ਮੱਝ ਦਾ ਰੇੜਕਾ

ਮੱਝ ਦਾ ਰੇੜਕਾ

ਵਿਅੰਗ
– ਪਿੰਡ ਦੀ ਸੱਥ ਵਿੱਚੋਂ

ਸੱਥ ਕੋਲ ਦੀ ਲੰਘੇ ਜਾਂਦੇ ਧਾਲੀਵਾਲਾਂ ਦੇ ਮੁਖਤਿਆਰ ਦੇ ਹੱਥ ‘ਚ ਪਿੱਤਲ ਦੀ ਬਾਲਟੀ ਵੇਖ ਕੇ ਬਾਬੇ ਮੋਹਰ ਸਿਉਂ ਨੇ ਆਵਾਜ਼ ਮਾਰਕੇ ਕਿਹਾ, ”ਓ ਆ ਜਾ ਮਖਤਿਆਰ ਸਿਆਂ, ਦਮ ਲੈ ਲਾ ਭੋਰਾ, ਨਾਲੇ ਕੋਈ ਗੱਲਬਾਤ ਸਣਾ ਜਾ। ਤੂੰ ਤਾਂ ਯਾਰ ਆਂਏਂ ਭੱਜਿਆ ਜਾਨੈ ਜਿਮੇਂ ਵਿਆਹ ਆਲੇ ਘਰੋਂ ਕੜਾਹੀ ਤੋਂ ਲੇਟ ਹੋ ਗਿਐ ਹੁੰਨੈ। ਕਿੱਧਰੋਂ ਆਇਐਂ?”
ਕੋਲ ਬੈਠਾ ਨਾਥਾ ਅਮਲੀ ਮੁਸ਼ਕਣੀਆਂ ਹੱਸ ਕੇ ਮੁਖਤਿਆਰ ਦੇ ਬੋਲਣ ਤੋਂ ਪਹਿਲਾਂ ਹੀ ਟਿੱਚਰ ‘ਚ ਬੋਲਿਆ, ”ਡੈਹਰੀ ਤੋਂ ਦੁੱਧ ਲੈ ਕੇ ਆਇਆ ਲੱਗਦਾ ਬਾਬਾ।”
ਅਮਲੀ ਦੀ ਗੱਲ ਸੁਣ ਕੇ ਮੁਖਤਿਆਰ ਨਾਥੇ ਅਮਲੀ ਨੂੰ ਭੂਸਰੀ ਢਾਂਡੀ ਵਾਗੂੰ ਕਤਾੜ ਕੇ ਪੈ ਗਿਆ, ”ਕਿਉਂ! ਸਾਡੇ ਘਰੇ ਕੁਸ ਹੈ ਨ੍ਹੀ ਓੲ। ਸੱਤ ਮੱਝਾਂ ਖੜ੍ਹੀਆਂ ਚੋਟੀ ਦੀਆਂ। ਪਿੰਡ ‘ਚ ਤਾਂ ਕੀ, ‘ਲਾਕੇ ‘ਚ ਈ ਦਖਾਦੇ ਕਿਸੇ ਕੋਲ ਇਹੋ ਜੀਆਂ ਮੱਝਾਂ। ਤੇਰੇ ਘਰੇ ਤਾਂ ਕੀ, ਤੇਰੇ ਤਾਂ ਗੁਆਂਢੀਆਂ ਦੇ ਬੱਕਰੀ ਮਨ੍ਹੀ। ਅਕੇ ਡੈਹਰੀ ਤੋਂ ਦੁੱਧ ਲੈ ਕੇ ਆਇਆ। ਘਰੇ ਚੱਲ ਕੇ ਮੱਝਾਂ ਵੇਖ, ਤੂੰ ਤਾਂ ਮੱਝਾਂ ‘ਚ ਖੜ੍ਹਾ ਇਉਂ ਲੱਗੇਂਗਾ ਜਿਮੇਂ ਤੂੜੀ ਆਲੇ ਕੁੱਪ ਕੋਲ ਚੂਹਾ ਫਿਰਦਾ ਹੁੰਦਾ, ਮਾਰਦੈ ਗੱਲਾਂ।”
ਮੁਖਤਿਆਰ ਨੂੰ ਅਮਲੀ ‘ਤੇ ਹਰਖਿਆ ਵੇਖ ਕੇ ਬਾਬਾ ਮੋਹਰ ਸਿਉਂ ਉੱਤੋ ਉੱਤੋਂ ਨਾਲੇ ਤਾਂ ਅਮਲੀ ਨੂੰ ਘੂਰੀ ਜਾਵੇ, ”ਬਹਿ ਜਾ ਓਏ ਅਮਲੀਆ, ਐਮੇਂ ਹਰੇਕ ਨੂੰ ਈਂ ਟਿੱਚ ਕਰਕੇ ਜਾਣਦੈਂ। ਪਹਿਲਾਂ ਵੇਖ ਲਈਦਾ ਹੁੰਦਾ ਬੰਦਾ ਕਬੰਦਾ।” ਨਾਲੇ ਮੁਖਤਿਆਰ ਨੂੰ ਪਲੋਸੀ ਜਾਵੇ, ”ਓ ਐਮੇਂ ਨ੍ਹੀ ਮਖਤਿਆਰ ਸਿਆਂ ਲਾਗੀਆਂ ਦੱਥਿਆਂ ਦਾ ਗੁੱਸਾ ਕਰੀਦਾ ਹੁੰਦਾ। ਤੇਰੇ ਤਾਂ ਇਹ ਪਾਸਕ ਮਨ੍ਹੀ। ਇਹ ਤਾਂ ਵੇਹਲੜ ਬੰਦੇ ਐ, ਤੂੰ ਐਂ ਕੰਮ ਆਲਾ ਬੰਦਾ। ਤੇਰੀ ਕੀ ਰੀਸ ਕਰਨਗੇ ਇਹੇ। ਨਾਲੇ ਤੇਰੇ ਆਲੀ ਗੱਲ! ਇਨ੍ਹਾਂ ਦੇ ਤਾਂ ਆਂਢ-ਗੁਆਂਢ ‘ਚ ਬੱਕਰੀ ਮਨ੍ਹੀ, ਤੂੰ ਤਿੰਨਾਂ ਮਹੀਨਿਆਂ ‘ਚ ਦੋ-ਦੋ ਮੱਝਾਂ ਖਰੀਦ ਲਿਆਉਣੈ, ਐਮੇਂ ਨ੍ਹੀ ਬਹੁਤੀ ਕਿਸੇ ਦੀ ਪ੍ਰਵਾਹ ਕਰੀਦੀ ਹੁੰਦੀ। ਬਹਿ ਜਾ, ਦੋ ਟੁੱਕ ਸਣਾ ਜਾ ਯਾਰ ਸਾਨੂੰ ਵੀ ਕੋਈ ਰੱਬ ਦੇ ਘਰ ਦੀ।”
ਬਾਬਾ ਵੀ ਮੁਖਤਿਆਰ ਨੂੰ ਗੁੱਝੇ ਗੁੱਝੇ ਮਖੌਲ ਕਰੀ ਜਾ ਰਿਹਾ ਸੀ। ਕਿਉਂਕਿ ਬਾਬੇ ਨੂੰ ਵੀ ਮੁਖਤਿਆਰ ਦੇ ਕਾਰਨਾਮਿਆਂ ਦਾ ਪਤਾ ਸੀਬਈ ਉਹ ਹਰੇਕ ਮਹੀਨੇ ਮੱਝ ਕਿੱਥੋਂ ਲੈ ਆਉਂਦਾ। ਬਾਬੇ ਮੋਹਰ ਸਿਉਂ ਦੇ ਕੋਲ ਬੈਠਣ ਸਾਰ ਹੀ ਮੁਖਤਿਆਰ ਨੇ ਬਾਬੇ ਦੀ ਗੱਲ ਦਾ ਦਿੱਤਾ ਫਿਰ ਜਵਾਬ, ”ਦੁੱਧ ਪਾ ਕੇ ਆਇਆਂ ਬਾਬਾ ਡੈਹਰੀ ‘ਚ।”
ਬਾਬੇ ਨੇ ਪੁੱਛਿਆ, ”ਕੈ ਕੁ ਡੰਗਰ ਪਸੂ ਰੱਖੀ ਬੈਠੈਂ? ਲਵੇਰਾ ਵੀ ਹੈਗਾ ਕੋਈ ਕੇ ਫਾਂਡਰੂ ਮਾਲ ਈ ਬੰਨ੍ਹੀ ਬੈਠੈਂ?”
