ਮੋਬਾਈਲ ਮਨੋਰੋਗ : ਸਮਾਜ ਲਈ ਚਿੰਤਾ ਦਾ ਵਿਸ਼ਾ

ਮੋਬਾਈਲ ਮਨੋਰੋਗ : ਸਮਾਜ ਲਈ ਚਿੰਤਾ ਦਾ ਵਿਸ਼ਾ

ਅੱਜ ਦੇ ਸਮੇਂ ਵਿੱਚ ਛੋਟੇ-ਵੱਡੇ ਖ਼ਾਸ ਕਰਕੇ ਨੌਜਵਾਨ ਵਰਗ ਮੋਬਾਈਲ ਮਨੋਰੋਗੀ ਬਣ ਰਿਹਾ ਹੈ। ਛੇ ਸਾਲ ਪਹਿਲਾਂ ਆਸਟਰੇਲੀਆ ਨੇ ਇਹ ਗੱਲ ਮਹਿਸੂਸ ਕੀਤੀ ਕਿ ਮੋਬਾਈਲ ਮਨੋਰੋਗੀ ਸਮਾਜ ਦੇ ਸ਼ਿਸ਼ਟਾਚਾਰ ਲਈ ਘਾਤਕ ਹਨ। ਉਸ ਦੇਸ਼ ਨੇ ਇਸ ਗੱਲ ਉੱਤੇ ਗੌਰ ਕੀਤਾ ਕਿ ਅਕਸਰ ਮੋਬਾਈਲ ਮਨੋਰੋਗੀ ਆਪਣੇ ਮੋਬਾਈਲ ਵਿੱਚ ਮਗਨ ਹੋ ਕੇ ਦੂਜੇ ਵਿਅਕਤੀ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰਦੇ ਹਨ।
ਆਸਟਰੇਲੀਆ ਦੇ ਚਿੰਤਕਾਂ ਨੇ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਕਿ ਉਨ੍ਹਾਂ ਕੋਲ ਇਸ ਸਮੱਸਿਆ ਲਈ ਕੋਈ ਸ਼ਬਦ ਨਹੀਂ ਹੈ। ਨਤੀਜੇ ਵਜੋਂ ਮਈ 2012 ਵਿੱਚ ਸਿਡਨੀ ਯੂਨੀਵਰਸਿਟੀ, ਆਸਟਰੇਲੀਆ ਵਿੱਚ ਧੁਨੀ ਅਤੇ ਸ਼ਬਦਕੋਸ਼ ਵਿਗਿਆਨੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਕਵੀਆਂ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ਦੌਰਾਨ ਸਰਬਸੰਮਤੀ ਨਾਲ ਫਬਿੰਗ (૿8″229ਟ7) ਸ਼ਬਦ ਉੱਭਰ ਕੇ ਆਇਆ। ਇਸ ਦਾ ਸ਼ਾਬਦਿਕ ਅਰਥ ਆਸਟਰੇਲੀਅਨ ਛੇਵੇਂ ਐਡੀਸ਼ਨ ਨਾਂ ਦੀ ਮੈਕੁਏਰੀ ਨੈਸ਼ਨਲ ਡਿਕਸ਼ਨਰੀ ਵਿੱਚ ਦਰਜ ਹੈ। ਅੱਜ ਆਸਟਰੇਲੀਆ ਦੇ ਨਾਲ-ਨਾਲ ਤਕਰੀਬਨ 180 ਦੇਸ਼ਾਂ ਦੇ ਲੋਕ ਫਬਿੰਗ ਸ਼ਬਦ ਵਰਤਦੇ ਹਨ, ਪਰ ਭਾਰਤ ਵਿੱਚ ਇਹ ਸ਼ਬਦ ਨਾ-ਮਾਤਰ ਵਰਤਿਆ ਜਾਂਦਾ ਹੈ।
