ਸ਼ਹੀਦਾਂ ਦਾ ਮਹੀਨਾ

ਸ਼ਹੀਦਾਂ ਦਾ ਮਹੀਨਾ

ਜਿਹਨਾਂ ਕਰਕੇ ਧੌਣਾ ਉੱਚੀਆਂ ਨੇ,
ਤੇ ਮਾਣ ਚ ਸੀਨਾ ਤਣਦਾ ਏ
ਲੋਕੋ ਓਹਨਾ ਸ਼ਹੀਦਾਂ ਨੂੰ,
ਯਾਦ ਤੇ ਕਰਨਾ ਬਣਦਾ ਏ

ਲੱਖਾਂ ਨਾਲ ਲਾਲ ਜੋ ਲੜ ਗਏ ਸੀ,
ਦੁਸ਼ਮਣ ਦੀ ਹਿੱਕ ਤੇ ਚੜ੍ਹ ਗਏ ਸੀ ,
ਚਮਕੌਰ ਗੜੀ ਵਿਚ ਅੜ ਗਏ ਸੀ,
ਜੋ ਤਾਣ ਛਾਤੀਆਂ ਖੜ ਗਏ ਸੀ,
ਜੀਤ ਜੁਝਾਰ ਜਿਹੇ ਵੀਰਾਂ ਨੂੰ,
ਹਿੱਕਾਂ ਵਿਚ ਖੁਭਿਆ ਤੀਰਾਂ ਨੂੰ
ਯਾਦ ਤੇ ਕਰਨਾ ਬਣਦਾ ਏ,
ਯਾਦ ਤੇ ਕਰਨਾ ਬਣਦਾ ਏ

ਕੇਸਗੜ ਦੇ ਘੇਰੇ ਨੂੰ,
ਬਚਿੱਤਰ ਸਿੰਘ ਦੇ ਜੇਰੇ ਨੂੰ
ਕੇਸਰੀ ਨੀਲੇ ਬਾਣਿਆਂ ਨੂੰ,
ਲੜਦੇ ਭੁੱਖਣ ਭਾਣਿਆ ਨੂੰ
ਦਸ਼ਮੇਸ਼ ਪਿਤਾ ਦੀਆਂ ਤੇਗਾਂ ਨੂੰ,
ਮਾਛੀਵਾੜੇ ਦੀਆਂ ਸੇਜਾਂ ਨੂੰ
ਯਾਦ ਤੇ ਕਰਨਾ ਬਣਦਾ ਏ
ਯਾਦ ਤੇ ਕਰਨਾ ਬਣਦਾ ਏ

ਪੋਹ ਦਿਆਂ ਬੁਰਜਾਂ ਠੰਡਿਆਂ ਨੂੰ,
ਜਾਂ ਸਰਸਾ ਦੇ ਕੰਢਿਆਂ ਨੂੰ
ਚਮਕੌਰ ਅਤੇ ਸਰਹੰਦ ਨੂੰ,
ਲਾਲਾਂ ਤੇ ਉਸਰੀ ਕੰਧ ਨੂੰ
ਮਾਂ ਗੁਜਰੀ ਦੇ ਸਬਰ ਨੂੰ,
ਬੱਚਿਆਂ ਤੇ ਢਾਏ ਜਬਰ ਨੂੰ
ਮੋਤੀ ਮਹਿਰੇ ਦੀ ਗੱਲ ਨੂੰ,
ਮੋਹਰਾਂ ਤੇ ਟੋਡਰ ਮੱਲ ਨੂੰ
ਯਾਦ ਤੇ ਕਰਨਾ ਬਣਦਾ ਏ
ਚੇਤੇ ਕਰਨਾ ਬਣਦਾ ਏ

ਯੋਧੇ ਸੰਤ ਸਿਪਾਹੀ ਨੂੰ,
ਰੱਬੀ ਰੂਪ ਇਲਾਹੀ ਨੂੰ
ਸ਼ਾਹੇ ਸ਼ਹਿਨਸ਼ਾਹ ਨੂੰ,
ਗੁਰੂ ਸੱਚੇ ਪਾਤਿਸ਼ਾਹ ਨੂੰ
ਸਖਤ ਸਿੱਖੀ ਦੇ ਥੰਮੜੇ ਨੂੰ,
ਸਾਹੋਤੇਆ ਮਰਦ ਅਗੰਮੜੇ ਨੂੰ
ਯਾਦ ਤੇ ਕਰਨਾ ਬਣਦਾ ਏ
ਚੇਤੇ ਕਰਨਾ ਬਣਦਾ ਏ

ਕੁਲਵੀਰ ਸਿੰਘ ਡਾਨਸੀਵਾਲ
778 863 2472