ਅਮਰ ਮਿਊਜ਼ਿਕ ਅਕੈਡਮੀ ਸਰੀ ਦੇ ਸੰਚਾਲਕ ਅਤੇ ਮਹਾਨ ਕੀਰਨਤੀਏ ਪ੍ਰੋ. ਗੁਰਦੇਵ ਸਿੰਘ ਫੁੱਲ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਘਰਾਣਾ ਐਵਾਰਡ 2018 ਨਾਲ ਵਿਸ਼ੇਸ਼ ਸਨਮਾਨ

ਅਮਰ ਮਿਊਜ਼ਿਕ ਅਕੈਡਮੀ ਸਰੀ ਦੇ ਸੰਚਾਲਕ ਅਤੇ ਮਹਾਨ ਕੀਰਨਤੀਏ ਪ੍ਰੋ. ਗੁਰਦੇਵ ਸਿੰਘ ਫੁੱਲ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਘਰਾਣਾ ਐਵਾਰਡ 2018 ਨਾਲ ਵਿਸ਼ੇਸ਼ ਸਨਮਾਨ

 

ਸਰੀ :’ਕੀਰਤਨ ਮੇਰਾ ਇਸ਼ਕ ਹੈ’ ਪੰਕਤੀ ਅਨੁਸਾਰ ਗੁਰਮਤਿ ਸੰਗੀਤ ਨੂੰ ਸਮਰਪਿਤ ਪ੍ਰੋ. ਗੁਰਦੇਵ ਸਿੰਘ ਫੁੱਲ ਲੋਅਰ ਮੇਨਲੈਂਡ ਵਿੱਚ ਪਿਛਲੇ 32 ਸਾਲ ਤੋਂ ਅਮਰ ਮਿਊਜ਼ਿਕ ਅਕੈਡਮੀ ਸੰਸਥਾ ਰਾਹੀਂ ਪ੍ਰਚਾਰ ਕਰ ਰਹੇ ਹਨ। ਜਿਸ ਵਿੱਚ ਬਹੁਤ ਸਾਰੇ ਸ਼ਾਗਿਰਦ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਅਤੇ ਤਬਲਾ ਸਿੱਖਲਾਈ ਦੇ ਨਾਲ ਜੁੜੇ ਹੋਏ ਹਨ।
ਪੰਥ ਦੇ ਪੁਰਾਤਨ ਕੀਰਤਨੀਏ ਅਤੇ ਕਵਿਤਾ ਦੇ ਉਸਤਾਦ ਪ੍ਰੋ. ਦਰਸ਼ਨ ਸਿੰਘ ਕੋਮਲ (ਨੰਗਲ ਕਲਾਂ) ਦੀ ਯਾਦ ਨੂੰ ਸਮਰਪਿਤ ਗੁਰੂ ਹਰਿ ਰਾਇ ਨੇਤਰਹੀਣ ਕੋਮਲ ਕਲਾ ਕੇਂਦਰ ਹੁਸ਼ਿਆਰਪੁਰ, ਉਨ੍ਹਾਂ ਦੇ ਸ਼ਾਗਿਰਦ ਪੰਥ ਦੇ ਮਹਾਨ ਸ਼੍ਰੋਮਣੀ ਰਾਗੀ ਪ੍ਰਿੰ. ਚੰਨਣ ਸਿੰਘ ਮਜ਼ਬੂਰ ਦੁਆਰਾ ਸਥਾਪਿਤ “ਅਮਰ ਸੰਗੀਤ ਵਿਦਿਆਲਾ” ਦੀ ਇਹ ਸ਼ਾਖਾ ਨੂੰ ਪ੍ਰੋ. ਗੁਰਦੇਵ ਸਿੰਘ ਫੁੱਲ ਅਤੇ ਵੱਡਾ ਪੁੱਤਰ ਪ੍ਰੋ. ਅਮਰੀਕ ਸਿੰਘ ਫੁੱਲ (ਐਮ.ਏ., ਬੀ.ਐੱਡ, ਐਮ.ਫਿੱਲ) ਬੜੇ ਨਿਯਮਿਤ ਤੌਰ ‘ਤੇ ਚਲਾ ਰਹੇ ਹਨ। ਅਮਰ ਮਿਊਜ਼ਿਕ ਅਕੈਡਮੀ ਵਿੱਚ ਸਿਖਲਾਈ ਦੇਣ ਦੇ ਨਾਲ ਨਾਲ ਸਾਰਾ ਪਰਿਵਾਰ ਕੀਰਤਨ ਦੀ ਇਸ ਮਹਾਨ ਪਰੰਪਰਾ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਹੈ ਅਤੇ ਇਸ ਵੇਲੇ ਚੌਥੀ ਪੀੜ੍ਹੀ ਇਸ ਵਿਦਿਆ ਵਿੱਚ ਸ਼ਾਮਿਲ ਹੋ ਚੁੱਕੀ ਹੈ ਜੋ ਕੀਰਤਨ ਦੇ ਨਾਲ ਨਾਲ ਘਰਾਣੇਦਾਰ ਤਬਲੇ ਅਤੇ ਤੰਤੀਸਾਜ਼ਾਂ ਦੀ ਵਿਦਿਆ ਲੈ ਰਹੇ ਹਨ।
ਪੀੜ੍ਹੀ ਦਰ ਪੀੜ੍ਹੀ ਫੁੱਲ ਪਰਿਵਾਰ ਵਿੱਚ ਗੁਰਮਤਿ ਸੰਗੀਤ ਦੀ ਉਪਲੱਬਧੀ ਨੂੰ ਦੇਖ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 4 ਦਸੰਬਰ 2018 ਨੂੰ ਸ. ਗੁਰਨਾਮ ਸਿੰਘ ਜੀ ਅਤੇ ਵਾਈਸ ਚਾਂਸਲਰ ਡਾ. ਬੀ.ਐੱਸ ਘੁੰਮਣ (ਪ੍ਰੋ. ਅਤੇ ਮੁੱਖੀ ਗੁਰਮਤਿ ਸੰਗੀਤ ਵਿਭਾਗ) ਵਲੋਂ ਪ੍ਰੋ. ਗੁਰਦੇਵ ਸਿੰਘ ਜੀ ਫੁੱਲ ਨੂੰ ਵੱਡੇ ਵੀਰ ਪ੍ਰਿੰਸੀਪਲ ਚੰਨਣ ਸਿੰਘ ਮਜਬੂਰ ਗੁਰਮਤਿ ਸੰਗੀਤ ਘਰਾਣਾ ਐਵਾਰਡ 2018 ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਪ੍ਰਾਪਤੀ ਤੋਂ ਬਾਅਧ ਪ੍ਰੋ. ਗੁਰਦੇਵ ਸਿੰਘ ਫੁੱਲ ਵਲੋਂ ਗੁਰੂ ਸਾਹਿਬ ਦੇ ਸ਼ੁਕਰਾਨੇ ਤੋਂ ਉਪਰੰਤ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ, ਡਾ. ਗੁਰਨਾਮ ਸਿੰਘ ਜੀ, ਡਾ. ਕਮਲਜੀਤ ਸਿੰਘ ਅਤੇ ਗੁਰਮਤਿ ਸੰਗੀਤ ਵਿਭਾਗ ਦਾ ਸਾਮੂਹਿਕ ਤੌਰ ‘ਤੇ ਧੰਨਵਾਦ ਕੀਤਾ ਗਿਆ।