ਬਾਬੇ ਦਾ ਸੁਆਲ ਸੁਣ ਕੇ ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਤੂੰ ਵੀ ਬਾਬਾ ਹੱਦ ਈ ਐਂ। ਜੇ ਘਰੇ ਕੋਈ ਲਵੇਰਾ ਹੈ, ਤਾਹੀਂ ਦੁੱਧ ਪਾ ਕੇ ਆਇਆ ਡੈਹਰੀ ‘ਚ। ਹੋਰ ਕਿਤੇ ਲੱਸੀ ਤਾਂ ਨ੍ਹੀ ਕਿਸੇ ਦੇ ਘਰੋਂ ਮੰਗ ਕੇ ਪਾ ਆਇਆ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਮੁਖਤਿਆਰ ਸੀਤੇ ਨੂੰ ਵੀ ਪੁੱਠ ਕੰਡੇ ਵਾਂਗ ਚਿੰਬੜਿਆ, ”ਤੈਨੂੰ ਵੀ ਮਰਾਸੀਆਚੱਕਮੀਂ ਗੱਲ ਕਰਨੀ ਆਉਂਦੀ ਐ ਓਏ। ਆਪ ਕਿਮੇਂ ਨਾਸਾਂ ਜੀਆਂ ਟੱਡਦਾ ਸੀ ਜਿੱਦੇਂ ਗੁਰੇ ਬਿੰਬਰ ਕੇ ਕੁੱਤੇ ਨੇ ਤੈਥੋਂ ਦੁੱਧ ਡਲ੍ਹਾਤਾ ਸੀ।”
ਬਾਬੇ ਨੇ ਮਰਾਸੀ ਨੂੰ ਵੀ ਘੂਰਿਆ, ”ਕਰਦਾ ਨ੍ਹੀਚੁੱਪਓਏ ਮੀਰ। ਨਾਲੇ ਤਾਂ ਸੋਡੀ ਸੱਥ ‘ਚ ਆਇਆ ਅਗਲਾ, ਨਾਲੇ ਤੁਸੀਂ ਉੱਤੋਂ ਹੋਰ ਈ ਗੱਲਾਂ ਕਰਦੇ ਐਂ।”
ਮਰਾਸੀ ਨੂੰ ਘੂਰ ਕੇ ਬਾਬਾ ਮੋਹਰ ਸਿਉਂਫੇਰ ਹੋਇਆ ਮੁਖਤਿਆਰ ਵੱਲ ਨੂੰ, ”ਹੋਰ ਦੱਸ ਫਿਰ ਮਖਤਿਆਰ ਸਿਆਂ ਕੀ ਚੱਜ ਹਾਲ ਐ, ਮਾਈ ਤਕੜੀ ਰਹਿੰਦੀ ਐ? ਹੁਣ ਤਾਂ ਯਾਰ ਬਾਹਲ਼ੀ ਕਮਜੋਰ ਜੀ ਹੋ ਗੀ ਲੱਗਦੀ ਐ, ਕਿੰਨੀ ਉਮਰ ਹੋ ਗੀ ਬਈ ਭਲਾਂ? ਅੱਸੀ ਨੱਬੇ ਸਾਲ ਦੀ ਤਾਂ ਹੋ ਗੀ ਹੋਊ ਕੁ ਨਹੀਂ?”
ਬਾਬਾ ਸਵਾਲ ਤੇ ਸਵਾਲ ਕਰੀ ਜਾਂਦਾ ਇੱਧਰ ਓਧਰ ਦੀਆਂ ਗੱਲਾਂ ਮਾਰ ਕੇ ਮੁਖਤਿਆਰ ਨੂੰ ਆਨੇ ਵਾਲੀ ਥਾਂ ‘ਤੇ ਲਿਆਉਣਾ ਚਾਹੁੰਦਾ ਸੀ ਕਿ ਉਹ ਦੋ ਕੁ ਮਹੀਨਿਆਂ ਪਿੱਛੋਂ ਮੱਝ ਕਿੱਥੋਂ ਲੈ ਕੇ ਆਉਂਦਾ। ਜਿਉਂ ਹੀ ਬਾਬੇ ਨੇ ਮੁਖਤਿਆਰ ਦੀ ਬਜ਼ੁਰਗ ਮਾਤਾ ਦੀ ਉਮਰ ਪੁੱਛੀ ਤਾਂ ਮੁਖਤਿਆਰ ਕਹਿੰਦਾ, ”ਨੱਬਿਆਂ ਦੇ ਏਟੇ ਪੇਟੇ ਹੋਊ, ਪੰਜ ਸੱਤ ਸਾਲ ਏਧਰ ਊਧਰ ਹੋਊ।” ਪੰਜ ਸੱਤ ਸਾਲ ਏਧਰ ਓਧਰ ਬਾਰੇ ਸੁਣ ਕੇ ਸਾਰੀ ਸੱਥ ਹੱਸ ਪਈ। ਮਾਹਲਾ ਨੰਬਰਦਾਰ ਮੁਖਤਿਆਰ ਨੂੰ ਕਹਿੰਦਾ, ”ਪੰਜ ਸੱਤ ਸਾਲ ਕਿਤੇ ਥੋੜੇ ਹੁੰਦੇ ਐ ਮਖਤਿਆਰ। ਤੈਂ ਤਾਂ ਇਉਂ ਕਹਿ ‘ਤਾ ਜਿਮੇਂ ਪਾਂਜਾ ਸਾਤਾ ਗਿਣਤੀ ‘ਚ ਨ੍ਹੀ ਹੁੰਦਾ। ਨਾਲੇ ਪੰਜਾਂ ‘ਚ ਪ੍ਰਮੇਸ਼ਰ ਹੁੰਦਾ ਸੱਤਾਂ ‘ਚ ਤਾਕਤ ਹੁੰਦੀ ਐ, ਤੁੰ ਪੰਜ ਸੱਤ ਨੂੰ ਗਿਣਦਾ ਈ ਨ੍ਹੀ, ਨਾਲੇ ਕਹੀ ਜਾਨੈ ਘਰੇ ਸੱਤ ਮੱਝਾਂ ਖੜ੍ਹੀਆਂ।”
ਬਾਬੇ ਨੇ ਫੇਰ ਮੋੜੀ ਮੁਖਤਿਆਰ ਵੱਲ ਨੂੰ ਮੁਹਾਰ। ”ਕਿਹੜੀ ਡੈਹਰੀ ‘ਚ ਦੁੱਧ ਪਾ ਕੇ ਆਇਐਂ?”
