ਅਗੂੰਠਾ ਛਾਪ ਕਲਚਰ ਕਨੇਡਾ ਦੀ ਰਾਜਨੀਤੀ ਵਿਚ ਵੀ?

ਅਗੂੰਠਾ ਛਾਪ ਕਲਚਰ ਕਨੇਡਾ ਦੀ ਰਾਜਨੀਤੀ ਵਿਚ ਵੀ?

ਰਾਜ ਗਰੇਵਾਲ ਦੀ ਰਾਜਨੀਤੀ ਵਿਚ ‘ਮਾਰੀਆਂ ਮੱਲਾਂ’ ਨੂੰ ਲੈ ਕੇ ਕਨੇਡਾ ਦੇ ਠੰਡੇ ਮੌਸਮ ਵਿਚ ਵੀ ਰਾਜਨੀਤਕ ਗਰਮੀ ਰਹੀ ਅਤੇ ਚੰਗਾ ਵੱਡਾ ਵਿਵਾਦ ਛਿੜਿਆ ਰਿਹਾ ਜਿਹੜਾ ਇਨੀ ਦਿਨੀ ਹੋਰ ਭੱਖ ਉੱਠਿਆ ਜਦ ਰਾਜ ਗਰੇਵਾਲ ਨੇ ਹਿੰਦੋਸਤਾਨ ਦੇ ਲੀਡਰਾਂ ਤਰ੍ਹਾਂ ਅਸਤੀਫਾ ਦੇਣੋਂ ਹੀ ਨਾਂਹ ਕਰ ਦਿੱਤੀ? ਤੁਹਾਨੂੰ ਸੋਚਣ ਦਾ ਹੱਕ ਹੈ ਕਿ ਕਨੇਡਾ ਵਿਚ ਪੰਜਾਬ ਜਾਂ ਹਿੰਦੋਸਤਾਨ ਵਰਗੀ ਕੁਰੱਪਟ ਰਾਜਨੀਤੀ ਪੈਰ ਕਿਉਂ ਨਹੀ ਪਸਾਰ ਰਹੀ ਹੈ। ਬਿੱਲਕੁਲ ਪਸਾਰ ਰਹੀ ਹੈ ਅਤੇ ਇਹ ਕੋਈ ਪਹਿਲੀ ਅਤੇ ਨਵੀ ਗਲ ਨਹੀ ਯਾਣੀ ਪਹਿਲਾਂ ਵੀ ਹੋ ਚੁੱਕਾ ਹੋਇਆ।
ਹਾਲੇ ਕੱਲ ਦੀਆਂ ਗੱਲਾਂ ਜਦ ਹੈਮਲਿੰਟਨ ਦੀਆਂ ਸੂਬੇ ਦੀਆਂ ਚੋਣਾਂ ਵੇਲੇ ਮਿਸਟਰ ਪੈਟਰਕਿ ਬਰਾਊਨ ਨੇ ‘ਪਿੱਛਲੀ ਦਖਲਅੰਦਾਜੀ’ ਕਾਰਨ ਨਾਮੀਨੇਸ਼ਨ ਦੀ ਚੋਣ ਲੜ ਰਹੇ ਸ੍ਰ ਵਿਕਰਮਜੀਤ ਸਿੰਘ ਨੂੰ ਹਰਾਉਂਣ ਖਾਤਰ ਵੋਟਾਂ ਦੀ ਗਿਣਤੀ ਵੇਲੇ ਸ਼ਰੇਆਮ ਧਾਂਦਲੀ ਕੀਤੀ ਜਿਸ ਦਾ ਖਮਿਆਜਾ ਮਿਸਟਰ ਬਰਾਊਨ ਨੂੰ ਭੁਗਤਣਾ ਪਿਆ। ਠੇਠ ਪੰਜਾਬੀ ਵਿਚ ਕਹਿਣਾ ਹੋਵੇ ਤਾਂ ਐਨ ਉਸ ਦੀ ਪੱਕੀ ਫਸਲ ਉਪਰ ਗੜੇਮਾਰ ਹੋਈ?
