Copyright © 2019 - ਪੰਜਾਬੀ ਹੇਰਿਟੇਜ
18 ਦਸੰਬਰ ਨੂੰ ਭਾਰਤ-ਅਮਰੀਕਾ ਵਿਚਕਾਰ ਹੋਵੇਗੀ 2+2 ਗੱਲਬਾਤ

18 ਦਸੰਬਰ ਨੂੰ ਭਾਰਤ-ਅਮਰੀਕਾ ਵਿਚਕਾਰ ਹੋਵੇਗੀ 2+2 ਗੱਲਬਾਤ

ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਸਬੰਧ ਹੋਰ ਮਜ਼ਬੂਤ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਓਸ਼ੋ ਅਤੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ 18 ਦਸੰਬਰ ਨੂੰ ਵਾਸ਼ਿੰਗਟਨ ਵਿੱਚ 2+2 ਗੱਲਬਾਤ ਲਈ ਮੁਲਾਕਾਤ ਕੀਤੀ ਜਾਵੇਗੀ । ਇਸ ਗੱਲਬਾਤ ਦੌਰਾਨ ਇੰਡੋ-ਪੈਸੀਫ਼ਿਕ ਅਤੇ ਅਮਰੀਕਾ ਤੋਂ ਭਾਰਤ ਦੀ ਹਾਰਡਵੇਅਰ ਖ਼ਰੀਦ ‘ਤੇ ਗੱਲਬਾਤ ਸੰਭਵ ਹੈ ।
ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਇਲਾਵਾ ਜਾਪਾਨ ਹੀ ਦੂਜਾ ਅਜਿਹਾ ਦੇਸ਼ ਹੈ, ਜਿਨ੍ਹਾਂ ਨਾਲ ਭਾਰਤ ਵੱਲੋਂ 2+2 ‘ਤੇ ਗੱਲਬਾਤ ਕੀਤੀ ਜਾਂਦੀ ਹੈ । ਸੂਤਰਾਂ ਅਨੁਸਾਰ ਇਹ ਗੱਲਬਾਤ ਬਹੁਤ ਅਹਿਮ ਹੋਵੇਗੀ, ਕਿਉਂਕਿ ਇਸ ਗੱਲਬਾਤ ਨਾਲ ਦੋਵੇਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰਾਲਿਆਂ ਦੇ ਅਹੁਦਿਆਂ ਤੇ ਵਿਚਾਰਾਂ ਦਾ ਤਾਲਮੇਲ ਬਣਾਇਆ ਜਾਵੇਗਾ ।
ਇਸ ਗੱਲਬਾਤ ਦੌਰਾਨ ਉੱਭਰ ਰਹੇ ਵਿਸ਼ਵ ਖ਼ਤਰਿਆਂ ਤੇ ਚੁਣੌਤੀਆਂ ਬਾਰੇ ਵੀ ਗੱਲ ਹੋ ਸਕਦੀ ਹੈ । ਇਹ ਗੱਲਬਾਤ ਅੱਤਵਾਦ ਤੇ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਪੱਛਮੀ ਏਸ਼ੀਆ ਜਿਹੇ ਮੁੱਦਿਆਂ ‘ਤੇ ਵੀ ਆਪਣੇ ਦ੍ਰਿਸ਼ਟੀਕੋਣ ਵਿੱਚ ਤਾਲਮੇਲ ਬਣਾ ਕੇ ਰੱਖਣ ਦਾ ਮੌਕਾ ਦਿੰਦੀ ਹੈ ।
ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਅਮਰੀਕਾ ਤੋਂ ਖ਼ਰੀਦੇ ਜਾਣ ਵਾਲੇ ਹਥਿਆਰਾਂ ਦੀ ਖ਼ਰੀਦ ਵਿੱਚ ਕੁਝ ਤੇਜ਼ੀ ਆ ਸਕਦੀ ਹੈ । ਦੱਸ ਦੇਈਏ ਕਿ ਭਾਰਤ ਨੇ ਅਮਰੀਕਾ ਤੋਂ ਬਹੁ-ਭੂਮਿਕਾ ਵਾਲੇ 24 ਹੈਲੀਕਾਪਟਰ, ਛੇ ਹੋਰ ਬੋਇੰਗ ਪੀ.81 ਬਹੁ-ਮਿਸ਼ਨ ਹਵਾਈ ਜਹਾਜ਼ ਲਏ ਹਨ ।