ਕਾਹਲੀ ਜੰਨ

ਕਾਹਲੀ ਜੰਨ

ਵਿਅੰਗ
– ਪਿੰਡ ਦੀ ਸੱਥ ਵਿੱਚੋਂ –

ਸਿਆਲ ਦੇ ਪਿਛਲੇ ਪੱਖ ਦੇ ਦਿਨਾਂ ਵਿੱਚ ਵਿਆਹ ਮੰਗਣਿਆਂ ਦਾ ਪੂਰਾ ਜ਼ੋਰ ਸੀ। ਫ਼ੱਗਣ ਮਹੀਨੇ ਦੇ ਆਖ਼ਰੀ ਦਿਨਾਂ ਵਿੱਚ ਕਾਹਲਿਆਂ ਦੇ ਕੀਪੇ ਦਾ ਵੀ ਵਿਆਹ ਹੋ ਗਿਆ। ਬਾਬੇ ਸ਼ਿੰਗਾਰਾ ਸਿਉਂ ਕਿਆਂ ਨੂੰ ਪਿੰਡ ‘ਚ ਸਾਰੇ ਕਾਹਲਿਆਂ ਦੇ ਕਹਿ ਕੇ ਗੱਲ ਕਰਦੇ ਸਨ ਕਿਉਂਕਿ ਉਹ ਜਿਹੜਾ ਵੀ ਕੰਮ ਕਰਦੇ ਸੀ, ਬੜੀ ਕਾਹਲ਼ੀ ਕਾਹਲ਼ੀ ਨਾਲ ਕਰਦੇ ਅਤੇ ਬਹੁਤੇ ਕੰਮ ਕਾਹਲ਼ੀ ਕਰਨ ਨਾਲ ਵਿਗੜ ਵੀ ਜਾਂਦੇ ਸਨ ਪਰ ਆਦਤ ਨਹੀਂ ਸੀ ਜਾਂਦੀ।
ਬਾਬੇ ਸਿੰਥਗਾਰਾ ਸਿਉਂ ਦਾ ਪਰਿਵਾਰ ਪਿੰਡ ‘ਚ ਇੱਕ ਮੰਨਿਆਂ ਹੋਇਆ ਪਰਿਵਾਰ ਗਿਣਿਆਂ ਜਾਂਦਾ ਸੀ। ਚੰਗੀ ਜ਼ਮੀਨ ਜਾਇਦਾਦ ਹੋਣ ਕਰਕੇ ਪਿੰਡ ਦੇ ਪੂਰੇ ਸਰਦੇ- ਵਰਦੇ ਘਰਾਂ ਵਿੱਚੋਂ ਇੱਕ ਸੀ। ਬਾਬੇ ਦੇ ਪੋਤੇ ਕੀਪੇ ਦੀ ਜੰਨ ਬੜੀ ਦੂਰ ਹਰਿਆਣੇ ‘ਚ ਪੀਲੀਆਂ ਵੰਗਾਂ ਤੋਂ ਵੀਹ ਕੋਹ ਅੱਗੇ ਗਈ ਸੀ।
ਦੂਰ ਦੀ ਵਾਟ ਹੋਣ ਕਰਕੇ ਜੰਨ ਨੂੰ ਮੁੜਦਿਆਂ ਕਾਫ਼ੀ ਹਨ੍ਹੇਰਾ ਹੋ ਗਿਆ ਸੀ। ਵਿਆਹ ਵਾਲਾ ਘਰ ਵੀ ਅਤੇ ਜਿਹੜੇ ਜਾਨ ਗਏ ਸਨ ਉਨ੍ਹਾਂ ਦੇ ਘਰ ਦੇ ਜੀਅ ਵੀ ਜੰਨ ਨੂੰ ਵਾਪਸ ਮੁੜਣ ‘ਚ ਦੇਰੀ ਹੋਣ ਕਰਕੇ ਆਪੋ ਆਪਣੇ ਦਰਾਂ ਮੂਹਰੇ ਇਉਂ ਖੜ੍ਹੇ ਉਡੀਕ ਰਹੇ ਸਨ ਜਿਵੇਂ ਨਗਰ ਕੀਰਤਨ ਵੇਲੇ ਲੋਕ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕਣ ਲਈ ਖੜ੍ਹੇ ਹੁੰਦੇ ਹਨ। ਕਾਫ਼ੀ ਦੇਰ ਨਾਲ ਜੰਨ ਵਾਪਸ ਮੁੜੀ ਕਰਕੇ ਜੰਨ ਬਾਰੇ ਪਿੰਡ ‘ਚ ਕੋਈ ਬਹੁਤਾ ਪਤਾ ਨਾ ਲੱਗਿਆ ਕਿ ਜਾਨੀਆਂ ਨਾਲ ਕੀ ਵਾਪਰੀ ਸੀ। ਜਿਉਂ ਹੀ ਲੋਕ ਅਗਲੇ ਦਿਨ ਸੱਥ ਵਿੱਚ ਇਕੱਠੇ ਹੋਏ ਤਾਂ ਬਾਬੇ ਕੁੰਢਾ ਸਿਉਂ ਨੇ ਸੱਥ ਵਿੱਚ ਆਉਂਦਿਆਂ ਹੀ ਜੀਤ ਮੈਂਬਰ ਨੂੰ ਪੁੱਛਿਆ, ”ਕਿਉਂ ਬਈ ਬਿੰਬਰਾ! ਕਹਿੰਦੇ ਕਾਹਲ਼ੇ ਆਵਦੇ ਮੁੰਡੇ ਦੀ ਜੰਨ ਇੱਕ ਦਿਨ ਪਹਿਲਾਂ ਈ ਲੈ ਗੇ, ਸੱਚੀ ਗੱਲ ਐ ਬਈ?”ਕੋਲ ਬੈਠੇ ਸੁੱਖੇ ਨੇ ਬਾਬੇ ਨੂੰ ਪੁੱਛਿਆ, ”ਤੈਨੂੰ ਕੀਹਨੇ ਦੱਸਿਆ ਬਾਬਾ?”