ਤਕਨਾਲੋਜੀ ਦੇ ਉਲਝੇ ਤਾਣੇ-ਬਾਣੇ ਵਿੱਚ ਮੋਬਾਈਲ ਤਕਨਾਲੋਜੀ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ। ਇਸ ਤਕਨਾਲੋਜੀ ਦਾ ਸਿੱਧਾ ਸਬੰਧ ਮਨੁੱਖ ਦੀ ਮਾਨਸਿਕਤਾ ਨਾਲ ਬਣ ਗਿਆ ਹੈ। ਹਰੇਕ ਬਾਸ਼ਿੰਦਾ ਇਸ ਤਕਨਾਲੋਜੀ ਨੂੰ ਵਰਤਣ ਲਈ ਮਜਬੂਰ ਹੈ। ਇਹ ਤਕਨਾਲੋਜੀ ਇੰਨੀ ਪ੍ਰਭਾਵਸ਼ਾਲੀ ਹੈ ਕਿ ਹਰ ਕੋਈ ਸਵੇਰੇ ਜਾਗਣ ਤੋਂ ਲੈ ਕੇ ਰਾਤ ਸੌਣ ਤੱਕ ਇਸ ਰਾਹੀਂ ਆਪਣੇ ਗਿਆਨਾਤਮਕ, ਭਾਵਨਾਤਮਕ, ਆਰਥਿਕ, ਸੰਗੀਤਾਤਮਕ ਤੇ ਹੋਰ ਖਾਹਿਸ਼ਾਂ ਪੂਰੀਆਂ ਕਰਦਾ ਹੈ। ਇਸ ਤੋਂ ਇਲਾਵਾ ਦਿਨ-ਤਿਉਹਾਰ ਜਾਂ ਤਰੀਕਾਂ ਵੇਖਣ ਵਾਲਾ ਕੈਲੰਡਰ, ਫੋਟੋਆਂ ਸਾਂਭਣ ਵਾਲੀ ਐਲਬਮ, ਵੱਖ-ਵੱਖ ਟੈਲੀਫੋਨ ਜਾਂ ਜ਼ਰੂਰੀ ਕੰਮ ਨੋਟ ਕਰਨ ਵਾਲੀ ਡਾਇਰੀ, ਘੜੀ, ਪੈੱਨ, ਕੈਲਕੂਲੇਟਰ ਆਦਿ ਸਭ ਵਸਤੂਆਂ ਇਸ ਤਕਨਾਲੋਜੀ ਵਿੱਚ ਗ੍ਰਸ ਗਈਆਂ ਹਨ। ਹੋਰ ਤਾਂ ਹੋਰ ਅਖ਼ਬਾਰ, ਡਿਕਸ਼ਨਰੀਆਂ ਤੇ ਕਿਤਾਬਾਂ ਵੀ ਮੋਬਾਈਲ ਤਕਨਾਲੋਜੀ ਦੀਆਂ ਹਾਣੀ ਬਣ ਚੁੱਕੀਆਂ ਹਨ। ਇੱਥੇ ਹੀ ਬਸ ਨਹੀਂ, ਕਿਸੇ ਸੱਜਣ-ਮਿੱਤਰ ਨੂੰ ਨਵੇਂ ਵਰ੍ਹੇ ਦੀ ਆਮਦ ਉੱਤੇ ਜਾਂ ਹੋਰ ਕਿਸੇ ਦਿਨ-ਸ਼ੁੱਭ ਮੌਕੇ ਭਾਵਨਾਵਾਂ ਵਿੱਚ ਗੜੁੱਚ ਚਿੱਠੀ-ਪੱਤਰ ਤੇ ਪੋਸਟ ਕਾਰਡ ਲਿਖਣਾ, ਕਿਸੇ ਰਿਸ਼ਤੇਦਾਰ, ਸਕੇ-ਸਬੰਧੀ ਜਾਂ ਪਹਿਲੀ ਵਾਰ ਕਿਸੇ ਓਪਰੇ ਵਿਅਕਤੀ ਦੇ ਘਰ ਜਾਣ ਲਈ ਕਈ ਜਣਿਆਂ ਤੋਂ ਉਤਸੁਕਤਾ ਨਾਲ ਉਸ ਦੇ ਘਰ ਦੇ ਰਸਤੇ ਬਾਰੇ ਪੁੱਛਣਾ, ਸੱਤ ਸਮੁੰਦਰੋਂ ਦੂਰ ਬੈਠੇ ਧੀਆਂ-ਪੁੱਤਰਾਂ ਦਾ ਮੂੰਹ ਦੇਖਣ ਲਈ ਤਰਸ ਜਾਣਾ, ਮੰਡੀ ਜਾਂ ਕਰਿਆਨੇ ਦੀ ਹੱਟੀ ਤੋਂ ਫ਼ਲਾਂ, ਸਬਜ਼ੀਆਂ ਜਾਂ ਹੋਰ ਰਾਸ਼ਨ-ਪਾਣੀ ਲਿਆਉਣ ਲਈ ਬਣੇ ਜੂਟ ਦੇ ਵੱਡੇ-ਵੱਡੇ ਥੈਲਿਆਂ ਨੂੰ ਹੱਥਾਂ ਵਿੱਚ ਫੜਨਾ, ਵਾਰ-ਵਾਰ ਰੁਮਾਲ ਵਿੱਚ ਕਈ ਗੱਠਾਂ ਨਾਲ ਬੰਨ੍ਹੇ ਹੋਏ ਪੈਸਿਆਂ ਨੂੰ ਜਾਂ ਚੋਰ ਜੇਬ ਵਿੱਚ ਪਾਏ ਬਟੂਏ ਨੂੰ ਟੋਹ-ਟੋਹ ਕੇ ਵੇਖਣਾ, ਕਿਸੇ ਨੂੰ ਸਮਾਂ ਕੱਢ ਕੇ ਉਚੇਚੇ ਤੌਰ ‘ਤੇ ਸੱਦਾ-ਪੱਤਰ ਦੇਣ ਲਈ ਜਾਣਾ ਜਾਂ ਬੈਂਕ ਵਿੱਚ ਪੈਸਿਆਂ ਦੇ ਲੈਣ-ਦੇਣ ਲਈ ਘਰੋਂ ਬਾਹਰ ਨਿਕਲਣ ਆਦਿ ਵਰਗੀਆਂ ਗੱਲਾਂ ਵਟਸਐੱਪ, ਟਵਿੱਟਰ, ਇੰਸਟਾਗ੍ਰਾਮ, ਮੈਸੰਜਰ, ਗੂਗਲ ਮੈਪ, ਫੇਸਬੁੱਕ, ਵੀਡੀਓ ਕਾਲਿੰਗ, ਆਨਲਾਈਨ ਸ਼ਾਪਿੰਗ, ਪੇਅਟੀਐਮ, ਆਨਲਾਈਨ ਬੈਂਕਿੰਗ ਆਦਿ ਦਾ ਰੂਪ ਧਾਰ ਚੁੱਕੀਆਂ ਹਨ। ਮੁੱਕਦੀ ਗੱਲ ਹੈ ਕਿ ਸਮਾਰਟ ਮੋਬਾਈਲ ਦੇ ਪਲੇਅ ਸਟੋਰ ਰਾਹੀਂ ਅੱਜ ਦਾ ਸਮਾਜ ਆਪਣੇ ਹਰ ਵਰਤਾਰੇ ਨੂੰ ਯਕੀਨੀ ਬਣਾ ਰਿਹਾ ਹੈ। ਸਥਿਤੀ ਹੁਣ ਇਹ ਬਣ ਗਈ ਹੈ ਕਿ ਜਿਸ ਵਿਅਕਤੀ ਕੋਲ ਮੋਬਾਈਲ ਹੈ, ਉਸ ਨੂੰ ਸਾਰੀ ਦੁਨੀਆਂ ਆਪਣੀ ਮੁੱਠੀ ਵਿੱਚ ਜਾਪਦੀ ਹੈ। ਮੋਬਾਈਲ ਦਾ ਮੁਥਾਜ ਬਣਨ ਕਾਰਨ ਹੀ ਮਨੁੱਖ ਮੋਬਾਈਲ ਮਨੋਰੋਗੀ ਬਣ ਰਿਹਾ ਹੈ, ਕਿਉਂਕਿ ਬਹੁਤੇ ਵਿਅਕਤੀ ਚੌਵੀ ਘੰਟੇ ਆਪਣੀ ਗਰਦਨ ਨੀਵੀਂ ਕਰ ਕੇ ਮੋਬਾਈਲ ਵਿੱਚ ਖੁੱਭੇ ਰਹਿੰਦੇ ਹਨ।
ਕੀ ਹੈ ਮਨੋਰੋਗ :
ਚੰਚਲਤਾ ਮਨੁੱਖੀ ਮਨ ਦੀ ਹੋਂਦ ਦਾ ਮੂਲ ਕਾਰਨ ਹੈ। ਜਦੋਂ ਮਨੁੱਖੀ ਮਨ ਦੀ ਚੰਚਲਤਾ ਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਮਨੋਰੋਗ ਵਰਗੀ ਸਥਿਤੀ ਬਣਦੀ ਹੈ। ਮਨੁੱਖੀ ਦਿਮਾਗ, ਮਨ ਦੀ ਚੰਚਲਤਾ ਨੂੰ ਸਮਝਾਉਣ ਦਾ ਫਰਜ਼ ਨਿਭਾਉਂਦਾ ਹੈ, ਪਰ ਜਦ ਮਨ, ਦਿਮਾਗ ਉੱਤੇ ਭਾਰੂ ਹੋ ਜਾਂਦਾ ਹੈ ਤਾਂ ਅਕਸਰ ਮਨੋਰੋਗ ਪੈਦਾ ਹੁੰਦਾ ਹੈ। ਮੋਬਾਈਲ ਮਨੋਰੋਗੀਆਂ ਨਾਲ ਵੀ ਅਜਿਹਾ ਹੀ ਹੁੰਦਾ ਹੈ। ਉਨ੍ਹਾਂ ਦੇ ਦਿਮਾਗਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਮੋਬਾਈਲ ਨਾਲ ਰੇਡੀਏਸ਼ਨ, ਨਾਈਟ ਬਲਾਈਂਡਨੈੱਸ ਤੇ ਹੋਰ ਬਹੁਤ ਸਾਰੇ ਸਰੀਰਕ ਨੁਕਸਾਨ ਹੁੰਦੇ ਹਨ, ਪਰ ਉਨ੍ਹਾਂ ਦਾ ਮਨ ਦਿਮਾਗ ਦੀ ਨਹੀਂ ਸੁਣਦਾ। ਇਹ ਮਨੋਰੋਗੀ ਪਤਾ ਨਹੀਂ ਦਿਨ ਵਿੱਚ ਕਿੰਨੀ ਵਾਰ ਸੈਲਫ਼ੀਆਂ ਲੈ ਕੇ ਆਨੰਦ ਮਹਿਸੂਸ ਕਰਦੇ ਹਨ। ਆਪਣੀ ਖ਼ੁਦ ਦੀ ਪਛਾਣ ਲੱਭਣ ਲਈ ਸੈਲਫੀ ਮਨੋਰੋਗੀ ਫੇਸਬੁੱਕ ਉੱਤੇ ਲਾਈਕ ਜਾਂ ਕੁਮੈਂਟਸ ਬਟੋਰਨ ਵਿੱਚ ਰਹਿੰਦੇ ਹਨ। ਮੋਬਾਈਲ ਮਨੋਰੋਗੀਆਂ ਦੀ ਸਥਿਤੀ ਅੱਜ ਇਹ ਹੈ ਕਿ ਉਹ ਵਟਸਐਪ, ਫੇਸਬੁੱਕ ਜਾਂ ਇੰਸਟਾਗ੍ਰਾਮ ਰਾਹੀਂ ਦਰਸਾਉਣ ਵਿੱਚ ਲੱਗੇ ਰਹਿੰਦੇ ਹਨ ਕਿ ਉਨ੍ਹਾਂ ਨੇ ਕੀ ਖਾਧਾ, ਉਨ੍ਹਾਂ ਨੇ ਕੀ ਪਾਇਆ, ਉਹ ਕਿੱਥੇ ਹਨ ਤੇ ਉਨ੍ਹਾਂ ਦਾ ਮੂਡ ਕਿਹੋ ਜਿਹਾ ਹੈ। ਹਾਲ ਵਿੱਚ ਹੀ ਹਾਵਰਡ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਸਿੱਧ ਕੀਤਾ ਹੈ ਕਿ ਜਦੋਂ ਇਨਸਾਨ ਆਪਣੇ ਆਪ ਨੂੰ ਜਾਂ ਆਪਣੀਆਂ ਗੱਲਾਂ ਨੂੰ ਦੁਨੀਆਂ ਸਾਹਮਣੇ ਪੇਸ਼ ਕਰਦਾ ਹੈ ਤਾਂ ਉਸ ਨੂੰ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਨਸਾਨ ਦੀ ਇਹ ਖੁਸ਼ੀ, ਉਸ ਨੂੰ ਚੌਵੀ ਘੰਟੇ ਦਾ ਮਨੋਰੋਗੀ ਬਣਾ ਰਹੀ ਹੈ।
