ਧੀਆਂ ਨੂੰ ਮੌਕਾ ਤਾਂ ਦਿਓ

ਧੀਆਂ ਨੂੰ ਮੌਕਾ ਤਾਂ ਦਿਓ

ਬਹੁਤ ਕੁਝ ਬਦਲਣ ਦੇ ਬਾਵਜੂਦ ਵੀ ਅਜੇ ਤਕ ਸਾਡੀ ਮਾਨਸਿਕਤਾ ਵਿਚ ਇਹ ਗੱਲ ਡੂੰਘੀ ਧਸੀ ਹੋਈ ਹੈ ਕਿ ਕੁੜੀਆਂ ਤਾਂ ਕੁੜੀਆਂ ਨੇਸ਼ਕੁੜੀਆਂ ਦਾ ਕੀ ਏਸ਼। ਇਹ ਗੱਲ ਉਦੋਂ ਵਾਪਰ ਰਹੀ ਹੈ ਜਦੋਂ ਪਿਛਲੇ ਕੁਝ ਸਾਲਾਂ ਵਿਚ ਕੁੜੀਆਂ ਨੇ ਜ਼ਿੰਦਗੀ ਦੇ ਹਰ ਖੇਤਰ ਵਿਚ ਆਪਣੀ ਮਿਹਨਤ, ਦ੍ਰਿੜ ਇਰਾਦੇ ਅਤੇ ਆਤਮ-ਵਿਸ਼ਵਾਸ ਦੇ ਬਲਬੂਤੇ ਬੁਲੰਦੀਆਂ ਹਾਸਲ ਕੀਤੀਆਂ ਹਨ। ਹਰ ਖੇਤਰ ਵਿਚ ਕੁੜੀਆਂ ਨੇ ਆਪਣੀ ਸੂਝ-ਬੂਝ ਤੇ ਲਿਆਕਤ ਦੀ ਮੋਹਰ ਲਾਈ ਹੈ। ਕੁੜੀਆਂ ਨੂੰ ਕਮਜ਼ੋਰ ਸਮਝ ਕੇ ਪਹਿਲਾਂ ਜਿਹੜੇ ਮਹਿਕਮਿਆਂ ਵਿਚ ਭਰਤੀ ਨਹੀਂ ਕੀਤਾ ਜਾਂਦਾ ਸੀ, ਉਨ੍ਹਾਂ ਵਿਚ ਭਰਤੀ ਹੋ ਕੇ ਕੁੜੀਆਂ ਨੇ ਆਪਣੀ ਯੋਗਤਾ, ਸ਼ਕਤੀ ਤੇ ਸਮਰੱਥਾ ਦਾ ਭਰਵਾਂ ਪ੍ਰਗਟਾਵਾ ਕੀਤਾ ਹੈ। ਸੀਮਾ ਸੁਰੱਖਿਆ ਬਲ ਦੀਆਂ ਵਰਦੀਧਾਰੀ, ਹਥਿਆਰਾਂ ਨਾਲ ਲੈਸ ਮੁਟਿਆਰਾਂ ਨੇ ਬਹੁਤ ਕਠਿਨ ਪ੍ਰਸਥਿਤੀਆਂ ਵਿਚ ਵੀ ਸਰਹੱਦਾਂ ‘ਤੇ ਰਾਤ ਦਿਨ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਅ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਮਰਦਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ।
ਇਸ ਸਭ ਦੇ ਬਾਵਜੂਦ ਅਜੇ ਵੀ ਕੁੜੀਆਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਨੇਕਾਂ ਵਿਤਕਰੇ, ਬੰਦਿਸ਼ਾਂ, ਜ਼ਾਬਤੇ ਤੇ ਦੀਵਾਰਾਂ ਉਨ੍ਹਾਂ ਦੇ ਰਾਹ ਦੀ ਰੁਕਾਵਟ ਬਣਦੇ ਹਨ। ਕੁੜੀਆਂ ਨਾਲ ਵਿਤਕਰੇ ਦਾ ਸਿਲਸਿਲਾ ਤਾਂ ਧੀ ਦੇ ਜੰਮਣ ਦੇ ਰਾਹ ਵਿਚ ਪਾਏ ਅੜਿੱਕਿਆਂ ਤੋਂ ਹੀ ਆਰੰਭ ਹੋ ਜਾਂਦਾ ਹੈ। ਕਿਸੇ ਦਾ ਜੰਮਣ ਦਾ ਹੱਕ ਹੀ ਖੋਹ ਲਿਆ ਜਾਵੇ, ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ। ਜੇ ਕੁੜੀਆਂ ਜੰਮ ਹੀ ਪੈਣ ਤਾਂ ਪਾਲਣ-ਪੋਸ਼ਣ ਤੋਂ ਲੈ ਕੇ ਪੜ੍ਹਾਈ ਤੇ ਜ਼ਿੰਦਗੀ ਦੇ ਹਰ ਕਦਮ ‘ਤੇ ਉਸ ਨੂੰ ਵਿਰੋਧਾਂ ਤੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੇ ਮਾਪੇ ‘ਜ਼ਮਾਨਾ ਬਹੁਤ ਖ਼ਰਾਬ ਹੈ’ ਕਹਿ ਕੇ ਆਪਣੀਆਂ ਧੀਆਂ ਨੂੰ ਪੜ੍ਹਾਈ ਤੋਂ ਹੀ ਵਾਂਝਾ ਕਰ ਦਿੰਦੇ ਹਨ। ਜਦੋਂ ਕਿ ਮੁੰਡਿਆਂ ‘ਤੇ ਅਜਿਹੀ ਕੋਈ ਪਾਬੰਦੀ ਨਹੀਂ ਲਾਈ ਜਾਂਦੀ। ਆਪਣੀ ਜ਼ਿੰਦਗੀ ਦੇ ਹੋਰ ਫ਼ੈਸਲੇ ਲੈਣ ਦੀ ਖੁੱਲ੍ਹ ਵੀ ਕੁੜੀਆਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।
ਘਰ ਤੋਂ ਲੈ ਕੇ ਜੀਵਨ ਦੇ ਹਰ ਖੇਤਰ ਵਿਚ ਹਰ ਥਾਂ ਹੀ ਕੁੜੀਆਂ ਨੂੰ ਅਨੇਕਾਂ ਪ੍ਰੇਸ਼ਾਨੀਆਂ, ਛੇੜ-ਛਾੜ, ਬੋਲ-ਕੁਬੋਲ, ਨਜ਼ਰਾਂ ਦੇ ਤਿੱਖੇ ਤੀਰਾਂ ਦਾ ਸਾਹਮਣਾ ਕਰਨ ਪੈਂਦਾ ਹੈ। ਅਜਿਹਾ ਕਰਨ ਵਾਲੇ ਲੋਕ ਸਾਡੇ ਹੀ ਆਲੇ-ਦੁਆਲੇ ਵਿਚ ਵਸਦੇ ਹਨ। ਇਨ੍ਹਾਂ ਖਿਲਾਫ਼ ਕੋਈ ਆਵਾਜ਼ ਨਹੀਂ ਉਠਾਉਂਦਾ। ਬਹੁਤਾ ਦੋਸ਼ ਕੁੜੀਆਂ ਸਿਰ ਹੀ ਮੜ੍ਹ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਇਕੱਲੇ ਜਾਣ ‘ਤੇ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ ਹਨ। ਜਬਰ-ਜਨਾਹ ਵਰਗੀ ਸ਼ਰਮਨਾਕ ਘਟਨਾ ਵਾਪਰਨ ਬਾਅਦ ਵੀ ਬਹੁਤਾ ਦੋਸ਼ ਕੁੜੀ ਸਿਰ ਹੀ ਮੜ੍ਹਿਆ ਜਾਂਦਾ ਹੈ। ਕੀ ਇਸ ਤਰ੍ਹਾਂ ਕਰਨ ਨਾਲ ਸਥਿਤੀ ਸੁਧਰ ਜਾਵੇਗੀ? ਕੁੜੀਆਂ ਨੂੰ ਕਮਜ਼ੋਰ ਤੇ ਅਬਲਾ ਮੰਨਣ ਦੀ ਮਾਨਸਿਕਤਾ ਵਿਚੋਂ ਨਿਕਲਣ ਦੀ ਲੋੜ ਹੈ। ਉਨ੍ਹਾਂ ਨੂੰ ਸਰੀਰਿਕ ਤੇ ਮਾਨਸਿਕ ਰੂਪ ਵਿਚ ਸ਼ਕਤੀਸ਼ਾਲੀ ਤੇ ਮਜ਼ਬੂਤ ਹੋਣ ਦਾ ਅਹਿਸਾਸ ਕਰਾਇਆ ਜਾਵੇ। ਜਦੋਂ ਮਾਪੇ ਤੇ ਸਮਾਜ ਕੁੜੀਆਂ ਦੀ ਪਿੱਠ ‘ਤੇ ਹੋਣਗੇ ਤਾਂ ਉਹ ਹੌਸਲੇ ਤੇ ਮਜ਼ਬੂਤ ਇਰਾਦੇ ਨਾਲ ਆਪਣੀ ਰਾਖੀ ਵੀ ਆਪ ਹੀ ਕਰ ਲੈਣਗੀਆਂ। ਸਦੀਆਂ ਤੋਂ ਕੁੜੀਆਂ ਦੇ ਮਨਾਂ ਵਿਚ ਇਕੱਲੇ ਬਾਹਰ ਵਿਚਰਨ ਤੇ ਕਿਸੇ ਮਾੜੀ ਘਟਨਾ ਦੇ ਵਾਪਰ ਜਾਣ ਦਾ ਡਰ ਤੇ ਖੌਫ਼ ਇਸ ਕਦਰ ਭਰਿਆ ਹੋਇਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਵਿਚਰਨ ਦਾ ਹੌਸਲਾ ਹੀ ਨਹੀਂ ਕਰਦੀਆਂ। ਜਿਸ ਦਿਨ ਕੁੜੀਆਂ ਨੇ ਮਾੜੀ ਨਜ਼ਰ ਤੇ ਬੁਰੇ ਇਰਾਦੇ ਰੱਖਣ ਵਾਲਿਆਂ ਨਾਲ ਕਰੜੇ ਹੱਥੀਂ ਸਿੱਝਣਾ ਸ਼ੁਰੂ ਕਰ ਦਿੱਤਾ, ਉਸ ਦਿਨ ਉਨ੍ਹਾਂ ਵੱਲ ਝਾਕਣ ਦਾ ਕੋਈ ਵੀ ਹੌਸਲਾ ਨਹੀਂ ਕਰੇਗਾ, ਪਰ ਇਹ ਹੋਵੇਗਾ ਉਦੋਂ ਹੀ ਜਦੋਂ ਸਮਾਜ ਕੁੜੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੇ ਰਾਹ ਤੁਰੇਗਾ।