ਬਾਬਾ ਕਹਿੰਦਾ, ”ਆਹ ਰੇਲੋ ਮਾਈ ਦੱਸਦੀ ਐ।”
ਜੀਤ ਮੈਂਬਰ ਕਹਿੰਦਾ, ”ਮੈਂ ਜੰਨ ਤਾਂ ਨ੍ਹੀ ਗਿਆ, ਪਰ ਸੁਣਿਐਂ ਬਈ ਇੱਕ ਦਿਨ ਅੱਗੋਂ ਈ ਚਲੇ ਗਏ ਐ।”
ਏਨੇ ‘ਚ ਨਾਥੇ ਅਮਲੀ ਨੂੰ ਸੱਥ ਵੱਲ ਆਉਂਦਿਆਂ ਵੇਖ ਕੇ ਸੀਤਾ ਮਰਾਸੀ ਕਹਿੰਦਾ, ”ਹੋ ਆਉਂਦਾ ਇੱਕ ਜਾਨੀ ਤਾਂ, ਉਹਨੂੰ ਪੁੱਛ ਲੋ ਕਿਵੇਂ ਬੀਤੀ ਐ ਜਾਨੀਆਂ ਨਾਲ।”
ਚੜ੍ਹਤੇ ਬੁੜ੍ਹੇ ਕਾ ਗੀਸਾ ਕਹਿੰਦਾ, ”ਹਾਕਮ ਫੌਜੀ ਆਂਗੂੰ ਜਾਨੀਆਂ ਨੇ ਬੇ-ਟੈਮਾਂ ਝੱੜਕਾ ਝੁੱੜਕਾ ਮੰਗ ਲਿਆ ਹੋਣਾ, ਅਗਲਿਆਂ ਨੇ ਸਹਿਜੜਿਆਂ ਆਲਿਆਂ ਆਂਗੂੰ ਰੈਂਗਲੇ ਵਰ੍ਹਾਤੇ ਹੋਣੇ ਐਂ ਹੋਰ ਕਿਤੇ ‘ਕੱਲੇ ‘ਕੱਲੇ ਜਾਨੀ ਨੂੰ ਭੁਰੇ ਤਾਂ ਨ੍ਹੀ ਦੇ ਕੇ ਤੋਰਿਆ ਹੋਣਾ।”
ਬਾਬਾ ਕੁੰਢਾ ਸਿਉਂ ਕਹਿੰਦਾ, ”ਚੁੱਪ ਕਰੋ ਬਈ ਹੁਣ, ਅਮਲੀ ਆ ਗਿਆ, ਇਹਤੋਂ ਸੁਣਦੇ ਆਂ ਹੀਰ।” ਜਿਉਂ ਹੀ ਨਾਥਾ ਅਮਲੀ ਸੱਥ ਵਿੱਚ ਆਇਆ ਤਾਂ ਸਾਰੀ ਸੱਥ ਉਹਦੇ ਦੁਆਲੇ ਇਉਂ ਇਕੱਠੀ ਹੋ ਗਈ ਜਿਵੇਂ ਸਬਜੀ ਮੰਡੀ ਵਿੱਚ ਬੋਲੀ ਵੇਲੇ ਆੜ੍ਹਤੀਏ ਅਤੇ ਖਰੀਦਦਾਰ, ਨਵੇਂ ਨਵੇਂ ਆਏ ਚੱਪਣ ਕੱਦੂਆਂ ਦੇ ਦੁਆਲੇ ਇਕੱਠੇ ਹੋ ਗਏ ਹੋਣ। ਬਾਬਾ ਕੁੰਢਾ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਕਿਉਂ ਬਈ ਨਾਥਾ ਸਿਆਂ! ਅੱਜ ਬੜਾ ਰਾਜੀ- ਰਾਜੀ ਜਾ ਲੱਗਦੈਂ ਯਾਰ, ਜੰਨ ‘ਚੋਂ ਬਗਰੋਟਾ ਖਾਧਾ ਲੱਗਦੈ।”
ਬਾਬੇ ਦੀ ਗੱਲ ਸੁਣ ਕੇ ਕੋਲ ਖੜ੍ਹੇ ਸੀਤੇ ਮਰਾਸੀ ਨੇ ਟਿੱਚਰ ‘ਚ ਜਵਾਬ ਦਿੱਤਾ, ”ਕਾਹਲਿਆਂ ਦਾ ਵਿਆਹ ਖਾਧਾ ਵਿਆ ਬਾਬਾ, ਜੰਨ ਜਾ ਕੇ ਆਇਆ। ਮੂਹਰਲਿਆਂ ਨੇ ਕਹਿੰਦੇ ਚੰਗੀ ਸੇਵਾ ਸੂਵਾ ਕੀਤੀ ਐ।”
ਭਾਨੀ ਮਾਰਾਂ ਦਾ ਬਿੱਲੂ ਕਹਿੰਦਾ, ”ਤੁਸੀਂ ਸੇਵਾ ਦੀ ਗੱਲ ਕਰਦੇ ਓਂ, ਮੈਂ ਕਹਿਨਾਂ ਇਹ ਸੁੱਕੇ ਕਿਮੇਂ ਮੁੜਿਆਏ?”
