ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਦਾਸਤਾਨ

ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਦਾਸਤਾਨ

ਸਿੱਖ ਇਤਿਹਾਸ ਅੰਦਰ ਅਨੇਕਾਂ ਸ਼ਹੀਦਾਂ ਦਾ ਵਿਸ਼ੇਸ਼ ਸਤਿਕਾਰ ਨਾਲ ਵਰਨਣ ਮਿਲਦਾ ਹੈ ਅਤੇ ਅਨੇਕਾਂ ਹੀ ਸਿੰਘ ਸਿੰਘਣੀਆਂ ਐਸੇ ਸ਼ਹੀਦ ਵੀ ਹਨ ਜਿੰਨ੍ਹਾ ਦੀਆਂ ਜੀਵਨੀਆਂ ਅਤੇ ਕੁਰਬਾਨੀਆਂ ਬਾਰੇ ਇਤਿਹਾਸ ਚੁੱਪ ਹੈ ਜਾਂ ਜੀਵਨ ‘ਤੇ ਇਤਿਹਾਸ ਕੋਈ ਬਹੁਤੀ ਰੌਸ਼ਨੀ ਨਹੀਂ ਪਾਉਂਦਾ ਕਿਉਂਕਿ ਜਿਸ ਸਮੇ ਤੇ ਇਹ ਸ਼ਹੀਦੀ ਹੋਈ ਉਹ ਸਮਾਂ ਸਿੱਖ ਪੰਥ ਵਿੱਚ ਗੁਰੂ ਸਹਿਬਾਨਾਂ ਦੀ ਹਾਜ਼ਰੀ ਵੇਲੇ ਦਾ ਸਭ ਤੋਂ ਕਠਿਨ ਸਮਾਂ ਸੀ। ਇਸੇ ਦੌਰਾਨ ਹੀ ਕਈ ਖੂਨੀ ਸਾਕੇ ਵੀ ਬਹੁਤ ਘੱਟ ਰੋਸ਼ਨੀ ਵਿੱਚ ਆਏ ਹਨ। ਇਸੇ ਕਠਿਨ ਦੌਰ ਦੇ ਸ਼ਹੀਦ ਮਾਤਾ ਗੁਜਰ ਕੌਰ ਅਤੇ ਦੀਵਾਨ ਟੋਡਰ ਮੱਲ ਬਾਰੇ ਵੀ ਇਤਿਹਾਸ ਲਗਭਗ ਮੂਕ ਹੀ ਹੈ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਵੀ ਬਹੁਤ ਜਿਆਦਾ ਜਿਕਰ ਨਹੀਂ ਆੳਂਦਾ। ਉਹਨਾ ਬਾਰੇ ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਦੁੱਨਾ ਸਿੰਘ ਹੰਡੂਰੀਆ ਦੀ ਕੱਥਾ ਗੁਰੂ ਸੁਤਨ ਕੀ, ਕਵੀ ਕਿਸ਼ਨ ਸਿੰਘ ਦਾ ਸ਼ਹੀਦ ਨਮਾ ਅਤੇ ਸੰਤਰੇਣ ਭਾਈ ਪ੍ਰੇਮ ਸਿੰਘ ਦੀ ਲਿਖਤ ਗੁਰਪੁਰ ਪ੍ਰਕਾਸ਼ ਆਦਿ ਕਿਤਾਬਾਂ ਵਿੱਚ ਕੁਝ ਹਵਾਲਾ ਮਿਲਦਾ ਹੈ। ਕੁੱਝ ਇਤਿਹਾਸ ਖੋਜੀਆਂ ਅਨੁਸਾਰ ਬਾਬਾ ਮੋਤੀ ਰਾਮ ਮਹਿਰਾ ਦਾ ਜਨਮ ਭਾਈ ਹਰਾ ਰਾਮ ਦੇ ਘਰ ਮਾਤਾ ਲੱਧੋ ਦੀ ਕੁੱਖ ਤੋਂ ਸਰਹਿੰਦ ਜਾਂ ਸੰਗਤਪੁਰ ਸੋਢੀਆਂ ਵਿੱਚ 1677 ਈ: ਦੇ ਨੇੜੇ ਹੋਇਆ ਮੰਨਦੇ ਹਨ। ਕਵੀ ਕਿਸ਼ਨ ਸਿੰਘ ਅਨੁਸਾਰ ਪੰਜਾਂ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ ਜੀ ਬਾਬਾ ਮੋਤੀ ਰਾਮ ਮਹਿਰਾ ਦੇ ਚਾਚਾ ਜੀ ਲਗਦੇ ਸਨ। 