ਭਾਈ ਸੰਗਤ ਸਿੰਘ ਜੀ ਦੀ ਲਾਸਾਨੀ ਕੁਰਬਾਨੀ

ਭਾਈ ਸੰਗਤ ਸਿੰਘ ਜੀ ਦੀ ਲਾਸਾਨੀ ਕੁਰਬਾਨੀ

ਪੋਹ ਦੇ ਮਹੀਨੇ ਗੁਰੂ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣਾ ਪਿਆ। ਪੋਹ ਦਾ ਮਹੀਨਾ ਸ਼ਹੀਦੀਆਂ ਦਾ ਮਹੀਨਾ ਹੈ। ਇਸ ਮਹੀਨੇ ਗੁਰੂ ਜੀ ਦਾ ਪ੍ਰੀਵਾਰ ਵਿੱਛੜ ਗਿਆ। ਸਿੱਖ ਵਿੱਛੜ ਗਏ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਰਹੰਦ ਵਿੱਚ ਸ਼ਹੀਦ ਹੋ ਗਏ। ਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਵਿੱਚੋਂ ਦਸ ਲੱਖ ਫੌਜ ਦਾ ਮੁਕਾਬਲਾ ਕੀਤਾ। ਵੱਡੇ ਸਾਹਿਬਜ਼ਾਦੇ ਤੇ ਤੀਹ ਦੇ ਕਰੀਬ ਸਿੱਖ ਸ਼ਹੀਦ ਹੋ ਚੁੱਕੇ ਸਨ। ਬਾਕੀ ਬਚੇ ਹੋਏ ਸਿੰਘਾਂ ਵਿੱਚ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ ਸਨ। ਇੰਨ੍ਹਾਂ ਪੰਜਾਂ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਦਾ ਹੁਕਮ ਸੁਣਾਇਆਂ। ਗੁਰੂ ਜੀ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਗੜ੍ਹੀ ਛੱਡਣ ਲਈ ਤਿਆਰ ਹੋ ਗਏ। ਇੰਨ੍ਹਾਂ ਵਿੱਚੋਂ ਭਾਈ ਸੰਗਤ ਸਿੰਘ ਜੀ ਦਾ ਜਨਮ ਕਈ ਵਿਦਵਾਨ ਪਟਨਾ ਸਾਹਿਬ ਦਾ ਤੇ ਕਈ ਵਿਦਵਾਨ ਪਿੰਡ ਖੇੜੀ ਕਪੂਰਥਲਾ ਸੰਨ 1667 ਦਾ ਲਿੱਖਦੇ ਹਨ। ਭਾਈ ਸੰਗਤ ਸਿੰਘ ਦਾ ਬਚਧਤਿਆ। ਸ਼ਸਤਰ ਵਿਦਿਆਂ ਪ੍ਰਾਪਤ ਕੀਤੀ। ਗੁਰੂ ਜੀ ਨਾਲ ਕਈ ਜੰਗਾਂ ਵਿੱਚ ਹਿੱਸਾ ਲਿਆ। ਬਾਬਾ ਅਜੀਤ ਸਿੰਘ ਜੀ ਨਾਲ ਪੰਡਤਾਣੀ ਨੂੰ ਛਡਾਉਣ ਵੀ ਗਏ ਸਨ। ਇੰਨ੍ਹਾਂ ਦਾ ਚਿਹਰਾ ਮੁਹਰਾ ਗੁਰੂ ਜੀ ਨਾਲ ਕਾਫੀ ਮੇਲ ਖਾਂਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਸੰਗਤ ਸਿੰਘ ‘ਤੇ ਬਹੁਤ ਇਤਬਾਰ ਕਰਦੇ ਸਨ। ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਵਿੱਚ ਲਿੱਖਦੇ ਹਨ ਕਿ ਚਮਕੌਰ ਦੀ ਗੜ੍ਹੀ ਵਿੱਚ ਪੰਜਾਂ ਸਿੰਘਾਂ ਦੇ ਬਹੁਤ ਹੱਠ ਕਰਨ ਤੇ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ( ਜੋ ਐਨ ਹੂ-ਬ-ਹੂ ਗੁਰੂ ਕੇ ਸਰੂਪ ਸਮ ਸਰੂਪ ਵਾਲਾ ਸੀ) ਆਪਣੀ ਜਗ੍ਹਾ ਬੈਠਾ ਕੇ ਆਪਣਾ ਸਾਰਾ ਪੁਸ਼ਾਕਾ ਜਿਗ੍ਹਾ ਸਮੇਤ ਪਹਿਨਾ ਦਿੱਤਾ, ਅਤੇ ਅਰਦਾਸਾ ਸੋਧ ਕੇ ਏਹ ਬਚਨ ਕੀਤਾ ਠ ਗੁਰੂ ਖਾਲਸਾ, ਖਾਲਸਾ ਗੁਰੂ ਭਾਈ ਸਿੱਖੋ! ਅੱਜ ਤੋਂ ਮੈਂ ਖਾਲਸੇ ਨੂੰ ਗੁਰਿਆਈ ਦੀ ਪਦਵੀ ਦਿੱਤੀ, ਮੈਨੂੰ ਪੰਜਾਂ ਵਿੱਚ ਪ੍ਰਤੱਖ ਸਮਝੋ, ਪੰਜਾਂ ਸਿੰਘਾਂ ਦਾ ਨਾਮ ਗੁਰੂ ਖਾਲਸਾ ਹੈ। ਆਦਿ ਗੁਰੂ ਗ੍ਰੰਥ ਜੀ।
ਪੰਚ ਪਰਵਾਨ ਪੰਚ ਪਰਧਾਨ॥
ਪੰਚੇ ਪਾਵਹਿ ਦਰਗਹ ਮਾਨ॥
ਪੰਜਾਂ ਤੋਂ ਘੱਟ ਨਾ ਹੋਣ ਵੱਧ ਭਾਵੇਂ ਹੋਣ। ਪੰਜ ਸਿੰਘ ਪੀਰਾਂ ਦੇ ਪੀਰ ਗੁਰੂਆਂ ਸਿਰ ਗੁਰੂ ਹੁੰਦੇ ਹਨ, ਏਸੇ ਲਈ ਅਸਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਆਪਣੇ ਨਾਲ ਅਭੇਦ ਕੀਤਾ ਹੈ। ਪੰਜ ਸਿੰਘ ਮਿਲ ਕੇ ਸ਼ੁੱਧ ਮਨ ਨਾਲ ਅਰਦਾਸਾ ਸੋਧ ਕੇ ਜੇਹਾ ਕਾਰਜ ਕਰਨਾ ਚਾਹੁੰਣਗੇ, ਉਹੋ ਸਿੱਧ ਹੋ ਜਾਇਆ ਕਰੇਗਾ। ਗੁਰੂ ਜੀ ਨੇ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਨੂੰ ਆਪਣੇ ਧਨੁੱਖ , ਤੀਰ (ਜੋ ਕਈ ਸੌ ਸੀ) ਸੌਂਪ ਕੇ ਹੁਕਮ ਕੀਤਾ ਕਿ ਤੁਸੀ ਏਥੇ ਬੈਠ ਕੇ ਇਹ ਤੀਰ ਚੁਫੇਰੇ ਹੌਲੀ-ਹੌਲੀ ਇਹ ਤੀਰ ਛੱਡਦੇ ਰਹਿਣਾ। ਇੰਨ੍ਹਾਂ ਨਾਲ ਭਾਈ ਰਾਮ ਸਿੰਘ, ਭਾਈ ਕੇਹਰ ਸਿੰਘ, ਭਾਈ ਸੰਤੋਖ ਸਿੰਘ, ਭਾਈ ਦੇਵਾ ਸਿੰਘ ਚਾਰੋਂ ਬੁਰਜਾਂ ਵਿੱਚ ਬੈਠ ਕੇ ਬੰਦੂਕਾਂ ਚਲਾਉਂਦੇ ਰਹੇ।