ਸੀਤਾ ਮਰਾਸੀ ਕਹਿੰਦਾ, ”ਕਿਉਂ ਸੁੱਕਿਆਂ ਨੂੰ ਇਹ ਕਿਹੜਾ ਹਰੀ ਕੇ ਪੱਤਣ ‘ਤੇ ਨਹਾਉਣ ਗਏ ਸੀ, ਜੰਨ ਚੜ੍ਹੇ ਸੀ ਅਗਲੇ, ਮਾਰਦੈਂ ਗੱਲਾਂ।”
ਸਾਰਿਆਂ ਨੂੰ ਘੂਰ ਕੇ ਚੁੱਪ ਕਰਾਉਂਦਾ ਬਾਬਾ ਕੁੰਢਾ ਸਿਉਂ ਗੜਕਵੀਂ ਆਵਾਜ ‘ਚ ਬੋਲਿਆ, ”ਚੁੱਪ ਕਰੋ ਓਏ, ਨਾਥਾ ਸਿਉਂ ਨੂੰ ਗੱਲ ਕਰਨ ਦਿਓ, ਆਵਦਾ ਈ ਚੱਕੀ ਪੀਹਣਾ ਪੀਹ ਕੇ ਬਹਿ ਗੇ। ਤੂੰ ਦੱਸ ਨਾਥਾ ਸਿਆਂ। ਸੱਚੀ ਗੱਲ ਐ ਬਈ ਇੱਕ ਦਿਨ ਅੱਗੋਂ ਈ ਜਾ ਬੜੇ ਜੰਨ?”
ਅਮਲੀ ਕਹਿੰਦਾ, ”ਜੰਨ ਦਾ ਤਾਂ ਬਾਬਾ ਅੱਗੋਂ ਪਿੱਛੋਂ ਦਾ ਮੈਨੂੰ ਪਤਾ ਨ੍ਹੀ, ਪਰ ਤੁਸੀਂ ਇਹ ਵੇਖੋ ਬਈ ਤੀਰਥ ਬਾਵੇ ਨੇ ਪਾਣੀ ਉੱਚੇ ਥਾਂ ਚੜ੍ਹਾਇਆ ਕਿਵੇਂ?”
ਬਾਬਾ ਕੁੰਢਾ ਸਿਉਂ ਕਹਿੰਦਾ, ”ਇਹ ਨ੍ਹੀ ਗੱਲ ਅਮਲੀਆ ਬਈ ਕਾਹਲ਼ਿਆਂ ਦੇ ਮੁੰਡੇ ਨੂੰ ਕਿਤੇ ਸਾਕ ਨ੍ਹੀ ਸੀ ਹੁੰਦਾ। ਕਾਹਲੇਥ ਸੱਠ ਘਮਾਂਅ ਦੇ ਮਾਲਕ ਐ, ਤੂੰ ਕਹਿਨੈ ਬਈ ਉਨ੍ਹਾਂ ਦਾ ਮੁੰਡਾ ਸਾਕ ਅੱਲੋਂ ਰਹਿ ਜਾਂਦਾ।”
ਅਮਲੀ ਕਹਿੰਦਾ, ”ਸਾਕ ਦੀ ਗੱਲ ਨ੍ਹੀ ਬਾਬਾ। ਗੱਲ ਤਾਂ ਇਉਂ ਐਂ, ਬਈ ਜੰਨ ਜਾਣ ਨੂੰ ਪਛੜੇ ਤਾਂ ਨ੍ਹੀ ਨਾ। ਭੋਰਾ ਅੱਗੋਂ ਈਂ ਗਏ ਐ। ਇਉਂ ਜਾ ਵੱਜੇ ਬਾਗੜੀਆਂ ਦੇ ਪਿੰਡ ਜਿਮੇਂ ਗੁੱਸੇ ‘ਚ ਆਇਆ ਭਮੰਕੜ ਦੀਵੇ ਦੀ ਲਾਟ ‘ਚ ਵੱਜਦਾ ਹੁੰਦਾ।”
ਸੀਤਾ ਮਰਾਸੀ ਕਹਿੰਦਾ, ”ਅੱਗੋਂ ਅਰਗੇ ਅੱਗੋਂ। ਉਹ ਤਾਂ ਹਜੇ ਜੁਲੜਾਂ ਈ ਪਏ ਸੀ, ਤੁਸੀਂ ਪਤੰਦਰੋ ਨੇਰ੍ਹੇ ਈ ਜਾ ਬਾਂਗ ਦਿੱਤੀ ਸੀਲ ਕੁੱਕੜ ਆਂਗੂੰ, ਅਗਲਿਆਂ ਦੀ ਨੀਂਦ ਈ ਖਰਾਬ ਕਰ ‘ਤੀ ਤੁਸੀਂ ਤਾਂ।”
ਬਾਬਾ ਕੁੰਢਾ ਸਿਉਂ ਕਹਿੰਦਾ, ”ਚੱਲੋ ਛੱਡੋ ਯਾਰ ਇਹ ਗੱਲਾਂ। ਅਮਲੀਆ! ਹੁਣ ਇਹ ਦੱਸ, ਬਈ ਹੋਈ ਕਿਵੇਂ?”
ਅਮਲੀ ਕਹਿੰਦਾ, ”ਹੋਣੀ ਕਿਵੇਂ ਸੀ ਬਾਬਾ। ਤੀਰਥ ਬਾਵਾ ਵਚੋਲਾ ਸੀ। ਇਹ ਤਾਂ ਉਹ ਗੱਲ ਹੋਈ, ‘ਅਕੇ ਚੋਰ ਨਾਲੋਂ ਪੰਡ ਕਾਹਲ਼ੀ’। ਪਤਾ ਨ੍ਹੀ ਭਾਈ ਵਚੋਲਾ ਦਿਨ ਭੁੱਲ ਗਿਆ, ਪਤਾ ਨ੍ਹੀ ਉਹਨੇ ਸੋਚਿਆ ਬਈ ਮੈਂ ਛੇਤੀ ਗੁਰਜ ਲੈਜਾਂ ਜਿੱਤ ਕੇ, ਕਿਤੇ ਕੋਈ ਹੋਰ ਨਾ ਲੈ ਜੇ।
ਸੀਤਾ ਮਰਾਸੀ ਕਹਿੰਦਾ, ”ਬਾਬੇ ਸ਼ਿੰਗਾਰਾ ਸਿਉਂ ਕੇ ਤਾਂ ਪਹਿਲਾਂ ਈਂ ਕਾਹਲ਼ੇ ਵੱਜਦੇ ਈ ਸੀ, ਵਚੋਲਾ ਗਾਹਾਂ ਉਨ੍ਹਾਂ ਤੋਂ ਵੀ ਕਾਹਲ਼ਾ ਨਿੱਕਲਿਆ।”
ਬਾਬੇ ਕੁੰਡਾ ਸਿਉਂ ਨੇ ਅਮਲੀ ਵੱਲ ਫੇਰ ਮੋੜੀ ਮੁਹਾਰ, ”ਅਮਲੀਆ ‘ਨੰਦ ਦੇ ‘ਤੇ ਫਿਰ ਅਗਲਿਆਂ ਨੇ ਕੁ ਨਹੀਂ?”
ਅਮਲੀ ਕਹਿੰਦਾ, ”’ਨੰਦਾਂ ਦੀ ਸੁਣ ਲਾ ਬਾਬਾ ਗੱਲ। ਐਥੋਂ ਜੰਨ ਤਾਂ ਮੂੰਹ ‘ਨੇਰ੍ਹੇ ਈ ਤੁਰ ਪੀ ਬਈ ਦੂਰ ਦੀ ਵਾਟ ਐ, ਭੋਰਾ ਪਹਿਲਾਂ ਈ ਚਲਦੇ ਆਂ। ਭੋਰਾ ਪਹਿਲਾਂ ਕਿਹੜਾ ਸੀ, ਇੱਕ ਦਿਨ ਪਹਿਲਾਂ ਈਂ ਜਾ ਖੜ੍ਹੇ। ਪਿੰਡ ਦੇ ਬਾਹਰ ਬਾਹਰ ਜੰਨ ਆਲੀ ਬੱਸ ਖੜ੍ਹਾਕੇ, ਵਚੋਲਾ ਕੁੜੀ ਆਲਿਆਂ ਨੂੰ ਦੱਸਣ ਉਠ ਗਿਆ ਬਈ ਜੰਨ ਪਿੰਡ ਦੀ ਬਾਹਰਲੀ ਫਿਰਨੀ ‘ਤੇ ਖੜ੍ਹੀ ਐ।
ਜਦੋਂ ਵਚੋਲੇ ਨੇ ਇਹ ਗੱਲ ਜਾ ਕੇ ਦੱਸੀ ਤਾਂ ਕੁੜੀ ਆਲਾ ਪਰਵਾਰ ਵਚੋਲੇ ਦੀ ਗੱਲ ਸੁਣ ਕੇ ਬਿਸਤਰਿਆਂ ‘ਚੋਂ ਇਉਂ ਨਿੱਕਲਿਆ ਜਿਵੇਂ ਰਜਾਈਆਂ ‘ਚ ਚਕਚੂੰਧਰਾਂ ਵੜ ਗੀਆਂ ਹੋਣ। ਉਨ੍ਹਾਂ ਨੇ ਕਿਤੇ ਕਿਹਾ ਹੋਣਾ ਬਈ ਤੁਸੀਂ ਤਾਂ ਇੱਕ ਦਿਨ ਅੱਗੋਂ ਈ ਆ ਗੇ। ਵਚੋਲੇ ਦੇ ਤਾਂ ਭਾਈ ਬਣ ਗੀ ਭਾਅ ਦੀ, ਬਈ ਆਹ ਕੀ ਹੋ ਗਿਆ। ਜਦੋਂ ਤੀਰਥ ਬਾਵੇ ਨੂੰ ਪਤਾ ਲੱਗਿਆ ਬਈ ਮੈਂ ਤਾਂ ਜੰਨ ਇੱਕ ਦਿਨ ਪਹਿਲਾਂ ਈ ਲੈ ਆਇਆ, ਉਨ੍ਹਾਂ ਦਾ ਵੱਡਾ ਬੁੜ੍ਹਾ, ਜਿਹੜਾ ਕੁੜੀ ਦਾ ਦਾਦਾ ਸੀ, ਕਹਿੰਦਾ ਨਹੀਂ ਬਈ ਅਸੀਂ ਤਾਂ ਕੱਲ੍ਹ ਨੂੰ ‘ਨੰਦ ਦੇਮਾਂਗੇ। ਅਕੇ ਤੀਰਥ ਬਾਵਾ ਮਿੰਨਤ ਕਰਨ ਲੱਗਿਆ ਜਦੋਂ ਕੁੜੀ ਦੇ ਦਾਦੇ ਦੇ ਪੈਰੀਂ ਹੱਥ ਲਾਉਣ ਲੱਗਿਆ ਤਾਂ ਉਹ ਪੈਰਾਂ ਨੂੰ ਹੱਥ ਨਾ ਲਾਉਣ ਦੇਵੇ ਜਿਮੇਂ ਰੁੱਸਿਆ ਵਿਆ ਬੁੜ੍ਹਾ ਨੂੰਹ ਨੂੰ ਨ੍ਹੀ ਪੈਰੀਂ ਹੱਥ ਲਾਉਣ ਦਿੰਦਾ ਹੁੰਦਾ। ਉਹ ਤਾਂ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨ ਲੱਗ ਪਿਆ, ਬਈ ਹੁਣ ਕੀ ਕਰੀਏ? ਉਹਨੂੰ ਤਾਂ ਲੱਗ ਗਿਆ ਟੈਮ। ਇੱਧਰ ਜੰਨ ਦੀਆਂ ਭੁੱਖ ਨਾਲ ਕੋਕੜਾਂ ਹੋਈ ਜਾਣ। ਉੱਥੇ ਕਿਤੇ ਪਿੰਡ ਦੀਆਂ ਬਾਹਵਾ ਸਾਰੀਆਂ ਬੁੜ੍ਹੀਆਂ ਟੂਟੀ ਤੋਂ ਪਾਣੀ ਭਰੀ ਜਾਂਦੀਆਂ ਸੀ। ਜਾਨੀਆਂ ‘ਚੋਂ ਦੇਵ ਸਰਪੈਂਚ, ਇੱਕ ਬਾਬਾ ਮੈਂ, ਇੱਕ ਬਿੱਕਰ ਬੰਬਰ, ਡੇਂਭੂ ਡਾਕਦਾਰ, ਮੀਰਾਬਾਂ ਦਾ ਚੈਨਾ, ਗਰਦਿਆਲੀ ਕਾ ਕਾਕਾ, ਗੇਜੂ, ਜੀਤਾ ‘ਕਾਲੀ, ਫੰਮਣ ਸਰਪੈਂਚ, ਜਗਬੀਰ ਡਾਕਦਾਰ ਦੋ ਤਿੰਨ ਜਾਣੇ ਹੋਰ, ਜਦੋਂ ਇਨ੍ਹਾਂ ਸਾਰਿਆਂ ਨੇ ਬੱਸ ਚੋਂ ਉੱਤਰ ਕੇ ਬੁੜ੍ਹੀਆਂ ਕੋਲ ਜਾ ਕੇ ਪੁੱਛਿਆ, ‘ਭਾਈ ਏਥੇ ਵਿਆਹ ਆਲਾ ਘਰ ਕਿਹੜਾ?