ਸਮਾਜ ਲਈ ਇਹ ਸ਼ੁਭ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹਦੀਆਂ ਕੁੜੀਆਂ ਸਵਾਲ ਕਰਨ ਦਾ ਹੌਸਲਾ ਕਰਨ ਲੱਗੀਆਂ ਹਨ। ਸਮਾਜ ਵਿਚ ਬਰਾਬਰੀ ਤੇ ਆਪਣੇ ਹੋਰ ਹੱਕਾਂ ਲਈ ਆਵਾਜ਼ ਉਠਾਉਣ ਲੱਗੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਸੰਘਰਸ਼ਸ਼ੀਲ ਵਿਦਿਆਰਥਣਾਂ ਨੇ ਬਰਾਬਰੀ ਦੇ ਅਧਿਕਾਰ ਲਈ ਜਿਸ ਬੇਬਾਕੀ ਤੇ ਹੌਸਲੇ ਨਾਲ ਆਵਾਜ਼ ਉਠਾਈ ਹੈ, ਉਸ ਨੇ ਸਭ ਦਾ ਧਿਆਨ ਖਿੱਚਿਆ ਹੈ। ਕੁੜੀਆਂ ਸਬੰਧੀ ਨਾਂਹਵਾਚੀ ਸਿੱਟੇ ਕੱਢਣ ਦੀ ਮਾਨਸਿਕਤਾ ਕਾਰਨ ਪਾਬੰਦੀਆਂ ਦਾ ਹਥਿਆਰ ਵਰਤ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਮੌਲਣ ਦੇ ਰਾਹ ਵਿਚ ਰੋੜੇ ਅਟਕਾਏ ਜਾਣੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਹੇ ਜਾ ਸਕਦੇ।
ਕਿਹਾ ਤਾਂ ਇਹ ਜਾਂਦਾ ਹੈ ਕਿ ਦੁਨੀਆਂ ਦੀ ਅੱਧੀ ਆਬਾਦੀ ਔਰਤਾਂ ਦੀ ਹੈ। ਔਰਤਾਂ ਨੇ ਹੀ ਇਸ ਜਹਾਨ ਨੂੰ ਜਿਊਣਯੋਗ ਤੇ ਖ਼ੁਸ਼ਗਵਾਰ ਬਣਾਉਣ ਵਿਚ ਆਪਣੀ ਭੂਮਿਕਾ ਨਿਭਾਈ ਹੈ, ਪਰ ਮਰਦਾਂ ਦੀ ਇਸ ਦੁਨੀਆਂ ਵਿਚ ਔਰਤ ਦੇ ਪੈਰਾਂ ਵਿਚ ਮਰਿਆਦਾ ਦੇ ਅਜਿਹੇ ਸੰਗਲ ਪਾਏ ਹੋਏ ਹਨ ਕਿ ਉਸ ਲਈ ਚੱਲਣਾ ਵਿਗਸਣਾ ਵੀ ਕਈ ਵਾਰ ਦੁਸ਼ਵਾਰ ਹੋ ਜਾਂਦਾ ਹੈ। ਇਸ ਦੇ ਬਾਵਜੂਦ ਕੁੜੀਆਂ ਨੇ ਹਰ ਖੇਤਰ ਵਿਚ ਆਪਣੀ ਹੋਂਦ ਦਾ ਭਰਵਾਂ ਪ੍ਰਗਟਾਵਾ ਕਰਕੇ ਸਮਾਜ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਪਾਬੰਦੀਆਂ ਲਾਉਣ ਦੀ ਥਾਂ ਸਮਾਜ ਨੂੰ ਕੁੜੀਆਂ ਦੇ ਵਿਚਰਨ ਲਈ ਸੁਖਾਵਾਂ ਮਾਹੌਲ ਸਿਰਜਣ ਦੀ ਲੋੜ ਹੈ। ਜੇ ਅਜਿਹਾ ਹੋ ਜਾਵੇ ਤਾਂ ਕੁੜੀਆਂ ਅੰਦਰਲੀ ਪ੍ਰਤਿਭਾ ਹੋਰ ਉਜਾਗਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

-ਗੁਰਬਿੰਦਰ ਸਿੰਘ ਮਾਣਕ
ਸੰਪਰਕ: 98153-56086