20 ਦਸੰਬਰ 1704 ਨੂੰ ਜਦੋਂ ਅਨੰਦਪੁਰ ਛੱਡ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਅਤੇ ਪ੍ਰੀਵਾਰ ਸਮੇਤ ਤੁਰੇ ਤਾਂ ਪਹਾੜੀ ਰਾਜਿਆਂ ਅਤੇ ਮੁਗਲ ਫੌਜ ਨੇ ਕਸਮਾਂ ਤੋੜ ਕੇ ਉਹਨਾ ‘ਤੇ ਕਹਿਰੀ ਹਮਲਾ ਕਰ ਦਿੱਤਾ।
ਕਵੀ ਭਾਈ ਕਿਸ਼ਨ ਸਿੰਘ ਲਿਖਦਾ ਹੈ :-
ਮੋਤੀ ਰਾਮ ਸੰਗਤਪੁਰ ਵਾਸੀ ॥
ਰਾਮ ਨਾਮ ਜਪ ਪੁੰਨ ਕਮਾਸੀ॥
ਹਿੰਮਤ ਸਿੰਘ ਤਿਤ ਚਾਚੂ ਜਾਨੋ ॥
ਪਾਂਚ ਪਿਯਾਰਨ ਮਾਹਿ ਪ੍ਰਧਾਨਹੁ॥
ਵਜੀਦੇ ਕੇ ਗ੍ਰਿਹ ਪ੍ਰਸਾਦ ਬਨਾਵੈ॥
ਮਾਨ ਮਹਤ ਦਰਬਾਰਹਿ ਪਾਵੈ॥
ਹਿੰਦੂ ਕੈਦੀ ਤੈਹ ਕਈ ਹਜਾਰ ॥
ਕਰਾਵਾਰ ਮਹਿ ਹੋਤ ਖੁਆਰ॥ 49
ਤਿਨ ਕੋ ਲੰਗਰ ਮੋਤੀ ਆਪ ਬਨਾਵਹਿ॥
ਸਭਹਨ ਬਾਂਟ ਆਪ ਸੁਖ ਪਾਵੈ॥
ਸਭ ਹਿਦੂਅਨ ਤੇ ਪਾਵਹਿ ਮਾਨਾ॥
ਤਿਨ ਤਜਯੋ ਹੈ ਮਾਨ ਅਭਿਮਾਨਾ॥50॥
ਜਦ ਬਾਬਾ ਮੋਤੀ ਰਾਮ ਮਹਿਰਾ ਨੂੰ ਪਤਾ ਲੱਗਾ ਕਿ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਢੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ। ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਚਿੰਤਤ ਹੋਏ ਅਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪਹੁੰਚੇ ਤਾਂ ਉਹਨਾ ਦੀ 70 ਸਾਲਾ ਬਜੁਰਗ ਮਾਤਾ ਅਤੇ ਪਤਨੀ ਬੌਈ, ਭੋਲੀ ਜਾਂ ਦੇਵਾਂ ਨੇ ਮਾਯੂਸੀ ਦਾ ਕਾਰਨ ਪੁਛਿਆ। ਬਾਬਾ ਮੋਤੀ ਰਾਮ ਮਹਿਰਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦੇ ਸੂਬੇ ਨੇ ਠੰਢੇ ਬੁਰਜ ਵਿੱਚ ਕੈਦ ਕਰਕੇ ਰੱਖੇ ਹੋਏ ਹਨ। ਉਹ ਕਈ ਦਿਨਾ ਤੋਂ ਭੁੱਖੇ ਅਤੇ ਪਿਆਸੇ ਹਨ। ਉਹਨਾ ਕੋਲ ਠੰਢ ਤੋਂ ਬਚਣ ਲਈ ਕੋਈ ਕੱਪੜਾ ਵੀ ਨਹੀ ਹੈ। ਇਹ ਦਰਦ ਭਰੀ ਦਾਸਤਾਨ ਸੁਣ ਕੇ ਉਹਨਾਂ ਦੀ ਮਾਤਾ ਅਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਪ੍ਰੀਵਾਰ ਦੀ ਜ਼ਰੂਰ ਹੀ ਸੇਵਾ ਕਰਨੀ ਚਾਹੀਦੀ ਹੈ। ਭਾਵੇਂ ਕਿ ਵਜੀਰ ਖਾਂ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਗੁਰੂ ਦੇ ਪ੍ਰੀਵਾਰ ਜਾਂ ਸਿੱਖ ਦੀ ਮਦਦ ਕਰੇਗਾ ਉਸਨੂੰ ਪ੍ਰੀਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ। ਫਿਰ ਵੀ ਸਾਰੇ ਪਰਿਵਾਰ ਨੇ ਸਲਾਹ ਕਰਕੇ ਬਾਬਾ ਮੋਤੀ ਰਾਮ ਮਹਿਰਾ ਨੂੇੰ ਦੁੱਧ ਦਾ ਗੜਵਾ ਭਰ ਕੇ ਦਿੱਤਾ ਅਤੇ ਕਿਹਾ ਕਿ ਜਾ ਕੇ ਗਰਮ ਗਰਮ ਦੁੱਧ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾਂ ਨੂੰ ਪਿਆਉ। ਭਾਈ ਪ੍ਰੇਮ ਸਿੰਘ ਸੰਤਰੇਣ ਲਿਖਦੇ ਹਨ :
ਅਸ ਵਿਚਾਰ ਗਾ ਨਿਜ ਗ੍ਰਿਹ ਮਾਹਿ॥ ਪੈ ਗੜਵਾ ਇਕ ਲੀਨ ਪਰਾਹਿ॥
ਅਪਰ ਅੰਭ ਘਟ ਕੋਰੋ ਭਰਿਯੋ॥
ਹਿਤ ਮਾਤ ਕੈ ਲਿਆਵਨ ਕਰਯੋ॥
ਪਹਿਰੇਦਾਰਿਨ ਰੋਕਯੋ ਜਬੈ॥
ਕਰ ਮਿੰਨਤ ਕੁਝ ਦੀਨੋ ਤਬੈ॥
ਛੋਡ ਦੀਨ ਮਾਤਾ ਢਿਗ ਆਯੋ॥
ਦੁਗਦ ਘਟਾ ਪੈ ਆਗ੍ਰ ਧਰਾਯੋ॥ (ਗੁਰ ਪ੍ਰਕਾਸ਼)
ਬਾਬਾ ਮੋਤੀ ਰਾਮ ਮਹਿਰਾ ਜਦੋਂ ਦੁੱਧ ਲੈ ਕੇ ਠੰਢੇ ਬੁਰਜ ਕੋਲ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਕੇ ਪੁਛਿਆ ਕਿ ਉਹ ਇਸ ਵੇਲੇ ਰਾਤ ਦੇ ਘੁੱਪ ਹਨੇਰੇ ਵਿੱਚ ਕਿਥੇ ਜਾ ਰਿਹੇ ਹਨ। ਬਾਬਾ ਜੀ ਨੇ ਪਹਿਰੇਦਾਰਾਂ ਨੂੰ ਦੱਸਿਆ ਕਿ ਉਹ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਨੂੰ ਗਰਮ ਗਰਮ ਦੁੱਧ ਪਿਲਾਉਣ ਲਈ ਜਾ ਰਹੇ ਹਨ। ਪਹਿਰੇਦਾਰ ਨੇ ਕਿਹਾ ਕਿ ਜੇ ਸੂਬੇ ਨੂੰ ਪਤਾ ਲੱਗ ਗਿਆ ਤਾਂ ਤੇਰੇ ਨਾਲ ਮੈਨੂੰ ਵੀ ਪਰਿਵਾਰ ਸਮੇਤ ਮਾਰ ਦਿੱਤਾ ਜਾਵੇਗਾ ਪਰ ਬਾਬਾ ਮੋਤੀ ਰਾਮ ਮਹਿਰਾ ਕਿਸੇ ਨਾ ਕਿਸੇ ਤਰੀਕੇ ਨਾਲ ਠੰਢੇ ਬੁਰਜ ਵਿੱਚ ਪਹੁੰਚ ਗਏ। ਜਦੋਂ ਮਾਤਾ ਗੁਜਰ ਕੌਰ ਅਤੇ ਸਾਹਿਬਜਦਿਆਂ ਨੇ ਕੜਾਕੇ ਦੀ ਠੰਢ ਵਿੱਚ ਗਰਮ-ਗਰਮ ਦੁੱਧ ਪੀਤਾ ਤਾਂ ਮਾਤਾ ਜੀ ਨੇ ਅਨੇਕਾਂ ਅਸੀਸਾਂ ਦਿੱਤੀਆਂ ਕਵੀ ਸੰਤਰੇਣ ਲਿਖਦੇ ਹਨ :
ਪਿਖ ਕੈ ਪ੍ਰੇਮ ਸੁ ਮੋਤੀ ਕੇਰਾ ॥
ਮਾਤਾ ਕਹਿਯੋ ਭਲਾ ਹੋਵੈ ਤੇਰਾ॥
ਤਿੰਨ ਰਾਤਾਂ ਇਸੇ ਤਰਾਂ ਹੀ ਠੰਢੇ ਬੁਰਜ ਵਿੱਚ ਪਹੁੰਚ ਕੇ ਦੁੱਧ ਅਤੇ ਪ੍ਰਸ਼ਾਦੇ ਦੀ ਸੇਵਾ ਕਰਦੇ ਰਹੇ। ਕਿਸੇ ਨੇ ਖੂਬ ਲਿਖਿਆ ਹੈ :
ਧੰਨ ਮੋਤੀ ਜਿਨ ਪੁੰਨ ਕਮਾਇਆ॥ ਗੁਰ ਲਾਲਾਂ ਤਾਈਂ ਦੁੱਧ ਪਿਲਾਇਆ॥
ਇਹ ਸਾਰੀ ਸੇਵਾ ਭਾਵੇਂ ਗੁਪਤ ਹੀ ਰਹਿੰਦੀ ਅਤੇ ਸਾਰੇ ਵਰਤਾਰੇ ਤੋਂ ਪਰਦਾ ਨਾ ਹੀ ਉਠਦਾ ਪਰ ਕਵੀ ਕਿਸ਼ਨ ਸਿੰਘ ਲਿਖਦਾ ਹੈ ਕਿ ਗੰਗੂ ਬ੍ਰਾਹਮਣ ਦਾ ਭਰਾ ਜਿਸਦਾ ਨਾਮ ਪੰਮਾਂ ਸੀ ਅਤੇ ਉਹ ਵੀ ਬਾਬਾ ਮੋਤੀ ਰਾਮ ਮਹਿਰਾ ਨਾਲ ਰਸੋਈ ਵਿੱਚ ਹੀ ਕੰਮ ਕਰਦਾ ਸੀ। ਉਸਨੇ ਹੀ ਵਜੀਰ ਖਾਂ ਨੂੰ ਚੁਗਲੀ ਲਾਈ ਕਿ ਮੋਤੀ ਰਾਮ ਮਹਿਰੇ ਨੇ ਹਕੂਮਤ ਵੱਲੋਂ ਬਾਗੀ ਐਲਾਨ ਕੀਤੇ ਗਏ ਗੁਰੂ ਪਰਿਵਾਰ ਦੀ ਦੁੱਧ ਨਾਲ ਤਿੰਨ ਦਿਨ ਸੇਵਾ ਕੀਤੀ ਹੈ।
ਨੀਚ ਗੰਗੂ ਕੋ ਭ੍ਰਾਤ ਇਕ ਪੰਮਾ॥
ਤਿਨ ਲੀਨੋ ਮੋਤੀ ਸੰਗ ਪੰਗਾ॥
ਜਾਇ ਵਜੀਰਹਿ ਭੇਦ ਬਤਾਇਯੋ॥
ਇਕ ਝੀਵਰ ਹੈ ਪੇਯ ਪਿਆਇਯੋ॥
ਗੁਰ ਕੋ ਮਾਤ ਬਾਲ ਸੁਖਦਾਈ॥
ਇਸਹਿ ਦੀਨ ਬਹੁਤ ਵਡਿਆਈ॥
