ਬੀ.ਸੀ. ਦੇ ਚੋਟੀ ਦੇ ਪੁਲਿਸ ਅਫਸਰ ਸ਼ਿੰਦਰ ਸਿੰਘ ਕਿਰਕ ਦੀ ਭਿਆਨਕ ਸੜਕ ਹਾਦਸੇ ‘ਚ ਮੌਤ

ਬੀ.ਸੀ. ਦੇ ਚੋਟੀ ਦੇ ਪੁਲਿਸ ਅਫਸਰ ਸ਼ਿੰਦਰ ਸਿੰਘ ਕਿਰਕ ਦੀ ਭਿਆਨਕ ਸੜਕ ਹਾਦਸੇ ‘ਚ ਮੌਤ

ਵੈਨਕੂਵਰ: ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸਾਂਝੀ ਕ੍ਰਾਈਮ ਯੂਨਿਟ ਦੇ ਮੁੱਖ ਬੁਲਾਰੇ ਅਤੇ ਇੰਟੀਗ੍ਰੇਟਿਡ ਗੈਂਗ ਟਾਸਕ ਫੋਰਸ ਦੇ ਆਗੂ ਰਹੇ ਨਾਮਵਰ ਪੁਲਿਸ ਅਫਸਰ ਸ਼ਿੰਦਰ ਸਿੰਘ ਕਿਰਕ ਦੀ, ਬੀਤੇ ਦਿਨ ਭਿਆਨਕ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਨੇ, ਫਰੇਜ਼ਰ ਵੈਲੀ ਅਤੇ ਮੈਟਰੋ ਵੈਨਕੂਵਰ, ਲੋਅਰ ਮੇਨਲੈਂਡ ਵੈਨਕੂਵਰ ਦੇ ਸਮੂਹ ਭਾਈਚਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਲੋਕਾਂ ਵਿੱਚ ਆਪਣੇ ਸੁਭਾਅ, ਮਿਹਨਤ ਅਤੇ ਫਰਜ਼ਾਂ ਪ੍ਰਤੀ ਵਫਾਦਾਰ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਸ਼ਿੰਦਰ ਕਿਰਕ ਨੇ ਲੰਮਾ ਸਮਾਂ ਵੈਨਕੂਵਰ ਅਤੇ ਐਬਟਸਫੋਰਡ ਦੇ ਪੁਲਸ ਵਿਭਾਗਾਂ ‘ਚ ਸੇਵਾਵਾਂ ਨਿਭਾਈਆਂ ਤੇ ਲਿਆਕਤ ਕਰਕੇ ਸਾਂਝੀ ਟਾਸਕ ਫੋਰਸ ਦਾ ਮੁੱਖ ਬੁਲਾਰਾ ਸ਼ਿੰਦਰ ਸਿੰਘ ਕਿਰਕ ਨੂੰ ਚੁਣਿਆ ਗਿਆ। ਜਿਸ ਦੌਰਾਨ ਉਨ੍ਹਾਂ ਫਰੇਜ਼ਰ ਵੈਲੀ ‘ਚੋਂ ਬੇਕਨ ਬ੍ਰਦਰਜ਼ ਸਮੇਤ ਵੱਖ -ਵੱਖ ਗੈਂਗ ਦਾ ਸਫਾਇਆ ਕਰਨ ਅਤੇ ਨੌਜਵਾਨਾਂ ਨੂੰ ਡਰੱਗ ਅਤੇ ਹਿੰਸਾ ਚੋਂ ਬਾਹਰ ਕੱਢਣ ਲਈ ਅਣਥਕ ਸੇਵਾਵਾਂ ਨਿਭਾਈਆਂ। ਕੁਝ ਵਰ੍ਹਿਆਂ ਤੋਂ ਟਾਸਕ ਫੋਰਸ ਦੇ ਬੁਲਾਰੇ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਸ਼ਿੰਦਰ ਸਿੰਘ ਐਬਟਸਫੋਰਡ ਪੁਲਸ ਲਈ ਸਮੇਂ- ਸਮੇਂ ਵਿਸ਼ੇਸ਼ ਹਾਲਤਾਂ ਵਿੱਚ ਕੰਮ ਕਰਦੇ ਆ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਸਨਿੱਚਰਵਾਰ ਨੂੰ ਨਨਾਮੋ ਵਿੱਚ ਹੋਏ ਦੋ ਵਾਹਨਾਂ ਦੇ ਦਰਦਨਾਕ ਹਾਦਸੇ ਸ਼ਿੰਦਰ ਕਿਰਕ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਪਿਕਅੱਪ ਵਿੱਚ ਸਵਾਰ ਦੋ ਹੋਰਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਉੱਘੇ ਪੁਲਿਸ ਅਫਸਰ ਸ਼ਿੰਦਰ ਸਿੰਘ ਕਿਰਕ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਵੱਖ- ਵੱਖ ਸ਼ਹਿਰਾਂ ਦੀਆਂ ਪੁਲਿਸ ਬਰਾਂਚਾਂ, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਮੀਡੀਆ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। ਸ਼ਿੰਦਰ ਕਿਰਕ ਸੰਨ 2002 ਤੋਂ ਮੀਡੀਆ ‘ਤੇ ਸਮੇਂ- ਸਮੇਂ ਪੰਜਾਬੀ ਨੌਜਵਾਨਾਂ ਨੂੰ ਚੰਗੇ ਰੋਲ ਮਾਡਲ ਅਪਣਾਉਣ ਅਤੇ ਹਿੰਸਾ ਦਾ ਰਾਹ ਤਿਆਗਣ ਲਈ ਪ੍ਰੇਰਦੇ ਰਹੇ। ਉਨ੍ਹਾਂ ਨਾਲ 2003 ਤੋਂ 2012 ਤੱਕ ਵੱਖ- ਵੱਖ ਸਮੇਂ ਰੇਡੀਓ ਇੰਟਰਵਿਊਜ਼ ਕਰਨ ਦਾ ਮੌਕਾ ਮਿਲਿਆ ਅਤੇ ਸ਼ਿੰਦਰ ਸਿੰਘ ਕਿਰਕ ਹੀ ਚੜ੍ਹਦੀ ਕਲਾ ਅਤੇ ਹੌਂਸਲੇ ਵਿੱਚ ਗੱਲਬਾਤ ਕਰਦੇ । ਮੌਜੂਦਾ ਸਮੇਂ ਚੱਲ ਰਹੀ ਗੈਂਗ ਹਿੰਸਾ ਬਾਰੇ ਹਾਲ ਹੀ ਵਿੱਚ 28 ਨਵੰਬਰ ਨੂੰ ਫ੍ਰੇਜ਼ਰ-ਵੈਲੀ ਲਾਇਬ੍ਰੇਰੀ ਅਤੇ ਐਬਟਸਫੋਰਡ ਪੁਲਸ ਦਫਤਰ ਕੋਲ ਮੈਨੂੰ ਕਰੀਬ ਇੱਕ ਘੰਟਾ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਸ ਦੌਰਾਨ ਸ਼ਿੰਦਰ ਕਿਰਕ ਨੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ, ਨੌਜਵਾਨਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ, ਮਾਪਿਆਂ,ਪੁਲਿਸ, ਪ੍ਰਸ਼ਾਸਨ ਅਤੇ ਸਿਆਸਤਦਾਨਾਂ ਨੂੰ ਸਾਂਝੇ ਤੌਰ ਤੇ ਕੰਮ ਕਰਨ ਲਈ ਕਿਹਾ। ਇਸ ਮੌਕੇ ‘ਤੇ ਜਦੋਂ ਮੈਂ ਸ਼ਿੰਦਰ ਕਿਰਕ ਨੂੰ ਦੁਬਾਰਾ ਗੈਂਗ ਟਾਸਕ ਫੋਰਸ ‘ਚ ਆਉਣ ਲਈ ਗੁਜ਼ਾਰਿਸ਼ ਕੀਤੀ, ਤਾਂ ਉਨ੍ਹਾਂ ਦਾ ਸਪੱਸ਼ਟ ਉੱਤਰ ਸੀ ਕਿ ਇਸ ਸਮੇਂ ਉਹ ਸਰਗਰਮ ਬੁਲਾਰੇ ਦੀ ਥਾਂ, ਵੱਖ -ਵੱਖ ਸ਼ਹਿਰਾਂ ਦੀਆਂ ਪੁਲਿਸ ਨਾਲ ਅੰਦਰੂਨੀ ਪੱਧਰ ਤੇ ਕੰਮ ਕਰ ਰਹੇ ਹਨ। ਉਨ੍ਹਾਂ ਇਹ ਖਾਹਿਸ਼ ਵੀ ਪ੍ਰਗਟਾਈ ਕਿ ਰਿਚਮੰਡ ਰਹਿੰਦੇ ਆਪਣੇ ਪਿਤਾ ਦੀ ਸੇਵਾ ਨੂੰ ਸਮਰਪਿਤ ਹੋ ਕੇ ਉਹ ਵਧੇਰੇ ਖੁਸ਼ ਹਨ।