ਉਨ੍ਹਾਂ ‘ਚੋਂ ਨੇ ਅੱਗੋਂ ਪੁੱਛ ਲਿਆ, ‘ਜੰਨ ਕਿੱਥੋਂ ਆਈ ਐ ਭਾਈ? ਦੇਵ ਸਰਪੈਂਚ ਕਹਿੰਦਾ, ਭਗਤਿਉਂ ਆਈ ਐ। ਉਨ੍ਹਾਂ ‘ਚੋਂ ਇੱਕ ਸਿਆਣੀ ਜੀ ਉਮਰ ਦੀ ਬੁੜ੍ਹੀ ਕਹਿੰਦੀ, ‘ਵਿਆਹ ਆਲਾ ਘਰ ਤਾਂ ਭਾਈ ਪਿੰਡ ਦੇ ਵਚਾਲ਼ੇ ਐ, ਪਰ ਤੁਸੀ ਤਾਂ ਇੱਕ ਦਿਨ ਪਹਿਲਾਂ ਈ ਆ ਗੇ।
ਜਦੋਂ ਬਾਬਾ ਉਨ੍ਹਾਂ ਨੇ ਇਹ ਗੱਲ ਸੁਣੀ ਤਾਂ ਜਾਨੀਆਂ ਦੇ ਤਾਂ ਭਾਈ ਬਣ ਗੀ ਭਾਅ ਦੀ ਫਿਰ। ਬੁੜ੍ਹੀਆਂ ਕੋਲੋਂ ਆ ਕੇ ਜਦੋਂ ਬੱਸ ਆਲੇ ਜਾਨੀਆਂ ਨੂੰ ਇਹ ਗੱਲ ਦੱਸੀ ਬਈ ਆਪਾਂ ਤਾਂ ਬਈ ਇੱਕ ਦਿਨ ਪਹਿਲਾਂ ਈ ਆ ਗੇ। ਬੱਸ ਫੇਰ ਕੀ ਸੀ ਬਾਬਾ! ਜਾਨੀਆਂ ਦੀ ਭੁੱਖ ਤਾਂ ਗਈ ਮਰ, ਤੇ ਸਲਾਹਾਂ ਇਉਂ ਕਰਨ ਲੱਗ ਪੇ ਜਿਮੇਂ ਗਾਹਾਂ ਪਚੈਤੀ ਵੋਟਾਂ ‘ਚ ਸਰਪੈਂਚ ਖੜ੍ਹਣ ਵੇਲੇ ਕਰਦੇ ਹੁੰਦੇ ਐ, ਬਈ ਹੁਣ ਕੀ ਹੋਊ?”
ਬਾਬਾ ਕਹਿੰਦਾ, ”ਅਮਲੀਆ ਤੈਂ ਦਿੱਤੀ ਫਿਰ ਕੋਈ ਆਵਦੀ ਸਲਾਹ ਕੁ ਭੁੱਖੀ ਬੱਕਰੀ ਆਂਗੂੰ ਤੇਰੀ ਵੀ ਜਮਾਨ ਤਾਲੂਏ ਨਾਲ ਲੱਗ ਗੀ ਸੀ?”
ਅਮਲੀ ਕਹਿੰਦਾ, ”ਮੈਂ ਤਾਂ ਬਾਬਾ ਕੀ ਸਲਾਹ ਦੇਣੀ ਸੀ, ਮੈਥੋਂ ਤਾਂ ਮੂਹਰੇ ਹੋਰ ਬਥੇਰੇ ਵਕੀਲ ਬੈਠੇ ਸੀ। ਸਾਰੇ ਆਪੋ ਆਪਣੀ ਸਲਾਹ ਦੇਣ ਲੱਗ ਪੇ। ਕੋਈ ਕਹਿੰਦਾ, ‘ਚੱਲੋ ਕੋਈ ਗੱਲ ਨ੍ਹੀ, ਹੁਣ ਰੋਟੀ ਪਾਣੀ ਤਾਂ ਅੱਜ ਖਵਾਉਣ ਘਿਉ ਘੂ ਪਾ ਕੇ, ‘ਨੰਦ ਲੈਣ ਕੱਲ੍ਹ ਨੂੰ ਫੇਰ ਆ ਜਾਂ ਗੇ’।
