ਰੁਝਾਨ ਖ਼ਬਰਾਂ
(ਪੁਸਤਕ ਸਮੀਖਿਆ ) ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

(ਪੁਸਤਕ ਸਮੀਖਿਆ ) ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ”ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ” ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। ਹਥਲੀ ਪੁਸਤਕ ਲੇਖਕ ਨੇ ੨੦੧੬ ਵਿੱਚ ਪਾਠਕਾਂ ਦੇ ਸਾਹਮਣੇ ਰੱਖੀ ਹੈ ਜੋ ਆਰ.ਐਸ.ਐਸ ਅਤੇ ਇਸਦੇ ਸਹਿਯੋਗੀ ਸੰਗਠਨਾਂ ਦੇ ਧਾਰਮਿਕ, ਸਮਾਜਿਕ ਅਤੇ ਰਾਸ਼ਟਰਵਾਦ ਦੇ ਮੁਖੌਟੇ ਨੂੰ ਉਤਾਰ ਕੇ ਬੇਨਕਾਬ ਕਰਦੀ ਹੈ। ਇਸ ਕਿਤਾਬ ਦੇ ਅਧਿਆਏ ੧ ਦੇ ਸਫ਼ਾ ਨੰ. ੫ ‘ਤੇ ਲੇਖਕ ਲਿਖਦਾ ਹੈ ”ਹਿੰਦੂ ਮੁਸਲਿਮ ਦੰਗੇ ਕਰਵਾਉਣ ਤੋਂ ਇਲਾਵਾ ਮੁਸਲਿਮ ਅੱਤਵਾਦ ਦਾ ਡਰ ਲੋਕਾਂ ਦੇ ਦਿਲੋ ਦਿਮਾਗ ਵਿੱਚ ਭਰ ਦੇਣ ਦਾ ਕੰਮ ਆਰ.ਐਸ.ਐਸ ਤੇ ਹੋਰ ਬ੍ਰਾਹਮਣਵਾਦੀ ਸੰਗਠਨ ਕਰ ਰਹੇ ਹਨ।” ਸੰਨ ੨੦੦੨ ਤੋਂ ਲੈ ਕੇ ੨੦੦੮ ਤੱਕ ਹੋਏ ਅੱਤਵਾਦੀ ਹਮਲੇ ਅਤੇ ਬੰਬ ਧਮਾਕਿਆਂ ਬਾਰੇ ਲੇਖਕ ਸਫ਼ਾ-੬ ‘ਤੇ ਲਿਖਦਾ ਹੈ ਕਿ ”ਮੇਰੀ ਜਾਣਕਾਰੀ ਮੁਤਾਬਿਕ ਸੰਘ ਪਰਿਵਾਰ ਵਿਰੁੱਧ ਅਜਿਹੇ ੧੮ ਮਾਮਲੇ ਅਦਾਲਤ ‘ਚ ਵਿਚਾਰ ਅਧੀਨ ਹਨ ਅਤੇ ਹਕੀਕਤ ‘ਚ ਇਹ ਸੰਗਠਨ ਦੇਸ਼ ਵਿੱਚ ਅੱਤਵਾਦ ਫੈਲਾਉਣ ਵਾਲਾ ਇੱਕ ਅੱਤਵਾਦੀ ਸੰਗਠਨ ਹੈ।” ਪਰ ਇਹ ਹਕੀਕਤ ਕਿਵੇਂ ਸਾਹਮਣੇ ਆਈ ਹੈ ”੨੯ ਸਤੰਬਰ ੨੦੦੮ ਮਾਲੇਗਾਉਂ ਦੇ ਭਿੱਖੂ ਚੌਂਕ ਵਿੱਚ ਹੋਏ ਬੰਬ ਧਮਾਕੇ ‘ਚ ਛੇ ਲੋਕ ਮਾਰੇ ਗਏ ਅਤੇ ੧੦੦ ਤੋਂ ਵੱਧ ਜਖ਼ਮੀ ਹੋਏ ਸਨ ਜੋ ਕਿ ਇਸਦੀ ਜਾਂਚ ਮਹਾਰਾਸ਼ਟਰ ਏ.ਟੀ.ਐਸ ਦੇ ਮੁਖੀ ਹੇਮੰਤ ਕਰਕਰੇ ਵਲੋਂ ਕੀਤੀ ਗਈ ਅਤੇ ਜਾਂਚ ਦੌਰਾਣ ਹੇਮੰਤ ਕਰਕਰੇ ਨੇ ਲੈਫਟੀਨੈਂਟ ਕਰਨਲ ਪ੍ਰਸਾਦ ਪ੍ਰੋਹਿਤ ਤੋਂ ਇੱਕ ਅਤੇ ਜੰਮੂ ਦੇ ਸ਼ਾਰਧਾ ਪੀਠ ਦੇ ਮਹੰਤ ਦਿਆਨੰਦ ਪਾਂਡੇ ਤੋਂ ਦੋ ਲੈਪਟਾਪ ਬ੍ਰਾਮਦ ਕੀਤੇ। ਲੇਖਕ ਅਨੁਸਾਰ ”ਇੰਨ੍ਹਾਂ ਲੈਪਟਾਪਾਂ ਵਿੱਚ ਇਹਨਾਂ ਸੰਗਠਨਾਂ ਦੀਆਂ ਮੀਟਿੰਗਾਂ ਦੇ ਆਡੀਓ ਵੀਡੀਓ ਕਲਿਪ, ਹਿੰਦੂ ਰਾਸ਼ਟਰ ਬਨਾਉਣ ਦੀ ਯੋਜਨਾ ਦੇ ਬਲਿਊ ਪ੍ਰਿੰਟ ਹੀ ਸਨ।” ਜਾਂਚ ਅਨੁਸਾਰ ਇਹਨ੍ਹਾਂ ਘਟਨਾਵਾਂ ਪਿੱਛੇ ਸਾਧਵੀ ਪ੍ਰੀਗਿਆ ਠਾਕੁਰ, ਸ਼ਾਮਲਾਲ ਸ਼ਾਹੂ, ਸ਼ਿਵ ਨਰਾਇਨ ਕਾਲ ਸੰਗਰਾ, ਲੈਫਟੀਨੈਂਟ ਪ੍ਰਸਾਦ ਪ੍ਰੋਹਿਤ, ਸਾਬਕਾ ਮੇਜਰ ਰਮੇਸ਼ ਉਪਾਧਿਆ, ਮਹੰਤ ਦਿਆਨੰਦ ਪਾਂਡੇ, ਸਮੀਰ ਕੁਲਕਰਨੀ, ਜਗਦੀਸ਼ ਮਹਾਤਰੇ, ਸੁਦਾਖਰ ਚਤਰਵੇਦੀ, ਰਾਮ ਜੀ ਕਾਲਸੰਗਰਾ, ਸੰਦੀਪ ਡਾਂਗੇ ਤੇ ਪ੍ਰਵੀਨ ਮੁਤਲਕ ਸਮੇਤ ਅਨੇਕਾਂ ਨਾਮ ਸਾਹਮਣੇ ਆਏ। ਅਧਿਆਏ ਤਿੰਨ ਦੇ ਸਫ਼ਾ ੧੩ ‘ਤੇ ਲੇਖਕ ਦੇਸ਼ ਵਿੱਚ ਵਾਪਰ ਰਹੀਆਂ ਬੰਬ ਧਮਾਕਿਆਂ ਅਤੇ ਅੱਤਵਾਦੀ ਘਟਨਾਵਾਂ ਪਿੱਛੇ ”ਸੰਘ ਪਰਿਵਾਰ ਦਾ ਦੇਸ਼ ਦੀ ਗੁਪਤਚਰ ਏਜੰਸੀ ਨਾਲ ਮਿਲੇ ਹੋਣ ਦਾ ਸ਼ੱਕ ਵੀ ਜ਼ਾਹਰ ਕਰਦਾ ਹੈ।” ‘ਤੇ ਲਿਖਦਾ ਹੈ ”ਭਾਰਤ ਪਾਕਿਸਤਾਨ ਦੇ ਮਿੱਤਰਤਾ ਸਬੰਧਾਂ ਨੂੰ ਸਥਾਪਿਤ ਕਰਦੀ ਸਮਝੋਤਾ ਐਕਸਪ੍ਰੈਸ ਵਿੱਚ ਪਾਣੀਪਤ (ਹਰਿਆਣਾ) ਵਿਚੋਂ ਗੁਜਰਦਿਆਂ ੧੯ ਫਰਵਰੀ ੨੦੦੭ ਨੂੰ ਬੰਬ ਧਮਾਕਾ ਹੋਇਆ ਅਤੇ ੬੮ ਲੋਕ ਮੌਕੇ ‘ਤੇ ਹੀ ਮਾਰੇ ਗਏ ਅਤੇ ਅਨੇਕਾਂ ਜਖ਼ਮੀ ਹੋਏ। ਇਸ ਬੰਬ ਧਮਾਕੇ ਦੇ ਸਬੂਤ ਇੱਕ ਮਹੀਨੇ ਦੇ ਵਿੱਚ ਹੀ ਸਾਹਮਣੇ ਆ ਗਏ ਪਰ ਆਈ.ਬੀ ਦੇ ਦਬਾਅ ਕਾਰਨ ਅਗਲੇ ਚਾਰ ਸਾਲਾਂ ਤੱਕ ਘਟਨਾ ਦੀ ਜਾਂਚ ਹੀ ਨਹੀਂ ਹੋ ਸਕੀ।” ਸੰਨ ੨੦੦੮ ਵਿੱਚ ਕਰਨਲ ਪ੍ਰੋਹਿਤ ਦਾ ਨਾਰਕੋ ਟੈਸਟ ਤੋਂ ਬਾਅਦ ਇਸ ਘਟਨਾ ਵਿੱਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਪਰ ਆਈ.ਬੀ ਨੇ ”ਵਿਸ਼ਵ ਵਿੱਚ ਭਾਰਤ ਦੀ ਬਦਨਾਮੀ ਹੋ ਜਾਵੇਗੀ” ਨੂੰ ਕਾਰਨ ਬਣਾ ਕੇ ਏ.ਟੀ.ਐਸ ਨੂੰ ਅੱਗੇ ਜਾਂਚ ਕਰਨ ਤੋਂ ਰੋਕ ਦਿੱਤਾ। ਇਨ੍ਹਾਂ ਹੀ ਨਹੀਂ ਲੇਖਕ ”ਸੰਘ ਪਰਿਵਾਰ” ਨਾਲ ਭਾਰਤੀ ਮੀਡੀਆ ਦੇ ਸਹਿਯੋਗ ਅਤੇ ਹਮਦਰਦੀ ਨੂੰ ਵੀ ਨੰਗਾ ਕਰਦਾ ਹੈ ”੮ ਸਤੰਬਰ ੨੦੦੬ ਨੂੰ ਬਗਲੀ (ਮੱਧ ਪ੍ਰਦੇਸ਼) ਮੁਸਲਮਾਨਾਂ ਦੇ ਤਿਉਹਾਰ ਸ਼ੱਬੇ ਬਰਾਤ ਦੌਰਾਣ ਹੋਏ ਬੰਬ ਧਮਾਕੇ ਦੀ ਜਿੰਮ੍ਹੇਵਾਰੀ” ”ਸੰਘ ਪਰਿਵਾਰ” ਨਾਲ ਸਬੰਧਤ ਲੋਕੇਸ਼ ਸ਼ਰਮਾ ਨੇ ਪਹਾੜਗੰਜ ਦਿੱਲੀ ਦੇ ਟੈਲੀਫੋਨ ਬੂਥ ਤੋਂ ਮੀਡੀਆ ਨੂੰ ਫੋਨ ਕਰਕੇ ਇਹ ਕਹਿ ਕੇ ਲਈ ਕਿ ਇਹ ਬੰਬ ਧਮਾਕਾ ਸਾਡੀ ਧਰਮ ਸੈਨਾ ਨੇ ਕੀਤਾ ਹੈ ਪਰ ਕਿਸੇ ਵੀ ਮੀਡੀਆ ਨੇ ਇਸ ਸਨਸਨੀਖੇਜ਼ ਖ਼ਬਰ ਨੂੰ ਪ੍ਰਸਾਰਿਤ ਹੀ ਨਹੀਂ ਕੀਤਾ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਕਿਵੇਂ ਮੀਡੀਆ ਬ੍ਰਾਹਮਣਵਾਦੀ ਅੱਤਵਾਦੀ ਸੰਗਠਨਾਂ ਦੀ ਸਹਾਇਤਾ ਕਰਦਾ ਹੈ।” ਲੇਖਕ ਅਨੁਸਾਰ ”ਨਾਂਦੇੜ , ਪਰਭਨੀ, ਜਾਲਨਾ, ਪੂਰਨਾ, ਕਾਨਪੁਰ , ਕੂਨੂੰਰ, ਮੜਗਾਉਂ, ਲਾਬਾਖੇਰਾ, ਤੇਨਕਾਸ਼ੀ, ਪਨਵੇਲ, ਵਾਪੀ, ਠਾਣੇ, ਮਧੁਰਾਏ, ਸੂਰਤ, ਕਾਲੂਪੁਰ, ਪਾਣੀਪਤ ਅਤੇ ਮਾਲੇਗਾਉਂ ਬੰਬ ਧਮਾਕੇ ਇਹਨ੍ਹਾਂ ਅੱਤਵਾਦੀ ਸੰਗਠਨਾਂ ਵਲੋਂ ਹੀ ਕੀਤੇ ਗਏ ਹਨ।”
ਇਸ ਛੋਟੀ ਜਿਹੀ ਪੁਸਤਕ ਵਿੱਚ ਲੇਖਕ ਇਨ੍ਹਾਂ ਅੱਤਵਾਦੀ ਸੰਗਠਨਾਂ ਵਲੋਂ ਅੱਤਵਾਦੀ ਸਿਖਲਾਈ ਕੇਂਦਰ, ਉਨ੍ਹਾਂ ਵਿੱਚ ਦਿੱਤੀ ਜਾ ਰਹੀ ਸਿਖਲਾਈ ਅਤੇ ਸਿਖਲਾਈ ਕਰਤਾਵਾਂ ਬਾਰੇ ਵੀ ਖੁਲਾਸੇ ਕਰਦਾ ਹੈ। ਲੇਖਕ ਅਨੁਸਾਰ ”ਪੂਣੇ, ਨਾਗਪੁਰ, ਭੁਪਾਲ, ਬੰਬਈ, ਬਗਲੀ ਤੇ ਪੰਚਮੜੀ ਸਮੇਤ ਹੋਰ ੭੧ ਥਾਵਾਂ ‘ਤੇ ਭਾਰਤ ਵਿੱਚ ”ਸੰਘ ਪਰਿਵਾਰ” ਵਲੋਂ ਬੰਬ ਆਦਿਕ, ਹਥਿਆਰ ਬਨਾਉਣ ਅਤੇ ਇਨ੍ਹਾਂ ਨੂੰ ਚਲਾਉਣ ਦੇ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ। ਲੇਖਕ ਅਨੁਸਾਰ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਵਿਦੇਸ਼ਾਂ ‘ਚ ਚਲ ਰਹੇ ਅੱਤਵਾਦੀ ਸੰਗਠਨਾਂ ਨਾਲ ਵੀ ਸਬੰਧ ਹਨ ਤੇ ਇਨ੍ਹਾਂ ਨਾਲ ਮੀਟਿੰਗਾਂ ਦੇ ਹਵਾਲੇ ਵੀ ਲੇਖਕ ਦਿੰਦਾ ਹੈ ਜਿੰਨ੍ਹਾਂ ਵਿੱਚ ਨੇਪਾਲ ਦੇ ਰਾਜਾ ਗਿਆਨੇਂਦਰ, ਇਜ਼ਾਰਾਇਲ ਅਤੇ ਨਾਗਾਲੈਂਡ ਪ੍ਰਮੁੱਖ ਹਨ। ਲੇਖਕ ਸਫ਼ਾ ੩੭ ‘ਤੇ ਕਰਨਲ ਪ੍ਰੋਹਿਤ ਅਤੇ ਸਾਬਕਾ ਮੇਜਰ ਰਮੇਸ਼ ਉਪਾਧਿਆਏ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਾ ਹੈ ਜਿਸ ਤੋਂ ਇਨ੍ਹਾਂ ਦੇ ਭਾਰਤ ਨੂੰ ਤਹਿਸ-ਨਹਿਸ ਕਰਨ ਦੇ ਮਨਸੂਬੇ ਜੱਗ-ਜ਼ਾਹਰ ਹੁੰਦੇ ਹਨ। ਜਿਵੇਂ ”ਪ੍ਰੋਹਿਤ : ਇਸ ਸੰਵਿਧਾਨ ਨੂੰ ਮੰਨਣਾ ਹੀ ਨਹੀਂ ਇਸਨੂੰ ਤੋੜ ਦਿਓ ਇਹੋ ਇੱਕ ਤਰੀਕਾ ਹੈ ਅਤੇ ਉਪਾਧਿਆਏ ਜਵਾਬ ਦਿੰਦਾ ਹੈ ਇਹ ਸੰਵਿਧਾਨ ਸਾਡੇ ਉਪਰ ਲਾਗੂ ਹੀ ਨਹੀਂ ਹੁੰਦਾ, ਸਾਨੂੰ ਇਹ ਸਵੀਕਾਰ ਨਹੀਂ ਇਸਦੀ ਜਗ੍ਹਾ ਦੂਜਾ ਸੰਵਿਧਾਨ ਲਵੇਗਾ ਉਦੋਂ ਹੀ ਹਿੰਦੂ ਰਾਸ਼ਟਰ ਦੀ ਸਥਾਪਨਾ ਹੋਵੇਗੀ।” ਲੇਖਕ ਅਨੁਸਾਰ ਇਨ੍ਹਾਂ ਸੰਗਠਨਾਂ ਦੇ ਮਨਸੂਬੇ ਇਨ੍ਹੇਂ ਖਤਰਨਾਕ ਹਨ ਕਿ ਉਹ ਆਪਣੇ ਹਿੰਦੂ ਰਾਸ਼ਟਰ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਆਪਣੇ ਹੀ ਵਰਕਰ ਨੂੰ ਮਾਰ ਵੀ ਸਕਦੇ ਹਨ। ਲੇਖਕ ਸਫ਼ਾ-੪੦ ‘ਤੇ ਕਰਨਲ ਪ੍ਰੋਹਿਤ ਦੇ ਹਵਾਲੇ ਨਾਲ ਲਿਖਦਾ ਹੈ ”ਪ੍ਰੋਹਿਤ :- ਜੋ ਵਿਆਕਤੀ ਇਸ ਪੂਰੇ ਕੰਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰੇਗਾ ਉਸਨੂੰ ਸੰਗਠਨ ਤੋਂ ਬਾਹਰ ਨਹੀਂ ਕੱਢਿਆ ਜਾਵੇਗਾ ਸਗੋਂ ਉਸਨੂੰ ਮਾਰ ਦਿੱਤਾ ਜਾਵੇਗਾ।” ਸਫ਼ਾ-੪੧ ‘ਤੇ ਲੇਖਕ ਲਿਖਦਾ ਹੈ ”ਸੰਘ ਪਰਿਵਾਰ” ਦੇ ਖ਼ਤਰਨਾਕ ਮਨਸੂਬਿਆਂ ਵਾਲੇ ਵਰਕਰ ਪੂਰੇ ਦੇਸ਼ ਹੀ ਨਹੀਂ ਸਗੋ ਵਿਦੇਸ਼ਾਂ ਵਿੱਚ ਵੀ ਅਹਿਮ ਅਹੁਦਿਆਂ ਅਤੇ ਸੰਗਠਨਾਂ ਵਿੱਚ ਘੁਸਪੈਠ ਕਰ ਚੁੱਕੇ ਹਨ।
ਲੇਖਕ ਵਲੋਂ ”ਸੰਘ ਪਰਿਵਾਰ” ਦੇ ਖ਼ਤਰਨਾਕ ਮਨਸੂਬਿਆਂ ਦੀ ਸਬੂਤਾਂ ਸਮੇਤ ਪੋਲ ਖੋਲਦੀ ਇਹ ਕਿਤਾਬ ਸ਼ਲਾਘਾਯੋਗ ਉਪਰਾਲਾ ਹੈ ਭਾਵੇਂ ਭਾਰਤ ਦੇ ਫਿਰਕਾਪ੍ਰਸਤ ਰਾਜਨੀਤਿਕ ਆਗੂ ਅਤੇ ਮੀਡੀਆ ”ਸੰਘ ਪਰਿਵਾਰ” ਦੀਆਂ ਦੇਸ਼ ਤੋੜਣ ਦੀਆਂ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ‘ਤੇ ਅੱਖਾਂ ਮੀਟੀ ਬੈਠੇ ਹਨ ਅਤੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਅਮਰੀਕਾ ਦੀ ਅੱਤਵਾਦ ਖੋਜ ਏਜੰਸੀ ”ਟੈਰਾਰਿਜ਼ਮ ਵਾਚ ਐਂਡ ਵਾਰਨਿੰਗ” ਸੰਗਠਨ ਨੇ ਆਪਣੀ ਵੈਬਸਾਈਟ ”ਟੈਰਾਰਿਜ਼ਮ ਡਾਟ ਕਾਮ” ਉਤੇ ੨੪-੦੪-੨੦੧੪ ਨੂੰ ਦੁਨੀਆ ਵਿੱਚ ਅੱਤਵਾਦ ਫੈਲਾਉਣ ਵਾਲੇ ਅੱਤਵਾਦੀ ਸੰਗਠਨਾਂ ਦੀ ਸੂਚੀ ‘ਚ ਆਰ.ਐਸ.ਐਸ ਨੂੰ ਸ਼ਾਮਲ ਕਰ ਲਿਆ ਹੈ। ਇਹ ਕਿਤਾਬ ਭਾਰਤ ਸਮੇਤ ਦੁਨੀਆ ਭਰ ਦੇ ਘੱਟ ਗਿਣਤੀ ਲੋਕਾਂ ਨੂੰ ਜਰੂਰ ਪੜਨ੍ਹੀ ਚਾਹੀਦੀ ਹੈ। ਇਹ ਕਿਤਾਬ ਅੰਗ੍ਰੇਜ਼ੀ , ਊਰਦੂ , ਹਿੰਦੀ , ਮਾਲਿਆਲਮ ਭਾਸ਼ਾਵਾਂ ਵਿੱਚ ਮਿਲਦੀ ਹੈ ਅਤੇ ਛੇਤੀ ਹੀ ਪੰਜਾਬੀ ਵਿੱਚ ਵੀ ਪਾਠਕਾਂ ਤੱਕ ਪਹੁੰਚੇਗੀ।

ਸਮੀਖਿਆ ਕਰਤਾ : ਗੁਰਦਰਸ਼ਨ ਸਿੰਘ