ਦੱਸਣਯੋਗ ਹੈ ਕਿ ਸ਼ਿੰਦਰ ਸਿੰਘ ਕਿਰਕ ਦਾ ਜਨਮ ਪੰਜਾਬ ਦੇ ਜਲੰਧਰ ਸ਼ਹਿਰ ਨੇੜਲੇ ਪਿੰਡ ਠਾ’ਡਾ ਵਿੱਚ ਹੋਇਆ। ਉਨ੍ਹਾਂ ਦੇ ਪਿਤਾ 1947 ਵਿੱਚ ਕੈਨੇਡਾ ਵਸੇ ਜਦਕਿ ਸ਼ਿੰਦਰ ਸਿੰਘ ਸੰਨ 1962 ਵਿੱਚ ਆਪਣੀ ਮਾਤਾ ਅਤੇ ਭੈਣ ਸਮੇਤ ਇੱਥੇ ਆਏ। ਪਹਿਲਾਂ ਵੈਨਕੂਵਰ ਤੇ ਫਿਰ ਰਿਚਮੰਡ ‘ਚ ਸੀਨੀਅਰ ਸੈਕੰਡਰੀ ਸਕੂਲ ਤੋਂ ਪੜ੍ਹਾਈ ਕਰਨ ਮਗਰੋਂ ਸ਼ਿੰਦਰ ਕਿਰਕ ਨੇ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਲਿਆ, ਪਰ ਆਪਣੇ ਮਰਹੂਮ ਮਿੱਤਰ ਪਾਲ ਸੰਘੇੜਾ ਦੇ ਉਤਸ਼ਾਹ ਸਦਕਾ ਵਿੱਚ ਉਨ੍ਹਾਂ ਕੈਨੇਡੀਅਨ ਪੁਲਿਸ ‘ਚ ਨੌਕਰੀ ਕੀਤੀ। ਵੈਨਕੂਵਰ ਚ ਵੱਖ -ਵੱਖ ਅਹੁਦਿਆਂ ਤੇ ਰਹਿਣ ਮਗਰੋਂ 1990 ਵਿੱਚ ਪਰਿਵਾਰ ਸਮੇਤ ਐਬਟਸਫੋਰਡ ਆ ਵਸੇ ਅਤੇ ਇੱਥੋਂ ਦੇ ਪੁਲੀਸ ਵਿਭਾਗ ਵਿੱਚ ਸੇਵਾਵਾਂ ਨਿਭਾਈਆਂ; ਆਪਣੀ ਧੀ ਨੂੰ ਉੱਚ ਵਿੱਦਿਆ ਅਤੇ ਵਧੀਆ ਜੀਵਨ ਦੇਣ ਵਾਲੇ ਸ਼ਿੰਦਰ ਸਿੰਘ ਕਿਰਕ ਅੱਜਕਲ੍ਹ ਟਾਊਨ ਲਾਈਨ ‘ਤੇ ਪਤਨੀ ਸਮੇਤ ਰਹਿ ਰਹੇ ਸਨ। ਉਨ੍ਹਾਂ ਨਾਲ ਕੁਝ ਹਫਤੇ ਪਹਿਲਾਂ ਕੀਤੀ ਲੰਮੀ ਗੱਲਬਾਤ ‘ਚ ਇਹ ਵੀ ਪ੍ਰਗਟਾਵਾ ਹੋਇਆ ਕਿ ਬਜ਼ੁਰਗ ਪਿਤਾ ਦੀ ਸੇਵਾ ਮਗਰੋਂ, ਉਹ ਅਮਰੀਕਾ ਚ ਆਪਣੀ ਇੱਛਾ ਅਨੁਸਾਰ ਮਨਪਸੰਦ ਖਿੱਤੇ ‘ਚ ਰਿਟਾਇਰਮੈਂਟ ਦੀ ਜ਼ਿੰਦਗੀ ਗੁਜ਼ਾਰਨੀ ਚਾਹੁੰਦੇ ਹਨ, ਪਰ ਸ਼ਾਇਦ ਸਮੇਂ ਨੂੰ ਅਜਿਹਾ ਮਨਜ਼ੂਰ ਨਹੀਂ ਸੀ, ਜੋ 36 ਸਾਲ ਤੋਂ ਵੱਧ ਸਮਾਂ ਕੈਨੇਡੀਅਨ ਪੁਲੀਸ ਵਿੱਚ ਸੇਵਾ ਕਰਨ ਵਾਲਾ ਮਹਾਨ ਅਫ਼ਸਰ ਅਜਿਹਾ ਵਿਛੋੜਾ ਦੇ ਗਿਆ। ਸ਼ਿੰਦਰ ਸਿੰਘ ਕਿਰਕ ਵੱਲੋਂ ਨੌਜਵਾਨਾਂ ਨੂੰ ਸਿੱਧੇ ਰਾਹ ਲਿਆਉਣ ਲਈ ਕੀਤੇ ਗਏ ਯਤਨਾਂ ਵਾਸਤੇ ਕੈਨੇਡੀਅਨ ਭਾਈਚਾਰਾ ਸਦਾ ਹੀ ਰਿਣੀ ਰਹੇਗਾ।

-ਡਾ. ਗੁਰਵਿੰਦਰ ਸਿੰਘ ਧਾਲੀਵਾਲ