ਜਗਦੀਸ਼ ਗਰੇਵਾਲ ਦੇ ਮੁੰਡੇ ਨੂੰ ਹਰਾਉਂਣ ਲਈ ਪਿੱਛੋਂ ਭਾਜਪਾ ਵਰਗੇ ਅਤੇ ਆਰ ਐਸ ਐਸ ਨਾਲ ਜੁੜੀਆਂ ਤਾਰਾਂ ਵਾਲਿਆਂ ਵੀ ਇਥੇ ਪਹੁੰਚ ਕੇ ਚੰਗੇ ਕਰੰਟ ਮਾਰੇ? ਯਾਣੀ ਪਿੱਛੋਂ ਵਾਲੀ ਰਾਜਨੀਤੀ ਇਥੇ ਅਪਣੇ ਪੈਰ ਪਸਾਰਨ ਲੱਗ ਗਈ ਹੈ ਅਤੇ ਉਹ ਵੀ ਦਿਨ ਦੂਰ ਨਹੀ ਜਿਸ ਦਿਨ ਕਾਲੀ-ਭਾਜਪਾ ਜਾਂ ਕਾਂਗਰਸ ਗੱਠਜੋੜ ਇਥੇ ਵੀ ਬਣਨ ਲੱਗਣਗੇ?
ਗੱਲ ਹੋਰ ਪਾਸੇ ਚਲੇ ਗਈ। ਸਾਡੇੇ ਨਿਆਣਿਆਂ ਨੂੰ ਰਾਜਨੀਤੀ ਵਿਚ ਆਉਂਣਾ ਚਾਹੀਦਾ, ਕਿਉਂ ਨਹੀ ਆਉਣਾ ਚਾਹੀਦਾ ਪਰ ਤੁਸੀਂ ਬਹੁ ਗਿਣਤੀ ਇਨ੍ਹਾਂ ਦੇ ਆਉਂਣ ਦੇ ਤੌਰ ਤਰੀਕੇ ਜਦ ਦੇਖੋਂਗੇ ਤਾਂ ਇਨ ਬਿਨ ਪੰਜਾਬ ਵਾਲੇ?
ਗਿਆਨੀ ਕਰਤਾਰ ਸਿੰਘ ਵਰਗਿਆਂ ਤੋਂ ਹੁੰਦਾ ਹੋਇਆ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਗਿਆਨੀ ਜੈਲ ਸਿੰਘ ਵਰਗਿਆਂ ਤੋਂ ਲੰਘ ਕੇ ਬਾਦਲਕਿਆਂ ਤੱਕ ਤੁਸੀਂ ਦੇਖੋਂਗੇ ਕਿ ਧਰਮ ਯਾਣੀ ਕਿਵੇਂ ਰਾਜਨੀਤੀ ਦੇ ਕੋਠੇ ਛਾਲ ਮਾਰਨ ਲਈ ਗੁਰਦੁਆਰਿਆਂ ਨੂੰ ਪਉੜੀ ਤਰ੍ਹਾਂ ਵਰਤਿਆ ਗਿਆ? ਪਰ ਕੀ ਇਥੇ ਨਹੀ ਵਰਤਿਆ ਗਿਆ ਜਾਂ ਵਰਤਿਆ ਜਾ ਰਿਹਾ?
