ਕਰਤਾਰਪੁਰ ਲਾਂਘੇ ‘ਤੇ ਸਿਆਸਤ ਨਾ ਖੇਡੇ ਭਾਰਤ : ਇਮਰਾਨ ਖ਼ਾਨ

ਕਰਤਾਰਪੁਰ ਲਾਂਘੇ ‘ਤੇ ਸਿਆਸਤ ਨਾ ਖੇਡੇ ਭਾਰਤ : ਇਮਰਾਨ ਖ਼ਾਨ

ਇਸਲਾਮਾਬਾਦ : ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਉਨ੍ਹਾਂ ਦੀ ਪਹਿਲਕਦਮੀ ਨੂੰ ਭਾਰਤ ਵਲੋਂ ਸਿਆਸੀ ਰੰਗਤ ਚਾੜ੍ਹਨ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬਹੁਤ ਹੀ ਅਫ਼ਸੋਸਨਾਕ ਦੱਸਿਆ। ਪਾਕਿ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੁਹੰਮਦ ਫੈਸਲ ਨੇ ਕਿਹਾ ਕਿ ਇਸਲਾਮਾਬਾਦ ਵੱਲੋਂ ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਬਾਵਜੂਦ ਦੋਵਾਂ ਮੁਲਕਾਂ ਦਰਮਿਆਨ ਕਸ਼ਮੀਰ ‘ਪ੍ਰਮੁੱਖ ਮੁੱਦਾ’ ਰਹੇਗਾ। ਪਾਕਿਸਤਾਨ ਸਰਕਾਰ ਨੇ ਪਿਛਲੇ ਮਹੀਨੇ ਭਾਰਤੀ ਸਿੱਖਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਵੀਜ਼ਾ ਮੁਕਤ ਲਾਂਘਾ ਦੇਣ ਲਈ ਨੀਂਹ ਪੱਥਰ ਰੱਖਿਆ ਸੀ। ਸਿੱਖਾਂ ਲਈ ਕਰਤਾਰਪੁਰ ਸਾਹਿਬ ਬਹੁਤ ਹੀ ਮੁਕੱਦਸ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ ਤੇ ਖੇਤੀ ਕੀਤੀ ਸੀ। ਡਾਅਨ ਅਖ਼ਬਾਰ ਨੇ ਲਿਖਿਆ ਹੈ ਕਿ ਸ੍ਰੀ ਖ਼ਾਨ ਨੇ ਕੈਬਨਿਟ ਦੀ ਮੀਟਿੰਗ ਵਿਚ ਆਖਿਆ ”ਭਾਰਤੀ ਮੀਡੀਆ ਇਸ ਮੁੱਦੇ ਨੂੰ ਸਿਆਸੀ ਰੰਗਤ ਦੇ ਰਿਹਾ ਹੈ ਜਿਵੇਂ ਕਿ ਅਸੀਂ ਕਿਸੇ ਕਿਸਮ ਦਾ ਸਿਆਸੀ ਫਾਇਦਾ ਲੈਣ ਲਈ ਇਹ ਸਭ ਕੁਝ ਕੀਤਾ ਹੋਵੇ। ਇਹ ਸਹੀ ਨਹੀਂ ਹੈ। ਅਸੀਂ ਇਹ ਤਾਂ ਕੀਤਾ ਕਿਉਂਕਿ ਇਹ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੈਨੀਫੈਸਟੋ ਦਾ ਹਿੱਸਾ ਸੀ।” ਜਨਾਬ ਖ਼ਾਨ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਲਾਂਘਾ ਖੋਲ੍ਹਣ ਦੀ ਕਾਰਵਾਈ ਦਾ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਲਈ ਕਰਤਾਰਪੁਰ ਦਾ ਉਹੀ ਮੁਕਾਮ ਹੈ ਜੋ ਸਾਡੇ ਮੁਸਲਮਾਨਾਂ ਲਈ ਮਦੀਨਾ ਹੈ। ਇਸੇ ਦੌਰਾਨ ਭਾਰਤ ਨੇ ਅੱਜ ਕਿਹਾ ਹੈ ਕਿ ਉਹ ਆਸ ਕਰਦਾ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਘੇ ਸਬੰਧੀ ਆਪਣੇ ਐਲਾਨਾਂ ਉੱਤੇ ਤੇਜੀ ਨਾਲ ਅਮਲ ਕਰੇਗਾ।