ਗੈਂਗਹਿੰਸਾ ਅਤੇ ਨਸ਼ਾ ਅਲਾਮਤਾਂ ਦਾ ਕਿੱਥੋਂ ਹੁੰਦਾ ਹੈ ਜਨਮ?

ਗੈਂਗਹਿੰਸਾ ਅਤੇ ਨਸ਼ਾ ਅਲਾਮਤਾਂ ਦਾ ਕਿੱਥੋਂ ਹੁੰਦਾ ਹੈ ਜਨਮ?

ਤਿੰਨੋਂ ਸਰਕਾਰਾਂ ਗੈਂਗਹਿੰਸਾ ਰੋਕਣ ਲਈ ਹਰ ਪੱਧਰ ‘ਤੇ ਅਸਫ਼ਲ

ਜਾਪਦੈ, ਕੁਝ ਚੋਣਵੇਂ ਇਲਾਕਿਆਂ ਨੂੰ ਹੀ ਬਣਾਇਆ ਜਾ ਰਿਹੈ ਨਿਸ਼ਾਨਾ

ਐਬਟਸਫੋਰਡ : (ਬਰਾੜ-ਭਗਤਾ ਭਾਈ ਕਾ) ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਲੋਅਰਮੇਨ ਲੈਂਡ ਅਤੇ ਫਰੇਜ਼ਰ ਵੈਲੀ ਇਲਾਕਿਆਂ ‘ਚ ਗੈਂਗਹਿੰਸਾ ਅਤੇ ਜਾਨ ਲਊ ਨਸ਼ਿਆਂ ਦੇ ਵਧੇ ਰੁਝਾਨ ‘ਤੇ ਕਾਬੂ ਪਾਉਣ ਲਈ ਫੈਡਰਲ, ਸੂਬਾ ਅਤੇ ਸਥਾਨਿਕ ਸਰਕਾਰਾਂ, ਸਮੇਤ ਪੁਲੀਸ ਵਿਭਾਗ ਬੁਰੀ ਤਰਾਂ ਫੇਲ੍ਹ ਹੋ ਚੁੱਕਾ ਹੈ। ਨਾ ਤਾਂ ਪ੍ਰਸ਼ਾਸ਼ਨ ਤੋਂ ਹੀ ਇਸ ਬਾਰੇ ਕੋਈ ਸਖ਼ਤ ਕਦਮ ਚੁੱਕੇ ਗਏ ਹਨ ਅਤੇ ਨਾ ਹੀ ਪੁਲੀਸ ਨੇ ਆਪਣੀ ਵਰਦੀ ਦਾ ਕੋਈ ਜ਼ੌਹਰ ਵਿਖਾਇਆ ਹੈ। ਪੁਲੀਸ ਕੋਲੋਂ ਤਾਂ ਅਜੇ ਤੱਕ ਗੈਂਗਹਿੰਸਾ ‘ਚ ਮਾਰੇ ਗਏ ਨੌਜਵਾਨਾਂ ਦੇ ਕਾਤਲ ਵੀ ਨਹੀਂ ਫੜ੍ਹੇ ਗਏ! ਪਤਾ ਨਹੀਂ ਪੁਲੀਸ ਦੀ ਤਫ਼ਤੀਸ਼ ਹੀ ਢਿੱਲੀ ਹੈ ਜਾਂ ਫਿਰ ਵੱਟ ਉੱਤੇ ਬੈਠ ਕੇ ਮੈਚ ਵੇਖਣ ਵਾਲਿਆਂ ਵਾਂਗ ਪੁਲੀਸ ਵੀ ਕੰਨ ਬੰਦ ਕਰਕੇ ਹਿੰਸਕ ਘਟਨਾਵਾਂ ਨੂੰ ਇੱਕ ਮੇਲਾ ਸਮਝਕੇ ਵੇਖ ਰਹੀ ਹੈ।