ਮੇਰਾ ਵੀ ਥੋੜਾ ਚਿਰ ਗੁਰਦੁਆਰੇ ਨਾਲ ਸਿੱਧਾ ਸਬੰਧ ਰਿਹਾ ਪਰ ਉਥੇ ‘ਵੱਡੇ ਚੌਧਰੀਆਂ’ ਵਿਚ ਚਰਚਾ ਹੀ ਇਹ ਹੁੰਦੀ ਸੀ ਕਿ ਰਾਜਨੀਤੀ ਵਿਚ ਉਤਰਨਾ ਤਾਂ ਗੁਰਦੁਆਰਾ ਯਾਣੀ ਸਟੇਜ ਯਾਣੀ ਪਲੇਟਫਾਰਮ ਹੋਣਾ ਜਰੁਰੀ ਹੈ। ਵਰਤਣ ਦੀ ਕੋਸ਼ਿਸ਼ ਵੀ ਹੋਈ ਪਰ ਵਰਤਣ ਵਾਲਿਆਂ ਦੀ ਔਕਾਤ ਹੀ ਵਿਚਾਰਿਆਂ ਦੀ ‘ਘਰ ਦੀਆਂ ਵੋਟਾਂ’ ਤੱਕ ਹੀ ਸੀ ਇਸ ਲਈ ਪਉੜੀ ਲੱਗੀ ਨਹੀ।
ਸਾਡਾ ਮੰਨਣਾ ਹੈ ਕਿ ਰਾਜਨੀਤਕਾਂ ਨਾਲ ਸਬੰਧ ਜੋੜਨ ਲਈ ਪਲੇਟਫਾਰਮ ਹੋਣਾ ਜਰੂਰੀ ਹੈ ਤੇ ਉਹ ਗੁਰਦੁਆਰੇ ਤੋਂ ਵੱਡਾ ਕੋਈ ਨਹੀ ਹੋ ਸਕਦਾ ਜਿਥੇ ਤੁਹਾਡੇ ਸਾਡੇ ਸਿਰਾਂ ਨੂੰ ਦਿਖਾ ਕੇ ਵੱਡੇ ਲੀਡਰਾ ਦੀ ਬੱਲੇ ਬੱਲੇ ਲਈ ਜਾ ਸਕਦੀ। ਇਹ ਨਜਾਰਾ ਤੁਸੀਂ ਨਗਰਕੀਰਤਨਾ ਵਿਚ ਆਮ ਦੇਖ ਸਕਦੇ ਹੋਂ ਜਿਥੇ ਇਤਿਹਾਸਕ ਮੱਹਤਤਾ ਨਾਲੋਂ ਲੀਡਰਾਂ ਦੀ ਮੱਹਤਤਾ ਜਿਆਦਾ ਹੁੰਦੀ ਅਤੇ ਜਿਥੇ ਪਹਿਲਾਂ ਮੀਟਿੰਗਾਂ ਵਿਚ ਜਿਆਦਾ ਜੋਰ ਹੀ ਇਸ ਗੱਲੇ ਲੱਗਾ ਹੁੰਦਾ ਕਿ ਕਿਹੜੇ ਲੀਡਰ ਨੂੰ ਕਿੰਨਾ ਸਮਾ ਦੇ ਕੇ ਉਸ ਦੀ ਬੋਰਿੰਗ ਅੰਗਰੇਜੀ ਲੋਕਾਂ ਨੂੰ ਸੁਣਾਉਂਣੀ? ਨਹੀ ਤਾਂ ਤੁਸੀਂ ਕਦੇ ਮੱਸਜਦ, ਚਰਚ ਵਿਚ ਲੀਡਰ ਭਾਸ਼ਣ ਕਰਦੇ ਸੁਣੇ? ਤੇ ਕੀ ਇਹੀ ਕੁਝ ਪੰਜਾਬ ਦੇ ਵੱਡੇ ਇਤਿਹਾਸਕ ਦਿਨਾ ਉਪਰ ਨਹੀ ਹੁੰਦਾ? ਅਖਾੜੇ ਨਹੀ ਲੱਗਦੇ? ਫਰਕ ਕੀ ਹੋਇਆ? ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਗੰਦਲਾ ਕਹਿਣ ਦਾ ਹੱਕ ਕੀ ਗਵਾ ਨਹੀ ਲਿਆ?