ਮੁਖਤਿਆਰ ਕਹਿੰਦਾ, ”ਆਹ ਬਚਨੇ ਕੇ ਘਰੇ ਖੁੱਲ੍ਹੀ ਐ ਜਿਹੜੀ ਨਮੀਂ।”
ਬਾਬੇ ਨੇ ਫੇਰ ਸੁੱਟਿਆ ਸੁਆਲ, ”ਤਕੜੇ ਪਸੂ ਰੱਖੇ ਲੱਗਦੇ ਐ ਜਿਹੜੀ ਬਾਲਟੀ ਚੱਕੀ ਫਿਰਦੈਂ। ਔਖੇ ਐ ਯਾਰ ਏਨੇ ਪਸੂ ਤਾਂ ਸਾਂਭਣੇ।”
ਮੁਖਤਿਆਰ ਬਾਬੇ ਮੋਹਰ ਸਿਉਂ ਨੂੰ ਕਹਿੰਦਾ, ”ਨਹੀਂ ਬਾਬਾ! ਕੋਈ ਔਖੇ ਨ੍ਹੀ। ਪੱਠੇ ਦੱਥੇ ਖੁੱਲ੍ਹੇ ਹੋਣੇ ਚਾਹੀਦੇ ਐ ਖੇਤ, ਫੇਰ ਕੋਈ ਔਖੇ ਨ੍ਹੀ। ਤੂੰ ਚੱਲਕੇ ਤਾਂ ਵੇਖੀਂ ਘਰੇ, ਸੱਤ ਮੱਝਾਂ ਖੜ੍ਹੀਆਂ ਗਾਡਰ ਅਰਗੀਆਂ। ਚੜ੍ਹਦੀ ਤੋਂ ਚੜ੍ਹਦੀ ਐ।” ਸੀਤੇ ਮਰਾਸੀ ਨੇ ਵੀ ਕੀਤੀ ਟਿੱਚਰ ‘ਚ ਗੱਲ, ”ਗੱਲ ਤਾਂ ਮਖਤਿਆਰ ਦੀ ਪੱਕੀ ਐ, ਮੱਝਾਂ ਤਾਂ ਮੱਝਾਂ ਈਂ ਐਂ। ਆਪਣੇ ਪਿੰਡ ਤਾਂ ਐਹੋ ਜੀਆਂ ਕਿਸੇ ਦੇ ਹੈਮਨ੍ਹੀ।”
ਜੰਗੇ ਰਾਹੀ ਕਾ ਭੋਲਾ ਕਹਿੰਦਾ, ”ਮੋਦਨ ਸਰਪੈਂਚਾਂ ਦੇ ਹੋਣਗੀਆਂ, ਹੋਰ ਤਾਂ ਕਿਸੇ ਦੇ ਭਾਮੇਂ ਨਾ ਹੋਣ।”
ਮੋਦਨ ਸਰਪੈਂਚ ਦਾ ਨਾਂ ਸੁਣ ਕੇ ਮੁਖਤਿਆਰ ਕਹਿੰਦਾ, ”ਆਂ ਹਾਂ! ਐਹੇ ਜੀਆਂ ਨ੍ਹੀ ਹੋਣੀਆਂ।”
ਏਨੇ ਚਿਰ ਨੂੰ ਸੱਥ ਕੋਲ ਦੀ ਲੰਘਿਆ ਜਾਂਦਾ ਕਾਮਰੇਡਾਂ ਦਾ ਗੋਰਾ ਮਖਤਿਆਰ ਨੂੰ ਕਹਿੰਦਾ, ”ਮਖਤਿਆਰ!ਤੈਨੂੰ ਘਰੇ ਸੱਦਿਆ, ਜੋਗੇ ਰੱਲੇ ਆਲੀ ਕੁੜੀ ਆਈ ਲੱਗਦੀ ਐ।” ਗੋਰੇ ਤੋਂ ਸੁਨੇਹਾ ਸੁਣ ਕੇ ਮੁਖਤਿਆਰ ਬੋਲਿਆ, ”ਇਹ ਕਿਮੇਂ ਆ ਗੀ ਵੀਰਵਾਰ ਆਲੇ ਦਿਨ ਅੱਜ?”
ਬਾਬਾ ਮੋਹਰ ਸਿਉਂ ਗੋਲ ਮਸ਼ਕਰੀ ‘ਚ ਬੋਲਿਆ, ”ਕਿਸੇ ਕੰਮ ਧੰਦੇ ਆਈ ਹੋਣੀ ਐ, ਹੋਰ ਵਚਾਰੀ ਨੇ ਐਡੀ ਸੰਦੇਹਾਂ ਕੀ ਕਰਨਾ ਸੀ ਆ ਕੇ। ਬਿਨਾ ਕੰਮ ਤੋਂ ਕਿੱਥੋਂ ਨਿੱਕਲਿਆਂ ਜਾਂਦਾ ਬੁੜ੍ਹੀਆਂ ਤੋਂ ਘਰੋਂ।”
ਗੱਲ ਸੁਣ ਕੇ ਅਮਲੀ ਨੇ ਵੀ ਮੁਖਤਿਆਰਦੇ ਲਾਈ ਹੱਡ ‘ਤੇ, ”ਮੱਝ ਲੈਣ ਆਈ ਹੋਣੀ ਐਂ, ਕਹਿੰਦੀ ਹੋਊ ਬਾਪੂ ਦੇ ਘਰੇ ਬਥੇਰੀਆਂ ਖੜ੍ਹੀਆਂ ਮੱਝਾਂ, ਇੱਕ ਲੈ ਆਉਣੀ ਆਂ ਜਾ ਕੇ। ਹੋਰ ਵਚਾਰੀ ਨੇ ਕਾਹਦਾ ਆਉਣਾ ਸੀ। ਆਹ ਦਸ ਕੁ ਦਿਨ ਤਾਂ ਹੋਏ ਐ ਇਹ ਮਿਲ ਕੇ ਤਾਂ ਆਇਆ ਕੁੜੀ ਨੂੰ, ਨਾਲੇ ਆਉਂਦਾ ਹੋਇਆ ਧਨੌਲੇ ਦੀ ਮੰਡੀ ਤੋਂ ਮੱਝ ਖਰੀਦ ਲਿਆਇਆ।” ਗੋਰੇ ਤੋਂ ਸੁਨੇਹਾ ਸੁਣ ਕੇ ਜਿਉਂ ਹੀ ਮੁਖਤਿਆਰ ਘਰ ਨੂੰ ਚਲਾ ਗਿਆ ਤਾਂ ਸੱਥ ‘ਚ ਗੱਲਾਂ ਦਾ ਇਉਂ ਰੌਲਾ ਪੈਣ ਲੱਗ ਪਿਆ ਜਿਵੇਂ ਪਹਿਲੀ ਪੱਕੀ ਵਾਲੇ ਜੁਆਕਾਂ ਦਾ ਕਲਾਸ ‘ਚ ਰੌਲਾ ਪੈਂਦਾ ਹੁੰਦਾ। ਨਾਥਾ ਅਮਲੀ ਕਹਿੰਦਾ, ”ਲੈ! ਸਾਲਾ ਸੱਥ ‘ਚ ਆ ਕੇ ਇਉਂ ਮਾਰਦਾ ਗੱਲਾਂ ਜਿਮੇਂ ਕਿਸੇ ਨੂੰ ਪਤਾ ਈ ਨ੍ਹੀ ਹੁੰਦਾ।”
ਸੀਤਾ ਮਰਾਸੀ ਬਾਬੇ ਮੋਹਰ ਸਿਉਂ ਨੂੰ ਕਹਿੰਦਾ, ”ਤੈਨੂੰ ਪਤਾ ਬਾਬਾ ਮੱਝਾਂ ਕਿੱਥੋਂ ਲਿਆਇਆ?”
ਬਾਬਾ ਵੀ ਭੇਤ ਲੈਣ ਦਾ ਮਾਰਾ ਕਮਲਾ ਗੂੰਗਾ ਹੋ ਕੇ ਬੋਲਿਆ, ”ਮੰਡੀ ਤੋਂ ਲਿਆਇਆ ਹੋਣਾ।”
ਸੀਤਾ ਮਰਾਸੀ ਕਹਿੰਦਾ, ”ਮੰਡੀ ਤੋਂ ਨਾ ਕਿਤੇ ਹੋਰ ਕੁਸ।” ਬਾਬੇ ਮੋਹਰ ਸਿਉਂ ਨੇ ਫੇਰ ਘੁਮਾਈ ਭਮੀਰੀ, ”ਓ ਹੁਣ ਦੱਸ ਵੀ ਦੇ, ਕਿੱਥੋਂ ਲਿਆਉਂਦਾ ਮੱਝਾਂ?”
ਨਾਥਾ ਅਮਲੀ ਕਹਿੰਦਾ, ”ਲੈ ਮੈਂ ਦੱਸਦਾਂ ਕਿੱਥੋਂ ਲਿਆਉਂਦਾ? ਪਹਿਲੀ ਗੱਲ ਤਾਂ ਇਹ ਐ ਕਿ ਆਹ ਜਿਹੜੀਜੋਗੇ ਰੱਲੇ ਆਲੀ ਕੁੜੀ ਆਈ ਐ ਅੱਜ, ਇਹ ਐਮੇਂ ਨ੍ਹੀ ਆਈ। ਕੰਮ ਧੰਦਿਆਂ ਦੀ ਰੁੱਤ ਐ, ਕਿਹੜੀ ਬੁੜ੍ਹੀ ਕੋਲੇ ਟੈਮ ਐ ਕਿਤੇ ਜਾਣਦਾ। ਇਹ ਮੱਝ ਨ੍ਹੀ, ਮੱਝਾਂ ਲੈਣ ਆਈ ਐ। ਕੁੜੀ ਦੇ ਸਹੁਰੇ ਕਹਿੰਦੇ ਜਾਂ ਤਾਂ ਭਾਈ ਮੱਝਾਂ ਲੈ ਕੇ ਆ, ਨਹੀਂ ਤੂੰ ਵੀ ਪੇਕੀਂ ਚਲੀ ਜਾ।”
ਅਮਲੀ ਦੀ ਗੱਲ ਸੁਣ ਕੇ ਮਾਹਲਾ ਨੰਬਰਦਾਰ ਕਹਿੰਦਾ, ”ਕਿਉਂ! ਸਹੁਰੇ ਨੰਗ ਮਲੰਗ ਐ? ਨਾਲੇ ਕਹਿੰਦੇ ਮਖਤਿਆਰ ਦੀ ਕੁੜੀ ਬੜੇ ਤਕੜੇ ਘਰੇ ਵਿਆਹੀ ਐ, ਬਈ ‘ਲਾਕੇ ‘ਚ ਨਾਂ ਚੱਲਦੈ ਉਨ੍ਹਾਂ ਦਾ, ਮੱਝਾਂ ਨੂੰ ਮੁੰਡੇ ਦੇ ਸਹੁਰਿਆਂ ਨੂੰ ਭੱਜ ਲੇ।”
ਨਾਥਾ ਅਮਲੀ ਨੰਬਰਦਾਰ ਨੂੰ ਕਹਿੰਦਾ, ”ਨੰਬਰਦਾਰਾ ਸੁਣ ਤਾਂ ਸਹੀ, ਤੂੰ ਤਾਂ ਟੇਪ ਆਂਗੂੰ ਆਪ ਈ ਚੱਲ ਪਿਐਂ, ਮੇਰੀ ਤਾਂ ਸੁਣਦਾ ਨ੍ਹੀ। ਕੁੜੀ ਦੇ ਸਹੁਰੇ ਐਮੇਂ ਨ੍ਹੀ ਰੌਲਾ ਪਾਉਂਦੇ। ਮਖਤਿਆਰ ਕਿਤੇ ਕੁੜੀ ਨੂੰ ਮਿਲਣ ਉਠ ਗਿਆ। ਆਉਂਦਾ ਹੋਇਆ ਮੱਝ ਖੋਲ੍ਹ ਲਿਆਇਆ। ਉਹ ਵਚਾਰੇ ਬੋਲੇ ਨ੍ਹੀ ਬਈ ਸੱਗੇ ਰੱਤੇ ਰਿਸਤੇਦਾਰ ਐ, ਚੱਲ ਕੋਈ ਨ੍ਹੀ। ਦੋ ਕੁ ਮਹੀਨਿਆਂ ਪਿੱਛੋਂ ਕੁੜੀ ਨੂੰ ਜਾ ਕੇ ਕਹਿੰਦਾ, ”ਮੈਨੂੰ ਤਾਂ ਭੋਲੀ ਰਾਤ ਬਾਹਲ਼ਾ ਈ ਮਾੜਾ ਸੁਫਨਾ ਆਇਆ ਜਾਣੀ ਤੇਰਾ। ਮੈਂ ਕਿਹਾ ਮੈਂ ਤਾਂ ਭੋਲੀ ਨੂੰ ਹੁਣੇ ਮਿਲ ਕੇ ਆਉਣਾ। ਆਉਂਦਾ ਹੋਇਆ ਉਨ੍ਹਾਂ ਦੀ ਦੂਜੀ ਵੀ ਮੱਝ ਖੋਲ੍ਹ ਲਿਆਇਆ। ਮਹੀਨੇ ਕੁ ਪਿੱਛੋਂ ਫੇਰ ਉਠ ਗਿਆ ਜੋਗੇ ਰੱਲੇ। ਕੁੜੀ ਨੂੰ ਜਾ ਕੇ ਕਹਿੰਦਾ ‘ਤੈਨੂੰ ਮਿਲਣ ਨੂੰ ਜੀਅ ਜਾ ਕੀਤਾ। ਤੇਰੀ ਬੇਬੇ ਕਹਿੰਦੀ ਜਾ ਕੇ ਮਿਲਿਆ। ਮੈਂ ਤਾਂਹੀ ਆਇਆਂ। ਪਿੰਡ ਨੂੰ ਆਉਂਦਾ ਇੱਕ ਮੱਝ ਹੋਰ ਖੋਲ੍ਹ ਲਿਆਇਆ। ਦੋ ਕੁ ਮਹਿਿਨਆਂਂ ਪਿੱਛੋਂ ਜਾ ਕੇ ਕੁੜੀ ਨੂੰ ਕਹਿੰਦਾ, ‘ਤੇਰਾ ਮੋਹ ਜਾ ਜਾਗਿਆ, ਮੈਂ ਕਿਹਾ ਭੋਲੀ ਨੂੰ ਮਿਲ ਕੇ ਆਉਣਾ। ਮਿਲਣ ਗਿਆ ਅਗਲੀ ਮੱਝ ਵੀ ਖੋਹਲ ਲਿਆਇਆ।”
ਅਮਲੀ ਦੀ ਗੱਲ ਸੁਣ ਕੇ ਬਾਬਾ ਮੋਹਰ ਸਿਉਂ ਕਹਿੰਦਾ, ”ਕੁੜੀ ਦੇ ਸਹੁਰੇ ਤਾਂ ਫਿਰ ਘੁਗੂੰ ਈ ਐ ਜਿਹੜੇ ਬੋਲੇ ਈ ਨ੍ਹੀ ਘਰੋਂ ਲੁੱਟਦੇ ਨੂੰ।”
ਅਮਲੀ ਕਹਿੰਦਾ, ”ਸੁਣ ਤਾਂ ਸੲ੍ਹੀ ਬਾਬਾ। ਸਹੁਰਿਆਂ ਦੇ ਮੱਝ ਰਹਿ ਗੀ ਇੱਕ। ਜਦੋਂ ਉਹ ਖੋਹਲਣ ਗਿਆ, ਜਾ ਕੇ ਕੁੜੀ ਨੂੰ ਕਹਿੰਦਾ, ”ਭੋਲੀ ਤੇਰਾ ਮੋਹ ਬਹੁਤ ਆਉਂਦਾ, ਮੈਂ ਸੋਚਿਆ ਭੋਲੀ ਨੂੰ ਮਿਲ ਈ ਆਮਾਂ। ਮਖਤਿਆਰ ਦੀ ਗੱਲ ਸੁਣ ਕੇ ਕੁੜੀ ਵੀ ਬੋਲੀ ਫਿਰ। ਕਹਿੰਦੀ ‘ਆਹੀ ਇੱਕ ਮੱਝ ਰਹਿ ਗੀ ਬਾਪੂ ਜਿਹੜੀ ਖੋਲ੍ਹਣ ਆਇਐਂ। ਜਦੋਂ ਇਹ ਵੀ ਖੋਹਲ ਕੇ ਲੈ ਗਿਆ ਫੇਰ ਹਟ ਜੂ ਭੋਲੀ ਦਾ ਮੋਹ ਆਉਣੋਂ। ਇਹ ਭਾਈ ਪਰਸੋਂ ਚੌਥੇ ਉਹ ਵੀ ਖੋਹਲ ਲਿਆਇਆ। ਹੁਣ ਕੁੜੀ ਤੇ ਪ੍ਰਾਹੁਣਾ ਤਾਂ ਆਏ ਐ। ਹੋਰ ਆਏ ਉਹ ਮੁੰਡੇ ਦੀ ਰੋਪਣਾ ‘ਤੇ।”
ਬਾਬਾ ਮੋਹਰ ਸਿਉਂ ਕਹਿੰਦਾ, ”ਹੁਣ ਫੇਰ ਕੀ ਹੋਊ ਨਾਥਾ ਸਿਆਂ?” ਨਾਥਾ ਸਿਉਂ ਕਹਿੰਦਾ, ”ਹੁਣ ਓਮੇਂ ਈਂ ਪ੍ਰਾਹੁਣਾ ਕਰੇ, ਪੰਦਰਮੇਂ ਕੁ ਦਿਨ ਆ ਕੇ ਕਹਿ ਦਿਆ ਕਰੇ, ਮੇਰਾ ਸੱਸ ਮਾਂ ਨੂੰ ਮਿਲਣ ਨੂੰ ਜੀਅ ਕੀਤਾ, ਮੈ ਕਿਹਾ ਮਿਲ ਈ ਆਮਾਂ। ਨਾਲੇ ਆ ਕੇ ਕੁੱਕੜ ਖਾਵੇ ਨਾਲੇ ਦਾਰੂ ਪੀਵੇ, ਜਾਂਦਾ ਹੋਇਆ ਮੱਝ ਲੈ ਜਿਆ ਕਰੇ ਖੋਹਲ ਕੇ। ਇਉਂ ਕਰ ਕਰ ਕੇ ਲੈ ਜੇ ਸਾਰੀਆਂ। ਇਉਂ ਈਂ ਸੂਤ ਆਊ, ਨਹੀਂ ਤਾਂ ਫਿਰ ਭੋਲੀ ਤਾਂ ਮਾਂ ਨੂੰ ਜੰਮੀੰ ਨ੍ਹੀ।”
ਏਨੇ ਚਿਰ ਨੂੰ ਕਪੂਰਾ ਬੁੜ੍ਹਾ ਸੱਥ ‘ਚ ਆਕੇ ਕਹਿੰਦਾ, ”ਮਖਤਿਆਰ ਕੇ ਘਰੇ ਕੀ ਹੋ ਗਿਆ, ਜੋਗੇ ਰੱਲੇ ਆਲੀ ਕੁੜੀ ਬਲ਼ਾ ਰੋਈ ਜਾਂਦੀ ਐ, ਕੋਲੇ ਪ੍ਰਾਹੁਣਾ ਬੈਠਾ। ਬਾਕੀ ਦਾ ਟੱਬਰ ਇਉਂ ਭਮੱਤਰਿਆ ਬੈਠਾ ਜਿਮੇਂ ਮੁੰਡੇ ਦੀ ਮੰਗ ਛੁੱਟ ਗੀ ਹੁੰਦੀ ਐ।”
ਨਾਥਾ ਅਮਲੀ ਕਪੂਰੇ ਬੁੜ੍ਹੇ ਨੂੰ ਕਹਿੰਦਾ, ”ਕਿਹੜੇ ਮੁੰਡੇ ਦੀ ਮੰਗ ਤਾਇਆ? ਇੱਕੋ ਤਾਂ ਮੁੰਡਾ ਮਖਤਿਆਰ ਦੇ ਛੋਟਾ ਜਾ ਮੁੰਡਾ। ਪੋਤੜਿਆਂ ‘ਚੋਂ ਹਜੇ ਉਹ ਨਿੱਕਲਿਆ ਨ੍ਹੀ, ਐਡੀ ਛੇਤੀ ਕਿੱਥੋਂ ਮੰਗ ਲਿਆ ਹਰਨਾਮ ਸਿਉਂ ਆਲੇਆਲੇ ਸਰਦਾਰਾਂ ਦੇ।”
ਗੱਲਾਂ ਕਰੀ ਜਾਂਦਿਆਂ ਤੋਂ ਮਖਤਿਆਰ ਦੀ ਮਾਂ ਹੌਲੀ ਹੌਲੀ ਸੱਥ ‘ਚ ਆ ਕੇ ਬਾਬੇ ਮੋਹਰ ਸਿਉਂ ਨੂੰ ਕਹਿੰਦੀ, ”ਭਾਈ ਜੀ! ਮਾੜਾ ਜਾ ਸਾਡੇ ਘਰੇ ਆਈਂ। ਨਾਲੇ ਆਹ ਦੋ ਚਾਰ ਬੰਦੇ ਹੋਰ ਆ ਜੋ।”
ਜਿਉਂ ਹੀ ਬਾਬਾ ਮੋਹਰ ਸਿਉਂ ਤੇ ਪੰਜ ਸੱਤ ਬੰਦੇ ਉਠ ਕੇ ਮੁਖਤਿਆਰ ਦੇ ਘਰ ਨੂੰ ਤੁਰੇ ਤਾਂ ਸੱਥ ‘ਚ ਬੈਠੇ ਹੋਰ ਵੀ ਕਈ ਬੰਦੇ ਬਾਬੇ ਦੇ ਨਾਲ ਮੁਖਤਿਆਰ ਦੇ ਘਰ ਨੂੰ ਚੱਲ ਪਏ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113