ਕੌਣ ਸਨ ਨਬੀ ਖਾਨ-ਗਨੀ ਖਾਨ ਜਿਨਾਂ ਉੱਚ ਦੇ ਪੀਰ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਾ ਕੀਤੀ

ਕੌਣ ਸਨ ਨਬੀ ਖਾਨ-ਗਨੀ ਖਾਨ ਜਿਨਾਂ ਉੱਚ ਦੇ ਪੀਰ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਾ ਕੀਤੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਕੁਝ ਲਾਡਲਿਆਂ ਨੂੰ ਪੰਥ ਤੋਂ ਵਾਰ ਕੇ ਅਤੇ ਕੁਝ ਨੂੰ ਜੂਝਦਾ ਛੱਡ ਕੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ , ਭਾਈ ਸੰਗਤ ਸਿੰਘ ਨੂੰ ਜਿਗ੍ਹਾ ਕਲਗੀ ਸੌਂਪ ਕੇ ਉੱਥੋਂ ਨਿਕਲ ਪਏ। ਜੰਗਲਾਂ ਵਿੱਚੋਂ ਹੁੰਦੇ ਹੋਏ ਝਾੜ ਵਿੱਚ ਵਿਸ਼ਰਾਮ ਕਰਨ ਮਗਰੋਂ ਗੁਰੂ ਜੀ ਮਾਛੀਵਾੜਾ ਵਿੱਚ ਨਗਰ ਤੋਂ ਬਾਹਰ ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਆ ਪੁੱਜੇ। ਗੁਰੂ ਗੋਬਿੰਦ ਸਿੰਘ ਜੀ ਪੋਹ ਮਹੀਨੇ ਦੀਆਂ ਠੰਢੀਆਂ ਰਾਤਾਂ ਵਿੱਚ ਇੱਥੇ ਪੁੱਜੇ ਸਨ। ਇਸ ਸਮੇਂ ਤਕ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ।ਜਾਨ ਤੋਂ ਪਿਆਰੇ ਵਿੱਛੜ ਗਏ ਪਰ ਫਿਰ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲਿਆ। ਉਨ੍ਹਾਂ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਇਹ ਸ਼ਬਦ ਕਹੇ:
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ॥ ੧ ॥੧ ॥
ਗੁਰਦੁਆਰਾ ਗਨੀ ਖਾਂ ਨਬੀ ਖਾਂ: ਘੋੜਿਆਂ ਦੇ ਸੁਦਾਗਰ (ਵਪਾਰੀ) ਭਾਈ ਗਨੀ ਖਾਂ ਤੇ ਨਬੀ ਖਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਨੂੰ ਭਾਈ ਗੁਲਾਬੇ ਅਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਗਏ। ਦੋਵਾਂ ਭਰਾਵਾਂ ਨੇ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ। ਭਾਈ ਗਨੀ ਖਾਂ ਤੇ ਨਬੀ ਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਨੂੰ ਮੁਗ਼ਲਾਂ ਦੀ ਫ਼ੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ। ਇਸ ਸਮੇਂ ਭਾਈ ਗੁਲਾਬੇ, ਭਾਈ ਪੰਜਾਬੇ, ਗਨੀ ਖਾਂ ਤੇ ਨਬੀ ਖਾਂ ਤੋਂ ਇਲਾਵਾ ਪੰਜ ਪੀਰ ਸੱਯਦ ਅਨਾਇਤ ਅਲੀ, ਨੂਰਪੁਰੀਆ, ਕਾਜ਼ੀ ਪੀਰ ਮੁਹੰਮਦ, ਸੁਬੇਗ ਸ਼ਾਹ ਹਲਵਾਰੀਆ, ਸੱਯਦ ਹਸਨ ਅਲੀ ਤੇ ਕਾਜ਼ੀ ਚਿਰਾਗ ਸ਼ਾਹ ਵੀ ਮੌਜੂਦ ਸਨ।