ਜੇ ਕੋਈ ਗੁਰਦੁਆਰੇ ਦਾ ਚੌਧਰੀ ਯਾਣੀ ਕੋਈ ਛੋਟਾ ਚੌਧਰੀ ਵੱਡਾ ਕੋਠਾ ਨਾ ਟੱਪ ਸਕੇ ਜਾਂ ਉਸ ਦੇ ਨਿਆਣੇ ਦੀਆਂ ਲੱਤਾਂ ਵੱਡੀਆਂ ਨਾ ਹੋਣ ਤਾਂ ਉਹ ਛੋਟੇ ਕੋਠੇ ਹੀ ਚਾਹੜ ਦਿੰਦੇ ਯਾਣੀ ਕਿਸੇ ਚੰਗੀ ਪੋਸਟ ਜਾਂ ਜੌਬ? ਇਹ ਮੈਂ ਨਾਮ ਲਿਖ ਲਿਖ ਦੱਸ ਚੁੱਕਾ ਹੋਇਆ ਕੌਣ ਕਿਥੇ ਪਹੁੰਚਾ। ਇੱਕ ਲੰਮੀ ਲਿਸਟ ਹੈ ਸਾਡੇ ਕੋਲੇ ਪਰ ਇਥੇ ਕਹਾਣੀ ਲੰਮੀ ਹੋ ਜਾਊ ਅਤੇ ਉਸ ਤੋਂ ਬਾਅਦ ਤਾਂ ਸੁੱਖ ਨਾ ਹੋਰ ਕਾਫੀ ਵਾਧਾ ਹੋਇਆ ਸਾਡੀ ‘ਤਰੱਕੀ’ ਵਿਚ, ਇਹ ਵੀ ਕਿ ਹਾਲੇ ਹੋਰ ਲੰਗੋਟ ਵੀ ਕੱਸੇ ਜਾ ਰਹੇ ਹਨ ਤੇ ਇਹ ਕੱਸੇ ਜਾਂਦੇ ਰਹਿਣਗੇ ਜਿੰਨਾ ਚਿਰ ਸਿੱਖ ਭਾਈਚਾਰਾ ਪਾਸੇ ਖੜੋਤਾ ਇਹਨਾਂ ਦਾ ਤਮਾਸ਼ਾ ਦੇਖਦਾ ਰਹੇਗਾ।
ਸਾਰੇ ਨਹੀ ਪਰ ਬਹੁਤੇ ਅਪਣੇ ਰਾਜਨੀਤੀ ਵਿਚ ਉਤਰੇ ਨਿਆਣਿਆਂ ਦਾ ਪਿਛੋਕੜ ਦੇਖ ਲਓ ਸਿੱਧਾ ਜਾਂ ਅਸਿੱਧਾ ਸਬੰਧ ਅਜਿਹੀ ਹੀ ਰਾਜਨੀਤੀ ਨਾਲ ਹੈ ਯਾਣੀ ਗੁੰਗੀ ਰਾਜਨੀਤੀ ਜਾਂ ਕੁਰਪੱਟ! ਕਿਉਂ? ਕਿਉਂਕਿ ਉਥੇ ਤੱੱਕ ਪਹੁੰਚਾਉਂਣ ਵਾਲਾ ਰਸਤਾ ਹੀ ਕੁਰਪੱਟ ਚੁਣਿਆ ਗਿਆ? ਉਨ੍ਹਾਂ ਨੂੰ ਗਾਈਡ ਹੀ ਉਹ ਲੋਕ ਕਰ ਰਹੇ ਜਿੰਨਾ ਵਿਚੋਂ ਬਹੁਤੇ ਗੁਰੁ ਘਰਾਂ ਵਿਚ ਇਹ ਸਭ ਕਰ ਚੁੱਕੇ ਕਿ ਵੋਟਾਂ ਦੀ ਜੋੜ ਤੋੜ ਕਿਵੇਂ ਕਰਨੀ, ਪਉੜੀ ਕਿਵੇਂ ਲਾਉਂਣੀ, ਮਿੱਟੀ ਵਿਚੋਂ ਸੋਨਾ ਕਿਵੇਂ ਕੱਢਣਾ?
