ਬਾਪੂ ਦੀ ਮੰਜੀ

ਬਾਪੂ ਦੀ ਮੰਜੀ

”ਵੱਡੇ ਮੰਮਾ, ਮੰਮੀ-ਪਾਪਾ ਦਾ ਬੈੱਡ ਵੀ ਆਪਾਂ ਨੂੰ ਸਾੜਨਾ ਪਊ,ਉਹ ਤਾਂ ਕਿੰਨਾ ਸੋਹਣਾ।” ਬੰਟੀ ਨੇ ਰੋਟੀ ਖਵਾ ਰਹੀ ਆਪਣੀ ਦਾਦੀ ਨੂੰ ਪੁਛਿਆ। ਨਵੇਂ ਰਿਵਾਜ ਅਨੁਸਾਰ ਉਹ ਵੀ ਆਪਣੇ ਦਾਦਾ ਦਾਦੀ ਨੂੰ ਵੱਡੇ ਪਾਪਾ-ਮੰਮਾ ਬੋਲਦਾ ਸੀ। ”ਕਿਉਂ ਪੁੱਤ ! ਆਪਾ ਕਿਉਂ ਸਾੜਨਾ ਸੁੱਖ ਨਾਲ ?” ਭਜਨ ਕੌਰ ਨੇ ਬੁਰਕੀ ਬੰਟੀ ਦੇ ਮੂੰਹ ‘ਚ ਪਾਉਦਿਆਂ ਪੁਛਿਆ। ”ਨਹੀਂ ਮੰਮਾ ਜਦੋਂ ਕੋਈ ਮਰ ਜਾਂਦਾ, ਉਦੋਂ ਸਾੜਦੇ ਆ ਜਿਵੇਂ ਵੱਡੇ ਪਾਪਾ ਦੀ ਮੰਜੀ ਮੰਮੀ ਹੋਰਾਂ ਸਾੜੀ ਸੀ। ਨਾਲੇ ਕਹਿੰਦੀਆਂ ਸੀ ਘਰ ਦੀ ਭੋਰਾ ਸਫਾਈ ਹੋਊ, ਬੂਹਾ ਮੱਲ ਰੱਖਿਆ, ਪਤਾ ਨਹੀਂ ਕਦੋਂ…।” ਸੁਣ ਕੇ ਭਜਨ ਕੌਰ ਸੁੰਨ ਹੋ ਗਈ ਸੀ, ਬੰਟੀ ਨੇ ਹੋਰ ਕੀ ਕਿਹਾ, ਉਸ ਨੂੰ ਕੁੱਝ ਨਹੀਂ ਸੁਣਿਆ।ਸਾਰੀ ਕਹਾਣੀ ਉਸ ਦੀ ਸਮਝ ‘ਚ ਆ ਗਈ।ਦਰਅਸਲ ਕੁੱਝ ਦਿਨ ਪਹਿਲਾਂ ਧਰਮ ਸਿੰਘ ਦੀ ਮੌਤ ਹੋ ਗਈ ਸੀ ਜੋ ਚੰਗੀ ਉਮਰ ਭੋਗ ਕੇ ਗਿਆ ਸੀ ਅਤੇ ਕਿਸੇ ਤਰ੍ਹਾਂ ਦਾ ਕੋਈ ਦੁੱਖ ਵੀ ਨਹੀਂ ਸੀ।ਧਰਮ ਸਿੰਘ ਨੇ ਸਾਰੀ ਉਮਰ ਡੱਟ ਕੇ ਮਿਹਨਤ ਕੀਤੀ ਸੀ ਅਤੇ ਪਰਿਵਾਰ ਨੂੰ ਪੈਰਾਂ ਸਿਰ ਕੀਤਾ ਸੀ। ਭਾਵੇਂ ਬਹੁਤੇ ਅਮੀਰ ਤਾਂ ਨਹੀਂ ਸਨ ਪਰ ਗੁਜਾਰਾ ਸੌਖਾ ਸੀ।