ਗੁਰਦੁਆਰਾ ਗਨੀ ਖਾਂ ਨਬੀ ਖਾਂ ਦੇ ਅਸਥਾਨ ‘ਤੇ ਮਾਤਾ ਸੋਮਾ, ਮਾਤਾ ਦੇਸਾਂ (ਜਿਨ੍ਹਾਂ ਵਿੱਚੋਂ ਇੱਕ ਬਾਅਦ ਵਿੱਚ ਮਾਤਾ ਹਰਦੇਈ ਦੇ ਨਾਂ ਨਾਲ ਜਾਣੀ ਗਈ) ਵੱਲੋਂ ਸ਼ਰਧਾ ਅਤੇ ਪਿਆਰ ਨਾਲ ਤਿਆਰ ਕੀਤੀ ਖੱਦਰ ਦੀ ਪੌਸ਼ਾਕ (ਚੋਲਾ) ਗ੍ਰਹਿਣ ਕਰਨ ਪਿੱਛੋਂ ਗੁਰੂ ਜੀ ਸਿਰ ‘ਤੇ ਢਿੱਲਾ ਜਿਹਾ ਪਰਨਾ ਬੰਨ੍ਹ ਕੇ ਤੇ ਕੇਸ ਪਿੱਛੇ ਨੂੰ ਖੁੱਲ੍ਹੇ ਛੱਡ ਕੇ ‘ਉੱਚ ਦੇ ਪੀਰ’ ਦੇ ਭੇਸ ਵਿੱਚ ਇੱਕ ਪਲੰਘ ਉੱਤੇ ਬੈਠ ਗਏ। ਗਨੀ ਖਾਂ ਅਤੇ ਨਬੀ ਖਾਂ ਭਰਾਵਾਂ ਨੇ ਪਲੰਘ ਨੂੰ ਅਗਲੇ ਪਾਸਿਓਂ ਅਤੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਨੇ ਪਿਛਲੇ ਪਾਸਿਓਂ ਚੁੱਕ ਲਿਆ ਤੇ ਤੁਰ ਪਏ। ਭਾਈ ਮਾਨ ਸਿੰਘ ਉਨ੍ਹਾਂ ਨੂੰ ਚੌਰ (ਚਵਰ) ਕਰ ਰਹੇ ਸਨ। ਪਿੰਡ ਤੋਂ ਬਾਹਰ ਨਿਕਲਦਿਆਂ ਹੀ ਮੁਗ਼ਲ ਫ਼ੌਜ ਨੇ ਉਨ੍ਹਾਂ ਨੂੰ ਰੋਕ ਲਿਆ। ਮੁਗ਼ਲ ਜਰਨੈਲ ਦਿਲਾਵਰ ਸਿੰਘ ਨੇ ਪੁੱਛਿਆ ਕਿ ਪਲੰਘ ‘ਤੇ ਕੌਣ ਹੈ ਤਾਂ ਗਨੀ ਖਾਂ ਤੇ ਨਬੀ ਖਾਂ ਨੇ ਕਿਹਾ, ”ਸਾਡੇ ਉੱਚ ਦੇ ਪੀਰ ਹਨ।” ਨੇੜਲੇ ਪਿੰਡ ਸੱਯਦ ਪੀਰ ਮੁਹੰਮਦ ਕਾਜ਼ੀ ਨੂੰ ਸੁਨੇਹਾ ਭੇਜਿਆ ਗਿਆ। ਉਸ ਨੇ ਭਾਵੇਂ ਆਉਂਦਿਆਂ ਹੀ ਗੁਰੂ ਸਾਹਿਬ ਨੂੰ ਪਛਾਣ ਲਿਆ ਕਿਉਂਕਿ ਗੁਰੂ ਸਾਹਿਬ ਨੇ ਉਸ ਕੋਲੋਂ ਫ਼ਾਰਸੀ ਪੜ੍ਹੀ ਸੀ ਪਰ ਸ਼ਰਧਾ ਵਿੱਚ ਗੜੁੱਚ ਕਾਜ਼ੀ ਨੇ ਪਰਮਾਤਮਾ ਦੀ ਰਜ਼ਾ ਅਨੁਸਾਰ ਕਹਿ ਦਿੱਤਾ ਕਿ ਉਹ ਉੱਚ ਦੇ ਪੀਰ ਹਨ, ਉਨ੍ਹਾਂ ਨੂੰ ਰੋਕਿਆ ਨਾ ਜਾਵੇ। ਜੇ ਰੋਕਿਆ ਤਾਂ ਕਿਆਮਤ ਆ ਜਾਵੇਗੀ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗਨੀ ਖਾਂ ਤੇ ਨਬੀ ਖਾਂ ਦੋਵੇਂ ਭਰਾ ਦਸਮੇਸ਼ ਪਿਤਾ ਜੀ ਕੋਲ ਕੁਝ ਸਮਾਂ ਨੌਕਰ ਰਹੇ। ਜਦੋਂ ਚਮਕੌਰ ਸਾਹਿਬ ਤੋਂ ਚੱਲ ਕੇ ਕਲਗੀਧਰ ਪਾਤਸ਼ਾਹ ਮਾਛੀਵਾੜਾ ਆਏ ਉਦੋਂ ਇਹ ਪ੍ਰੇਮ ਭਾਵ ਨਾਲ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਦਾ ਪਲੰਘ ਉਠਾ ਕੇ ਹੇਹਰ ਪਿੰਡ ਤਕ ਸਾਥ ਰਹੇ। ਜਗਤ ਗੁਰੂ ਨੇ ਇਸ ਥਾਂ ਤੋਂ ਇਨ੍ਹਾਂ ਨੂੰ ਵਿਦਾ ਕਰਨ ਵੇਲੇ ਹੁਕਮਨਾਮਾ ਬਖ਼ਸ਼ਿਆ ਜਿਸ ਵਿੱਚ ਲਿਖਿਆ ਹੈ ਕਿ ਗਨੀ ਖਾਂ ਅਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਹਨ।
ਇਸ ਪਵਿੱਤਰ ਅਸਥਾਨ ‘ਤੇ ਗੁਰੂ ਸਾਹਿਬ ਨੇ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ। ਦਸਮੇਸ਼ ਪਿਤਾ ਜੀ ਵੱਲੋਂ ਬਖ਼ਸ਼ਿਸ਼ ਹੁਕਮਨਾਮਾ ਅੱਜ ਵੀ ਗਨੀ ਖਾਂ ਤੇ ਨਬੀ ਖਾਂ ਦੀ ਨੌਵੀਂ ਪੀੜ੍ਹੀ ਕੋਲ ਅਦਬ-ਸਤਿਕਾਰ ਨਾਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਸੰਭਾਲਿਆ ਹੋਇਆ ਹੈ। ਗਨੀ ਖਾਂ ਤੇ ਨਬੀ ਖਾਂ ਦੇ ਘਰ ਉਨ੍ਹਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ। ਇਹ ਸੁੰਦਰ ਗੁਰਦੁਆਰਾ ਬੱਸ ਸਟੈਂਡ ਦੇ ਨਜ਼ਦੀਕ ਹੀ ਸਥਿਤ ਹੈ।