ਰੁਝਾਨ ਖ਼ਬਰਾਂ
ਕੈਨੇਡਾ ‘ਚ ਪੱਕੇ ਹੋਣ ਵਾਲੇ ਭਾਰਤੀਆਂ ਦੀ ਗਿਣਤੀ ‘ਚ 50 ਫੀਸਦੀ ਵਾਧਾ

ਕੈਨੇਡਾ ‘ਚ ਪੱਕੇ ਹੋਣ ਵਾਲੇ ਭਾਰਤੀਆਂ ਦੀ ਗਿਣਤੀ ‘ਚ 50 ਫੀਸਦੀ ਵਾਧਾ

ਟੋਰਾਂਟੋ : ਕੈਨੇਡਾ ‘ਚ ਰਹਿ ਰਹੇ ਭਾਰਤੀਆਂ ਨੇ ਇਸ ਸਾਲ ਵੱਡੀ ਗਿਣਤੀ ‘ਚ ਪੱਕੀ ਨਾਗਰਿਕਤਾ ਲੈਣ ਵੱਲ ਕਦਮ ਵਧਾਏ ਹਨ। ਸਿਟੀਜ਼ਨਸਿਪ ਅਪਲਾਈ ਕਰਨ ਵਾਲਿਆਂ ‘ਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 50 ਫੀਸਦੀ ਵਾਧਾ ਹੋਇਆ ਹੈ। ਅਕਤੂਬਰ 2018 ਤਕ ਪਿਛਲੇ 10 ਮਹੀਨਿਆਂ ਦੇ ਅੰਕੜਿਆਂ ਮੁਤਾਬਕ, ਤਕਰੀਬਨ 15 ਹਜ਼ਾਰ ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ। ਸਾਲ 2017 ਦੇ ਮੁਕਾਬਲੇ ਇਹ ਤਕਰੀਬਨ 50 ਫੀਸਦੀ ਵਧੀ ਹੈ। ਬਰਥ ਕੰਟਰੀ (ਜਨਮ ਦੇ ਦੇਸ਼) ਦੇ ਤੌਰ ‘ਤੇ ਭਾਰਤ ਵਲੋਂ ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਲਈ ਦੂਜੇ ਨੰਬਰ ‘ਤੇ ਸਭ ਤੋਂ ਜ਼ਿਆਦਾ ਅਰਜ਼ੀਆਂ ਭੇਜੀਆਂ ਗਈਆਂ। ਫਿਲਪੀਨਜ਼ ਇਸ ਲਿਸਟ ‘ਚ ਪਹਿਲੇ ਨੰਬਰ ‘ਤੇ ਹੈ ਪਰ ਫਰਕ ਕੁਝ ਖਾਸ ਨਹੀਂ ਹੈ। ਅਕਤੂਬਰ ਤਕ 10 ਮਹੀਨਿਆਂ ਦੌਰਾਨ 15, 600 ਫਿਲਪੀਨਜ਼ ਨਾਗਰਿਕਾਂ ਨੇ ਕੈਨੇਡਾ ਦੀ ਨਾਗਰਿਕਤਾ ਹਾਸਲ ਕੀਤੀ। ਅੰਕੜਿਆਂ ਮੁਤਾਬਕ 30 ਅਕਤੂਬਰ ਤਕ ਪਿਛਲੇ 10 ਮਹੀਨਿਆਂ ‘ਚ 1.39 ਲੱਖ ਪੱਕੇ ਨਾਗਰਿਕਾਂ ਨੇ ਕੈਨੇਡਾ ਦੀ ਨਾਗਰਿਕਤਾ ਹਾਸਲ ਕੀਤੀ। ਇਸ ‘ਚ ਭਾਰਤੀਆਂ ਦੀ ਗਿਣਤੀ 11 ਫੀਸਦੀ ਰਹੀ। ਫਾਈਨਲ ਅੰਕੜੇ ਇਸ ਤੋਂ ਵੀ ਵਧੇਰੇ ਹੋਣ ਦੀ ਸੰਭਾਵਨਾ ਹੈ। ਹਾਲਾਂਕਿ 2015 ਦੇ ਮੁਕਾਬਲੇ ਇਹ ਕਾਫੀ ਘੱਟ ਹਨ ਜਦ ਰਿਕਾਰਡ 28 ਹਜ਼ਾਰ ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ ਸੀ। ਮਾਈਗ੍ਰੇਸ਼ਨ ਬਿਊਰੋ ਕਾਰਪ ਦੇ ਐੱਮ. ਡੀ. ਅਤੇ ਇਮੀਗ੍ਰੇਸ਼ਨ ਲਾਅ ਸਪੈਸ਼ਲਿਸਟ ਨੇ ਦੱਸਿਆ ਕਿ ਅਕਤੂਬਰ 2017 ਮਗਰੋਂ ਕੈਨੇਡੀਅਨ ਨਾਗਰਿਕਤਾ ਲਈ ਅਪਲਾਈ ਕਰਨਾ ਸੌਖਾ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਪਰਮਾਨੈਂਟ ਰੈਜ਼ੀਡੈਂਟ ਨੂੰ ਹੁਣ 5 ‘ਚੋਂ ਸਿਰਫ 3 ਸਾਲ ਮੌਜੂਦ ਰਹਿਣਾ ਪੈਂਦਾ ਹੈ। ਰਿਪੋਰਟ ਮੁਤਾਬਕ ਇਕ ਕੈਨੇਡੀਅਨ ਪਾਸਪੋਰਟ ਕਿਸੇ ਵਿਅਕਤੀ ਨੂੰ ਟ੍ਰੇਡ ਨੈਸ਼ਨਲ ਵੀਜ਼ਾ ਲਈ ਅਪਲਾਈ ਕਰਨ ਯੋਗ ਬਣਾਉਂਦਾ ਹੈ , ਜਿਸ ਨਾਲ ਅਮਰੀਕਾ ‘ਚ ਕੰਮ ਕਰਨ ਦੀ ਇਜ਼ਾਜ਼ਤ ਵੀ ਮਿਲ ਜਾਂਦੀ ਹੈ। ਹਾਲਾਂਕਿ ਇਹ ਐੱਚ-ਬੀ ਵਰਕ ਵੀਜ਼ਾ ਦੀ ਤਰ੍ਹਾਂ ਹੁੰਦਾ ਹੈ। ਇਸ ਦੌਰਾਨ ਵੱਡੀ ਗਿਣਤੀ ‘ਚ ਅਜਿਹੇ ਕਈ ਲੋਕ ਹਨ ਜੋ ਕੰਮ ਲਈ ਰੋਜ਼ਾਨਾ ਕੈਨੇਡਾ ਤੋਂ ਅਮਰੀਕਾ ਜਾਂਦੇ ਹਨ।