ਯਾਦ ਰਹੇ ਕਿ ਰਾਜਨੀਤੀ ਵਿਚ ਉਤਰਨ ਲਈ ਤੁਹਾਡੇ ਨਿਆਣੇ ਦੀ ਬਹੁਤੀ ਲਿਆਕਤ ਦਾ ਹੋਣਾ ਜਰੂਰੀ ਨਹੀ। ਪਿਓ ਦੇ ਸਿੱਧੇ ਜਾਂ ਪੁੱਠੇ ਪੈਸੇ ਕਮਾਏ ਹੋਏ ਹੋਣੇ ਚਾਹੀਦੇ, ਦੋ ਚਾਰ ਲੱਖ ਦਾ ‘ਜੂਆ’ ਖੇਡ ਸਕਦਾ ਹੋਣਾ ਚਾਹੀਦਾ, ਕਿਸੇ ਗੁਰਦੁਆਰੇ ਨਾਲ ਸਿੱਧੇ ਜਾਂ ਅਸਿੱਧੇ ਸਬੰਧ ਬਣੇ ਹੋਣੇ ਚਾਹੀਦੇ, ਇੱਕ ਦੋ ਕੱਬਡੀ ਕਲੱਬ ਤੇ ਇੱਕ ਦੋ ਮੀਡੀਆਕਾਰ ਪੱਕੇ? ਕੁੜੀ ਜਾਂ ਮੁੰਡਾ ਤੁਹਾਡਾ ਲੀਡਰ? ਜਾਂ ਪਿਓ ਪੰਜਾਬ ਵਾਲੇ ਕਿਸੇ ਸਾਧ ਜਾਂ ਕਾਰਸੇਵੀਏ ਦਾ ਚੇਲਾ। ਯਾਦ ਰਹੇ ਕਿ ਕਾਰਸੇਵੀਆਂ ਦਾ ਪੈਸਾ ਵੀ ਅੱਸਿਧੇ ਤਰੀਕੇ ਕਿਵੇਂ ਰਾਜਨੀਤਕ ਘੋੜੇ ਤਿਆਰ ਕਰਨ ਲਈ ਵਰਤਿਆ ਜਾਂਦਾ, ਇਸ ਦੀ ਵੀ ਹਵਾ ਹੈ ਅਤੇ ਨਿਆਣੇ ਅਪਣੇ ਦਾ ਸਿੱਖੀ ਸਰੂਪ ਦਿਖਾ ਫਸਲ ਖਰੀ ਕੀਤੀ ਜਾਂਦੀ ਹੈ, ਇਹ ਗੱਲ ਵੀ ਗੁੱਝੀ ਨਹੀ ਪਰ ਬੋਲ ਕੇ ਕੋਈ ਵੀ ‘ਆ ਬੈਲ ਮੁਝੇ ਮਾਰ’ ਤੋਂ ਡਰਦਾ, ਮੈਂ ਵੀ?
