4122 ਭਾਰਤੀ ਸਿਆਸਤਦਾਨਾਂ ਉਤੇ ਦਰਜ ਹਨ ਅਪਰਾਧਿਕ ਕੇਸ

4122 ਭਾਰਤੀ ਸਿਆਸਤਦਾਨਾਂ ਉਤੇ ਦਰਜ ਹਨ ਅਪਰਾਧਿਕ ਕੇਸ

ਬਲਾਤਕਾਰ, ਹੱਤਿਆ ਅਤੇ ਅਗਵਾਹ ਵਰਗੇ ਸੰਗੀਨ ਇਲਜ਼ਾਮ

ਨਵੀਂ ਦਿੱਲੀ : ਭਾਰਤ ਵਿਚ ਇਕ ਤਰ੍ਹਾਂ ਨਾਲ ”ਗੁੰਡਿਆਂ” ਦਾ ਹੀ ਰਾਜ ਹੈ। ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਇਕ ਰਿਪੋਰਟ ਮੁਤਾਬਕ ਇਥੋਂ ਦੇ ਲੀਡਰਾਂ ਦੇ ਕੁੱਲ 4122 ਅਪਰਾਧਕ ਮਾਮਲੇ ਅਦਾਲਤਾਂ ਵਿਚ ਲੰਬਿਤ ਹਨ। ਲੋਕ-ਨੁਮਾਇੰਦਿਆਂ ਵਿਰੁੱਧ ਦਰਜ ਮੁਕੱਦਮਿਆਂ ਦੇ ਮਾਮਲੇ ਵਿਚ ਐਮੀਕਸ ਕਿਊਰੀ ਨੇ ਸੁਪ੍ਰੀਮ ਕੋਰਟ ਵਿਚ ਆਪਣਾ ਜਵਾਬ ਦਾਖਲ ਕਰਕੇ ਇਹ ਸੰਖਿਆ ਦਿੱਤੀ ਹੈ। ਦਾਗੀ ਨੇਤਾਵਾਂ ਵਿਚ ਸਾਬਕਾ ਅਤੇ ਮੌਜੂਦਾ ਸੰਸਦ ਅਤੇ ਵਿਧਾਇਕ ਸ਼ਾਮਲ ਹਨ। ਐਮੀਕਸ ਕਿਊਰੀ ਵਿਜੈ ਹੰਸਰੀਆ ਅਤੇ ਸਨੇਹਾ ਕਲਿਤਾ ਨੇ ਰਾਜਾਂ ਅਤੇ ਹਾਈ ਕੋਰਟ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ਉਤੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਰਾਜਨੇਤਾਵਾਂ ਦੇ ਵਿਰੁੱਧ ਕੁੱਲ 4122 ਅਪਰਾਧਕ ਮਾਮਲੇ ਅਦਾਲਤਾਂ ਵਿਚ ਲੰਬਿਤ ਹਨ।1991 ਮਾਮਲੇ ਅਜਿਹੇ ਹਨ ਜਿਨ੍ਹਾਂ ਵਿਚ ਇਲਜ਼ਾਮ ਹੀ ਤੈਅ ਨਹੀਂ ਹੋਏ ਹਨ ਅਤੇ 264 ਮਾਮਲੇ ਅਜਿਹੇ ਹਨ ਜਿਨ੍ਹਾਂ ਦੇ ਟਰਾਇਲ ਉਤੇ ਹਾਈ ਕੋਰਟ ਦੁਆਰਾ ਰੋਕ ਲਗਾਈ ਗਈ ਹੈ।
ਭਾਰਤੀ ਸੁਪਰੀਮ ਕੋਰਟ ਇਸ ਬਾਰੇ ਜਾਂਚ ਅਧਿਕਾਰੀ ਅਸ਼ਵਨੀ ਉਪਾਧਿਆਏ ਦੁਆਰਾ ਦਾਖਲ ਜਾਂਚ ਰਿਪੋਰਟ ਉਤੇ ਸੁਣਵਾਈ ਕਰ ਰਿਹਾ ਹੈ। ਕੋਰਟ ਨੇ ਰਾਜਾਂ ਅਤੇ ਹਾਈਕੋਰਟ ਤੋਂ ਤਮਾਮ ਵਿਧਾਇਕਾਂ ਵਿਰੁਧ ਲੰਬਿਤ ਅਪਰਾਧਕ ਮਾਮਲਿਆਂ ਦੇ ਅੰਕੜਿਆਂ ਦੀ ਮੰਗ ਕੀਤੀ ਸੀ ਤਾਂ ਕਿ ਇਨ੍ਹਾਂ ਦਾ ਛੇਤੀ ਟਰਾਇਲ ਪੂਰਾ ਕਰਨ ਲਈ ਸਪੈਸ਼ਲ ਫਾਸਟ ਟਰੈਕ ਕੋਰਟ ਦੀ ਸਥਾਪਨਾ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਦਾਗੀ ਨੇਤਾਵਾਂ ਉਤੇ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਚਾਰਜਸ਼ੀਟ ਦੇ ਆਧਾਰ ਉਤੇ ਚੋਣ ਲੜਨ ਉਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਧਿਆਨ ਦੇਣਯੋਗ ਹੈ ਕਿ ਚੋਣ ਸੁਧਾਰ ਦੇ ਖੇਤਰ ਵਿਚ ਕੰਮ ਕਰਨ ਵਾਲੀ ਸੰਸਥਾ ਐਸੋਸੀਐਸ਼ਨ ਫਾਰ ਡੇਮੋਕਰੇਟਿਕ ਰਿਫਾਰਮ ਵਲੋਂ ਦੇਸ਼ ਦੇ ਕੁੱਲ 4896 ਵਿਅਕਤੀ ਪ੍ਰਤੀਨਿਧੀਆਂ ਵਿਚੋਂ 4852 ਦੇ ਚੋਣਾਵੀ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਵਿਚ ਕੁੱਲ 776 ਸਾਂਸਦਾਂ ਵਿਚੋਂ 774 ਅਤੇ 4120 ਵਿਧਾਇਕਾਂ ਵਿਚੋਂ 4078 ਵਿਧਾਇਕਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਸ਼ਾਮਲ ਹੈ। ਇਸ ਰਿਪੋਰਟ ਵਿਚ 33 ਫੀਸਦੀ (1581) ਲੋਕ ਨੁਮਾਇੰਦਿਆਂ ਉਤੇ ਅਪਰਾਧਕ ਮਾਮਲੇ ਦਰਜ ਪਾਏ ਗਏ ਹਨ। ਇਨ੍ਹਾਂ ਵਿਚ ਦਾਗੀ ਮੌਜੂਦਾ ਸਾਂਸਦਾਂ ਦੀ ਗਿਣਤੀ 98 ਹੈ ਜਦੋਂ ਕਿ 35 ਨੇਤਾਵਾਂ ਉਤੇ ਤਾਂ ਬਲਾਤਕਾਰ, ਹੱਤਿਆ ਅਤੇ ਅਗਵਾਹ ਵਰਗੇ ਸੰਗੀਨ ਇਲਜ਼ਾਮ ਵੀ ਹਨ।