ਜਦੋਂ ਪੰਮੇ ਨੇ ਚੁਗਲੀ ਲਾਈ ਤਾਂ ਵਜੀਰ ਖਾਂ ਨੇ ਹੁਕਮ ਦਿੱਤਾ ਕਿ ਮੋਤੀ ਰਾਮ ਮਹਿਰਾ ਦੀਆਂ ਮੁਸ਼ਕਾਂ ਬੰਨ ਕੇ ਉਸਦੇ ਅੱਗੇ ਪੇਸ਼ ਕੀਤਾ ਜਾਏ। ਸਿਪਾਹੀਆਂ ਅਮਲ ਕਰਦਿਆਂ ਤੁਰੰਤ ਹੀ ਬਾਬਾ ਮੋਤੀ ਰਾਮ ਨੂੰ ਜੂੜ ਕੇ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕਰ ਦਿੱਤਾ। ਵਜ਼ੀਰ ਖਾਂ ਨੇ ਕਰੋਧ ਨਾਲ ਅੱਗ ਬਬੂਲਾ ਹੋ ਕੇ ਪੁਛਿਆ ਕਿ ਮੋਤੀ ਰਾਮ ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਵੀ ਸਿੱਖ ਹੈਂ ਕੀ ਇਸ ਵਿੱਚ ਸਚਾਈ ਹੈ? ਜੀ ਹਾਂ ਇਹ ਸਚਾਈ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ। ਇਹ ਸੁਣ ਕੇ ਸੂਬੇ ਦਾ ਗੁੱਸਾ ਹੋਰ ਭੜਕ ਗਿਆ। ਉਸਨੇ ਪੁਛਿਆ ਕਿ ਤੂੰ ਮਾਤਾ ਗੁਜਰ ਕੌਰ ਅਤੇ ਸਾਹਿਬਜਾਦਿਆਂ ਦੀ ਦੁੱਧ ਅਤੇ ਰੋਟੀ ਪਾਣੀ ਨਾਲ ਚੋਰੀ ਛਿਪੇ ਸੇਵਾ ਕੀਤੀ ਹੈ। ਜੀ ਮੈ ਤਿੰਨ ਦਿਨ ਦੋਵੇਂ ਵੇਲੇ ਗਰਮ ਦੁੱਧ ਅਤੇ ਪ੍ਰਸ਼ਾਦੇ ਦੀ ਸੇਵਾ ਕੀਤੀ ਹੈ। ਸੂਬਾ ਲੋਹਾ ਲਾਖਾ ਹੋ ਕੇ ਫਿਰ ਬੋਲਿਆ ਤੈਨੂੰ ਪਤਾ ਨਹੀਂ ਕਿ ਹਕੂਮਤ ਨੇ ਬਾਗੀਆਂ ਦੀ ਸੇਵਾ ਕਰਨ ਵਾਲੇ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜਨ ਦੀ ਸਜਾ ਸੁਣਾਈ ਹੋਈ ਹੈ। ਹਾਂ ਮੈਨੂੰ ਪਤਾ ਹੈ। ਸੂਬੇ ਹੋਰ ਕ੍ਰੋਧ ਵਿੱਚ ਆ ਕੇ ਕਿਹਾ ਕਿ ਤੇਰੇ ਬਚਾਅ ਦਾ ਹਾਲੇ ਵੀ ਰਸਤਾ ਹੈ ਕਿ ਤੂੰ ਦੀਨ ਕਬੂਲ ਕੇ ਮੁਸਲਮਾਨ ਹੋ ਜਾ ਨਹੀਂ ਤਾਂ ਤੈਨੂੰ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ। ਮੋਤੀ ਰਾਮ ਮਹਿਰਾ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ । ਜੇ ਗੁਰੂ ਦੇ ਲਾਲ ਸੱਤ ਸਾਲ ਅਤੇ ਨੌ ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾ ਮੈ ਤਾਂ ਜਵਾਨ ਮਰਦ ਹਾਂ। ਮੇਰੇ ਤੇ ਤੇਰਾ ਕੀ ਅਸਰ ਹੋਣਾ ਹੈ? ਇਹ ਸੁਣਦਿਆਂ ਹੀ ਸੂਬੇ ਨੇ ਹੁਕਮ ਦਿੱਤਾ ਕਿ ਇਸਦੇ ਪਰਿਵਾਰ ਨੂੰ ਨਰੜ ਕੇ ਲਿਆਉ। ਬਾਬਾ ਮੋਤੀ ਰਾਮ ਮਹਿਰਾ ਦੀ ਮਾਤਾ, ਪਤਨੀ ਅਤੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਬੰਨ੍ਹ ਕੇ ਤੇਲੀਆਂ ਮੁਹੱਲੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਕੋਹਲੂ ਦੇ ਕੋਲ ਲਿਆਂਦਾ ਅਤੇ ਕੋੜੇ ਮਾਰ ਮਾਰ ਕੇ ਅਧਮੋਏ ਕਰ ਦਿੱਤਾ। ਇੱਕ ਵਾਰੀ ਫਿਰ ਵਜੀਰ ਖਾਂ ਨੇ ਪੁਛਿਆ ਕਿ ਜੇ ਉਹਨਾ ਦੀ ਅਕਲ ਟਿਕਾਣੇ ਆ ਗਈ ਹੈ ਤਾਂ ਹਾਲੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਜਾਨ ਬਖਸ਼ ਦਿੱਤੀ ਜਾਵਗੀ। ਇਹ ਸੁਣਦਿਆਂ ਹੀ ਸਾਰੇ ਪ੍ਰੀਵਾਰ ਨੇ ਧਰਮ ਛੱਡਝਯਣ ਤੋਂ ਇਨਕਾਰ ਕਰ ਦਿੱਤਾ। ਸੂਬੇ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਸਾਰੇ ਪ੍ਰੀਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ। ਹੁਕਮ ਦੀ ਤਾਮੀਲ ਹੋਈ। ਸਭ ਤੋਂ ਪਹਿਲਾਂ ਜਲਾਦਾਂ ਨੇ ਉਹਨਾ ਦੇ 7 ਸਾਲ ਦੇ ਸਪੁੱਤਰ ਨਰਾਇਣੇ ਨੂੰ ਮਾਂ ਦੀ ਗੋਦ ਵਿੱਚੋਂ ਧੱਕੇ ਨਾਲ ਖੋਹ ਕੇ ਕੋਹਲੂ ਵਿੱਚ ਪੀੜ੍ਹ ਕੇ ਸ਼ਹੀਦ ਕਰ ਦਿੱਤਾ। ਫਿਰ ਜਲਾਦਾਂ ਨੇ ਬਾਬਾ ਮੋਤੀ ਰਾਮ ਮਹਿਰਾ ਦੀ 70 ਸਾਲਾ ਮਾਤਾ ਲੱਧੋ ਨੂੰ ਵੀ ਕੋਹਲੂ ਵਿੱਚ ਪੀੜ ਦਿੱਤਾ। ਇਹ ਦ੍ਰਿਸ਼ ਦੇਖ ਕੇ ਲੋਕ ਤ੍ਰਾਹ ਤ੍ਰਾਹ ਕਰ ਉતਠੇ। ਫਿਰ ਵਾਰੀ ਆਈ ਬੀਬੀ ਭੋਈ ਦੀ ਉਸਨੂੰ ਵੀ ਪੁਤ ਦੀ ਯਾਦ ਵਿੱਚ ਹਾਉਕੇ ਲੈਦੀ ਹਾੜੇ ਪਾਉਂਦੀ ਅਤੇ ਉਦਾਸ ਨਜਰਾਂ ਨਾਲ ਆਪਣੇ ਪਤੀ ਨੂੰ ਆਖਰੀ ਸਲਾਮ ਕਰਦੀ ਨੂੰ ਕੋਹਲੂ ਵਿੱਚ ਪੀੜ੍ਹ ਕੀ ਸ਼ਹੀਦ ਕਰ ਦਿੱਤਾ। ਵਜੀਰ ਖਾਂ ਨੇ ਹੰਕਾਰ ਦਾ ਫੁੰਕਾਰਾ ਮਾਰ ਕੇ ਬਾਬਾ ਮੋਤੀ ਰਾਮ ਮਹਿਰਾ ਨੂੰ ਕਿਹਾ ਕਿ ਕੀ ਖੱਟਿਆ ਹੈ ਉਸਨੇ ਜਿਦ ਕਰਕੇ ਹਾਲੇ ਵੀ ਵੇਲਾ ਹੈ ਇਸਲਾਮ ਧਾਰਨ ਕਰ ਲਵੋ। ਜਾਨ ਬਖਸ਼ ਦਿੱਤੀ ਜਾਵੇਗੀ। ਬਾਬਾ ਮੋਤੀ ਰਾਮ ਮਹਿਰਾ ਨੇ ਸਖਤ ਸ਼ਬਦਾਂ ਵਿੱਚ ਤਾੜਨਾ ਕਰਦੇ ਹੋਏ ਕਿਹਾ ਕਿ ਅਸੀਂ ਧਰਮ ਅਤੇ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਤੂੰ ਜੋ ਕਰਨਾ ਕਰ ਲੈ। ਅਖੀਰ ਆਪਣੀ ਹਾਰ ਅਤੇ ਬੇ ਇਜਤੀ ਮਹਿਸੂਸ ਕਰਦਿਆਂ ਸੂਬੇ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਕਤਲ ਕਰਨ ਦਾ ਹੁਕਮ ਦੇ ਦਿੱਤਾ । ਬਾਬਾ ਮੋਤੀ ਰਾਮ ਮਹਿਰਾ ਦਾ ਬਹੁਤ ਹੀ ਭਰਵਾਂ ਜੁੱਸਾ ਵੇਖ ਕੇ ਜਲਾਦਾਂ ਕਿਹਾ ਕਿ ਇਸਨੂੰ ਕੋਹਲੂ ਵਿੱਚ ਪੀੜਨਾ ਮੁਸ਼ਕਿਲ ਹੈ। ਕੋਹਲੂ ਨੂੰ ਦੁਬਾਰਾ ਤੇਲ ਦੇ ਕੇ ਰਵਾਂ ਕੀਤਾ ਗਿਆ ਅਤੇ ਉਹਨਾ ਨੂੰ ਵੀ ਕੋਹਲੂ ਵਿੱਚ ਪੀੜਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਕੋਹਲੂ ਛਾਤੀ ਤੇ ਆਇਆ ਤਾਂ ਅੜ ਗਿਆ ਬਹੁਤ ਜੋਰ ਲਗਾਉਣ ਤੇ ਜਦੋਂ ਅੱਗੋ ਨਾ ਚੱਲਿਆ ਤਾਂ ਪੁੱਠਾ ਘੁਮਾ ਕੇ ਬਾਬਾ ਮੋਤੀ ਰਾਮ ਮਹਿਰਾ ਨੂੰ ਬਾਹਰ ਸੁੱਟ ਦਿੱਤਾ। ਇਸ ਤਰਾਂ ਸਰਬੰਸ ਦਾਨੀ ਗੁਰੂ ਦਾ ਸਰਬੰਸ ਦਾਨੀ ਸਿੱਖ ਪਰਿਵਾਰ ਸਮੇਤ ਸ਼ਹੀਦੀ ਦਾ ਜਾਮ ਪੀ ਕੇ ਅਮਰ ਹੋ ਗਿਆ। ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਉਹਨਾ ਦੀ ਯਾਦਗਾਰ ਉਸਾਰਨ ਲਈ ਨੀਹ ਪੱਥਰ ਰੱਖਿਆ ਜਾ ਰਿਹਾ ਹੈ।

-ਡਾ. ਮਨਮੋਹਨ ਸਿੰਘ ਭਾਗੋਵਾਲੀਆ
ਸੰਪਰਕ : 97797-55551