ਭਾਈ ਕਾਠਾ ਸਿੰਘ ਦੀ ਡਿਊਟੀ ਨਗਾਰਾ ਵਜਾਉਣ ਦੀ ਸੀ। ਗੁਰੂ ਜੀ ਕੁੱਝ ਸਿੰਘਾਂ ਸਮੇਤ ਰਾਤ ਸਮੇਂ ਗੜ੍ਹੀ ਵਿੱਚੋਂ ਤਾੜੀ ਮਾਰ ਕੇ ਬਾਹਰ ਨਿਕਲੇ ਤੇ ਗੁਰੂ ਜੀ ਨੇ ਉਚੀ ਉਚੀ ਕਿਹਾ: ‘ਪੀਰੇ ਹਿੰਦ ਮੇ ਰਵਦ’ ਹਿੰਦ ਦਾ ਪੀਰ, ਸਿੱਖਾਂ ਦਾ ਗੁਰੂ ਜਾ ਰਿਹਾ ਜੇ। 9 ਪੋਹ ਦੀ ਸਵੇਰ ਨੂੰ ਵੈਰੀ ਦਲ ਨੇ ਗੜ੍ਹੀ ਉਤੇ ਮਾਰੋ ਮਾਰ ਕਰਕੇ ਪੂਰੇ ਜ਼ੋਰ ਨਾਲ ਹਮਲਾ ਕਰ ਦਿੱਤਾ। ਭਾਈ ਸੰਗਤ ਸਿੰਘ ਜੀ ਤੇ ਦੂਜੇ ਸਿੰਘ ਵੈਰੀਆਂ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ। ਜਦੋਂ ਅੰਦਰੋਂ ਗੋਲੀਆਂ ਅਤੇ ਨਗਾਰੇ ਦੀ ਅਵਾਜ਼ ਆਉਣੀ ਬੰਦ ਹੋ ਗਈ ਤਾਂ ਮੁਗਲ ਸੈਨਾ ਅੰਦਰ ਵੜ ਗਈ ਤੇ ਭਾਈ ਸੰਗਤ ਸਿੰਘ ਨੂੰ ਵੇਖ ਗੁਰੂ ਸਮਝ ਕੇ ਖੁਸ਼ ਹੋ ਗਏ ਕਿ ਅਸੀਂ ਗੁਰੂ ਨੂੰ ਮਾਰ ਦਿੱਤਾ ਹੈ। ਖਵਾਜਾ ਮਰਦੂਦ ਨੇ ਸੂਬਾ ਸਰਹੰਦ ਨੂੰ ਹੁਕਮ ਕੀਤਾ ਕਿ ਕਿਸੇ ਜਾਣਕਾਰ ਆਦਮੀ ਤੋਂ ਸ਼ਨਾਖਤ ਕਰਾਉ, ਜਿਸਨੇ ਗੁਰੂ ਨੂੰ ਚੰਗੀ ਤਰ੍ਹਾਂ ਦੇਖਿਆ ਹੋਵੇ। ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਸੱਚ ਸਾਹਮਣੇ ਆਇਆ ਕਿ ਇਹ ਗੁਰੂ ਗੋਬਿੰਦ ਸਿੰਘ ਨਹੀ, ਸਗੋਂ ਉਹਨਾਂ ਦੇ ਸਿੱਖ ਹਨ। ਫਿਰ ਉਹਨਾਂ ਨੇ ਸਾਰੇ ਸਿੱਖਾਂ ਦੇ ਸਰੀਰ ਇੱਕਠੇ ਕਰਕੇ ਇੱਕ-ਇੱਕ ਦੀ ਸ਼ਨਾਖਤ ਕਰਵਾਈ ਤੇ ਯਕੀਨ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਗੜ੍ਹੀ ਵਿੱਚੋਂ ਬੱਚ ਕੇ ਨਿਕਲ ਗਏ ਹਨ। ਭਾਈ ਸੰਗਤ ਸਿੰਘ ਜੀ ਤੇ ਦੂਜੇ ਸਿੰਘਾਂ ਨੇ ਗੁਰੂ ਬਚਨਾਂ ਤੇ ਫੁੱਲ ਚੜਾਏ। ਧਰਮ ਯੁੱਧ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਆਉ ਇੰਨ੍ਹਾਂ ਸ਼ਹੀਦ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।

-ਧਰਮਿੰਦਰ ਸਿੰਘ ਚੱਬਾ