ਕੋਈ ਕਹਿੰਦਾ, ਜੇ ‘ਨੰਦ ਕੱਲ੍ਹ ਨੂੰ ਈਂ ਦੇਣੇ ਤਾਂ ਰਾਤ ਰਹਿ ਪੈਨੇਂ ਆਂ, ਅੱਗੇ ਵੀ ਤਾਂ ਜੰਨਾਂ ਦੋ,ਦੋ-ਤਿੰਨ, ਤਿੰਨ ਦਿਨ ਰਹਿ ਈ ਪੈਂਦੀਆਂ ਸੀ।
”ਬਾਬਾ ਕਹਿੰਦਾ, ”ਫੇਰ ਜਾਨੀ ਕੀ ਕਹਿੰਦੇ ਨਾਥਾ ਸਿਆਂ?” ਅਮਲੀ ਕਹਿੰਦਾ, ”ਜਾਨੀ ਤਾਂ ਐਵੇਂ ਉੱਘ ਦੀਆਂ ਪਤਾਲ ਮਾਰੀ ਗਏ, ਮੈਂ ਕਿਹਾ ਫਿਰ, ਬਈ ਜੇ ਕੱਲ੍ਹ ਨੂੰ ਜੰਨ ਆਉਣਾ ਪੈ ਗਿਆ ਤਾਂ ਅੱਜ ਆਲੇ ਜਾਨੀ ਤਾਂ ਨ੍ਹੀ ਆਉਂਦੇ ਕੱਲ੍ਹ ਨੂੰ। ਕੱਲ੍ਹ ਨੂੰ ਤਾਂ ਨਵੇਂ ਜਾਨੀ ਲਿਆਉਣੇ ਪੈਣਗੇ।” ਸੀਤਾ ਮਰਾਸੀ ਕਹਿੰਦਾ, ”ਜੇ ਜੰਨ ਕਿਤੇ ਰਾਤ ਰਹਿ ਵੀ ਪੈਂਦੀ ਤਾਂ ਤੜਕੇ ਨੂੰ ਅਗਲਿਆਂ ਦਾ ਨਿਆਈਂ ਆਲਾ ਕਿੱਲਾ ਗਹਿਣੇ ਕਰਾ ਦਿੰਦੇ।” ਬਾਬਾ ਕਹਿੰਦਾ, ”ਐਨਾਂ ਕਿੰਨ੍ਹਾਂ ਕੁ ਖਾ ਜਾਂਦੇ ਮੀਰ?” ਸੀਤੇ ਮਰਾਸੀ ਨੇ ਫੇਰ ਕੱਢਿਆ ਰੈਂਗਲਾ। ਕਹਿੰਦਾ, ”ਖਾਣ ਦੀ ਗੱਲ ਨ੍ਹੀ ਬਾਬਾ, ਗੱਲ ਤਾਂ ਸ਼ਰਾਬ ਪੀਣ ਦੀ ਸੀ। ਆ ਸੰਤੋਖੇ ਕੇ ਮੱਦੀ ਅਰਗਿਆਂ ਨੇ ਪੀਣੀ ਘੱਟ ਸੀ ਤੇ ਡੋਲ੍ਹਣੀ ਬਾਹਲ਼ੀ ਸੀ।” ਬਾਬੇ ਨੇ ਫੇਰ ਪਲੋਸਿਆ ਅਮਲੀ ਨੂੰ, ”ਅਮਲੀਆ! ਹਜੇ ਤਾਂ ਅਗਲਿਆਂ ਨੇ ਜੰਨ ਵਾਸਤੇ ਮੰਜੇ ਬਿਸਤਰਿਆਂ ਦਾ ਬੰਦੋ ਬਸਤ ਵੀ ਨ੍ਹੀ ਕੀਤਾ ਹੋਣਾ, ਜੰਨ ਦਾ ‘ਤਾਰਾ ਫਿਰ ਕਿੱਥੇ ਕੀਤਾ?”
ਅਮਲੀ ਕਹਿੰਦਾ, ”ਕਿੱਥੇ ਕਰਨਾ ਸੀ ‘ਤਾਰਾ। ਸਾਰੇ ਪਿੰਡ ਨੇ ਪੰਜ-ਪੰਜ, ਚਾਰ-ਚਾਰ ਜਾਨੀ ਇਉਂ ਵੰਡ ਲੇ ਜਿਵੇਂ ਆਪਣੇ ਪਿੰਡ ਆਲੇ ਵੱਡੇ ਲਾਣੇ ਆਲਿਆਂ ਨੇ ਪਿਛਲੇ ਸਾਲ ਅੱਡ ਹੋਣ ਵੇਲੇ ਬੁੜ੍ਹੇ ਬੁੜ੍ਹੀਆਂ ਵੰਡ ਲੇ ਸੀ।”
ਸੀਤਾ ਮਰਾਸੀ ਕਹਿੰਦਾ, ”ਰੋਟੀ ਰਾਟੀ ਮਿਲ ਵੀ ਗਈ ਸੀ ਕਿ ਕੁੱਟ ਕੇ ਤੋਰੇ ਅਗਲਿਆਂ ਨੇ?” ਅਮਲੀ ਕਹਿੰਦਾ, ”ਰਾਸ਼ਨ ਪਾਣੀ ਤਾਂ ਮਿਲ ਗਿਆ ਸੀ, ਪਰ ਮਿਲਿਆ ਥੋੜਾ ਜਾ ਲੇਟ ਈ।
ਜਦੋਂ ਮਿਲਿਆ, ਤਾਂ ਭੁੱਖ ਦੇ ਭੰਨੇ ਪਤੌੜਾਂ ਲੱਡੂਆਂ ਨੂੰ ਇਉਂ ਪਏ ਭੱਜ ਕੇ ਜਿਵੇਂ ਭੱਠੇ ਆਲੇ ਭਾਂਡੇ ‘ਚ ਕਈ ਦਿਨਾਂ ਦੀਆਂ ਤਾੜੀਆਂ ਭੁੱਖੀਆਂ ਖੱਚਰਾਂ ਭਾਂਡੇ ਤੋਂ ਨਿੱਕਲ ਕੇ ਖਰਬੂਜਿਆਂ ਦੇ ਵਾੜੇ ਨੂੰ ਪੈ ਗੀਆਂ ਹੋਣ।”
ਬਾਬਾ ਕਹਿੰਦਾ, ”ਫੇਰ ਤਾਂ ਯਾਰ ਤੀਰਥ ਬਾਵੇ ਨੇ ਲੋਹੜਾ ਈ ਮਾਰਿਆ, ਪਤੰਦਰ ਆਂਏਂ ਕਿਵੇਂ ਦਿਨ ਭੁੱਲ ਗਿਆ ਯਾਰ?” ਸੀਤਾ ਮਰਾਸੀ ਕਹਿੰਦਾ, ”ਕਾਹਲ਼ਿਆਂ ਨਾਲ ਕਾਹਲ਼ੇ ਹੋ ਕੇ ਈ ਗੱਡੀ ਚੱਲਣੀ ਸੀ ਬਾਬਾ ਸਿਆਂ, ਜੇ ਕਿਤੇ ਵਚੋਲਾ ਆਵਦੀ ਚਾਲ ਚੱਲਦਾ ਤਾਂ ਜੰਨ ਨੇ ਇੱਕ ਦੇ ਵੀ ਦੋ ਦਿਨ ਪਛੜ ਕੇ ਜਾਣਾ ਸੀ, ਅਗਲਿਆਂ ਨੇ ‘ਡੀਕ ‘ਡੀਕ ਕੇ ਥੱਕ ਜਾਣਾ ਸੀ। ਚੰਗਾ ਹੋਇਆ ਛੇਤੀ ਵੇਹਲੇ ਹੋ ਗੇ।” ਏਨੇ ਚਿਰ ਨੂੰ ਹਾਕਮ ਮਹਿਰੇ ਨੇ ਸੱਥ ਵਿੱਚ ਆ ਕੇ ਅੱਠ ਦਸ ਬੰਦਿਆਂ ਨੂੰ ਤਿਆਰੂ ਨੰਬਰਦਾਰ ਕੇ ਮੁੰਡੇ ਦੀ ਜੰਨ ਜਾਣ ਦਾ ਸੁਨੇਹਾ ਦਿੱਤਾ ਕਿ ਨੰਬਰਦਾਰਾਂ ਨੇ ਕਿਹਾ ਬਈ ‘ਕੱਲ੍ਹ ਨੂੰ ਜੰਨ ਜਾਣ ਲਈ ਤਿਆਰ ਹੋ ਕੇ ਨੰਬਰਦਾਰਾਂ ਦੇ ਘਰੇ ਪਹੁੰਚ ਜਿਓ।”
ਨਾਥਾ ਅਮਲੀ ਹਾਕਮ ਮਹਿਰੇ ਦੀ ਗੱਲ ਸੁਣ ਕੇ ਕਹਿੰਦਾ, ”ਹਾਕਮ ਸਿਆਂ! ਹਜੇ ਤਾਂ ਕਾਹਲਿਆਂ ਦੇ ਮੁੰਡੇ ਦੀ ਜੰਨ ਆਲਾ ਈ ਸੁਰਮਾਂ ਨ੍ਹੀ ਨਿੱਕਲਿਆ, ਹੁਣ ਫੇਰ ਤੂੰ ਚੰਡੋਲ ‘ਤੇ ਚੜ੍ਹਾਉਣ ਨੂੰ ਫਿਰਦੈਂ।” ਗੱਲਾਂ ਕਰਦਿਆਂ ਤੋਂ ਜਿਉਂ ਹੀ ਅਕਾਲ ਚਲਾਣਾ ਕਰ ਗਏ ਬਜੁਥਰਗ ਵੀਰ ਸਿਉਂ ਦੇ ਭੋਗ ਦਾ ਸਪੀਕਰ ‘ਚ ਹੋਕਾ ਆਇਆ ਤਾਂ ਸੱਥ ‘ਚ ਬੈਠੇ ਸਾਰੇ ਜਾਣੇ ਵੀਰ ਸਿਉਂ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਘਰ ਨੂੰ ਚੱਲ ਪਏ।
-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113