ਬੱਚੇ ਦਾ ਵਿਕਾਸ ਅਤੇ ਮਾਹੌਲ

ਬੱਚੇ ਦਾ ਵਿਕਾਸ ਅਤੇ ਮਾਹੌਲ

ਤਬਦੀਲ ਹੋਈ ਸਮਾਜਿਕ ਵਿਵਸਥਾ ਵਿਚ ਜੇਕਰ ਬੜਾ ਕੁਝ ਆਸਾਨ ਹੋਇਆ ਹੈ ਤਾਂ ਬਹੁਤ ਕੁਝ ਗੰਝਲਦਾਰ ਵੀ ਬਣ ਗਿਆ ਹੈ। ਇਸ ਦਾ ਪ੍ਰਭਾਵ ਸਾਡੇ ਨਿੱਜ ਦੇ ਨਾਲ ਹੀ ਸਮਾਜ ‘ਤੇ ਵੀ ਪੈਂਦਾ ਹੈ। ਬੱਚਾ ਭਵਿੱਖ ਦਾ ਨਾਗਰਿਕ ਹੈ। ਕਦੇ ਇਸ ਦਾ ਪਾਲਣ-ਪੋਸ਼ਣ ਅਤੇ ਸਮੁੱਚਾ ਵਿਕਾਸ ਬੜਾ ਸਹਿਜ ਹੋ ਜਾਂਦਾ ਸੀ। ਸੰਯੁਕਤ ਪਰਿਵਾਰਕ ਪ੍ਰਣਾਲੀ ਵਿਚ ਮਾਂ ਪਿਓ ਤੋਂ ਬਿਨਾਂ ਬੱਚੇ ਦੇ ਵਿਕਾਸ ਵਿਚ ਦੂਸਰੇ ਰਿਸ਼ਤਿਆਂ ਦਾ ਸੁਭਾਵਿਕ ਹੀ ਵਡਮੁੱਲਾ ਯੋਗਦਾਨ ਹੁੰਦਾ ਸੀ, ਪਰ ਹੁਣ ਦੀ ਇਕਹਿਰੀ ਪਰਿਵਾਰਕ ਪ੍ਰਣਾਲੀ ਵਿਚ ਬੱਚੇ ਦਾ ਪਾਲਣ-ਪੋਸ਼ਣ ਕੇਵਲ ਮਾਂ ਪਿਓ ਦੁਆਲੇ ਘੁੰਮ ਰਿਹਾ ਹੈ। ਦਾਦਾ-ਦਾਦੀ, ਭੂਆ, ਚਾਚਾ-ਚਾਚੀ, ਤਾਇਆ-ਤਾਈ, ਨਾਨਾ-ਨਾਮੀ, ਮਾਮਾ-ਮਾਸੀ ਆਦਿ ਰਿਸ਼ਤਿਆਂ ਦੀ ਥਾਂ ਬੱਚੇ ਦੀ ਆਇਆ, ਨੌਕਰਾਣੀ ਅਤੇ ਇਸ ਤੋਂ ਅੱਗੇ ਟੈਲੀਵਿਜ਼ਨ, ਇੰਟਰਨੈੱਟ, ਮੋਬਾਈਲ, ਬੱਚਾ ਸੰਭਾਲ ਕੇਂਦਰ, ਪਲੇਅ ਵੇਅ ਸਕੂਲ ਨੇ ਲੈ ਲਈ ਹੈ। ਅਜਿਹੀ ਵਿਵਸਥਾ ਵਿਚ ਬੱਚੇ ਦਾ ਕੁਝ ਵੀ ਸਿੱਖਣਾ ਸੁਭਾਵਿਕ ਪ੍ਰਕਿਰਿਆ ਵਿਚੋਂ ਨਿਕਲ ਕੇ ਵਿਸ਼ੇਸ਼ ਕਾਰਜ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਅਰਥ ਇਹ ਹੋਇਆ ਕਿ ਜਿੱਥੇ ਪਹਿਲੀ ਵਿਵਸਥਾ ਵਿਚ ਬੱਚੇ ਦਾ ਵਿਕਾਸ ਸੁਭਾਵਿਕ ਹੁੰਦਾ ਸੀ, ਉੱਥੇ ਹੁਣ ਸੋਚ-ਸਮਝ ਕੇ ਹੁੰਦਾ ਹੈ। ਸੋਚ ਸਮਝ ਕੇ ਕੀਤੇ ਕੰਮ ਬੜੇ ਲਾਹੇਵੰਦ ਵੀ ਹੋ ਸਕਦੇ ਹਨ ਅਤੇ ਕਦੇ ਕਦੇ ਇਨ੍ਹਾਂ ਦਾ ਵੱਡਾ ਘਾਟਾ ਵੀ ਵੇਖਣ ਨੂੰ ਮਿਲਦਾ ਹੈ। ਇੱਥੇ ਆ ਕੇ ਥੋੜ੍ਹਾ ਜਿਹਾ ਥਿੜਕਣ ਦਾ ਅਰਥ ਬਣਦਾ ਹੈ ਕਿ ਬੱਚੇ ਦੇ ਵਿਅਕਤੀਤਵ ਦੀ ਬਣਤਰ ਅਤੇ ਇਸ ਦੇ ਵਿਕਾਸ ਦਾ ਹੀ ਫ਼ਰਕ ਹੋ ਜਾਵੇਗਾ। ਜੇਕਰ ਬੱਚੇ ਦੇ ਪਾਲਣ-ਪੋਸ਼ਣ ਵਿਚ ਅਣਗਹਿਲੀ ਹੁੰਦੀ ਹੈ ਤਾਂ ਇਸ ਦਾ ਪ੍ਰਭਾਵ ਉਸ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ ‘ਤੇ ਪਵੇਗਾ। ਇਸੇ ਪ੍ਰਭਾਵ ਸਦਕਾ ਅਸੀਂ ਦੇਸ਼ ਲਈ ਵਿਗੜੇ ਹੋਏ, ਗ਼ੈਰ ਜ਼ਿੰਮੇਵਾਰ, ਨਿਕੰਮੇ ਅਤੇ ਬੇਲਗਾਮ ਬੱਚੇ ਦੀ ਪਾਲਣਾ ਕਰ ਰਹੇ ਹੋਵਾਂਗੇ। ਸਮੁੱਚ ਵਿਚ ਵਰਤਮਾਨ ਸਮੇਂ ਨੈਤਿਕ ਕਦਰਾਂ ਕੀਮਤਾਂ ਵਿਚ ਆਈ ਗਿਰਾਵਟ ਨੂੰ ਇਸੇ ਪ੍ਰਸੰਗ ਵਿਚ ਵੇਖਿਆ ਜਾ ਸਕਦਾ ਹੈ।
ਬਜ਼ੁਰਗਾਂ ਕੋਲ ਜ਼ਿੰਦਗੀ ਦੀ ਅਣਥੱਕ ਮਿਹਨਤ, ਤਜਰਬੇ ਦਾ ਸਰਮਾਇਆ ਹੁੰਦਾ ਹੈ। ਜ਼ਿੰਦਗੀ ਵਿਚ ਵਿਚਰਦਿਆਂ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਨੂੰ ਹੰਢਾਉਂਦਿਆਂ ਉਨ੍ਹਾਂ ਨੇ ਇਸ ਨੂੰ ਕਹਾਣੀਆਂ, ਅਖਾਣਾਂ, ਮੁਹਾਵਰਿਆਂ, ਲੋਕ-ਕਥਾਵਾਂ, ਲੋਕ ਤੱਥਾਂ ਵਿਚ ਢਾਲਿਆ ਹੁੰਦਾ ਹੈ। ਇਹ ਉਨ੍ਹਾਂ ਦੀਆਂ ਸਿਮਰਤੀਆਂ ਦਾ ਹਿੱਸਾ ਹੁੰਦੇ ਹਨ। ਇਨ੍ਹਾਂ ਕਥਾਵਾਂ/ ਸਿਮਰਤੀਆਂ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਕਈ ਵਾਰੀ ਇਹ ਸੱਚ ਜਾਪਦੀਆਂ ਹਨ, ਪਰ ਅਸਲ ਵਿਚ ਸੱਚ ਦੁਆਲੇ ਕਲਪਨਾ ਸ਼ਕਤੀ ਦੀ ਘਾੜਤ ਹੀ ਹੁੰਦੀਆਂ ਹਨ। ਇਨ੍ਹਾਂ ਵਿਚ ਉਹ ਕੁਝ ਛੁਪਿਆ ਹੁੰਦਾ ਹੈ ਜਿਹੜਾ ਬੱਚੇ ਦੇ ਭੋਲੇ ਮਨ ਵਿਚ ਭਵਿੱਖ ਲਈ ਕੁਝ ਬਣਨ, ਵਿਸ਼ੇਸ਼ ਕਰਨ ਦੇ ਸੁਪਨੇ ਸੰਜੋਦਾ ਹੈ। ਪੰਛੀਆਂ/ ਜਨੌਰਾਂ ਦੀਆਂ ਕਹਾਣੀਆਂ, ਪਰੀਆਂ ਦੀਆਂ ਕਥਾਵਾਂ, ਰਾਜਿਆਂ ਰਾਣੀਆਂ ਦੀਆਂ ਯਾਦਾਂ, ਡਾਕੂਆਂ ਦੇ ਕਾਰਨਾਮੇ, ਦੈਂਤਾਂ ਦੀਆਂ ਬਾਤਾਂ ਆਦਿ ਵਿਚ ਬੜਾ ਕੁਝ ਮਨਘੜਤ ਹੁੰਦਾ ਹੋਇਆ ਵੀ ਸੁਭਾਵਿਕ ਅਤੇ ਬਿਨਾਂ ਕਿਸੇ ਉਚੇਚ ਦੇ ਕੋਈ ਵਿਸ਼ੇਸ਼ ਸੁਨੇਹਾ ਦੇ ਜਾਂਦਾ ਸੀ। ਬੱਚੇ ਨੂੰ ਜ਼ਿੰਦਗੀ ਵਿਚ ਕੁਝ ਚੰਗੇਰਾ ਸੋਚਣ, ਕੁਝ ਖ਼ਾਸ ਕਰਨ ਦੀ ਪ੍ਰੇਰਨਾ ਇਨ੍ਹਾਂ ਕਥਾਵਾਂ, ਤੱਥਾਂ ਵਿਚ ਅਛੋਪਲੇ ਹੀ ਪਈ ਹੁੰਦੀ ਸੀ। ਲੋਕ ਖੇਡਾਂ ਬੱਚੇ ਨੂੰ ਜਿੱਥੇ ਸਰੀਰਿਕ ਤੰਦਰੁਸਤੀ ਲਈ ਮਾਹੌਲ ਦਿੰਦੀਆਂ ਸਨ, ਉੱਥੇ ਉਹ ਉਸ ਨੂੰ ਸਮਾਜਿਕ ਪ੍ਰਾਣੀ ਬਣਨ ਦਾ ਸੰਦੇਸ਼ ਵੀ ਦਿੰਦੀਆਂ ਸਨ। ਇਹ ਸਾਰਾ ਕੁਝ ਸਾਡੇ ਵੱਡੇ ਵਡੇਰਿਆਂ ਦੀ ਸੋਚੀ ਸਮਝੀ ਉਹ ਖੋਜੀ ਘਾੜਤ ਹੁੰਦੀ ਸੀ ਜਿਹੜੀ ਬੱਚੇ ਦਾ ਮਨੋਰੰਜਨ ਵੀ ਕਰਦੀ ਸੀ ਅਤੇ ਉਸ ਦੇ ਸਰੀਰਿਕ, ਬੌਧਿਕ, ਮਾਨਸਿਕ, ਸਮਾਜਿਕ ਵਿਕਾਸ ਵਿਚ ਵੱਡਮੁੱਲੀ ਭੂਮਿਕਾ ਵੀ ਅਦਾ ਕਰਦੀ ਸੀ। ਇਸ ਵਿਚ ਧਰਮ, ਕਰਮ, ਅਰਥ ਦਾ ਸੁਭਾਵਿਕ ਰਲਾਅ ਹੋਇਆ ਹੋਣ ਕਰਕੇ ਇਸ ਦਾ ਪਾਸਾਰਾ ਬੇਹੱਦ ਰੌਣਕੀ ਅਤੇ ਸਾਰਥਿਕ ਹੁੰਦਾ ਸੀ।
ਅਜੋਕੇ ਸਮੇਂ ਵਿਚ ਬੱਚੇ ਤੋਂ ਉਪਰੋਕਤ ਸਾਰਾ ਕੁਝ ਖੁੱਸ ਗਿਆ ਹੈ ਅਤੇ ਇਸ ਦੀ ਥਾਂ ਟੈਲੀਵਿਜ਼ਨ, ਮੋਬਾਈਲ, ਇੰਟਰਨੈੱਟ, ਬੱਚਾ ਸੰਭਾਲ ਕੇਂਦਰ, ਪਲੇਅ ਵੇਅ ਸਕੂਲ ਆਦਿ ਨੇ ਮੱਲ ਲਈ ਹੈ। ਇਹ ਸਭ ਸੁਭਾਵਿਕ ਦੀ ਥਾਂ ਬੜਾ ਸੋਚ ਸਮਝ ਕੇ ਬਣਾਇਆ ਹੋਇਆ ਹੈ,ਪਰ ਇਸ ‘ਸੋਚ ਸਮਝ’ ਵਿਚ ਸਭ ਤੋਂ ਅਹਿਮ ਭੂਮਿਕਾ ਆਰਥਿਕਤਾ ਤੇ ਸਮੇਂ ਦੀ ਪੂਰਤੀ ਨਿਭਾਉਂਦੀ ਹੈ। ਘਰ ਵਿਚ ਇਕੱਲੇ ਮਾਂ-ਬਾਪ ਨੇ ਘਰ ਦੇ ਕੰਮ ਕਰਨੇ ਹੁੰਦੇ ਹਨ ਅਤੇ ਬੱਚੇ ਨੂੰ ਆਹਰੇ ਲਾਉਣ ਲਈ ਟੈਲੀਵਿਜ਼ਨ ਦਾ ਰਿਮੋਟ ਜਾਂ ਫਿਰ ਮੋਬਾਈਲ ਫੜਾ ਦਿੱਤਾ ਜਾਂਦਾ ਹੈ। ਟੈਲੀਵਿਜ਼ਨ ‘ਤੇ ਪੇਸ਼ ਕੀਤੀਆਂ ਜਾਂਦੀਆਂ ਕਾਰਟੂਨ ਫ਼ਲਿਮਾਂ ਜਾਂ ਮੋਬਾਈਲ ‘ਤੇ ਡਾਊਨਲੋਡ ਕੀਤੇ ਪ੍ਰੋਗਰਾਮ ਪੂਰੇ ਵਿਸ਼ਵ ਲਈ ਭਾਸ਼ਾਈ ਪੇਸ਼ਕਾਰੀ ਤੋਂ ਬਿਨਾਂ ਇਕੋ ਜਿਹੇ ਹੀ ਹੁੰਦੇ ਹਨ। ਨਿਰਸੰਦੇਹ ਇਸ ਨੂੰ ਜਾਣਕਾਰੀ ਅਤੇ ਸਿੱਖਿਆਦਾਇਕ ਵੀ ਬਣਾਇਆ ਹੁੰਦਾ ਹੈ,ਪਰ ਇਸ ਦੀ ਪਹੁੰਚ ਸਥਾਨਕ ਨਾ ਹੋ ਕੇ ਸੰਸਾਰੀਕਰਨ ਦੀ ਹੁੰਦੀ ਹੈ। ਇਨ੍ਹਾਂ ਦੇ ਪਾਤਰ ਭਾਵੇਂ ਸਥਾਨਕ ਭਾਸ਼ਾ ਬੋਲਦੇ ਹਨ, ਪਰ ਇਨ੍ਹਾਂ ਦਾ ਕਥਾਨਕ ਜਾਂ ਕਾਰਜ ਖੇਤਰ ਸਥਾਨਕ ਨਹੀਂ ਹੁੰਦਾ। ਕਿਸੇ ਹੋਰ ਖਿੱਤੇ ਵਿਚ ਬਣੇ ਪ੍ਰੋਗਰਾਮ ਨੂੰ ਜਦੋਂ ਦੂਸਰੇ ਖਿੱਤੇ ਵਿਚ ਰਹਿਣ ਵਾਲੇ ਬਾਲ ਵੇਖਣਗੇ ਤਾਂ ਜਾਂ ਤਾਂ ਉਹ ਭੰਬਲਭੂਸੇ ਵਿਚ ਪੈਣਗੇ ਜਾਂ ਫਿਰ ਕੁਝ ਵੱਖਰਾ ਸਿੱਖਦੇ ਹੋਏ ਆਪਣੇ ਖਿੱਤੇ ਤੋਂ ਵੱਖਰਾ ਬਣਨ ਦੀ ਲੋਚਾ ਮਨ ਵਿਚ ਵਸਾਉਣਗੇ। ਇਹ ਵਿਕਾਸ ਘੱਟ ਅਤੇ ਵਿਗਾੜ ਵੱਧ ਪੈਦਾ ਕਰ ਸਕਦਾ ਹੈ। ਅੱਜ ਦੇ ਸਮੇਂ ਸਾਡੇ ਬੱਚਿਆਂ ਦਾ ਪਹਿਰਾਵਾ ਅਤੇ ਵਿਚਰਨ ਢੰਗ ਜੇਕਰ ਸਾਡੇ ਲਈ ਜ਼ਿਆਦਾ ਇਤਰਾਜ਼ਯੋਗ ਹੈ ਤਾਂ ਇਸ ਵਿਚ ਬੱਚਿਆਂ ਦਾ ਕਸੂਰ ਨਹੀਂ, ਸਗੋਂ ਮਾਹੌਲ ਉਨ੍ਹਾਂ ਨੂੰ ਉਹ ਕੁਝ ਦੇ ਰਿਹਾ ਹੈ। ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਅਤੇ ਅਮਲ ਕਰਨਾ ਚਾਹੀਦਾ ਹੈ।

– ਗੁਰਦੀਪ ਸਿੰਘ ਢੁੱਡੀ