ਹੁਣ ਗੱਲ ਰਹੀ ਤਿੰਨਾਂ ਸਰਕਾਰਾਂ ਦੀ। ਗੈਂਗਹਿੰਸਾ ਅਤੇ ਨਸ਼ਿਆਂ ਦੀ ਭਰਮਾਰ ਨੂੰ ਰੋਕਣ ਲਈ ਤਿੰਨੇ ਸਰਕਾਰਾਂ ਨੂੰ ਜਿੰਮੇਵਾਰ ਕਿਹਾ ਜਾ ਰਿਹਾ ਹੈ। ਬਾਰਡਰ ਤੋਂ ਲੰਘਣ ਵਾਲੇ ਨਸ਼ਿਆਂ ਨੂੰ ਰੋਕਣ ਲਈ ਫੈਡਰਲ ਸਰਕਾਰ ਦੀ ਜਿੰਮੇਵਾਰੀ ਹੈ ਜਦੋਂ ਕਿ ਸੂਬਾ ਸਰਕਾਰ ਦੀ ਸੂਬੇ ‘ਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਦੀ ਜਿੰਮੇਵਾਰੀ ਹੁੰਦੀ ਹੈ ਅਤੇ ਸਥਾਨਿਕ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਸ਼ਹਿਰ ‘ਚ ਨਿਗਰਾਨੀ ਰੱਖਣਾ ਤਾਂ ਕਿ ਕਿਸੇ ਤਰਾਂ ਦੀਆਂ ਸਮਾਜ ਵਿਰੋਧੀ ਹਿੰਸਕ ਘਟਨਾਵਾਂ ਨੂੰ ਰੋਕਿਆ ਜਾਵੇ । ਪਰ ਇਹ ਤਿੰਨੇ ਸਰਕਾਰਾਂ ਗੈਂਗਹਿੰਸਾ ਅਤੇ ਨਸ਼ਾ ਰੋਕਣ ਲਈ ਪੂਰੀ ਤਰਾਂ ਅਸਫਲ ਹਨ।
ਜੇ ਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਸ ਦੇ ਨਤੀਜੇ ਕੁਝ ਹੋਰ ਹੀ ਨਿੱਕਲਦੇ ਹਨ। ਐਬਟਸਫੋਰਡ ਸ਼ਹਿਰ ਬਾਰੇ ਨਿਰੀਖਣ ਕੀਤਾ ਜਾਵੇ ਤਾਂ ਇਹ ਗੱਲ ਸਾਰਿਆਂ ਦੇ ਸਾਹਮਣੇ ਹੈ ਕਿ ਈਸਟ ਐਬਟਸਫੋਰਡ ਦੇ ਇਲਾਕੇ ਵਿੱਚ ਕੋਈ ਵੀ ਸ਼ਰਾਬ ਦਾ ਸਟੋਰ ਨਹੀਂ ਹੈ ਤੇ ਨਾ ਹੀ ਭੰਗ ਦੀ ਕੋਈ ਦੁਕਾਨ ਹੈ। ਵੈਸਟ ਐਬਟਸਫੋਰਡ ਅਤੇ ਐਬਟਸਫੋਰਡ ਡਾਊਨ ਟਾਊਨ ‘ਚ ਸ਼ਰਾਬ ਦੇ ਕਈ ਵੱਡੇ ਸਟੋਰ ਅਤੇ ਭੰਗ ਦੀਆਂ ਦੁਕਾਨਾਂ ਹਨ ਜਦੋਂ ਕਿ ਵੈਸਟ ਇਲਾਕੇ ਵਿੱਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ‘ਚ ਰਹਿ ਰਿਹਾ ਹੈ। ਕੀ ਤਾਂ ਕਰਕੇ ਇੱਥੇ ਇਹ ਸ਼ਰਾਬ ਦੇ ਸਟੋਰ ਹਨ ਕਿ ਕੋਈ ਹੋਰ ਕਾਰਨ ਹੈ? ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸ਼ਰਾਬ ਦੇ ਠੇਕੇ ਅਤੇ ਭੰਗ ਦੀਆਂ ਦੁਕਾਨਾਂ ਐਬਟਸਫੋਰਡ ਦੇ ਵੈਸਟ ਵਿੱਚ ਹੀ ਕਿਉਂ ਜ਼ਿਆਦਾ ਹਨ ਤੇ ਈਸਟ ਵਿੱਚ ਕਿਉਂ ਨਹੀਂ ਹਨ? ਕੀ ਈਸਟ ਵਿੱਚ ਮਨੁੱਖ ਨਹੀਂ ਵੱਸਦੇ। ਕੀ ਪੰਜਾਬੀ ਭਾਈਚਾਰੇ ਤੋਂ ਬਿਨਾਂ ਹੋਰ ਭਾਈਚਾਰਾ ਸ਼ਰਾਬ ਜਾਂ ਬੀਅਰ ਨਹੀਂ ਪੀਂਦਾ? ਇਹ ਤਾਂ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਸ਼ਰਾਬ, ਜਿਸ ਨੂੰ ਮੁੱਢਲੇ ਨਸ਼ੇ ਵਜੋਂ ਜਾਣਿਆਂ ਜਾਂਦਾ ਹੈ, ਇਸ ਦਾ ਸੇਵਨ ਸ਼ੁਰੂ ਕਰਨ ਨਾਲ ਹੀ ਹੋਰ ਨਸ਼ਿਆਂ ਦੀ ਵਰਤੋਂ ਵੀ ਸ਼ੁਰੂ ਹੋ ਜਾਂਦੀ ਹੈ ਜਾਂ ਸ਼ਰਾਬ ਪੀਣ ਦੀ ਮਾਤਰਾ ਵਧ ਜਾਂਦੀ ਹੈ ਅਤੇ ਜਦੋਂ ਨੌਜਵਾਨ ਪੀੜ੍ਹੀ ਇਸ ਦਾ ਸੇਵਨ ਕਰਦੀ ਹੈ ਤਾਂ ਇਸ ਦੀ ਵਧੇਰੇ ਵਰਤੋਂ ਕਰਨ ਨਾਲ ਨੌਜਵਾਨ ਪੀੜ੍ਹੀ ਮਾੜੇ ਕੰਮਾਂ ਵੱਲ ਹੋ ਤੁਰਦੀ ਹੈ ਅਤੇ ਵਧਦੀ ਵਧਦੀ ਕਤਲਾਂ ਨੂੰ ਅੰਜ਼ਾਮ ਦੇਣ ਲੱਗ ਪੈਂਦੀ ਹੈ ਜਿਵੇਂ ਕਿ ਬੀ ਸੀ ਸੂਬੇ ਵਿੱਚ ਕਤਲ ਹੋ ਰਹੇ ਹਨ ਅਤੇ ਗੈਂਗਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਇਹ ਅੰਕੜੇ ਸਕੂਲੀ ਬੱਚਿਆਂ ਦੇ ਹਨ ਅਤੇ ਉਹ ਯੂਨੀਵਰਸਿਟੀਆਂ ਤੱਕ ਪਹੁੰਚਦੇ ਨਸ਼ਿਆਂ ਅਤੇ ਗੈਂਗਹਿੰਸਾ ਦੇ ਗੁਲਾਮ ਹੋ ਜਾਂਦੇ ਹਨ।
