ਰੁਝਾਨ ਖ਼ਬਰਾਂ
ਪੰਜਾਬ ਦੇ ਲੋਕਾਂ ਨੂੰ ਜਕੜਦੀਆਂ ਜਾ ਰਹੀਆਂ ਹਨ ਜਾਨਲੇਵਾ ਬਿਮਾਰੀਆਂ

ਪੰਜਾਬ ਦੇ ਲੋਕਾਂ ਨੂੰ ਜਕੜਦੀਆਂ ਜਾ ਰਹੀਆਂ ਹਨ ਜਾਨਲੇਵਾ ਬਿਮਾਰੀਆਂ

ਪੰਜਾਬ ਦੇ ਪਾਣੀ ‘ਚ ਵੱਧੀ ਫਲੋਰਾਈਡ ਦੀ ਮਾਤਰਾ ਲਗਾ ਰਹੀ ਹੈ ਲੋਕਾਂ ਦੀਆਂ ਹੱਡੀਆਂ ਨੂੰ ਖੋਰਾ

ਚੰਡੀਗੜ੍ਹ : ਪੰਜਾਬ ਵਿੱਚ ਕੈਂਸਰ ਵਰਗੇ ਜਾਨਲੇਵਾ ਰੋਗ ਦੇ ਰੋਗੀ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਜ਼ਿਆਦਾਤਰ ਰੋਗੀਆਂ ਨੂੰ ਕੈਂਸਰ ਦਾ ਪਤਾ ਅੰਤਮ ਸਟੇਜ ਵਿੱਚ ਜਾ ਕੇ ਲੱਗਦਾ ਹੈ ਅਤੇ ਉਦੋਂ ਤੱਕ ਰੋਗ ਸਰੀਰ ਵਿੱਚ ਕਾਫ਼ੀ ਫੈਲ ਚੁੱਕਾ ਹੁੰਦਾ ਹੈ। ਇਹ ਭਿਆਨਕ ਹਾਲਾਤ ਪੰਜਾਬ ਦੇ ਲੱਗਭੱਗ ਹਰ ਜ਼ਿਲ੍ਹੇ ਵਿੱਚ ਹਨ।
ਹੁਣ ਇਥੇ ਪ੍ਰਸ਼ਨ ਇਹ ਉੱਠਦਾ ਹੈ ਦੀ ਆਖਿਰ ਇਹ ਰੋਗ ਪੰਜਾਬ ਵਿੱਚ ਹੀ ਇੰਨੀ ਤੇਜ਼ੀ ਨਾਲ ਕਿਉਂ ਪੈਰ ਪਸਾਰ ਰਿਹਾ ਹੈ ? ਜਦੋਂ ਇਸ ਸਵਾਲ ਦਾ ਜਵਾਬ ਇੱਕ ਰਿਪੋਰਟ ਰਾਹੀਂ ਸਾਹਮਣੇ ਆਇਆ ਤਾਂ ਉਹ ਕਾਫ਼ੀ ਅਚੰਭੇ ਵਾਲਾ ਸੀ। ਅਸੀਂ ਸਾਰੇ ਜਾਣਦੇ ਹਾਂ ਦੀ ਪੰਜਾਬ ਖੇਤੀਬਾੜੀ ਪ੍ਰਧਾਨ ਰਾਜ ਹੈ। ਇਸ ਲਈ ਇੱਥੇ ਤਾਂ ਬਿਮਾਰੀਆਂ ਦੀ ਗਿਣਤੀ ਘੱਟ ਹੋਣੀ ਚਾਹੀਦੀ ਹੈ ਪਰ ਸਥਿਤੀ ਇਸ ਦੇ ਬਿਲਕੁੱਲ ਉਲਟ ਹੈ। ਅੱਜ ਪੰਜਾਬ ਵਿੱਚ ਜ਼ਿਆਦਾਤਰ ਲੋਕ ਕੈਂਸਰ ਦਾ ਸ਼ਿਕਾਰ ਇੱਥੋਂ ਦੇ ਕਿਸਾਨ ਹੀ ਬਣ ਰਹੇ ਹਨ ਜਿਸਦਾ ਇੱਕ ਵੱਡਾ ਕਾਰਨ ਹੈ ਖੇਤੀ ਵਿੱਚ ਕੀਟਨਾਸ਼ਕਾਂ ਦੀ ਹੱਦ ਤੋਂ ਵੱਧ ਵਰਤੋਂ। ਪੰਜਾਬ ਦੇ ਕਿਸਾਨਾਂ ਦੇ ਦਿਮਾਗ ਵਿੱਚ ਇਸ਼ਤਿਹਾਰਬਾਜ਼ੀ ਰਾਹੀਂ ਇੱਕ ਗੱਲ ਬਿਠਾ ਦਿੱਤੀ ਗਈ ਹੈ ਕਿ ਜਿਨ੍ਹਾਂ ਕੀਟਨਾਸ਼ਕ ਪ੍ਰਯੋਗ ਕੀਤਾ ਜਾਵੇਗਾ ਓਨੀ ਚੰਗੀ ਫਸਲ ਅਤੇ ਸਬਜ਼ੀਆਂ ਹੋਣਗੀਆਂ ਜੋ ਕਿ ਬਿਲਕੁਲ ਝੂਠ ਗੱਲ ਹੈ। ਜ਼ਿਆਦਾ ਕੀਟਨਾਸ਼ਕ ਪਾ ਦੇਣ ਨਾਲ ਫਸਲ ਅਤੇ ਸਬਜ਼ੀਆਂ ਵਿੱਚ ਵੀ ਉਸ ਕੀਟਨਾਸ਼ਕ (ਜ਼ਹਿਰ) ਦੀ ਮਾਤਰਾ ਆ ਜਾਂਦੀ ਹੈ ਜੋ ਭੋਜਨ ਦੇ ਨਾਲ ਖਾਣ ਸਮੇਂ ਦੇ ਸਰੀਰ ‘ਚ ਜਾਂਦੀ ਹੈ। ਨਤੀਜਾ ਕੁੱਝ ਸਾਲਾਂ ਵਿੱਚ ਹੀ ਉਹ ਵਿਅਕਤੀ ਕੈਂਸਰ ਦੀ ਚਪੇਟ ਵਿੱਚ ਆ ਜਾਂਦਾ ਹੈ। ਦੋ ਕਰੋੜ 77 ਲੱਖ ਤੋਂ ਵੱਧ ਆਬਾਦੀ ਵਾਲੇ ਰਾਜ ਵਿੱਚ ਹਰ ਰੋਜ ਲੱਗਭੱਗ 19 ਲੋਕਾਂ ਦੀ ਕੈਂਸਰ ਦੇ ਕਾਰਨ ਮੌਤ ਹੋ ਰਹੀ ਹੈ। ਇਸ ਰਿਪੋਰਟ ਦੇ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ 34,430 ਲੋਕ ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋਏ। ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਮਾਲਵੇ ਦੇ ਇਲਾਕੇ ‘ਚੋਂ ਹਨ ਜਿੱਥੇ 3,945 ਲੋਕ ਇਸਦੀ ਬਿਮਾਰੀ ਕਾਰਨ ਆਪਣੀ ਜਾਨ ਗਵਾ ਬੈਠੇ ਹਨ ਅਤੇ ਇਹ ਵੀ ਸਾਹਮਣੇ ਆਇਆ ਕਿ 87,000 ਤੋਂ ਵੱਧ ਲੋਕ ਹੁਣ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹਨ। ਫਰੀਦਕੋਟ, ਮੁਕਤਸਰ, ਮਾਨਸਾ, ਬਠਿੰਡਾ ਜ਼ਿਲ੍ਹਿਆਂ ‘ਚ ਕੈਂਸਰ ਨਾਲ ਸਭ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਰਹੇ ਹਨ। ਦੂਜੇ ਪਾਸੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਵਿਚ ਫਲੋਰਾਈਡ ਦੀ ਵਧੇਰੇ ਮਾਤਰਾ ਲੋੜ ਤੋਂ ਬਹੁਤ ਵੱਧ ਚੁੱਕੀ ਹੈ ਜੋ ਕਿ ਹੱਡੀਆਂ ਨੂੰ ਖੋਰਾ ਲਾ ਰਹੀ ਹੈ। ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਹੱਡੀਆਂ ਦੇ ਜੋੜਾਂ ਵਿਚ ਖਰਾਬੀ ਆਉਣ ਦੇ ਕੇਸ ਵੀ ਵਧਣ ਲੱਗੇ ਹਨ । ਗਰਭਵਤੀ ਔਰਤਾਂ ਤੇ ਬੱਚੇ ਸਭ ਤੋਂ ਵੱਧ ਨਿਸ਼ਾਨਾ ਬਣਨ ਲੱਗੇ ਹਨ। ਜਾਣਕਾਰੀ ਮੁਤਾਬਕ ਪੰਜਾਬ ਵਿਚ ਅਜਿਹੇ 411 ਪਿੰਡ ਸ਼ਨਾਖ਼ਤ ਕੀਤੇ ਗਏ ਹਨ, ਜਿਨ੍ਹਾਂ ਵਿਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ। ਫਲੋਰੋਸਿਸ ਦੇ ਕੰਟਰੋਲ ਤੇ ਰੋਕਥਾਮ ਦੇ ਕੇਂਦਰੀ ਪ੍ਰੋਗਰਾਮ ਤਹਿਤ ਜੋ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਅਤੇ ਫ਼ਿਰੋਜ਼ਪੁਰ ਵਿਚ ਸਰਵੇਖਣ ਕੀਤਾ ਗਿਆ ਹੈ, ਉਸ ਦੇ ਤੱਥ ਚਿੰਤਾ ਪੈਦਾ ਕਰਦੇ ਹਨ। ਇਵੇਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਅਧਿਐਨ ਨੇ ਇਸ਼ਾਰਾ ਕੀਤਾ ਹੈ ਕਿ ਪੇਂਡੂ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਵਿਚ ਫਲੋਰਾਈਡ ਦੀ ਵੱਧ ਮਾਤਰਾ ਗਰਭਵਤੀ ਔਰਤਾਂ ਵਿਚ ਖ਼ੂਨ ਦੀ ਕਮੀ ਦਾ ਕਾਰਨ ਬਣ ਰਹੀ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਤੇ ਸੰਗਰੂਰ ਦੋਵਾਂ ਜ਼ਿਲ੍ਹਿਆਂ ਦੇ 897 ਸਕੂਲਾਂ ਦਾ ਸਰਵੇਖਣ ਕੀਤਾ ਗਿਆ ਹੈ ਤੇ 4216 ਦਾ ਕਮਿਊਨਿਟੀ ਸਰਵੇਖਣ ਕੀਤਾ ਗਿਆ ਹੈ। ਦੋਵਾਂ ਜ਼ਿਲ੍ਹਿਆਂ ਵਿਚ ਧਰਤੀ ਹੇਠਲੇ ਪਾਣੀ ਦੇ 3554 ਨਮੂਨੇ ਲਏ ਗਏ, ਜਿਨ੍ਹਾਂ ‘ਚੋਂ 653 ਨਮੂਨਿਆਂ ਵਿਚ ਫਲੋਰਾਈਡ ਜ਼ਿਆਦਾ ਪਾਇਆ ਗਿਆ। ਵੇਰਵਿਆਂ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ 768 ਸਕੂਲਾਂ ਤੇ ਲੋਕਾਂ ਦੇ ਪਿਸ਼ਾਬ ਦੇ 3445 ਨਮੂਨੇ ਲਏ ਗਏ, ਜਿਨ੍ਹਾਂ ਵਿਚੋਂ 2609 ‘ਚ ਜ਼ਿਆਦਾ ਫਲੋਰਾਈਡ ਪਾਇਆ ਗਿਆ ਤੇ ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ 129 ਸਕੂਲਾਂ ਅਤੇ ਲੋਕਾਂ ਦੇ ਪਿਸ਼ਾਬ ਦੇ 2618 ਨਮੂਨਿਆਂ ‘ਚੋਂ 1634 