ਇੱਕ ਮੁੰਡਾ ਨੌਕਰੀ ਕਰਦਾ ਸੀ, ਦੂਜਾ ਖੇਤੀ ਸੰਭਾਲ ਰਿਹਾ ਸੀ। ਵਿਆਹਾਂ ਤੋਂ ਬਾਅਦ ਵੀ ਪਰਿਵਾਰ ਨੂੰ ਇੱਕਜੁਟ ਰੱਖਿਆ ਸੀ। ਧਰਮ ਸਿੰਘ ਦੀ ਮੌਤ ਤੇ ਭਜਨ ਕੌਰ ਨੇ ਆਪਣੇ ਮਨ ਨੂੰ ਕਾਬੂ ‘ਚ ਰੱਖਿਆ ਸੀ। ਸਭ ਨੂੰ ਰੋਣ ਤੋਂ ਮਨ੍ਹਾਂ ਕਰ ਰਹੀ ਸੀ,”ਕਿਉਂ ਰੋਣਾ, ਉਹ ਤਾਂ ਆਪਣੀ ਉਮਰ ਭੋਗ ਕੇ ਗਿਆ।” ਉਸ ਨੇ ਮੁੰਡਿਆਂ-ਨੂੰਹਾਂ ਨੂੰ ਹੌਸਲਾ ਰੱਖਣ ਲਈ ਕਿਹਾ ਸੀ। ਭੋਗ ਤੇ ਚੰਗਾ ਇਕੱਠ ਕੀਤਾ ਗਿਆ ਅਤੇ ਵਧੀਆ ਰੋਟੀ ਪਾਣੀ ਦਾ ਪ੍ਰਬੰਧ ਸੀ।ਫੁੱਲ ਪਾਉਣ ਜਾਣ ਸਮੇਂ ਭਜਨ ਕੌਰ ਬਿਰਧ ਸਰੀਰ ਕਾਰਨ ਜਾਣ ਤੋਂ ਮਨ੍ਹਾਂ ਕਰ ਰਹੀ ਸੀ ਪਰ ਨੂੰਹਾਂ ਨੇ ਕਹਿ-ਕਹਾ ਗੱਡੀ ‘ਚ ਬਿਠਾ ਦਿੱਤਾ ਸੀ। ਭਜਨ ਕੌਰ ਨੇ ਆਕੇ ਵੇਖਿਆ ਕਿ ਬਾਹਰਲੀ ਬੈਠਕ ‘ਚੋਂ,ਜਿੱਥੇ ਦੋਵੇਂ ਜੀਅ ਸੌਂਦੇ ਸਨ, ਧਰਮ ਸਿੰਘ ਦੀ ਮੰਜੀ ਗਾਇਬ ਸੀ।ਪੁੱਛਣ ਤੇ ਨੂੰਹਾਂ ਨੇ ਦੱਸਿਆ ਕਿ ਬਾਬੇ ਦੇ ਕਹੇ ਅਨੁਸਾਰ ਉਨ੍ਹਾਂ ਗੁਰਦੁਆਰੇ ਭੇਜ ਦਿੱਤੀ ਹੈ। ਭਜਨ ਕੌਰ ਨੂੰ ਮਹਿਸੂਸ ਤਾਂ ਹੋਇਆ ਪਰ ਚੁੱਪ ਕਰ ਗਈ।ਕੋਲ ਪਈ ਮੰਜੀ ਦਾ ਵੀ ਉਸ ਨੂੰ ਆਸਰਾ ਸੀ ਜਿਵੇਂ ਧਰਮ ਸਿੰਘ ਅਜੇ ਵੀ ਕੋਲ ਪਿਆ ਹੋਵੇ। ਮੰਜੀ ਸਾੜਨ ਦੀ ਘਟਨਾ ਨੇ ਭਜਨ ਕੌਰ ਨੂੰ ਤੋੜ ਦਿੱਤਾ ਸੀ।ਉਹ ਚੁੱਪ ਚਾਪ ਉਠੀ ਤੇ ਬੈਠਕ ‘ਚ ਚਲੀ ਗਈ। ਮੰਜੀ ਵਾਲੀ ਖਾਲੀ ਥਾਂ ਵੇਖ ਉਸ ਦਾ ਮਨ ਬੇਕਾਬੂ ਹੋ ਗਿਆ ਤੇ ਉਹ ਧਾਹਾਂ ਮਾਰ-ਮਾਰ ਰੋਣ ਲੱਗੀ।