ਇਸੇ ਤਰਾਂ ਹੀ ਸਰੀ ‘ਚ ਦੇਖਣ ਨੂੰ ਮਿਲ ਰਿਹਾ ਹੈ। ਸਰੀ ਦੇ ਪੈਨੋਰਾਮਾ, ਸਾਊਥ ਸਰੀ, ਨਾਰਥ ਸਰੀ ਅਤੇ ਫਲੀਟਵੁੱਡ ਇਲਾਕੇ ਵਿੱਚ ਸ਼ਰਾਬ ਅਤੇ ਭੰਗ ਦੀਆਂ ਦੁਕਾਨਾਂ ਲੱਭਣੀਆਂ ਪੈਣਗੀਆਂ ਜਦੋਂ ਕਿ ਨਿਊਟਨ ਅਤੇ ਬਾਲੀ (104 ਐਵੀਨਿਉ) ਇਲਾਕੇ ਵਿੱਚ ਸਾਰੇ ਸਰੀ ਸ਼ਹਿਰ ਨਾਲੋਂ ਇਨ੍ਹਾਂ ਅਲਾਮਤਾਂ ਦੀਆਂ ਵੱਧ ਦੁਕਾਨਾਂ ਹਨ। ਕਾਰਨ ਕੀ ਕਿ ਸਾਰੇ ਸ਼ਹਿਰਾਂ ਵਿੱਚ ਹੀ ਅਜਿਹਾ ਕਿਉਂ। ਅਜਿਹਾ ਕੁਝ ਹੋਣ ਤੋਂ ਇਸ ਤਰਾਂ ਜਾਪਦਾ ਹੈ ਜਿਵੇਂ ਕਿ ਗਿਣ-ਮਿਥਕੇ ਇਲਾਕੇ ਨੂੰ ਚੁਣ ਕੇ ਉੱਥੇ ਅਜਿਹੇ ਕੰਮ ਕੀਤੇ ਜਾਂਦੇ ਹਨ। ਵੱਧ ਤੋਂ ਵੱਧ ਸ਼ਰਾਬ ਦੇ ਸਟੋਰ ਅਤੇ ਭੰਗ ਦੀਆਂ ਦੁਕਾਨਾਂ ਉੱਥੇ ਹੀ ਖੁੱਲ੍ਹੀਆਂ ਹਨ ਜਿੱਥੇ ਵੱਧ ਪੰਜਾਬੀ ਵਸਦੇ ਹਨ ਅਤੇ ਪੰਜਾਬੀਆਂ ਦੇ ਹੀ ਕਤਲ ਹੋ ਰਹੇ ਹਨ। ਇੱਥੇ ਇਹ ਸੋਚਣ ਦੀ ਵੀ ਲੋੜ ਹੈ ਕਿ ਕਿਤੇ ਪੰਜਾਬੀ ਹੀ ਤਾਂ ਨਹੀਂ ਆਪੋ ਆਪਣੇ ਇਲਾਕਿਆਂ ਵਿੱਚ ਅਜਿਹੇ ਸਟੋਰ ਖੁੱਲ੍ਹਣ ਦੀ ਆਗਿਆ ਦਿੰਦੇ ਹੋਣ। ਨਾ ਸਿਆਸਤਦਾਨ, ਨਾ ਪੁਲੀਸ ਅਤੇ ਨਾ ਹੀ ਪ੍ਰਸ਼ਾਸ਼ਨ ਕੁਝ ਕਰ ਰਿਹਾ ਹੈ। ਇਸ ਲਈ ਪੰਜਾਬੀ ਭਾਈਚਾਰੇ ਨੂੰ ਆਪਣੀ ਬਾਲ ਕੇ ਹੀ ਸੇਕਣਾ ਪਵੇਗਾ। ਭਾਵਿ ਕੇ ਆਪਣੀ ਰਾਖੀ ਆਪ ਕਰਨੀ ਪਵੇਗੀ ਅਤੇ ਆਪਣੇ ਬੱਚਿਆਂ ਪ੍ਰਤੀ ਸਖ਼ਤ ਰੁਖ ਅਪਣਾਉਣ ਦੀ ਲੋੜ ਹੈ ਹੋਰ ਕਿਸੇ ਨੇ ਕੁਝ ਨਹੀਂ ਕਰਨਾ।