾਹਿਬਜ਼ਾਦਾ ਅਜੀਤ ਸਿੰਘ ਜੀ ਵੀ ਕਾਫ਼ੀ ਜ਼ਖ਼ਮੀ ਹੋ ਗਏ ਪਰ ਸੂਰਮੇ ਨੇ ਦਿਲ ਨਹੀਂ ਛੱਡਿਆ। ਕੱਪੜੇ ਖ਼ੂਨ ਨਾਲ ਸੂਹੇ ਲਾਲ ਹੋ ਗਏ ਸੀ। ਪੁਸ਼ਾਕ ਥਾਂ-ਥਾਂ ਤੋਂ ਪਾੜ ਗਈ ਸੀ। ਸੂਰਮੇ ਯੋਧੇ ਦਾ ਜਲਾਲ ਵੇਖ ਕੇ ਰਣਭੂਮੀ ਵੀ ਕੰਬ ਰਹੀ ਸੀ। ਸਾਹਿਬਜ਼ਾਦਾ ਜ਼ਖ਼ਮਾਂ ਤੋਂ ਬੇਪ੍ਰਵਾਹ ਜੋਸ਼ ਤੇ ਜਜ਼ਬੇ ਨਾਲ ਲੜ ਰਿਹਾ ਸੀ। ਮੁਗ਼ਲਾਂ ਨੇ ਪੂਰਾ ਜ਼ੋਰ ਮਾਰ ਕੇ ਸਾਹਿਬਜ਼ਾਦੇ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਅਖੀਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਡੱਟਵਾਂ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਇਕ ਸੂਰਮੇ ਦੀ ਤਰ੍ਹਾਂ ਲੜ ਕੇ ਉਹ ਮੁਕਾਮ ਹਾਸਲ ਕਰ ਗਏ, ਜਿਥੇ ਕੋਈ ਨਹੀਂ ਪਹੁੰਚਦਾ। ਗੁਰੂ ਜੀ ਇਹ ਸਾਰਾ ਦ੍ਰਿਸ਼ ਮੰਮਟੀ ‘ਤੇ ਬੈਠ ਕੇ ਵੇਖ ਰਹੇ ਸੀ। ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਸੀ। ਧੰਨ ਗੁਰੂ ਜੀ ਦੇ ਲਾਲ ਧੰਨ। ਮੰਮਟੀ ਤੋਂ ਗੁਰੂ ਜੀ ਦੀ ਕਲਗੀ ਚਮਕ ਰਹੀ ਸੀ, ਜੋ ਮੁਗ਼ਲਾਂ ਦੀ ਜਾਨ ਕੱਢ ਰਹੀ ਸੀ। ਮੁਗ਼ਲ ਕਲਗੀ ਨੂੰ ਵੇਖ-ਵੇਖ ਕੇ ਕਹਿ ਰਹੇ ਸੀ ਕਿ ਅਜੇ ਤਾਂ ਸਿੱਖਾਂ ਦਾ ਗੁਰੂ ਬਾਕੀ ਰਹਿੰਦਾ, ਹੁਣ ਸਾਡਾ ਕੀ ਬਣੇਗਾ? ਮੁਗ਼ਲ ਕੁਝ ਸਮਾਂ ਰੁਕ ਗਏ। ਹਵੇਲੀ ‘ਚ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਜੰਗ ਵਿਚ ਆਉਣ ਲਈ ਕਾਹਲੀ ਕਰ ਰਹੇ ਸੀ। ਘੰਟੇ ਕੁ ਬਾਅਦ ਫਿਰ ਚਾਰ-ਪੰਜ ਹਜ਼ਾਰ ਸ਼ਾਹੀ ਜਵਾਨ ਇਕੱਠਾ ਹੋ ਕੇ ਹਵੇਲੀ ਨੇੜੇ ਆਉਣ ਲੱਗਿਆ ਤਾਂ ਗੁਰੂ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਛੋਟੀ ਕਲਗੀ ਸਜਾ ਕੇ ਪਿਆਰ ਦੇ ਕੇ ਸਾਥੀ ਸਿੰਘਾਂ ਨੂੰ ਪਿਆਰ ਨਾਲ ਥਾਪੜਾ ਦੇ ਕੇ ਤੋਰ ਦਿੱਤਾ ਅਤੇ ਆਪ ਦ੍ਰਿਸ਼ ਵੇਖਣ ਲਈ ਹਵੇਲੀ ਦੀ ਛੱਤ ‘ਤੇ ਬੈਠ ਗਏ। ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਤੇ ਚਾਰ ਸਿੰਘਾਂ ਨੇ ਜੋਸ਼ ਨਾਲ ਜ਼ਬਰਦਸਤ ਰੁਖ਼ ਅਖਤਿਆਰ ਕੀਤਾ, ਮੁਗ਼ਲ ਸੋਚ ਵੀ ਨਾ ਸਕੇ, ਹੈਂ ਇਹ ਕੀ ਹਨ੍ਹੇਰੀ ਆ ਗਈ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਤਲਵਾਰ ਦੇ ਧਨੀ ਸਨ। ਉਨ੍ਹਾਂ ਦੀ ਤਲਵਾਰ ਇਸ ਤਰ੍ਹਾਂ ਗੇੜਾ ਖਾਂਦੀ ਜਿਵੇਂ ਦੋ-ਤਿੰਨ ਤਲਵਾਰਾਂ ਹੋਣ। ਫੁਰਤੀ ਬਹੁਤ ਸੀ। ਸਰੀਰ ਨੂੰ ਇਕਦਮ ਘੁਮਾਉਂਦੇ ਸੀ ਜੋ ਵੈਰੀ ਨੇੜੇ ਲੱਗਦਾ, ਮੌਤ ਆਈ ਸਮਝਦਾ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਤਲਵਾਰ ਦੇ ਵਾਰ ਵੇਖ ਕੇ ਦੁਸ਼ਮਣ ਵੀ ਸਿਫਤਾਂ ਕਰਨੋਂ ਨਾ ਰਹਿ ਸਕਿਆ। ਲੋਥਾਂ ਦੇ ਢੇਰ ਲੱਗ ਗਏ। ਮਨੁੱਖੀ ਅੰਗ ਖਿੱਦੋ-ਖੂੰਡੀਆਂ ਵਾਂਗ ਪਏ ਸੀ। ਜੋ ਬਾਹਰ ਕਮਾਂਡਰ ਸ਼ੇਖੀਆਂ ਮਾਰਦੇ ਸੀ, ਵੱਡੇ ਜੰਗਬਾਜ਼ਾਂ ਨੂੰ ਪਤਾ ਵੀ ਨਾ ਲੱਗੇ ਕਿ ਕੀ ਕਰਨਾ ਹੈ? ਖਾਨਾਂ ਦੇ ਹੋਸ਼ ਗੁੰਮ ਹੋ ਗਏ, ਉਹ ਅੰਦਰੋਂ ਕੰਬਣ ਲੱਗੇ; ਮੁਗ਼ਲ ਕਮਾਂਡਰਾਂ ਕੋਲੋਂ ਝਿੜਕਾਂ/ਦਬਕਿਆਂ ਤੋਂ ਬਗੈਰ ਹੋਰ ਕੁਝ ਨਾ ਰਿਹਾ। ਆਪ ਪਿੱਛੇ ਰਹਿ ਕੇ ਜਵਾਨਾਂ ਨੂੰ ਅੱਗੇ ਧੱਕੇ ਨਾਲ ਧੱਕ ਰਹੇ ਸੀ। ਸਾਹਿਬਜ਼ਾਦਾ ਜੁਝਾਰ ਸਿੰਘ ਦੁਸ਼ਮਣ ਦੇ ਟੁਕੜੇ ਕਰਦਾ ਹੋਰ ਅੱਗੇ ਵੱਧ ਰਿਹਾ ਸੀ । ਅਕਾਲ ਪੁਰਖ ਦੀ ਕਿਰਪਾ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਕੋਈ ਅੱਗੇ ਨਾ ਰੋਕ ਸਕੇ । ਰਣਭੂਮੀ ਖ਼ੂਨ ਨਾਲ ਲਾਲ ਹੋ ਗਈ । ਸਾਹਿਬਜ਼ਾਦਾ ਜੁਝਾਰ ਸਿੰਘ ਜੀ ਆਖ਼ਰੀ ਸਾਹ ਤਕ ਦੁਸ਼ਮਣ ਨੂੰ ਮੌਤ ਦੀ ਝੋਲੀ ਪਾਉਦੇ ਆਪਣੀ ਕੌਮ/ਧਰਮ ਖ਼ਾਤਰ ਸ਼ਹੀਦੀ ਜਾਮ ਪੀ ਗਏ । ਇਸ ਸੂਰਮੇ ਨੂੰ ਲੱਖਾਂ ਜਵਾਨਾਂ ਨੇ ਜਿਉਦੇ ਨੂੰ ਤਾਂ ਕੀ ਫੜਨਾ ਸੀ, ਮੁਕਾਬਲਾ ਵੀ ਨਾ ਕਰ ਸਕੇ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦੇ ਨੂੰ ਜ਼ਖ਼ਮੀ ਹੁੰਦੇ, ਵਾਰ ਕਰਦੇ ਤੇ ਸ਼ਹੀਦੀ ਪਾਉਦੇ ਅੱਖੀਂ ਵੇਖਿਆ । ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ । ”ਹੇ ਅਕਾਲ ਪੁਰਖ ਵਾਹਿਗੁਰੂ ! ਤੇਰੀ ਅਮਾਨਤ ਤੇਰੇ ਕੋਲ ਪਹੁੰਚ ਗਈ ।” ਇਸ ਤੋਂ ਬਾਅਦ ਗੁਰੂ ਜੀ ਜੰਗ ਦੇ ਮੈਦਾਨ ‘ਚ ਜਾਣ ਵਾਸਤੇ ਤਿਆਰ ਹੋ ਗਏ ਕਿ ਅਸੀਂ ਵੀ ਇਕ ਸੂਰਮੇ ਵਾਂਗ ਜੂਝਦੇ ਸ਼ਹੀਦੀ ਪਾਵਾਂਗੇ ਤਾਂ ਭਾਈ ਦਇਆ ਸਿੰਘ ਨੇ ਕਿਹਾ ਗੁਰੂ ਜੀ ਹੁਕਮ ਕਿਸ ਦਾ? ਤਾਂ ਗੁਰੂ ਜੀ ਨੇ ਕਿਹਾ ਪੰਥ ਦਾ। ਫਿਰ ਭਾਈ ਦਇਆ ਸਿੰਘ ਜੀ ਨੇ ਸਿੰਘਾਂ ਨਾਲ ਸਲਾਹ ਕਰਕੇ ਗੁਰੂ ਜੀ ਨੂੰ ਪੰਥ ਦਾ ਹੁਕਮ ਸੁਣਾਇਆ ਕਿ ਤੁਸੀਂ ਜਾ ਨਹੀਂ ਸਕਦੇ, ਜੇ ਜਾਣਾ ਹੈ ਤਾਂ ਜੰਗ ਤੋਂ ਬਾਹਰ ਜਾਓ । ਦੁਬਾਰਾ ਪੰਥ ਬਣਾਓ । ਅਸੀਂ ਇਥੇ ਦੁਸ਼ਮਣ ਨੂੰ ਕਰਾਰੇ ਹੱਥ ਵਿਖਾ ਕੇ ਸ਼ਹੀਦੀਆਂ ਪਾ ਜਾਵਾਂਗੇ । ਗੁਰੂ ਜੀ ਪੰਥ ਦਾ ਹੁਕਮ ਮੰਨ ਗਏ । ਆਪਣੀ ਹੀਰਿਆਂ ਜੜੀ ਕਲਗੀ ਆਪਣੇ ਬਚਪਨ ਦੇ ਸਾਥੀ ਤੇ ਹਮਸ਼ਕਲ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਗਏ। ਆਪ ਭਾਈ ਸੰਗਤ ਸਿੰਘ ਨੂੰ ਖਾਲਸੇ ਦਾ ਪਹਿਲਾ ਜਥੇਦਾਰ ਬਣਾ ਕੇ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਨੂੰ ਆਪਣੇ ਨਾਲ ਜਾਣ ਲਈ ਕਿਹਾ। ਆਪ ਤਾੜੀ ਮਾਰ ਕੇ ਕਹਿਣ ਲੱਗੇ, ”ਜਾ ਰਿਹਾ ਹੈ ਸਿੱਖਾਂ ਦਾ ਗੁਰੂ, ਜੇ ਕਿਸੇ ਦੀ ਹਿੰਮਤ ਹੈ ਤਾਂ ਰੋਕ ਲਵੋ। ” ਮੁਗ਼ਲ ਤੰਬੂਆਂ ਵਿਚ ਹਾਹਾਕਾਰ ਮੱਚ ਗਈ । ਸਿੱਖ ਚਲੇ ਗਏ, ਸਿੱਖ ਚਲੇ ਗਏ ; ਰੌਲਾ ਪੈ ਗਿਆ। ਹਨੇਰਾ ਹੋਣ ਕਰਕੇ ਕੱਚੇ ਰਾਹ ‘ਚੋਂ ਸਿੱਖਾਂ ਨੂੰ ਲੱਭਦੇ ਆਪਸ ਵਿਚ ਹੀ ਮਰਨ ਲੱਗੇ। ਮੁਗ਼ਲਾਂ ਦਾ ਬਹੁਤ ਨੁਕਸਾਨ ਹੋਇਆ। ਸਿੰਘ ਹਵੇਲੀ ‘ਚ ਆਰਾਮ ਕਰ ਰਹੇ ਸੀ । ਸਿੰਘ ਸਵੇਰੇ 3 ਵਜੇ ਉਠੇ, ਮਹੂੰ – ਹੱਥ ਧੋਤਾ ; ਪਾਣੀ ਦੀ ਘਾਟ ਸੀ। ਸਿਮਰਨ ਕੀਤਾ, ਦਿਨ ਚੜ ਦੇ ਨੂੰ ਹਥਿਆਰਬੰਦ ਹੋ ਕੇ ਗੇਟ ਨੇੜੇ ਖੜ ਗਏ। ਦੂਜੇ ਪਾਸੇ ਜਦੋਂ ਮੁਗਲਾਂ ਨੇ ਚਮਕਦੀ ਕਲਗੀ ਵੇਖੀ ਤਾਂ ਦੁਸ਼ਮਣਾਂ ਦੇ ਕਲੇਜੇ ਧੂਅ ਪੈ ਗਈ । ਵੈਰੀ ਦਾ ਰੰਗ ਪੀਲਾ ਪੈ ਗਿਆ ਕਿ ਸਿੱਖਾਂ ਦਾ ਪੀਰ ਅਜੇ ਰਹਿੰਦਾ, ਕੀ ਪਤਾ ਕੀ ਕਰ ਦੇਣ? ਮੁਗ਼ਲ ਹਾਰ ਮੰਨੀ ਬੈਠੇ ਸੀ । ਜਿਨਾਂ ਦੇ ਸਿੱਖਾਂ ਤੇ ਪੁੱਤਰਾਂ ਨੇ ਸਾਡੇ ਪੈਰ ਨਹੀਂ ਲੱਗਣ ਦਿੱਤੇ, ਗੁਰੂ ਜੀ ਤਾਂ ਸਾਡੀ ਸਾਰੀ ਫੌਜ ਨੂੰ ਹੀ ਖ਼ਤਮ ਕਰ ਦੇਣਗੇ । ਮੁਗਲਾਂ ਨੇ ਡਰਦੇ-ਡਰਾਉਦਿਆਂ ਨੇ ਇਕ ਜ਼ਬਰਦਸਤ ਕਹਿਰੀ ਹਮਲਾ ਕਰਨ ਬਾਰੇ ਸੋਚਿਆ ਕਿ ਹਵੇਲੀ ਦੇ ਅੰਦਰ ਚਲੇ ਜਾਵੇ । ਪਿੱਛੋਂ ਢਾਹ ਦੇਵੋ । ਜਦੋਂ ਮੁਗ਼ਲ ਹਜ਼ਾਰਾਂ ਦੀ ਗਿਣਤੀ ਵਿਚ ਹਵੇਲੀ ਵੱਲ ਵਧੇ ਤਾਂ ਅੰਦਰੋਂ ਸਿੰਘਾਂ ਨੇ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜੈਕਾਰੇ ਲਾਉਦ੍ਹੇ. ਵੈਰੀ ਨੂੰ ਹੌਲ ਪਾਂਉਦੇ, ਭੁੱਖੇ ਸ਼ੇਰਾਂ ਵਾਂਗ ਸ਼ਾਹੀ ਜਵਾਨਾਂ ਨੂੰ ਟੁੱਟ ਕੇ ਪੈ ਗਏ। ਵੈਰੀ ਨੂੰ ਲੀਰਾਂ ਵਾਂਗ ਪਾੜਣ ਲੱਗੇ । ਸ਼ਾਹੀ ਜਰਨੈਲਾਂ ਤੇ ਜਵਾਨਾਂ ਦੀ ਗਿਣਤੀ ਪੁੱਠੀ ਹੋ ਗਈ। ਸੋਚਦੇ ਹੋਰ ਸੀ ਹੋ ਹੋਰ ਗਿਆ । ਹੋਰ ਸਿੰਘਾਂ ਸ਼ੇਰਾਂ ਦੇ ਪੰਜੇ ‘ਚ ਫਸ ਗਏ । ਮੁਗਲਾਂ ਨੂੰ ਭੁਲੇਖਾ ਸੀ ਕਿ ਇਕ-ਦੋ ਸਿੱਖ ਹੋਣਗੇ, ਉਨ੍ਹਾਂ ਨੂੰ ਹੱਥੋਂ ਫੜ ਲਵਾਂਗੇ ਜਾਂ ਮਾਰ ਦੇਵਾਂਗੇ । ਸਿੰਘਾਂ ਅੱਗੇ ਖਾਨਾਂ ਨੂੰ ਭਾਜੜਾਂ ਪੈ ਗਈਆਂ । ਇਕ ਪਾਸੇ ਭੁੱਖਣ-ਭਾਣੇ ਸਿੰਘ ਦੂਜੇ ਪਾਸੇ ਅਣਗਿਣਤ ਸਾਰੀਆਂ ਸਹੂਲਤਾਂ । ਪਰ ਏਨਾ ਕੁਝ ਹੁੰਦੇ ਹੋਏ ਸਿੰਘਾਂ ਨੂੰ ਜਿਉਦੇ ਨਾ ਫੜ ਸਕੇ । ਸਿੰਘ ਮਰ ਮਿਟ ਸਕਦਾ ਪਰ ਜਿਉਦੇ-ਜੀਅ ਹੱਥ ਨਹੀਂ ਆਉਦਾ । ਜੇ ਅਚਾਨਕ ਆ ਜਾਵੇ ਤਾਂ ਧਰਮ ਨਹੀਂ ਛੱਡਦਾ। ਜਿੰਦ ਧਰਮ ਤੇ ਵਾਰ ਦਿੰਦਾ ਸੀ। ਮੁਗ਼ਲਾਂ ਦੇ ਜਵਾਨ ਜ਼ਿਆਦਾ ਹੋਣ ਕਰਕੇ ਸਿੰਘ ਘੇਰੇ ‘ਚ ਆ ਗਏ । ਪਰ ਸਿੰਘ ਆਪਣੀ ਕੌਮ, ਅਣਖ, ਇੱਜ਼ਤ, ਧਰਮ ਤੇ ਗੁਰੂ ਜੀ ਦੇ ਕਹੇ ਬਚਨਾਂ ਨੂੰ ਪੂਰਾ ਕਰਦੇ ਪਿਆਰੀਆਂ ਜਿੰਦਾਂ ਵਾਰ ਗਏ । ਦੁਨੀਆਂ ਨੂੰ ਦੱਸ ਗਏ । ਬੇਗੈਰਤੀ ਜ਼ਿੰਦਗੀ ਜਿਉਣ ਨਾਲੋਂ ਸ਼ਹੀਦੀ ਸੌ ਗੁਣਾਂ ਚੰਗੀ ਹੈ । ਮੁਗ਼ਲ ਭਾਈ ਸੰਗਤ ਸਿੰਘ ਜੀ ਦੀ ਕਲਗੀ ਵੇਖ ਕੇ ਖੁਸ਼ੀਆਂ ਮਨਾਉਣ ਲੱਗੇ । ਜਦੋਂ ਪਛਾਣ ਹੋਈ ਤਾਂ ਸਾਰੇ ਨਿਰਾਸ਼ ਹੋ ਗਏ । ਚਮਕੌਰ ਸਾਹਿਬ ਦੀ ਜੰਗ ਸਿੱਖਾਂ ਦੀ ਦਲੇਰੀ ਤੇ ਸੂਰਮਗਤੀ ਦੀ ਨਿਸ਼ਾਨੀ ਹੈ । ਆਉਣ ਵਾਲੀਆਂ ਨਸਲਾਂ ਲਈ ਸਬੂਤ ਹੈ । ਇਹ ਦੁਨੀਆਂ ਦੀ ਅਨੋਖੀ ਜੰਗ ਸੀ, ਇਕ ਪਾਸੇ 40 ਸਿੰਘ ਦੂਜੇ ਪਾਸੇ ਲੱਖਾਂ ਚੇ । ਕੀੜੀ ਤੇ ਹਾਥੀ ਵਾਂਗ ਫ਼ਰਕ ਸੀ ਪਰ ਸਿੰਘ ਜੰਗ ਜਿੱਤ ਕੇ ਸ਼ਹੀਦੀਆਂ ਪਾ ਗਏ ।

– ਜਨਾਬ ਬਸ਼ੀਰ ਮੁਹੰਮਦ