”ਕੈਨੇਡਾ ਵਿੱਚ ਪੰਜਾਬੀਆਂ ਨੂੰ ਮਾੜੀਆਂ ਆਦਤਾਂ ਸੁਧਾਰਨ ਦੀ ਲੋੜ”

”ਕੈਨੇਡਾ ਵਿੱਚ ਪੰਜਾਬੀਆਂ ਨੂੰ ਮਾੜੀਆਂ ਆਦਤਾਂ ਸੁਧਾਰਨ ਦੀ ਲੋੜ”

ਪੰਜਾਬੋਂ ਆਏ ਕੈਨੇਡਾ ਵਿੱਚ ਮੌਜਾਂ ਲੁੱਟਦੇ ਆ। ਢੋਲੇ ਦੀਆਂ ਲਾਉਂਦੇ ਟੋਲੀਆਂ ਵਿੱਚ ਸਟੋਰਾਂ ਵਿੱਚ ਘੁੰਮਦੇ ਅਕਸਰ ਦਿਖਾਈ ਦਿੰਦੇ ਹਨ। ਜਾਂ ਫੱਗਣ ਚੇਤ ਦੀ ਕੋਸੀ ਧੁੱਪ ਵਿੱਚ ਪਾਰਕਾਂ ਦੇ, ਗੁਰਦੁਆਰਿਆਂ ਦੇ ਬੈਂਚਾਂ ‘ਤੇ ਬੈਠੇ ਅਕਸਰ ਦਿਖਾਈ ਦਿੰਦੇ ਹਨ। ਜਾਂ ਮੱਲੋ-ਮੱਲੀ ਵੱਡੇ ਸਟੋਰਾਂ ਵਿੱਚ ਬੈਠਣ ਲਈ ਬਣੇ ਬੈਂਚਾਂ ਉੱਪਰ ਨਵਾਬ ਬਣ ਕੇ ਬੈਠਣ ਨੂੰ ਵੀ ਟੌਹਰ ਸਮਝਦੇ ਹਨ। ਅਜਿਹੇ ਵਿੱਚ ਉਨ੍ਹਾਂ ਦੀ ਨਿਗਾਹਾਂ ਬਹੁਤ ਦੂਰ ਤੱਕ ਜਾਂਦੀਆਂ ਹਨ। ਆਉਂਦੇ ਜਾਂਦੇ ਨੂੰ ਆਪਣੇ ਹੀ ਹਿਸਾਬ ਕਿਤਾਬ ਨਾਲ ਤੱਕਦੇ ਹਨ, ਕਈ ਵਾਰ ਤਾਂ ਹੱਦਾਂ-ਬੰਨੇ ਟੱਪਦੇ ਵੀ ਨਜ਼ਰ ਆਉਂਦੇ ਹਨ। ਜਿਸ ਵੱਲ ਤਵੱਜੋ ਦੇਣ ਦੀ ਬਹੁਤ ਜ਼ਰੂਰਤ ਹੈ। ਹਰ ਇਨਸਾਨ ਦੀ ਆਪੋ-ਆਪਣੀ ਇੱਜ਼ਤ ਹੈ। ਕਈ ਵਾਰ ਲੋੜੋਂ ਹੱਦ ਟੱਪ ਕੇ ਵੇਖਣਾ ਬੁਰਾ ਵੀ ਬਹੁਤ ਲੱਗਦਾ ਹੈ। ਖਾਸ ਕਰਕੇ ਵਡੇਰੀ ਉਮਰ ਵਿੱਚ ਤਾਂ ਇਹ ਸੋਭਦਾ ਹੀ ਨਹੀਂ। ਸਾਨੂੰ ਪਿਛਲੇ ਮੁਲਕ ਦੀਆਂ, ਪੰਜਾਬ ਦੀਆਂ ਗੱਲਾਂ ਬਾਤਾਂ ਨੂੰ ਤਿਆਗ ਕੇ ਇਸ ਮੁਲਕ ਵਿੱਚ ਤਹਿਜ਼ੀਬ ਨਾਲ ਰਹਿਣਾ ਪਵੇਗਾ। ਜੋ ਕਿ ਚੰਗਾ ਵੀ ਲੱਗਦਾ ਹੈ। ਅਸੀਂ ਲੋਕ ਕਈ ਵਾਰ ਸੋਚਦੇ ਕੁਝ ਹਾਂ, ਕਰਦੇ ਕੁਝ ਹੋਰ ਆ। ਦੇਖਦੇ ਕੀ ਆ ਤੇ ਸੁਣਾਉਂਦੇ ਕੁਝ ਹੋਰ ਹਾਂ। ਅਜਿਹਾ ਨਹੀਂ, ਜਿਸ ਵੱਲ ਤੁਸੀਂ ਕਿਹੋ ਜਿਹੀ ਨਜ਼ਰ ਨਾਲ ਦੇਖਦੇ ਹੋ ਉਨ੍ਹਾਂ ਨੂੰ ਤੁਹਾਡੇ ਅਕੀਦਿਆਂ ਦਾ ਪਤਾ ਨਾ ਹੋਵੇ। ਪਤਾ ਸਭ ਹੋਣ ਦੇ ਬਾਵਜੂਦ ਅਗਲਾ ਕਈ ਵਾਰ ਝਿਜਕਦਾ ਕੁਝ ਵੀ ਕਹਿਣੋਂ ਕਰਣੋਂ ਅਸਮਰੱਥ ਹੋ ਜਾਂਦਾ ਹੈ। ਬਿਹਤਰ ਇਹੀ ਹੈ ਕਿ ਆਪਣੇ ਮਨ ਨੂੰ, ਆਪਣੀ ਬੋਲੀ ਨੂੰ, ਕਾਰ-ਵਿਹਾਰ ਨੂੰ ਹਮੇਸ਼ਾ ਸ਼ੁੱਧ ਤੇ ਸਾਫ਼ ਸ਼ਪੱਸ਼ਟ ਰੱਖੋ। ਕਈ ਥਾਵਾਂ ਤਾਂ ਐਸੀਆਂ ਵੀ ਹੁੰਦੀਆਂ ਹਨ ਜਿੱਥੇ ਖੜ੍ਹਨਾ ਬੈਠਣਾ ਜਾਂ ਦੇਖਣਾ ਬਿਲਕੁਲ ਹੀ ਨਿਰਮੂਲ ਹੁੰਦਾ ਹੈ। ਫਿਰ ਉਸ ਪਾਸੇ ਜਾਣ ਦੀ ਜ਼ਰੂਰਤ ਹੀ ਕਿਉਂ ਪਵੇ। ਅਸੀਂ ਮਜ਼ਬੂਰੀ ਵੱਸ ਹੀ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰ ਰਹੇ ਹਾਂ। ਇਹ ਸ਼ਿਕਾਇਤ ਜਿਸ ਦਾ ਅਸੀਂ ਜ਼ਿਕਰ ਕੀਤਾ ਹੈ ਅਕਸਰ ਸਾਡੇ ਭਾਈਚਾਰੇ ‘ਚ ਨਜ਼ਰ ਆ ਰਹੀ ਹੈ। ਅਜਿਹੇ ਵਰਤਾਰੇ ਵਾਲੇ ਵਿਅਕਤੀਆਂ ਦੇ ਮਨਾਂ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਜ਼ਰੂਰ ਹੁੰਦੀ ਹੈ।
ਅਜਿਹਾ ਵਰਤਾਰਾ ਸਭ ਬਜ਼ੁਰਗਾਂ ਵਿੱਚ ਨਹੀਂ ਹੁੰਦਾ ਕਈ ਬਜ਼ੁਰਗ ਬੜੇ ਸਲੀਕੇ ਨਾਲ ਤੁਹਾਨੂੰ ਮਿਲਣਗੇ, ਉਨ੍ਹਾਂ ਦਾ ਪਹਿਰਾਵਾ, ਬੋਲਚਾਲ, ਤਜ਼ਰਬੇ ਦੀਆਂ ਗੱਲਾਂ ਤੁਹਾਡੇ ਧੁਰ ਅੰਦਰ ਤੱਕ ਆਪਣਾ ਅਮਿੱਟ ਪ੍ਰਭਾਵ ਛੱਡ ਜਾਂਦੀਆਂ ਹਨ। ਤੁਸੀਂ ਕਿੰਨੇ ਉਤਸ਼ਾਹ ਨਾਲ ਉਨ੍ਹਾਂ ਬਾਰੇ ਹੋਰਨਾਂ ਨੂੰ ਦੱਸ ਕੇ ਖੁਸ਼ੀ ਮਹਿਸੂਸ ਕਰਦੇ ਹੋਵੋਗੇ। ਅਜਿਹੇ ਭੱਦਰ ਪੁਰਸ਼ਾਂ ਦੀ ਵੀ ਕੋਈ ਘਾਟ ਨਹੀਂ। ਉਨ੍ਹਾਂ ‘ਤੇ ਮਾਣ ਕਰਨਾ ਬਣਦਾ ਹੈ। ਤੁਹਾਡਾ ਬਦੋ-ਬਦੀ ਅਜਿਹੀਆਂ ਸ਼ਖਸੀਅਤਾਂ ਨੂੰ ਮਿਲਣ ਲਈ ਦਿੱਲ ਕਰਦਾ ਹੈ। ਕਿਉਂਕਿ ਅਜਿਹਿਆਂ ਕੋਲ ਤੁਹਾਨੂੰ ਸਿੱਖਣ ਨੂੰ, ਗ੍ਰਹਿਣ ਕਰਨ ਨੂੰ ਕਾਫੀ ਕੁਝ ਮਿਲ ਜਾਂਦਾ ਹੈ। ਜਿਸ ਨਾਲ ਤੁਸੀਂ ਵੀ ਆਪਣਾ ਜੀਵਨ ਪੱਧਰ ਨੂੰ ਸੁਧਾਰਦੇ ਹੋਏ ਉੱਚਾ ਚੁੱਕ ਸਕਦੇ ਹੋ। ਜਿਸ ਨਾਲ ਚੰਗੇ ਸਮਾਜ ਦੀ ਸਿਰਜਣਾ ਹੋਰ ਵੀ ਪ੍ਰਬਲ ਹੋਵੇਗੀ।
ਖੈਰ ਮੁੱਖ ਮੰਤਵ ਤਾਂ ਲਿਖਣ ਦਾ ਇਹੋ ਹੀ ਆ ਕਿ ਅੱਖਾਂ ਪਾੜਕੇ ਵੇਖਣ ਵਾਲਿਆਂ ਦੀ ਗੱਲ ਕਰਦੇ ਸੀ ਕਿ ਇਹ ਅਜਿਹੀਆਂ ਵਿੰਗੀਆਂ-ਟੇਡੀਆਂ ਅਤੇ ਬੇਥਵੀਆਂ ਮਾਰਦੇ ਆ ਕਿ ਲਿਖਣਾ ਵੀ ਕਿਹੜਾ ਸੌਖਾ ਹੈ। ਕਿਸੇ ਦੇ ਰੰਗ ਰੂਪ ਦੀਆਂ, ਲੀੜੇ-ਕੱਪੜੇ ਦੀਆਂ, ਨੰਗੀਆਂ ਲੱਤਾਂ-ਬਾਹਾਂ ਦੀਆਂ, ਹਾਰ-ਸ਼ਿੰਗਾਰ ਦੀਆਂ, ਜੋ ਇਹ ਗੱਲਾਂ ਕਰਦੇ, ਸੁਣਦੇ ਆ ਉਹ ਕਿਸੇ ਰੂਪ ਵਿੱਚ ਵੀ ਸਹਿਣ ਯੋਗ ਨਹੀਂ। ਕਿਸੇ ਨਾਲ ਬੇਲੋੜਾ ਖਹਿ ਕੇ ਵੱਜਣਾ, ਅੱਖਾਂ ‘ਚ ਕੈਦ ਕਰਕੇ ਖਾਣ ਨੂੰ ਜਾਣਾ ਤੇ ਇਥੋਂ ਤੱਕ ਕਿ ਬੱਸਾਂ ਜਾਂ ਹੋਰ ਪਬਲਿਕ ਥਾਵਾਂ ‘ਤੇ ਜਾ ਕੇ ਹਾਸੋਹੀਣੀਆਂ ਜਾਂ ਯੱਬਲੀਆਂ ਮਾਰਨੀਆਂ, ਸਾਡੀ ਕੌਮ ਦੀ ਬਦਨਾਮੀ ਦਾ ਕਾਰਣ ਹੀ ਬਣਦੀਆਂ ਪ੍ਰਤੀਤ ਹੁੰਦੀਆਂ ਹਨ। ਸੋ ਲੋੜ ਹੈ ਸਾਊ ਬਣ ਕੇ ਰਹਿਣ ਦੀ। ਇਸ ਨਾਲ ਹੀ ਨਿਰੋਏ ਸਮਾਜ ਦੀ ਸਿਰਜਣਾ ਹੋਵੇਗੀ ਤੇ ਭਾਈਚਾਰੇ ਦੀ ਹੋਰਨਾਂ ਕੌਮਾਂ ਵਿੱਚ ਟੌਹਰ ਵੀ ਵਧੇਰੇ ਹੋਵੇਗੀ। ਇਸ ਵਿੱਚ ਹੀ ਭਲਾ ਹੈ।
”ਸੋ ਬਾਤੇ ਤੋਂ ਬੜੀ ਹੈ ਸੁਣਾਨੇ ਕੇ ਲੀਏ,
ਲੇਕਿਨ ਮੁਸ਼ਕਲ ਤੋ ਯੇ ਹੈ ਕਿ ਆਤੀ ਹੀ ਨਹੀਂ।”
-ਰਸ਼ਪਾਲ ਸਿੰਘ ਗਿੱਲ