ਕਈ ਲੋਕ ਵਾਹਨ ਚਲਾਉਂਦੇ ਜਾਂ ਸੜਕ ਉੱਤੇ ਵੀ ਮੋਬਾਈਲ ਦੀ ਵਰਤੋਂ ਕਰਦੇ ਹਨ, ਜਿਸ ਕਰਨ ਹਾਦਸੇ ਵਾਪਰਦੇ ਹਨ। ਮੋਬਾਈਲ ਵਿੱਚ ਖੁੱਭੇ ਕਈ ਵਿਅਕਤੀ ਅਗਲੇ ਵੱਲੋਂ ਵਾਰ-ਵਾਰ ਹਾਰਨ ਵਜਾਉਣ ‘ਤੇ ਵੀ ਪਾਸੇ ਨਹੀਂ ਹੁੰਦੇ। ਪਿੱਛੇ ਜਿਹੇ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਕੈਨੇਡਾ ਤੇ ਅਮਰੀਕਾ ਵਿੱਚ ਵੱਡੇ-ਵੱਡੇ ਟਰਾਲੇ ਚਲਾਉਣ ਵਾਲੇ ਡਰਾਈਵਰ ਸਫ਼ਰ ਦੌਰਾਨ ਵਟਸਐਪ ਜਾਂ ਫੇਸਬੁੱਕ ਦੀ ਬਹੁਤ ਵਰਤੋਂ ਕਰਦੇ ਹਨ। ਇਕ ਸਰਕਾਰੀ ਅੰਕੜੇ ਅਨੁਸਾਰ ਭਾਰਤ ਵਿੱਚ 2016 ਦੌਰਾਨ ਕਰੀਬ 1,50,785 ਸੜਕ ਹਾਦਸੇ ਚਾਲਕਾਂ ਦੀ ਬੇਧਿਆਨੀ ਕਾਰਨ ਹੋਏ ਤੇ ਇਨ੍ਹਾਂ ਹਾਦਸਿਆਂ ਪਿੱਛੇ ਮੋਬਾਈਲ ਮਨੋਰੋਗ ਵੀ ਜਿੰਮੇਵਾਰ ਹੈ। ਇਸੇ ਤਰ੍ਹਾਂ ਕੌਮੀ ਸੁਰੱਖਿਆ ਕੌਂਸਲ ਦੀ ਰਿਪੋਰਟ ਵੀ ਦੱਸਦੀ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਮੋਬਾਈਲ ਮਨੋਰੋਗੀ ਵਾਹਨ ਚਲਾਉਂਦੇ ਹੋਏ ਹਰ ਸਾਲ 16 ਲੱਖ ਸੜਕ ਹਾਦਸਿਆਂ ਨੂੰ ਅੰਜਾਮ ਦਿੰਦੇ ਹਨ। ਇਕ ਹੋਰ ਸਰਵੇਖਣ ਮੁਤਾਬਿਕ 40 ਫ਼ੀਸਦੀ ਲੋਕ ਆਪਣੇ ਕਿੱਤੇ ਨਾਲ ਸਬੰਧਤ ਗੱਲਾਂ ਜਾਂ ਟੈਕਸਟ ਸੰਦੇਸ਼ ਵਾਹਨ ਚਲਾਉਂਦੇ ਹੋਏ ਹੀ ਭੇਜਦੇ ਹਨ। 60 ਫ਼ੀਸਦੀ ਲੋਕ ਵਾਹਨ ਚਲਾਉਣ ਸਮੇਂ ਕਿਸੇ ਸੁਰੱਖਿਅਤ ਥਾਂ ਉੱਤੇ ਕਾਲ ਸੁਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਤੇ 40 ਫ਼ੀਸਦੀ ਉਹ ਲੋਕ ਹਨ, ਜੋ ਵਾਹਨ ਚਲਾਉਣ ਸਮੇਂ ਪੂਰੇ ਸੁਚੇਤ ਹਨ, ਫਿਰ ਵੀ ਮੋਬਾਈਲ ਦੇ ਪ੍ਰਭਾਵ ਵਿੱਚ ਰਹਿੰਦੇ ਹਨ। ਸੜਕ ਹਾਦਸਿਆਂ ਦੇ ਸ਼ਿਕਾਰ ਹੋਣ ਵਾਲਿਆਂ ਵਿੱਚੋਂ 34 ਫ਼ੀਸਦੀ ਉਹ ਹਨ, ਜਿਹੜੇ ਮੋਬਾਈਲ ਵਰਤਦੇ ਹੋਏ ਅਚਾਨਕ ਬਰੇਕ ਲਾ ਦਿੰਦੇ ਹਨ।
ਇਕ ਵੇਲ ਸੀ ਜਦ ਲੋਕੀਂ ਇਕੱਠੇ ਹੋ ਕੇ ਰੇਡੀਓ ਸੁਣਦੇ ਜਾਂ ਟੀਵੀ ਵੇਖਦੇ ਸਨ, ਪਰ ਅੱਜ ਮੋਬਾਈਲ ਦਾ ਸੰਸਾਰ ਹੋਰ ਹੈ। ਅੱਜ ਬੱਚਿਆਂ ਤੇ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਮੋਬਾਈਲ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ। ਮਿਹਨਤਕਸ਼ ਅਤੇ ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀ ਸਭ ਲਈ ਪ੍ਰੇਰਨਾਸ੍ਰੋਤ ਹਨ, ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਮੋਬਾਈਲ ਮਨੋਰੋਗੀ ਵੀ ਬਹੁਤਾ ਮੋਬਾਈਲ ਵਰਤਣ ਦੀ ਆਦਤ ਸੁਧਾਰ ਸਕਦੇ ਹਨ। ਪੰਜਾਬ ਜਾਂ ਹੋਰ ਸੂਬਿਆਂ ਦੀ ਟ੍ਰੈਫਿਕ ਪੁਲੀਸ ਨੂੰ ‘ਮੋਬਾਈਲ ਗਸ਼ਤ’ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਜੋ ਜਿਹੜਾ ਵੀ ਸ਼ਖ਼ਸ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਦਾ ਹੈ, ਉਸ ਨੂੰ ਮੌਕੇ ‘ਤੇ ਹੀ ਜੁਰਮਾਨਾ ਕੀਤਾ ਜਾਵੇ। ਇਸ ਨਾਲ ਸੜਕ ਹਾਦਸਿਆਂ ਵਿੱਚ ਕਮੀ ਆਵੇਗੀ। ਵਿਅਕਤੀਗਤ ਤੌਰ ‘ਤੇ ਸਾਰਿਆਂ ਨੂੰ ਸਮਾਰਟ ਫੋਨ ਵਰਤਣ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੋਬਾਈਲ ਅਜੋਕੇ ਸਮੇਂ ਦੀ ਜ਼ਰੂਰਤ ਹੈ, ਪਰ ਇਸ ਦੀ ਵਰਤੋਂ ਅਸੀਂ ਆਪ ਹੀ ਸੀਮਤ ਕਰਨੀ ਹੈ।

ਡਾ. ਅਰੁਣਜੀਤ ਸਿੰਘ ਟਿਵਾਣਾ