ਚੀਨ ‘ਚ ਫਸੇ ਕੈਨੇਡੀਅਨਜ਼ ਦੀ ਕੈਨੇਡਾ ਤੇ ਅਮਰੀਕਾ ਨੇ ਮੰਗੀ ਛੇਤੀ ਰਿਹਾਈ

ਚੀਨ ‘ਚ ਫਸੇ ਕੈਨੇਡੀਅਨਜ਼ ਦੀ ਕੈਨੇਡਾ ਤੇ ਅਮਰੀਕਾ ਨੇ ਮੰਗੀ ਛੇਤੀ ਰਿਹਾਈ

ਓਟਾਵਾ : ਓਟਾਵਾ ਅਤੇ ਵਾਸ਼ਿੰਗਟਨ ਨੇ ਚੀਨ ‘ਚ ਹਿਰਾਸਤ ‘ਚ ਲਏ ਗਏ ਕੈਨੇਡਾ ਦੇ ਦੋ ਨਾਗਰਿਕਾਂ ਦੀ ਰਿਹਾਈ ਲਈ ਬੀਜਿੰਗ ‘ਤੇ ਦਬਾਅ ਵਧਾ ਦਿੱਤਾ ਹੈ। ਅਜਿਹਾ ਸਮਝਿਆ ਜਾ ਰਿਹਾ ਹੈ ਕਿ ਅਮਰੀਕੀ ਵਾਰੰਟ ‘ਤੇ ਇਕ ਚੀਨੀ ਕੰਪਨੀ ਦੀ ਉੱਚ ਅਧਿਕਾਰੀ ਨੂੰ ਵੈਨਕੁਵਰ ‘ਚ ਗ੍ਰਿਫਤਾਰ ਕੀਤੇ ਜਾਣ ਦੇ ਜਵਾਬ ‘ਚ ਚੀਨ ਨੇ ਇਹ ਕਾਰਵਾਈ ਕੀਤੀ ਹੈ। ਯੂਰਪੀ ਸੰਘ ਨੇ ਵੀ ਕਿਹਾ ਹੈ ਕਿ ਉਹ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ‘ਚ ਲਏ ਜਾਣ ਦੇ ਮਾਮਲੇ ‘ਚ ਕੈਨੇਡਾ ਦਾ ਸਮਰਥਨ ਕਰ ਰਿਹਾ ਹੈ। ਚੀਨ ਅਤੇ ਅਮਰੀਕਾ ਦੀ ਦੁਸ਼ਮਣੀ ਵਿਚਕਾਰ ਓਟਾਵਾ ਫਸ ਗਿਆ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਕ ਬਿਆਨ ‘ਚ ਕਿਹਾ, ”ਇਸ ਮਹੀਨੇ ਦੀ ਸ਼ੁਰੂਆਤ ‘ਚ ਦੋ ਕੈਨੇਡੀਅਨ ਨਾਗਰਿਕਾਂ ਨੂੰ ਚੀਨੀ ਅਧਿਕਾਰੀਆਂ ਵਲੋਂ ਹਿਰਾਸਤ ‘ਚ ਲਏ ਜਾਣ ਤੋਂ ਅਸੀਂ ਬੇਹੱਦ ਚਿੰਤਾ ‘ਚ ਹਾਂ ਅਤੇ ਉਨ੍ਹਾਂ ਨੂੰ ਛੇਤੀ ਹੀ ਰਿਹਾਅ ਕਰਨ ਦੀ ਮੰਗ ਕਰਦੇ ਹਾਂ।” ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਾਬਰਟ ਪਾਲਾਡਿਨੋ ਨੇ ਵੀ ਦੋਹਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਉੱਥੇ ਹੀ ਯੂਰਪੀ ਸੰਘ ਦੇ ਵਿਦੇਸ਼ੀ ਮਾਮਲਿਆਂ ਲਈ ਉੱਚ ਮੰਤਰੀ ਫੈਡਰਿਕਾ ਮੋਗੋਰੇਨੀ ਨੇ ਇਕ ਬੁਲਾਰੇ ਰਾਹੀਂ ਕਿਹਾ,”ਯੂਰਪੀ ਸੰਘ ਕੈਨੇਡਾ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ।”
ਚੀਨ ਨੇ ਕੈਨੇਡਾ ਦੇ ਸਾਬਕਾ ਰਾਜਦੂਤ ਮਾਈਕਲ ਕੋਵਰਿਗ ਅਤੇ ਵਪਾਰਕ ਸਲਾਹਕਾਰ ਮਾਈਕਲ ਸਪੇਵੋਰ ਨੂੰ 10 ਦਸੰਬਰ ਨੂੰ ਹਿਰਾਸਤ ‘ਚ ਲਿਆ ਸੀ। ਇਹ ਕਾਰਵਾਈ 1 ਦਸੰਬਰ ਨੂੰ ਵੈਨਕੂਵਰ ‘ਚ ਚੀਨੀ ਕੰਪਨੀ ਹੁਵਾਵੇ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੂਓ ਨੂੰ ਹਿਰਾਸਤ ‘ਚ ਲੈਣ ਮਗਰੋਂ ਹੋਈ। ਮੇਂਗ ਨੂੰ ਬਾਅਦ ‘ਚ ਉਨ੍ਹਾਂ ਦੀ ਹਵਾਲਗੀ ਨੂੰ ਲੈ ਕੇ ਸੁਣਵਾਈ ਪੂਰੀ ਹੋਣ ਤਕ ਲਈ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਅਮਰੀਕਾ ਨੇ ਮੇਂਗ ‘ਤੇ ਈਰਾਨ ‘ਤੇ ਲੱਗੀਆਂ ਰੋਕਾਂ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕਾ ਤੇ ਚੀਨ ਵਿਚਕਾਰ ਵਪਾਰ ਯੁੱਧ ਚੱਲ ਰਿਹਾ ਹੈ।