ਐਬਟਸਫੋਰਡ ਸਿਟੀ ਦੀ ਸਥਾਨਿਕ ਮਸਲਿਆਂ ਪ੍ਰਤੀ ਬੇਧਿਆਨੀ ਕਾਰਨ ਲੋਕ ਪ੍ਰੇਸ਼ਾਨ

ਐਬਟਸਫੋਰਡ ਸਿਟੀ ਦੀ ਸਥਾਨਿਕ ਮਸਲਿਆਂ ਪ੍ਰਤੀ ਬੇਧਿਆਨੀ ਕਾਰਨ ਲੋਕ ਪ੍ਰੇਸ਼ਾਨ

ਸੜਕਾਂ ‘ਤੇ ਫਿੱਕੀਆਂ ਪਈਆਂ ਲਾਈਨਾਂ ਅਤੇ ਮੋਟਰ ਪਾਰਕਿੰਗ ਅਲਾਟ ਵੱਡੇ ਮਸਲੇ
ਗਾਹਕਾਂ ਅਤੇ ਦੁਕਾਨਦਾਰਾਂ ਵੱਲੋਂ ਸੁਧਾਰ ਲਿਆਉਣ ਦੀ ਪੁਰਜ਼ੋਰ ਮੰਗ

ਐਬਟਸਫੋਰਡ : (ਬਰਾੜ-ਭਗਤਾ ਭਾਈ ਕਾ) ਏਥੋਂ ਦੀ ਸਥਾਨਿਕ ਸਰਕਾਰ (ਮਿਊਂਸੀਪਲ) ਪ੍ਰਤੀ ਸ਼ਹਿਰ ਵਾਸੀਆਂ ‘ਚ ਪਿਛਲੇ ਸਮੇਂ ਤੋਂ ਇਸ ਕਰਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਵੀ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਵੱਲ ਧਿਆਨ ਹੀ ਨਹੀਂ ਦੇ ਰਹੇ। ਜੇ ਕਰ ਸੜਕਾਂ ਬਾਰੇ ਗੱਲ ਕਰੀਏ ਤਾਂ ਸ਼ਹਿਰ ਦੀਆਂ ਬਹੁਤੀਆਂ ਸੜਕਾਂ ਉੱਪਰ ਲੱਗੀਆਂ ਲਾਈਨਾਂ ਇੰਨੀਆਂ ਫਿਕੀਆਂ ਪੈ ਚੁੱਕੀਆਂ ਹਨ ਕਿ ਜਿੰਨ੍ਹਾਂ ਵਾਹਨ ਚਾਲਕਾਂ ਦੇ ਨਜ਼ਰ ਵਾਲੀਆਂ ਐਨਕਾਂ ਲੱਗੀਆਂ ਹਨ ਉਨ੍ਹਾਂ ਨੂੰ ਤੇਜ਼ ਬਾਰਸ਼ ਕਾਰਨ ਲਾਈਨਾਂ ਨਜ਼ਰ ਹੀ ਨਹੀਂ ਆ ਰਹੀਆਂ ਜਾਂ ਇੰਨੀਆਂ ਧੁੰਦਲੀਆਂ ਦਿਸਦੀਆਂ ਹਨ ਕਿ ਖੱਬੇ ਸੱਜੇ ਮੁੜਣ ‘ਚ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਹੜੀ ਲਾਈਨ ‘ਚ ਚਲੇ ਗਏ ਹਨ।
ਦੂਜੀ ਗੱਲ ਪਾਰਕਿੰਗ ਅਲਾਟਾਂ ਵੱਲ ਸਿਟੀ ਦਾ ਬਿਲਕੁਲ ਹੀ ਧਿਆਨ ਨਹੀ ਹੈ। ਸ਼ਹਿਰ ਦੇ ਸਾਰੇ ਪਲਾਜਿਆਂ ਦੀਆਂ ਪਾਰਕਿੰਗ ਅਲਾਟਾਂ ‘ਚ ਲੋਕਾਂ ਅਤੇ ਦੁਕਾਨਦਾਰਾਂ ਨੂੰ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਸਿਟੀ ਵੱਲੋਂ ਦੋ ਘੰਟੇ ਦੀ ਪਾਰਕਿੰਗ ਦੇ ਬਹੁਕਮ ਦੇ ਬਾਵਜੂਦ ਵੀ ਗਾਹਕਾਂ ਨੂੰ ਆਮ ਥੋੜੇ ਸਮੇਂ ਲਈ ਵੀ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਨੂੰ ਪਾਰਕਿੰਗ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਬਹੁਤੇ ਵਾਹਨ ਸਾਰਾ-ਸਾਰਾ ਦਿਨ ਇੱਕ ਜਗ੍ਹਾ ਹੀ ਖੜ੍ਹੇ ਰਹਿੰਦੇ ਹਨ ਜਿਸ ਕਰਕੇ ਗਾਹਕਾਂ ਅਤੇ ਦੁਕਾਨਦਾਰਾਂ ਨੂੰ ਇਸ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ‘ਚ ਕਮਰਸ਼ੀਅਲ ਵਾਹਨਾਂ ਕਾਰਨ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਹੈ ਕਿਉਂਕਿ ਕਈ ਦੁਕਾਨਦਾਰਾਂ ਦੇ ਵੱਡੇ ਟਰੱਕ (ਕਮਰਸ਼ੀਅਲ ਵਾਹਨ) ਕਾਰਾਂ ਵਾਲੀਆਂ ਪਾਰਕਿੰਗ ਅਲਾਟਾਂ ‘ਚ ਦਿਨ ਰਾਤ ਇਉਂ ਪੱਕੇ ਖੜ੍ਹੇ ਕਰ ਰੱਖੇ ਹਨ ਜਿਵੇਂ ਕਿ ਉਨ੍ਹਾਂ ਨੇ ਸਿਟੀ ਤੋਂ ਜਗ੍ਹਾ ਖਰੀਦੀ ਹੋਵੇ ਜਾਂ ਫਿਰ ਇਸ ਤਰਾਂ ਪੱਕੇ ਤੌਰ ‘ਤੇ ਵਾਹਨ ਖੜ੍ਹੇ ਕਰਨੇ ਇੱਕ ਦੁਕਾਨਦਾਰ ਵੱਲੋਂ ਦੂਜੀਆਂ ਦੁਕਾਨਾਂ ਨੂੰ ਗਾਹਕਾਂ ਤੋਂ ਓਹਲਾ ਕਰਨ ਲਈ ਸਿਟੀ ਨਾਲ ਮਿਲੀ ਭੁਗਤ ਦਾ ਕਾਰਨ ਹੋਣ ਦਾ ਸ਼ੱਕ ਪੈਦਾ ਕਰਦਾ ਹੈ ਜਿਸ ਦੀ ਇੱਕ ਮੌਜੂਦਾ ਉਧਾਹਰਣ ਸੀਡਰ ਪਾਰਕ ਪਲੇਸ ਬਜ਼ਾਰ ਦੀ ਪਾਰਕਿੰਗ ਅਲਾਟ ਵਿੱਚ ਵੇਖੀ ਜਾ ਸਕਦੀ ਹੈ ਜਿੱਥੇ ਦੋ ਕਮਰਸ਼ੀਅਲ ਵਾਹਨ ਦਿਨ ਰਾਤ ਖੜ੍ਹੇ ਰਹਿੰਦੇ ਹਨ। ਇਸ ਲਈ ਸਿਟੀ ਨੂੰ ਇਸ ਵੱਲ ਧਿਆਨ ਦੇ ਕੇ ਦੋ ਘੰਟੇ ਦੀ ਪਾਰਕਿੰਗ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਕਮਰਸ਼ੀਅਲ ਵਾਹਨਾਂ ਨੂੰ ਦੁਕਾਨਾਂ ਦੀਆਂ ਪਾਰਕਿੰਗ ਅਲਾਟਾਂ ‘ਚ ਖੜ੍ਹਾ ਕਰਨ ਤੋਂ ਮਨਾਹੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬਰਫ਼ ਦੇ ਦਿਨਾਂ ‘ਚ ਸ਼ਹਿਰ ਵਿੱਚ ਡੈਡਐਂਡ ਸੜਕਾਂ ਤੋਂ ਸਿਟੀ ਵੱਲੋਂ ਬਰਫ਼ ਨਾ ਹਟਾਉਣੀ ਲੋਕਾਂ ‘ਚ ਪ੍ਰੇਸ਼ਾਨੀ ਪੈਦਾ ਕਰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਟੀ ਸਿਰਫ਼ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੀ ਬਰਫ਼ ਹਟਾਉਣ ਦਾ ਬੁੱਤਾ ਲਾਹ ਦਿੰਦੀ ਹੈ ਪਰ ਡੈਡਐਂਡ ਵੱਲ ਧਿਆਨ ਨਹੀਂ ਦਿੰਦੀ ਜਿਸ ਕਾਰਨ ਲੋਕ ਨੂੰ ਆਪਣੇ ਕੰਮਾਂ ‘ਤੇ ਜਾਣ ‘ਚ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਏਰੀਏ ਅਜਿਹੇ ਵੀ ਵੇਖੇ ਜਾ ਸਕਦੇ ਹਨ ਜਿੱਥੇ ਸਟਰੀਟ ਲਾਈਟਾਂ ਜਗਦੀਆਂ ਹੀ ਨਹੀਂ ਅਤੇ ਆਵਾਜਾਵੀ ‘ਚ ਬਿਘਨ ਪੈਣਾ ਸੁਭਾਵਕ ਹੀ ਹੈ। ਅਜਿਹੇ ਹੋਰ ਵੀ ਬਹੁਤ ਮਸਲੇ ਹਨ ਜਿਨ੍ਹਾਂ ਪ੍ਰਤੀ ਸਿਟੀ ਦੀ ਲੰਬੇ ਸਮੇਂ ਤੋਂ ਹੀ ਬੇਧਿਆਨੀ ਕਾਰਨ ਚੁੱਪ ਧਾਰ ਕੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ।