ਕਰਤਾਰਪੁਰ ਸਾਹਿਬ ਲਾਂਘਾ  ਏਸ਼ੀਆਈ-ਆਲਮੀ ਰਾਜਨੀਤੀ ਤੇ ਸਿੱਖ

ਕਰਤਾਰਪੁਰ ਸਾਹਿਬ ਲਾਂਘਾ  ਏਸ਼ੀਆਈ-ਆਲਮੀ ਰਾਜਨੀਤੀ ਤੇ ਸਿੱਖ

ਸਿਰਫ ਦੋ-ਤਿੰਨ ਦਿਨਾਂ ਵਿਚ ਬੜੀ ਹੈਰਾਨੀਜਨਕ ਤੇਜੀ ਨਾਲ ਵਾਪਰੀਆ ਘਟਨਾਵਾਂ ਤੋਂ ਬਾਅਦ, ਕਰਤਾਰਪੁਰ ਸਾਹਿਬ ਲਾਂਘੇ ਦੀ ਭਾਰਤ ਤੇ ਪਾਕਿਸਤਾਨ ਦੋਵੇਂ ਪਾਸਿਓਂ ਬੁਨਿਆਦ ਰਖੀ ਗਈ ਹੈ। ਸਮੁਚਾ ਸਿਖ ਪੰਥ ਤੇ ਹਰ ਨਾਨਕ ਨਾਮ ਲੇਵਾ ਖੁਸ਼ੀ ਨਾਲ ਬਾਗੋਬਾਗ ਹੈ। ਹੋਣਾ ਵੀ ਚਾਹੀਦਾ ਹੈ। ਕਿਉਂਕਿ ਕਰੀਬ 71 ਸਾਲ ਬਾਅਦ ਉਸਦੀ ਅਰਦਾਸ ਸੁਣੀ ਗਈ ਹੈ। ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ।
ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਕਰੀਬ ਤਿੰਨ ਮਹੀਨੇ ਪਹਿਲਾ, ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੰਹੁ-ਚੁਕ ਸਮਾਗਮ ਵਿਚ ਸ਼ਾਮਿਲ ਹੋਏ ਨਵਜੋਤ ਸਿੰਘ ਸਿਧੂ ਰਾਹੀਂ ਪੰਜਾਬ ਦੇ ਸਿਖਾਂ ਨੂੰ ਇਕ ਸੁਨੇਹਾ ਦਿਤਾ ਸੀ, ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘੇ ਵਾਸਤੇ ਆਪਣੇ ਵਾਲੇ ਪਾਸਿਓਂ ਰਾਹ ਦੇਣ ਲਈ ਤਿਆਰ ਹੈ, ਪਰ ਆਲਮੀ ਰਾਜਨੀਤੀ ਦੇ ਦਸਤੂਰ ਅਨੁਸਾਰ ਇਸ ਲਈ ਪਹਿਲਕਦਮੀ ਭਾਰਤ ਨੂੰ ਹੀ ਕਰਨੀ ਪੈਣੀ ਹੈ। ਇਸ ਸੁਨੇਹੇ ਤੋਂ ਗਦ-ਗਦ ਹੋਏ ਸਿਧੂ ਦੀ ਕਮਰ ਜਾਵੇਦ ਬਾਜਵੇ ਨੂੰ ਪਾਈ ਜਫੀ ਦੀਆਂ ਤਸਵੀਰਾਂ ਜਿਉਂ ਹੀ ਭਾਰਤੀ ਮੀਡੀਏ ਵਿਚ ਛਪੀਆ, ਆਰ ਐਸ ਐਸ ਪਖੀ ਪਤਰਕਾਰਾਂ ਦੀ ਜਿੰਨੀ ਨਫਰਤ ਦਾ ਸਾਹਮਣਾ ਸ. ਸਿਧੂ ਨੂੰ ਕਰਨਾ ਪਿਆ, ਉਹ ਉਸ ਵਰਗਾ ਮਨੁਖ ਹੀ ਸਹਿਣ ਕਰ ਸਕਦਾ ਸੀ।
ਫਿਰ ਐਸਾ ਕੀ ਵਾਪਰਿਆ ਕਿ ਇਕ ਦਿਨ ਪਹਿਲਾ ਤਕ ਸਰਹਦ ਉਤੇ ਨਵੀਂ ਦੂਰਬੀਨ ਲਵਾ ਦੇਣ ਬਾਰੇ ਬਿਆਨ ਦੇਣ ਵਾਲੇ ਕੈਬਨਿਟ ਮੰਤਰੀ ਦੇ ਫੈਸਲੇ ਨੂੰ ਬਦਲ ਕੇ ਰਾਤੋਰਾਤ ਕੈਬਨਿਟ ਨੇ ਆਪਣੇ ਵਾਲੇ ਪਾਸਿਓਂ ਲਾਂਘਾ (ਕੋਰੀਡੋਰ) ਬਣਾਉਣ ਦਾ ਫੈਸਲਾ ਸੁਣਾ ਦਿਤਾ ਅਤੇ ਪਾਕਿਸਤਾਨ ਨਾਲੋਂ ਦੋ ਦਿਨ ਪਹਿਲਾ 26 ਨਵੰਬਰ ਨੂੰ ਲਾਂਘੇ ਦੇ ਨੀਂਹ ਪਥਰ ਰਖਣ ਦਾ ਐਲਾਨ ਵੀ ਕਰ ਦਿਤਾ। ਇਸ ਐਲਾਨ ਤੋਂ ਨਾ ਸਿਰਫ ਸਿਖਾਂ ਨੂੰ ਹੈਰਾਨੀ ਹੋਈ ਸਗੋਂ ਸਰਕਾਰ ਨੇੜਲੇ ਪਤਰਕਾਰਾਂ ਨੇ ਵੀ ਕਾਹਲੀ ਵਿਚ ਲਏ ਗਏ ਇਸ ਫੈਸਲੇ ਬਾਰੇ ਹੈਰਾਨੀ ਪ੍ਰਗਟ ਕੀਤੀ।
ਦਰਅਸਲ ਪਾਕਿਸਤਾਨ ਦੇ ਰਾਜਕੀ ਵਰਗ ਨੇ ਜਿਸ ਰਾਜਨੀਤੀ ਅਧੀਨ ਇਹ ਚਾਲ ਚਲੀ ਸੀ, ਉਹਨਾਂ ਦੀ ਉਹ ਚਾਲ ਸਫਲ ਹੋ ਗਈ ਹੈ। ਸ. ਸਿਧੂ ਰਾਹੀਂ ਉਹ ਸਿਖ ਜਗਤ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਸਨ ਕਿ ਪਾਕਿਸਤਾਨ ਤਾਂ ਸਿਖਾਂ ਨੂੰ ਇਹ ਲਾਂਘਾ ਦੇਣ ਲਈ ਤਿਆਰ ਹੈ, ਪਰ ਉਹਨਾਂ ਦੇ ‘ਆਪਣੇ’ ਹਾਕਮ ਹੀ ਇਸ ਲਾਂਘੇ ਵਿਚ ਰੁਕਾਵਟ ਬਣੇ ਹੋਏ ਹਨ। ‘ਆਪਣੇ’ ਹਾਕਮਾਂ ਤੋਂ ਬਦਜਨ ਹੋਏ ਬਹੁਗਿਣਤੀ ਬੇਚੈਨ ਸਿਖਾਂ ਤਕ ਇਹ ਸੁਨੇਹਾ ਪਹੁੰਚ ਗਿਆ ਸੀ।
ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਉਤੇ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਬਿਦੇਸੀ ਸਿਖਾਂ ਦੀਆਂ ਤਕਰੀਰਾਂ ਵਿਚੋਂ ਇਸ ਭਾਵਨਾ ਦਾ ਪ੍ਰਗਟਾਵਾ ਬੜੇ ਸਪਸ਼ਟ ਰੂਪ ਵਿਚ ਹੋ ਰਿਹਾ ਸੀ। ਆਪਣੀ ਹੋਂਦ ਰਾਹੀਂ ਦਹਿਸ਼ਤ ਪਾਉਣ ਪਹੁੰਚੇ ਪਾਕਿਸਤਾਨ ਵਿਚਲੇ ਭਾਰਤ ਦੇ ਰਾਜਦੂਤ ਨੂੰ ਜਦੋਂ ਨਨਕਾਣਾ ਸਾਹਿਬ ਜਾਣ ਤੋਂ ਰੋਕ ਦਿਤਾ ਗਿਆ, ਤਾਂ ਮੋਦੀ-ਡੋਵਲਕਿਆਂ ਨੂੰ ਸਮਝ ਆਈ ਕਿ ਬਿਦੇਸਾਂ ਵਿਚ ਰਹਿੰਦੇ ਸਿਖਾਂ ਨੂੰ ਇਹ ਭਾਵਨਾ ਪ੍ਰਗਟ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਤੇ ਇਸਦਾ ਅਸਰ ਪੰਜਾਬ ਦੇ ਸਿਖਾਂ ਉਤੇ ਪੈਣਾ ਲਾਜਮੀ ਹੈ। ਖਾਸ ਕਰਕੇ ਉਸ ਵੇਲੇ ਜਦੋਂ ਬਹੁਗਿਣਤੀ ਸਿਖ ਬਰਗਾੜੀ ਇਨਸਾਫ ਮੋਰਚੇ ਦੀ ਹਮਾਇਤ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਦੇ ਪਿਠੂ ਬਾਦਲਕਿਆਂ ਦੀ ਰਾਜਸੀ ਪੜ੍ਹਤ ਦਿਨੋ-ਦਿਨ ਘਟ ਰਹੀ ਹੈ।
ਇਸ ਹਾਲਤ ਵਿਚ ਮੋਦੀਕਿਆਂ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਇਸ ਫੈਸਲੇ ਦਾ ਇਹ ਕੌੜਾ ਅਕ ਚਬਣਾ ਪਿਆ ਹੈ। 29 ਨਵੰਬਰ ਦੀ ਆਪਣੀ ਸੰਪਾਦਕੀ ਵਿਚ ਇਸ ਤਥ ਦੀ ਪੁਸ਼ਟੀ ਇੰਡੀਅਨ ਐਕਸਪ੍ਰੈਸ ਨੇ ਵੀ ਕੀਤੀ ਹੈ, ‘ਆਪਣੇ ਇਸ ਦਾਅਵੇ ਦੇ ਬਾਵਜੂਦ ਕਿ ਇਹ ਲਾਂਘਾ ਖੋਲ੍ਹਣ ਦੀ ਪਹਿਲ ਭਾਰਤ ਨੇ ਕੀਤੀ ਹੈ, ਪਰ ਕਰਤਾਰਪੁਰ ਲਾਂਘੇ ਬਾਰੇ ਭਾਰਤੀ ਲੀਡਰਸ਼ਿਪ ਦੀ ਯੁਧਨੀਤਕ ਡਾਂਵਾਡੋਲਤਾ ਨੂੰ ਵੇਖਦਿਆ ਇਹ ਸਪਸ਼ਟ ਹੈ ਕਿ ਉਹ ਪਾਕਿਸਤਾਨ ਦੇ ਇਸ ਸੁਝਾਅ ਨੂੰ ਮੰਨਣ ਬਾਰੇ ਮਨੋਂ ਬਿਲਕੁਲ ਤਿਆਰ ਨਹੀਂ ਸੀ।’ ਪਰ ਅਚਾਨਕ ਉਸਨੂੰ ਨੂੰ ਇਹ ਫੈਸਲਾ ਕਰਨਾ ਪਿਆ। ਇਸੇ ਲਈ ਉਹਨਾਂ ਦੇ ਪਾਕਿਸਤਾਨ ਵਿਰੋਧੀ ਪ੍ਰਚਾਰ ਵਿਚ ਅਜੇ ਵੀ ਰਤੀ ਭਰ ਫਰਕ ਨਹੀਂ ਪਿਆ। ਪਾਕਿਸਤਾਨ ਦੇ ਗਲਬਾਤ ਕਰਨ ਦੇ ਸਦੇ ਨੂੰ ਉਹਨਾਂ ਨੇ ਪੂਰੀ ਹਿਕਾਰਤ ਨਾਲ ਠੁਕਰਾ ਦਿਤਾ ਹੈ।
ਬੇਸ਼ਕ ਪਾਕਿਸਤਾਨ ਆਪਣੀ ਰਾਜਨੀਤੀ ਵਿਚ ਸਫਲ ਹੋ ਗਿਆ ਹੈ। ਉਹਨਾਂ ਨੂੰ ਇਸ ਗਲ ਦਾ ਯਕੀਨ ਹੈ ਕਿ ਆਉਣ ਵਾਲੇ ਸਮੇ ਵਿਚ ਉਹਨਾਂ ਦੇ ਇਸ ਫੈਸਲੇ ਨੇ ਇਸ ਖੇਤਰ ਦੀ ਰਾਜਨੀਤੀ ਉਤੇ ਅਹਿਮ ਪ੍ਰਭਾਵ ਪਾਉਣਾ ਹੈ। ਇਹ ਚਾਲ ਉਹਨਾਂ ਦੀ ਏਸ਼ੀਆਈ-ਆਲਮੀ ਰਾਜਨੀਤੀ ਦਾ ਇਕ ਹਿਸਾ ਹੈ। ਆਲਮੀ ਰਾਜਨੀਤੀ ਬੜੀਆ ਵਡੀਆ ਉਥਲਾਂ-ਪੁਥਲਾਂ ਵਿਚੋ ਗੁਜਰ ਰਹੀ ਹੈ। ਉਹ ਵੇਖ ਰਹੇ ਹਨ ਕਿ ਇਸ ਖੇਤਰ ਵਿਚੋਂ ਅਮਰੀਕੀ ਸਾਮਰਾਜੀਆਂ ਦੀ ਸਫ ਵਲ੍ਹੇਟੀ ਜਾਣ ਵਾਲੀ ਹੈ। ਦਿਨੋ-ਦਿਨ ਇਸ ਖੇਤਰ ਵਿਚੋਂ ਉਸਦਾ ਦਾ ਪ੍ਰਭਾਵ ਘਟ ਰਿਹਾ ਹੈ ਤੇ ਚੀਨ ਦਾ ਪ੍ਰਭਾਵ ਵਧ ਰਿਹਾ ਹੈ। ਮਾਲੀ ਪੂੰਜੀ ਦਾ ਚੀਨ ਕੋਲ ਕੋਈ ਘਾਟਾ ਨਹੀਂ ਤੇ ਦਿਨੋ-ਦਿਨ ਉਹ ਆਪਣੀ ਫੌਜੀ ਤਾਕਤ ਵਧਾਈ ਜਾ ਰਿਹਾ ਹੈ। ਅਜੇ ਕੁਝ ਦਿਨ ਪਹਿਲਾ ਹੀ ਅਮਰੀਕੀ ਫੋਜ ਨੇ ਆਪਣੀ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਜੰਗ ਲਗਣ ਦੀ ਸੂਰਤ ਵਿਚ ਅਮਰੀਕਾ ਰੂਸ ਅਤੇ ਚੀਨ ਨੂੰ ਫੌਜੀ ਤਾਕਤ ਨਾਲ ਹਰਾਉਣ ਦੇ ਯੋਗ ਨਹੀਂ ਰਿਹਾ।
ਅਮਰੀਕਾ ਨੇ ਪਾਕਿਸਤਾਨ ਨੂੰ ਮਾਲੀ ਸਹਾਇਤਾ ਦੇਣੀ ਬੰਦ ਕਰ ਦਿਤੀ ਹੈ। ਮਾਲੀ ਸਹਾਇਤਾ ਲਈ ਉਸਦੀ ਚੀਨ ਉਤੇ ਨਿਰਭਰਤਾ ਵਧਦੀ ਜਾ ਰਹੀ ਹੈ। ਰੂਸ ਅਤੇ ਚੀਨ ਪਹਿਲਾ ਹੀ ਅਮਰੀਕਾ ਦੇ ਵਿਰੋਧ ਵਿਚ ਯੁਧਨੀਤਕ ਸਮਝੌਤਾ ਕਰੀ ਬੈਠੇ ਹਨ। ਇਸ ਹਾਲਤ ਵਿਚ ਰੂਸ ਚੀਨ ਅਤੇ ਪਾਕਿਸਤਾਨ ਦੀ ਇਹ ਇਕ ਸਾਂਝੀ ਲੋੜ ਬਣਦੀ ਹੈ, ਕਿ ਅਮਰੀਕੀ ਸਾਮਰਾਜੀਆਂ ਨੂੰ ਇਸ ਖਿਤੇ ਵਿਚੋਂ ਦਫਾ ਕੀਤਾ ਜਾਵੇ। ਇਸ ਉਕਤ ਪ੍ਰਸੰਗ ਵਿਚ ਜੇ ਭਾਰਤ ਅਮਰੀਕੀ ਸਾਮਰਾਜੀਆਂ ਨਾਲੋਂ ਆਪਣੀ ਯੁਧਨੀਤਕ ਸਾਂਝ ਤੋੜ ਲਵੇ ਤਾਂ ਇਉਂ ਕਰਨਾ ਸੰਭਵ ਹੋ ਜਾਵੇਗਾ। ਅਮਰੀਕੀ ਸਾਮਰਾਜ ਦਿਨੋ-ਦਿਨ ਆਪਣੀਆਂ ਅੰਦਰੂਨੀ ਮੁਸ਼ਕਿਲਾਂ ਵਿਚ ਵੀ ਘਿਰਦਾ ਜਾ ਰਿਹਾ ਹੈ।
ਯੂਰਪੀਨ ਯੂਨੀਅਨ ਨੇ ਪਹਿਲਾ ਹੀ ਐਲਾਨ ਕਰ ਦਿਤਾ ਹੈ ਕਿ ਉਹ ਆਪਣੀ ਸਾਂਝੀ ਫੌਜ ਬਣਾਉਣ ਬਾਰੇ ਸੋਚ ਰਿਹਾ ਹੈ। ਕਿਉਂਕਿ ਅਮਰੀਕਾ ਰੂਸ ਤੇ ਚੀਨ ਵਾਂਗ ਹੀ ਉਹਨਾਂ ਦਾ ਵਿਰੋਧੀ ਦੇਸ ਹੈ। ਆਲਮੀ ਰਾਜਨੀਤੀ ਵਿਚ ਹੋ ਰਹੀ ਇਸ ਉਥਲ-ਪੁਥਲ ਨੂੰ ਵੇਖਦੇ ਹੋਏ ਭਾਰਤੀ ਸਾਮਰਾਜੀ ਹਾਕਮ ਵਰਗ ਦਾ ਇਕ ਹਿਸਾ ਪਹਿਲਾ ਹੀ ਇਹ ਮੰਗ ਕਰ ਰਿਹਾ ਹੈ ਕਿ ਭਾਰਤੀ ਮੰਡੀ ਦੇ ਪਸਾਰ ਲਈ ਭਾਰਤ-ਪਾਕਿਸਤਾਨ ਸਰਹਦ ਖੁਲ੍ਹਣੀ ਚਾਹੀਦੀ ਹੈ। ਇੰਡੀਅਨ ਐਕਸਪ੍ਰੈਸ ਨੇ ਆਪਣੀ ਸੰਪਾਦਕੀ ਵਿਚ ਇਹ ਜਿਕਰ ਵੀ ਕੀਤਾ ਹੈ ਕਿ ਚੁਣਾਵੀ ਮਜਬੂਰੀ ਕਾਰਨ ਮੋਦੀ ਸਰਕਾਰ ਇਸ ਸ਼ਾਨਦਾਰ ਮੌਕੇ ਨੂੰ ਗੁਆਉਣ ਦੀ ਗਲਤੀ ਕਰ ਰਹੀ ਹੈ।
ਅਜੇ ਕੁਝ ਸਮਾ ਪਹਿਲਾ ਹੀ ਭਾਰਤ ਵਿਚ ਤਾਇਨਾਤ ਚੀਨੀ ਰਾਜਦੂਤ ਨੇ ਆਪਣੀ ਪੰਜਾਬ ਫੇਰੀ ਦੌਰਾਨ ਇਹ ਗਲ ਸਪਸ਼ਟ ਕੀਤੀ ਸੀ ਕਿ ਉਹ ਹਿੰਦ-ਪਾਕਿ ਸਰਹਦ ਖੋਲ੍ਹਣ ਦੇ ਹਕ ਵਿਚ ਹਨ। ਦਰਬਾਰ ਸਾਹਿਬ ਮਥਾ ਟੇਕਣ ਆਏ ਤੇ ਵਾਹਗਾ ਸਰਹਦ ਤਕ ਗਏ ਰਾਜਦੂਤ ਨੂੰ ਜਦੋਂ ਸਨਕੀ ਤੇ ਸ਼ਕੀ ਮੀਡੀਏ ਨੇ ਉਸਦੀ ਇਸ ਯਾਤਰਾ ਦੇ ਮੰਤਵ ਬਾਰੇ ਪੁਛਿਆ, ਤਾਂ ਉਸਦਾ ਬੜਾ ਸਪਸ਼ਟ ਜੁਆਬ ਸੀ ਕਿ ਉਹ ਇਹ ਵੇਖਣ ਆਇਆ ਹੈ, ਕਿ ਇਹ ਸਰਹਦ ਖੁਲ੍ਹਣ ਨਾਲ ਇਸ ਖੇਤਰ ਵਿਚ ਵਪਾਰ ਦੀਆ ਕੀ ਸੰਭਾਵਨਾਵਾਂ ਹਨ।
ਬੜੀ ਪ੍ਰਚਾਰੀ ਗਈ ਸਰਜੀਕਲ ਸਟ੍ਰਾਈਕ ਦੇ ਜੁਆਬ ਵਿਚ ਪੈਦਾ ਹੋਏ ਡੋਕਲਾਮ ਸੰਕਟ ਨੇ ਭਾਰਤੀ ਸਾਮਰਾਜੀ ਹਾਕਮ ਵਰਗ ਨੂੰ ਇਹ ਸਪਸ਼ਟ ਕਰ ਦਿਤਾ ਹੈ ਕਿ ਉਹਨਾਂ ਦੀ ਪਾਕਿਸਤਾਨ ਨੂੰ ਡਰਾਉਣ ਲਈ ਕੀਤੀ ਗਈ ਕਿਸੇ ਵੀ ਹਰਕਤ ਨੂੰ ਚੀਨ ਸਹਿਣ ਨਹੀਂ ਕਰੇਗਾ। ਨੇਪਾਲ, ਬੰਗਲਾਦੇਸ਼, ਸ੍ਰੀ ਲੰਕਾ, ਮਾਲਦੀਵ ਤੇ ਭੂਟਾਨ ਨਾਲ ਚੀਨ ਦੇ ਆਰਥਿਕ ਰਿਸ਼ਤਿਆਂ ਨੇ ਭਾਰਤੀ ਕਾਰਪੋਰੇਟਾਂ ਨੂੰ ਇਹ ਗਲ ਵੀ ਸਮਝਾ ਦਿਤੀ ਹੈ, ਕਿ ਹੁਣ ਉਹ ਇਸ ਖੇਤਰ ਦੇ ਲੋਕਾਂ ਦੀ ਲੁਟ ਚੀਨ ਨਾਲ ਮੁਕਾਬਲੇ ਵਿਚ ਨਹੀਂ ਬਲਕਿ ਉਸਦੇ ਸਹਾਇਕ ਬਣ ਕੇ ਹੀ ਕਰ ਸਕਦੇ ਹਨ।
ਯੂਨਾਈਟਡ ਨੇਸ਼ਨਜ ਦੇ ਸਕਤਰ ਜਨਰਲ ਦਾ ਦਰਬਾਰ ਸਾਹਿਬ ਮਥਾ ਟੇਕਣ ਆਉਣਾ ਵੀ ਇਸੇ ਰਾਜਨੀਤੀ ਦਾ ਹੀ ਇਕ ਹਿਸਾ ਸੀ। ਰੂਸ ਵਿਚ ਤਾਲਿਬਾਨ ਨਾਲ ਹੋ ਰਹੀ ਸਮਝੌਤਾ ਵਾਰਤਾ ਵਿਚ ਭਾਰਤ ਨੂੰ ਸ਼ਾਮਿਲ ਕਰਨਾ ਵੀ ਇਸੇ ਰਾਜਨੀਤੀ ਦਾ ਇਕ ਅੰਗ ਹੈ, ਕਿ ਜੇ ਭਾਰਤ ਇਹਨਾਂ ਦੇਸਾਂ ਨਾਲ ਮਿਲ ਕੇ ਚਲੇਗਾ ਤਾਂ ਉਸਨੂੰ ਅਫਗਾਨਿਸਤਾਨ ਰਾਹੀਂ ਤਾਜਿਕਸਤਾਨ ਤਕ ਵਪਾਰ ਕਰਨ ਦੀ ਖੁਲ੍ਹ ਹੋਵੇਗੀ।
ਹੁਣ ਦਿਲਚਸਪ ਹਾਲਤ ਇਹ ਬਣ ਗਈ ਹੈ ਕਿ ਸਿਖ ਇਸ ਖੇਤਰ ਦੀ ਏਸ਼ੀਆਈ-ਆਲਮੀ ਰਾਜਨੀਤੀ ਦੇ ਇਕ ਵਾਰ ਫਿਰ ਕੇਂਦਰ ਵਿਚ ਆ ਖੜੇ ਹੋਏ ਹਨ। ਜੇ ਸਿਖਾਂ ਨੂੰ ਸਹੀ ਲੀਡਰਸ਼ਿਪ ਮਿਲ ਗਈ ਤਾਂ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰੀ ਮਿਸ਼ਨ ਕਿਰਤ ਕਰੋ-ਵੰਡ ਛਕੋ-ਨਾਮ ਜਪੋ ਨੂੰ ਦੁਨੀਆ ਭਰ ਵਿਚ ਫੈਲਾਉਣ ਦੀਆਂ ਬਹੁਤ ਭਰਪੂਰ ਸੰਭਾਵਨਾਵਾਂ ਬਣ ਸਕਦੀਆ ਹਨ।

– ਗੁਰਬਚਨ ਸਿੰਘ