ਪੂਰਾ ਪਰਿਵਾਰ ਇਕੱਠਾ ਹੋ ਗਿਆ ਪ੍ਰੰਤੂ ਭਜਨ ਕੌਰ ਕਿਸੇ ਵੀ ਤਰ੍ਹਾਂ ਚੁੱਪ ਨਹੀਂ ਸੀ ਹੋ ਰਹੀ।ਭਜਨ ਕੌਰ ਦੀ ਜੇਠਾਣੀ ਨੇ ਆਕੇ ਉਸ ਨੂੰ ਹੌਸਲਾ ਦੇ ਮਸਾਂ ਚੁੱਪ ਕਰਾਇਆ, ”ਭਜਨ ਕੁਰੇ ਮੇਰੇ ਵੱਲ ਵੇਖ, ਮੈਂ ਵੀ ਜਿਉਂ ਰਹੀ ਹਾਂ, ਤੇਰੇ ਜੇਠ ਨੂੰ ਗਿਆਂ ਤਾਂ ਕਿੰਨੇ ਸਾਲ ਹੋ ਗਏ, ਇਹ ਤਾਂ ਇੱਕ ਦਿਨ ਹੋਣਾ ਹੀ ਹੈ।” ਭਜਨ ਕੌਰ ਚੁੱਪ ਰਹੀ, ਕਿਸ ਨੂੰ ਅਸਲ ਕਹਾਣੀ ਦਸਦੀ।ਨੂੰਹਾਂ ਸਾਰੀ ਗੱਲ ਤਾੜ ਗਈਆਂ ਸਨ ਉਨ੍ਹਾਂ ਲੱਗਦੀ ਵਾਹ ਭਜਨ ਕੌਰ ਨੂੰ ਇਕੱਲਿਆਂ ਨਾ ਛੱਡਿਆ ਅਤੇ ਦੋਵੇਂ ਭਰਾਵਾਂ ਨੂੰ ਪਾਸੇ ਹੀ ਰੱਖਿਆ। ਉਸ ਦਿਨ ਭਜਨ ਕੌਰ ਨੇ ਕੁੱਝ ਨਾ ਖਾਧਾ, ਜੇਠਾਣੀ ਦੇ ਜੋਰ ਪਾਉਣ ਤੇ ਚਾਹ ਪੀ ਲਈ। ਰਾਤ ਨੂੰ ਚੁੱਪ ਚਾਪ ਪੈ ਗਈ।ਸਵੇਰੇ ਜਦੋਂ ਵੱਡੀ ਨੂੰਹ ਚਾਹ ਦੇਣ ਗਈ ਤਾਂ ਆਵਾਜਾਂ ਮਾਰਨ ਤੇ ਵੀ ਭਜਨ ਕੌਰ ਨਾ ਹਿੱਲੀ। ਟੋਹ ਕੇ ਵੇਖਿਆ ਤਾਂ ਦੇਹ ਠੰਢੀ ਹੋ ਚੁੱਕੀ ਸੀ।ਭਜਨ ਕੌਰ ਵੀ ਧਰਮ ਸਿੰਘ ਦੇ ਨਾਲ ਹੀ ਆਪਣੀ ਮੰਜੀ ਖਾਲੀ ਕਰ ਗਈ ਸੀ। ਸਭ ਹੈਰਾਨ ਤੇ ਪ੍ਰੇਸ਼ਾਨ ਇਹ ਕਿਵੇਂ ਹੋ ਗਿਆ, ਉਹ ਤਾਂ ਚੰਗੀ ਭਲੀ ਸੀ।ਨੂੰਹਾਂ ਨੂੰ ਇਸ ਪਵਿੱਤਰ ਰਿਸ਼ਤੇ ਦੀ ਸਾਂਝ ਦਾ ਅਹਿਸਾਸ ਹੋ ਗਿਆ ਸੀ।

-ਗੁਰਮੀਤ ਸਿੰਘ ਮਰਾੜ੍ਹ