ਕੈਨੇਡਾ ਦੇ 30 ਸਾਲ ਪੁਰਾਣੇ ਲੜਾਕੂ ਜਹਾਜ਼ ਹਨ ਰੋਮਾਨੀਆ ਵਿੱਚ ਨਾਟੋ ਮਿਸ਼ਨ ‘ਤੇ

ਕੈਨੇਡਾ ਦੇ 30 ਸਾਲ ਪੁਰਾਣੇ ਲੜਾਕੂ ਜਹਾਜ਼ ਹਨ ਰੋਮਾਨੀਆ ਵਿੱਚ ਨਾਟੋ ਮਿਸ਼ਨ ‘ਤੇ

ਕੌਮੀ ਰੱਖਿਆ ਮੰਤਰਾਲਾ ਅਸਟ੍ਰੇਲੀਆ ਤੋਂ 25 ਹੋਰ ਵਰਤੇ ਹੋਏ ਜੈੱਟ ਜਹਾਜ਼ ਖਰੀਦਣ ਦੀ ਕਰ ਰਿਹਾ ਹੈ ਤਿਆਰੀ

ਰੋਮਾਨੀਆ : ਕੈਨੇਡਾ ਦੇ ਏਅਰ ਪੁਲਿਸਿੰਗ ਮਿਸ਼ਨ ਦੇ ਕਮਾਂਡਰ ਵਲੋਂ ਜਾਰੀ ਕੀਤੇ ਗਏ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਉਮਰ ਬੀਤਾ ਚੁੱਕੇ ਲੜਾਕੂ ਜਹਾਜ਼ ਰੋਮਾਨੀਆ ਵਿੱਚ ਸ਼ਾਂਤੀ ਮਿਸ਼ਨ ਵਾਸਤੇ ਠੀਕ-ਠਾਕ ਕੰਮ ਕਰ ਰਹੇ ਹਨ। ਲੈਫਟੀਨੈਂਟ ਕਰਨਲ ਟਿੰਮ ਵੁੱਡਜ਼, ਜੋ ਕਿ ਪਿਛਲੇ ਚਾਰ ਮਹੀਨੇ ਤੋਂ ਰਾਇਲ ਕੈਨੇਡੀਅਨ ਏਅਰ ਫੋਰਸ ਦੇ 135 ਮੈਂਬਰਾਂ ਦੀ ਕਮਾਂਡ ਸਾਂਭ ਰਹੇ ਹਨ, ਨੇ ਕਿਹਾ ਕਿ ਇਸ ਕੰਮ ਵਿੱਚ ਨਾਟੋ ਦੇ ਵਿਸ਼ੇਸ਼ ਮਿਸ਼ਨ ਤਹਿਤ ਕੈਨੇਡਾ ਦੇ ਪੰਜ ਸੀ.ਐਫ. 18 ਜਹਾਜ਼ ਅਗਸਤ ‘ਚ ਹੀ ਤਾਇਨਾਤ ਕੀਤੇ ਗਏ ਅਤੇ ਅਸੀਂ ਇਸ ਭੂਮਿਕਾ ਨੂੰ ਪੂਰੀ ਤਰ੍ਹਾਂ ਨਿਭਾ ਰਹੇ ਹਾਂ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੀ.ਐਫ-18 ਜ਼ਹਾਜ਼ ਦੋ ਦਹਾਕਿਆਂ ਬਾਅਦ ਹੀ ਬਦਲਿਆ ਜਾਣਾ ਸੀ ਜੋ ਕਿ ਹੁਣ ਹੁਣ ਤੀਹ ਸਾਲ ਤੋਂ ਵੀ ਪੁਰਾਣੇ ਹੋ ਚੁੱਕੇ ਹਨ। ਕੈਨੇਡੀਅਨ ਕੌਮੀ ਰੱਖਿਆ ਮੰਤਰਾਲਾ ਅਸਟ੍ਰੇਲੀਆ ਤੋਂ 25 ਵਰਤੇ ਹੋਏ ਜੈੱਟ ਜਹਾਜ਼ ਖਰੀਦਣ ਦੀ ਤਿਆਰੀ ਵੀ ਕਰ ਰਿਹਾ ਹੈ ਅਤੇ ਸਰਕਾਰ ਦੇ ਇਸ ਫੈਲਸੇ ਦਾ ਵਿਰੋਧੀ ਧਿਰ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਰੋਮਾਨੀਆ ਤੋ ਕੈਨੇਡਾ ਦੀ ਏਅਰ ਟਾਸਕ ਫੋਰਸ ਦੀ ਜਨਵਰੀ ਵਿੱਚ ਵਾਪਸੀ ਹੋਵੇਗੀ। ਪਰ ਇਸ ਦਾ ਐਲਾਨ ਕੈੇਨੇਡੀਅਨ ਆਰਮਡ ਫੋਰਸਿਜ਼ ਵੱਲੋਂ ਹੋਣਾ ਅਜੇ ਬਾਕੀ ਹੈ। ਵੁੱਡਜ਼ ਨੇ ਉਮੀਦ ਜਤਾਈ ਕਿ 2014 ਤੋਂ ਨਾਟੋ ਮਿਸ਼ਨ ਲਈ ਆਪਣੀਆਂ ਫੌਜੀ ਟੁਕੜੀਆਂ ਮੁਹੱਈਆ ਕਰਵਾ ਰਿਹਾ ਕੈਨੇਡਾ 2019 ‘ਚ ਵੀ ਵੱਡੀ ਫੋਰਸ ਨਾਲ ਨਾਟੋ ਦੇ ਕਿਸੇ ਹੋਰ ਮਿਸ਼ਨ ‘ਚ ਸ਼ਾਮਲ ਹੋ ਸਕਦਾ ਹੈ।