ਬਾਬਾ ਤੇਰੇ ਘਰ ਦੇ ਲੋਕ

ਬਾਬਾ ਤੇਰੇ ਘਰ ਦੇ ਲੋਕ

ਬਾਬਾ ਤੇਰੇ ਘਰ ਦੇ ਲੋਕ,
ਗੋਲਕ ਪਿੱਛੇ ਮਰਦੇ ਲੋਕ।

ਇੱਕ ਦੂਜੇ ਦੀਆਂ ਪੱਗਾਂ ਲਾਹੁਣ,
ਸ਼ਰਮ ਰਤਾ ਨਾ ਕਰਦੇ ਲੋਕ।

ਸਰੀਆ, ਕੋਇਲਾ, ਇੱਟਾਂ, ਰੇਤ,
ਸਭ ਕੁੱਝ ਏਥੇ ਚਰਦੇ ਲੋਕ।

ਤੇਰੇ ਨਾਂ ਤੇ ਖੋਲ੍ਹ ਦੁਕਾਨ,
ਠੱਗੀ ਠੋਰੀ ਕਰਦੇ ਲੋਕ।

ਭਾਗੋ ਏਥੇ ਐਸ਼ਾਂ ਕਰਨ,
ਲਾਲੋ ਉੱਤੇ ਵਰ੍ਹਦੇ ਲੋਕ।

ਮਨ ਅੰਦਰ ਨਾ ਪਾਵਣ ਝਾਤ,
ਸੱਤ ਸਮੁੰਦਰ ਤਰਦੇ ਲੋਕ।

ਰੱਬ ਦਾ ਘਰ ਕਰਦੇ ਬਰਬਾਦ,
ਰੱਬ ਤੋਂ ਵੀ ਨਾ ਡਰਦੇ ਲੋਕ।

‘ਦੀਸ਼’ ਕਰੇ ਜੇ ਸੱਚੀ ਗੱਲ,
ਗਲ਼ ਤੇ ਖੰਜਰ ਧਰਦੇ ਲੋਕ।

– ਗੁਰਦੀਸ਼ ਕੌਰ ਗਰੇਵਾਲ