ਜਾਨਵਰ ਸਰਦੀ ਤੋਂ ਕਿਵੇਂ ਬਚਦੇ ਹਨ?

ਜਾਨਵਰ ਸਰਦੀ ਤੋਂ ਕਿਵੇਂ ਬਚਦੇ ਹਨ?

ਬੱਚਿਓ! ਕੰਬਦੀ ਸਰਦੀ ਵਿਚ ਅਸੀਂ ਗਰਮ ਕੱਪੜੇ ਪਾ ਕੇ, ਅੱਗ ਸੇਕ ਕੇ ਜਾਂ ਹੀਟਰ ਆਦਿ ਲਗਾ ਕੇ ਸਰਦੀ ਤੋਂ ਆਪਣਾ ਬਚਾਅ ਕਰ ਲੈਂਦੇ ਹਾਂ, ਪਰ ਕੁਦਰਤ ਨੇ ਜਾਨਵਰਾਂ ਨੂੰ ਅਜਿਹੇ ਸਾਧਨ ਦਿੱਤੇ ਹਨ ਜਿਸ ਕਾਰਨ ਉਹ ਸਰਦੀ ਤੋਂ ਬਚੇ ਰਹਿੰਦੇ ਹਨ।
ਕੁਦਰਤ ਨੇ ਜਾਨਵਰਾਂ ਦੇ ਸਰੀਰ ‘ਤੇ ਵਾਲ ਅਤੇ ਪੰਛੀਆਂ ਨੂੰ ਖੰਭ ਦਿੱਤੇ ਹਨ ਜੋ ਇਨ੍ਹਾਂ ਲਈ ਗਰਮ ਕੱਪੜਿਆਂ ਦਾ ਕੰਮ ਕਰਦੇ ਹਨ। ਸ਼ੇਰ, ਭੇੜੀਆ, ਬਾਘ, ਬਾਂਦਰ ਆਦਿ ਜੰਗਲੀ ਜਾਨਵਰਾਂ ਦੇ ਸਰੀਰ ‘ਤੇ ਸਰਦੀ ਦਾ ਮੌਸਮ ਆਉਂਦੇ ਹੀ ਸੰਘਣੇ ਵਾਲ ਉੱਗ ਆਉਂਦੇ ਹਨ, ਜਿਹੜੇ ਇਨ੍ਹਾਂ ਨੂੰ ਸਰਦੀ ਤੋਂ ਬਚਾਉਂਦੇ ਹਨ ਅਤੇ ਗਰਮੀ ਦਾ ਮੌਸਮ ਆਉਂਦਿਆਂ ਹੀ ਵਾਲ ਝੜ ਜਾਂਦੇ ਹਨ। ਭੇਡਾਂ ਦੇ ਸਰੀਰ ‘ਤੇ ਤਾਂ ਉੱਨ ਹੁੰਦੀ ਹੀ ਹੈ।
ਤਿੱਬਤ ਦੇ ਪਹਾੜੀ ਇਲਾਕਿਆਂ ‘ਚ ਰਹਿਣ ਵਾਲੇ ਇਕ ਤਰ੍ਹਾਂ ਦੇ ਸੰਢੇ ਯਾਕ ਦੇ ਸਰੀਰ ਅਤੇ ਮੋਢਿਆਂ ਆਦਿ ‘ਤੇ ਇੰਨੇ ਲੰਬੇ ਵਾਲ ਹੁੰਦੇ ਹਨ ਕਿ ਉਹ ਜ਼ਮੀਨ ਤਕ ਪਹੁੰਚ ਜਾਂਦੇ ਹਨ। ਇਹ ਵਾਲ ਪਹਾੜਾਂ ਦੀ ਕੰਬਦੀ ਸਰਦੀ ਤੋਂ ਇਸ ਦੀ ਰੱਖਿਆ ਕਰਦੇ ਹਨ। ਦੱਖਣੀ ਅਮਰੀਕਾ ਦੇ ਪਰਬਤਾਂ ‘ਤੇ ਰਹਿਣ ਵਾਲੇ ਊਠ ਵਰਗੇ ਜਾਨਵਰ ਅਲਪਾਕਾ ਦੇ ਸਰੀਰ ‘ਤੇ ਸੰਘਣੀ ਉੱਨ ਵਰਗੇ ਵਾਲ ਕੜਕਦੀ ਸਰਦੀ ਤੋਂ ਉਸ ਦਾ ਬਚਾਅ ਕਰਦੇ ਹਨ। ਉੱਤਰੀ ਸਾਇਬੇਰੀਆ ਦੇ ਜਾਨਵਰ ਰੇਡੀਅਰ ਦੀ ਚਮੜੀ ਬਹੁਤ ਮੋਟੀ ਹੁੰਦੀ ਹੈ, ਇਸ ਤੋਂ ਇਲਾਵਾ ਉਸ ਦੇ ਸਰੀਰ ‘ਤੇ ਵਾਲ ਵੀ ਹੁੰਦੇ ਹਨ ਜਿਸ ਨਾਲ ਉਹ ਬਰਫ਼ੀਲੀ ਠੰਢ ਵਿਚ ਆਸਾਨੀ ਨਾਲ ਰਹਿ ਲੈਂਦਾ ਹੈ। ਇਸੇ ਤਰ੍ਹਾਂ ਹਾਥੀ ਅਤੇ ਗੈਂਡੇ ਦੀ ਮੋਟੀ ਚਮੜੀ ਇਨ੍ਹਾਂ ਦੇ ਸਰੀਰ ਦਾ ਤਾਪਮਾਨ ਰੋਕ ਕੇ ਰੱਖਦੀ ਹੈ।
ਜਿਨ੍ਹਾਂ ਦੇ ਸਰੀਰ ‘ਤੇ ਵਾਲ ਅਤੇ ਖੰਭ ਨਹੀਂ ਹੁੰਦੇ, ਉਨ੍ਹਾਂ ਦੇ ਸਰੀਰ ਦੀ ਚਰਬੀ ਦੀ ਪਰਤ ਉਨ੍ਹਾਂ ਨੂੰ ਗਰਮ ਰੱਖਣ ‘ਚ ਮਦਦ ਕਰਦੀ ਹੈ। ਵੇਲ ਮੱਛੀ ਦਾ ਖੂਨ ਹੀ ਗਰਮ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੀ ਚਮੜੀ ਦੇ ਥੱਲੇ ਤੇਲ ਭਰੇ ਟਿਸ਼ੂਆਂ ਦੀ ਪਰਤ ਹੁੰਦੀ ਹੈ ਜੋ ਉਸ ਦਾ ਤਾਪਮਾਨ ਰੋਕਣ ਦਾ ਕੰਮ ਕਰਦੀ ਹੈ। ਇਹ ਚਰਬੀਦਾਰ ਪਰਤ ਸਾਰੇ ਸਰੀਰ ਨੂੰ ਢੱਕ ਕੇ ਰੱਖਦੀ ਹੈ। ਛੋਟੀ ਡੌਲਫਿਨ ‘ਚ ਇਹ ਪਰਤ 2.5 ਸੈਂਟੀਮੀਟਰ ਮੋਟੀ ਹੁੰਦੀ ਹੈ ਜਦੋਂ ਕਿ ਵੱਡੀਆਂ ਵੇਲ ਮੱਛੀਆਂ ਦੀ ਇਹ ਪਰਤ 30 ਤੋਂ 50 ਸੈਂਟੀਮੀਟਰ ਤਕ ਮੋਟੀ ਹੁੰਦੀ ਹੈ।
ਮਗਰਮੱਛ ਤੇ ਸਟਰਜਨ ਮੱਛੀਆਂ ਦੇ ਸਰੀਰ ‘ਤੇ ਹੱਡੀ ਵਾਲੀਆਂ ਪਲੇਟਾਂ ਹੁੰਦੀਆਂ ਹਨ। ਜਿਹੜੀਆਂ ਇਨ੍ਹਾਂ ਦੇ ਸਰੀਰ ਦੇ ਤਾਪ ਨੂੰ ਬਾਹਰ ਨਹੀਂ ਨਿਕਲਣ ਦਿੰਦੀਆਂ। ਦੁਨੀਆਂ ਦੇ ਕਈ ਅਜਿਹੇ ਖੇਤਰ ਹਨ, ਜਿੱਥੇ ਕੜਾਕੇ ਦੀ ਠੰਢ ਪੈਂਦੀ ਹੈ ਅਤੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ। ਅਜਿਹੇ ਵਿਚ ਜੀਵ ਜੰਤੂਆਂ ਲਈ ਭੋਜਨ ਦੀ ਕਮੀ ਹੋ ਜਾਂਦੀ ਹੈ, ਉੱਥੇ ਕੁਦਰਤ ਕੁਝ ਜੀਵਾਂ ਨੂੰ ‘ਸ਼ੀਤ-ਨਿਦਰਾ’ ‘ਚ ਸੁਆ ਦਿੰਦੀ ਹੈ ਅਤੇ ਕੁਝ ਜੀਵ ਸਾਰੀ ਸਰਦੀ ਸੌਂ ਕੇ ਹੀ ਗੁਜ਼ਾਰ ਦਿੰਦੇ ਹਨ। ਇਸ ਸਮੇਂ ਦੌਰਾਨ ਕੁਦਰਤੀ ਉਨ੍ਹਾਂ ਨੂੰ ਭੁੱਖ ਨਹੀਂ ਲੱਗਦੀ। ਸਰਦ ਖੇਤਰਾਂ ਵਿਚ ਰਹਿਣ ਵਾਲੇ ਭਾਲੂ, ਚਮਗਿੱਦੜ, ਗਲਹਿਰੀਆਂ ਆਦਿ ਜੀਵ ‘ਸ਼ੀਤ ਨਿਦਰਾ’ ਵਿਚ ਚਲੇ ਜਾਂਦੇ ਹਨ। ਸੱਪ, ਛਿਪਕਲੀਆਂ, ਤਿਤਲੀਆਂ ਅਤੇ ਹੋਰ ਕੀੜੇ- ਮਕੌੜੇ ਖੁੱਡਾਂ ਆਦਿ ਵਿਚ ਲੁਕ ਕੇ ਸਰਦੀ ਬਿਤਾਉਂਦੇ ਹਨ। ਇਸ ਤਰ੍ਹਾਂ ਕੁਦਰਤੀ ਤੌਰ ‘ਤੇ ਜੀਵ-ਜੰਤੂ ਸਰਦੀ ਤੋਂ ਬਚੇ ਰਹਿੰਦੇ ਹਨ।