ਗੁੰਗੀ ਰਾਜਨੀਤੀ ਤੋਂ ਯਾਦ ਆਇਆ ਪਰ ਫਿਰ ਵੀ ਮੈਂ ਬੀਤ ਚੁੱਕੀ, ਅਖਬਾਰਾਂ ਪੜ੍ਹ ਕੇ ਆਉਂਣ ਵਾਲਿਆਂ ਜਾਂ ਪਰਿਵਾਰ ਵਿਛੋੜੇ ਵਾਲੇ ਸਾਧ ਤਰ੍ਰ੍ਹਾਂ ਜੁੱਤੀ ਲਾਹ ਕੇ ਪਾਰਲੀਮਿੰਟ ਵਿਚ ਘਰਾੜੇ ਮਾਰ ਕੇ ਆ ਜਾਣ ਵਾਲਿਆਂ ਦੀ ਗੱਲ ਨਾ ਕਰਦਾ ਹੋਇਆ ਤਾਜੀ ਆਟਵਾ ਦੀ ਐਮ ਐਲ ਏ ਫ੍ਰੈਂਚ ਕੁੜੀ ਦੀ ਗੱਲ ਵੰਨੀ ਆਵਾਂਗਾ ਕਿ ਆਟਵਾ ਦੀ ਉਸ ਫ੍ਰੈਚ ਕੁੜੀ ਨੂੰ ਜਦ ਪਤਾ ਲੱਗਾ ਕਿ ਮਿਸਟਰ ਡੱਗ ਫੋਰਡ ਨੇ ਉਸ ਦੀ ਫ੍ਰੈਂਚ ਬੋਲੀ ਲਈ ਟਰੰਟੋ ਵਿਖੇ ਫਰੈਂਚ ਭਾਸ਼ਾ ਨਾਲ ਸਬੰਧਤ ਯੂਨੀਵਰਸਿਟੀ ਦੇ ਰੱਖੇ ਬੱਜਟ ਉਪਰ ਵੀ ਟੋਕਾ ਫੇਰ ਦਿੱਤਾ ਹੈ ਤਾਂ ਅਪਣੀ ਲਿਆਕਤ ਦੇ ਸਿਰ ਤੇ ਰਾਜਨੀਤੀ ਵਿਚ ਉਤਰੀ ਗੈਰਤਮੰਦ ਕੁੜੀ ਨੇ ਅਸਤੀਫਾ ਚਲਾ ਕੇ ਫੋਰਡ ਦੇ ਪੈਰਾਂ ਵਿਚ ਮਾਰਿਆ ਕਿ ਮੈਂ ਅਪਣੇ ਲੋਕਾਂ ਦੀ ਹਾਂ ਤਾਂ ਅਪਣੇ ਲੋਕਾਂ ਲਈ ਹੀ ਰਹਾਂਗੀ ਨਹੀ ਤਾਂ ਆਹ ਚੱਕ ਸਾਂਭ ਕੁੰਜੀਆਂ? ਯਾਦ ਰਹੇ ਕਿ ਉਹ ਕੁੜੀ ਹਾਲੇ ਟਰੰਟੋ ਵਿਚੋਂ ਜਿੱਤ ਕੇ ਨਹੀ ਸੀ ਗਈ ਯਾਣੀ ਉਸ ਦਾ ਹਲਕਾ ਨਹੀ ਸੀ।
ਪਰ ਉਧਰ ਅਪਣੇ ਪਿਓਆਂ ਦੇ ਚੰਡੇ ਪੁੱਤ? ਯਾਣੀ ਸਾਡੇ ਵਾਲੇ? ਜਿਸ ਸ਼ਹਿਰ ਵਿਚੋਂ ਜਿੱਤ ਕੇ ਗਏ ਉਸ ਸ਼ਹਿਰ ਖਾਤਰ ਹੀ ਅਵਾਜ ਨਾ ਕੱਢ ਸਕੇ? ਬ੍ਰੈਪਟਨ ਦੀ ਯੂਨੀਵਰਸਿਟੀ ਰੱਦ? ਬ੍ਰੈਪਟਨ ਦੇ ਐਲਾਨ ਹੋਏ ਹਸਪਤਾਲ ਉਪਰ ਆਉਦਿਆਂਾਂ ਹੀ ਟੋਕਾ? ਪਰ ਬ੍ਰੈਪਟਨ ਦੇ ਲੋਕਾਂ ਵੱਲੋਂ ਕੁਰਸੀਆਂ ਮੱਲੀ ਬੈਠੇ ਚੁੱਪ? ਗੁੰਗੇ? ਤੁਹਾਡੇ ਸਿਟੀ ਵਿਚ ਭੇਜੇ ਵੀ ਕੋਈ ਨਾ ਬੋਲੇ? ਅਪਣੇ ਹੀ ਸ਼ਹਿਰ ਲਈ ਚੁੱਪ?
ਯਾਦ ਰਹੇ ਕਿ ਲਿਬਰਲ ਪਾਰਟੀ ਵਲੋਂ ਬ੍ਰੈਪਟਨ ਵਿਚ ਯੂਨੀਵਰਸਿਟੀ ਅਤੇ ਅਬਾਦੀ ਨੂੰ ਦੇਖਦੇ ਹੋਏ ਇੱਕ ਹੋਰ ਹਸਪਤਾਲ ਬਣਾਉਂਣ ਦਾ ਐਲਾਨ ਅਤੇ 90 ਮਿਲੀਅਨ ਡਾਲਰ ਪਾਸ ਕੀਤਾ ਗਿਆ ਸੀ ਪਰ ਡੱਗ ਫੋਰਡ ਨੇ ਆਉਦਿਆਂ ਸਾਰ ਹੀ ਸਭ ਤੋਂ ਪਹਿਲਾ ਕੁਹਾੜਾ ਹੀ ਇਨ੍ਹਾਂ ਉਪਰ ਵਾਹਿਆ। ਜਦ ਕਿ ਦੂਜੇ ਪਾਸੇ ਲਿਬਰਲ ਦੇ ਹੀ ਪਾਸ ਕੀਤੇ ਹੋਏ ਹੈਮਲਿੰਟਨ ਲਈ 1000 ਮਿਲੀਅਨ ਅਤੇ ਮਿਸੀਸਾਗਾ ਲਈ 1500 ਮਿਲੀਅਨ ਪਾਸ?
ਮੈਂ ਪਹਿਲਾਂ ਵੀ ਕਿਹਾ ਸੀ ਕਿ ਤੁਹਾਡੇ ਲੀਡਰਾਂ ਦੀ ਗੁੰਗੀ ਰਾਜਨੀਤੀ ਕਾਰਨ ਬ੍ਰੈਪਟਨ ਨੂੰ ਕੀ ਚੌਥੇ ਪਾਉਂੜੇ ਵਾਲੇ ਨਹੀ ਸਮਝਿਆ ਗਿਆ?
ਤੁਹਾਡੇ ਸ਼ਹਿਰ ਨਾਲੋਂ ਤਾਂ ਉਹ ਕੁੜੀ ਹੀ ਚੰਗੀ ਜਿਹੜੀ ਕਿ ਬ੍ਰੈਪਟਨ ਵਿਚੋਂ ਜਿੱਤੀ ਵੀ ਨਹੀ ਪਰ ਅਪਣੀ ਬੋਲੀ ਲਈ ਓੌਟਵਾ ਬੈਠੀ ਵੀ ਬੋਲ ਰਹੀ?
ਤੁਸੀਂ ਕਹਿੰਨੇ ਪੰਜਾਬ ਵਾਲੇ ਬਾਹਲੇ ਯੈਸ ਸਰ ਜਾਂ ਅੰਗੂਠਾ ਲਾਊ ਯਾਣੀ ਜੀ ਹਜੂਰ ਜਥੇਦਾਰ ਨੇ ਪਰ ਆਹ ਤੁਹਾਡੇ ਵਾਲੇ? ਵੋਟਾਂ ਦੇਣ ਵਾਲੇ ਕਦੇ ਇਨ੍ਹਾਂ ਗੁਲਾਮ ਮਾਨਸਿਕਤਾ ਵਾਲੇ ਲੀਡਰਾਂ ਨੂੰ ਸਵਾਲ ਕਰਨਗੇ?
ਗੁਰਦੇਵ ਸਿੰਘ ਸੱਧੇਵਾਲੀਆ