ਨਸੀਹਤ

ਨਸੀਹਤ

ਫਿਰੇਂ ਬਚਣ ਲਈ ਚੱਲਦੈਂ ਚਾਲ ਕਾਹਤੋਂ।
ਪਿਆ ਕੂਕਦਾ ਸਿਰ ‘ਤੇ ਕਾਲ ਤੇਰਾ।
ਸਿੱਧਾ ਹੋ ਕੇ ਸਿਰ ਹੁਣ ਦੇ ਉੱਖਲੀ,
ਮੂਹਲੀ ਕਰੂ ਕੀ ਵੇਖੀਂ ਹਾਲ ਤੇਰਾ।

ਨਹੀਉਂ ਸੁਣਨੀ ਕਿਸੇ ਫ਼ਰਿਆਦ ਤੇਰੀ,
ਗੇੜ ਪੈ ਗਿਆ ਪੁੱਠੀ ਚਾਲ ਤੇਰਾ।
ਸਿੱਧਾ ਛੱਡਣਗੇ ਕਰਕੇ ਗਜ ਵਰਗਾ,
ਜੀਵਨ ਪਿੰਜ ਕੇ ਕੈਦ ਨਾਲ ਤੇਰਾ।
ਲੀਚ ਗੜੀਚੀਆਂ ਮਾਰੀਆਂ ਸਾਲ ਚੌਂਤੀ,
ਉੱਤਰ ਦੇ ਨਾ ਸਕਿਆ ਸਵਾਲ ਤੇਰਾ।
ਵੇਖੀ ਪੈਂਦੀਆਂ ਹੁਣ ਤਕਸੀਮ ਜ਼ਰਬਾਂ,
ਭਾਜੀ ਮੋੜ ਕੇ ਸਣੇ ਥਾਲ ਤੇਰਾ।

ਫਿਰੇ ਪਾਉਂਦਾ ਕਚਹਿਰੀਏਂ ਚਿੱਠੀਆਂ ਕਿਉਂ,
ਪਏ ਛੱਡਣਗੇ ਖੜਕਾਅ ਘੁੰਗਰਾਲ਼ ਤੇਰਾ।
ਯਾਰੀ ਕਾਹਦੀ ‘ਭਗਤਿਆ’ ਸੰਗ ਸੱਜਣਾਂ,
ਖ਼ੂਨ ਪੀਤਾ ਜਿੰਨ੍ਹਾਂ ਨੇ ਲਾਲ ਤੇਰਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’, 604-751-1113