ਦੋਹਾਂ ਵਿਚ ਤੀਜਾ ਰਲਿਆ ਤਾਂ ਝੁੱਗਾ ਗਲਿਆ

ਦੋਹਾਂ ਵਿਚ ਤੀਜਾ ਰਲਿਆ ਤਾਂ ਝੁੱਗਾ ਗਲਿਆ

ਰਾਮੋ ਸ਼ਾਮੋ ਧਰਮ ਦੀਆਂ ਦੋਏ ਭੈਣਾਂ ਬਣੀਆਂ ।
ਇਕ ਦੂਜੇ ਬਿਨ ਰਹਿੰਦੀਆਂ ਨਾ ਦੋਵੇਂ ਜਣੀਆਂ ।
ਡਾਢੇ ਪ੍ਰੇਮ ਪਿਆਰ ਦੀਆਂ ਇਨ੍ਹਾਂ ਤੰਦਾਂ ਤਣੀਆਂ ।

ਇਕ ਦੂਜੇ ਤੇ ਵਸਦੀਆਂ ਜਿਉਂ ਮੀਂਹ ਦੀਆਂ ਕਣੀਆਂ ।
ਚਮਕਣ ਦੋਵੇਂ ਇਸ ਤਰ੍ਹਾਂ ਜਿਉਂ ਸਪ ਦੀਆਂ ਮਣੀਆਂ ।

ਦੋਹਾਂ ਦੇ ਅੰਦਰ ਹੋਰ ਇਕ ਤਰਿਆਕਿਲ ਆਈ ।
ਉਸ ਪਲੀਤੇ ਨੂੰ ਨਿਕੀ ਜਹੀ ਤੀਲੀ ਲਾਈ ।
ਦੋਹਾਂ ਨੂੰ ਦਿਤਾ ਪਾੜ ਉਸ ਲਾੜੇ ਦੀ ਤਾਈ ।

ਇਸ ਨੂੰ ਗੱਲ ਕੋਈ ਹੋਰ ਉਸ ਨੂੰ ਹੋਰ ਸਨਾਈ ।
ਝਾਟੇ ਦੋਹਾਂ ਨੇ ਪੁਟ ਲਏ ਸਿਰ ਪਾਈ ਛਾਈ ।

ਘਰ ਆਈਆਂ ਤੇ ਦੋਹਾਂ ਦਾ ਜਦ ਗੁੱਸਾ ਢਲਿਆ ।
ਸਾਗਰ ਚੜ੍ਹਿਆ ਪ੍ਰੇਮ ਦਾ ਜੋ ਜਾਏ ਨਾ ਠਲਿਆ ।
ਦੋਹਾਂ ਨੇ ਦਿਲ ਵਿਚ ਸੋਚਿਆ ਇਸ ਭੈੜੀ ਛਲਿਆ ।

ਇਹ ਸਨੇਹੜਾ ਰਾਮੋ ਨੇ ਸ਼ਾਮੋ ਨੂੰ ਘਲਿਆ ।
ਦੋਹਾਂ ਵਿਚ ਤੀਜਾ ਰਲਿਆ ਤਾਂ ਝੁੱਗਾ ਗਲਿਆ ।
-ਈਸ਼ਰ ਸਿੰਘ ਈਸ਼ਰ