ਨਮੂਨੇ ਫਲੋਰਾਈਡ ਤੋਂ ਵਧੇਰੇ ਪ੍ਰਭਾਵਿਤ ਪਾਏ ਗਏ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਨੇ 18 ਅਕਤੂਬਰ ਨੂੰ ਜਾਗਰੂਕਤਾ ਮੁਹਿੰਮ ਤੇ ਸਿਖਲਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕੇਂਦਰੀ ਪ੍ਰੋਗਰਾਮ ਤਹਿਤ ਜ਼ਿਲ੍ਹਾ ਸੰਗਰੂਰ ਤੇ ਫ਼ਿਰੋਜ਼ਪੁਰ ਵਿਚ ਕੇਂਦਰੀ ਸੈਲ ਕਾਇਮ ਕੀਤੇ ਹਨ, ਜਿਨ੍ਹਾਂ ਵਿਚ ਸਲਾਹਕਾਰ ਤੇ ਲੈਬ ਤਕਨੀਸ਼ੀਅਨਾਂ ਦੀ ਤਾਇਨਾਤੀ ਕੀਤੀ ਗਈ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਹੁਣ ਫਲੋਰਾਈਡ ਤੋਂ ਪ੍ਰਭਾਵਿਤ ਪਿੰਡਾਂ ‘ਤੇ ਧਿਆਨ ਕੇਂਦਰਿਤ ਕਰ ਦਿੱਤਾ ਹੈ ਤੇ ਫਲੋਰਾਈਡ ਤੋਂ ਛੁਟਕਾਰੇ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਆਰਜ਼ੀ ਹੱਲ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਆਰ.ਓ ਪਲਾਂਟ ਵੀ ਲਾਏ ਹਨ। ਜਲ ਸਪਲਾਈ ਵਿਭਾਗ ਨੇ ਹੁਣ 411 ਪ੍ਰਭਾਵਿਤ ਪਿੰਡਾਂ ‘ਚੋਂ 204 ਪਿੰਡਾਂ ਨੂੰ ਜਲ ਸਪਲਾਈ ਸਕੀਮਾਂ ਤਹਿਤ ਕਵਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। 66 ਪਿੰਡਾਂ ਵਿਚ ਡੂੰਘੇ ਟਿਊਬਵੈੱਲ ਕਰਕੇ ਪਾਣੀ ਦੀ ਸਪਲਾਈ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਬਿਨਾਂ 152 ਪਿੰਡਾਂ ਵਿਚ ਆਰ.ਓ ਪਲਾਂਟ ਲਾ ਕੇ ਆਰਜ਼ੀ ਇੰਤਜ਼ਾਮ ਕੀਤਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਜਿਨ੍ਹਾਂ 411 ਪਿੰਡਾਂ ਵਿਚ ਫਲੋਰਾਈਡ ਵਧੇਰੇ ਹਨ, ਉਨ੍ਹਾਂ ਪਿੰਡਾਂ ਦੇ ਕਿਸੇ ਵੀ ਵਿਅਕਤੀ ਦੇ ਦੰਦ ਚਿੱਟੇ ਨਹੀਂ ਦਿਖਦੇ ਤੇ ਲੋਕ ਜੋੜਾਂ ਦੇ ਦਰਦ ਤੋਂ ਵੀ ਪੀੜਤ ਹਨ।