ਸਰਦੀਆਂ ਦੀਆਂ ਸਮੱਸਿਆਵਾਂ ਅਤੇ ਕੁਦਰਤੀ ਇਲਾਜ

ਸਰਦੀਆਂ ਦੀਆਂ ਸਮੱਸਿਆਵਾਂ ਅਤੇ ਕੁਦਰਤੀ ਇਲਾਜ

ਸਰਦੀਆਂ ਜਿਥੇ ਭੋਜਨ ਲਈ ਸਹੀ ਮੰਨੀਆਂ ਜਾਂਦੀਆਂ ਹਨ, ਉਥੇ ਆਪਣੇ ਨਾਲ ਅਨੇਕਾਂ ਸਮੱਸਿਆਵਾਂ ਵੀ ਲੈ ਕੇ ਆਉਂਦੀਆਂ ਹਨ, ਜਿਵੇਂ ਖੁਸ਼ਕ ਚਮੜੀ, ਖੰਘ-ਜ਼ੁਕਾਮ ਆਦਿ। ਵੈਸੇ ਇਸ ਮੌਸਮ ਵਿਚ ਸਬਜ਼ੀਆਂ ਅਤੇ ਫਲਾਂ ਦੀ ਬਹਾਰ ਹੁੰਦੀ ਹੈ। ਆਓ ਜਾਣੀਏ ਫਲਾਂ, ਸਬਜ਼ੀਆਂ ਅਤੇ ਜੜ੍ਹੀ ਬੂਟੀਆਂ ਨਾਲ ਕਿਸ ਤਰ੍ਹਾਂ ਆਪਣੀਆਂ ਪ੍ਰੇਸ਼ਾਨੀਆਂ ਨੂੰ ਕਾਬੂ ਵਿਚ ਰੱਖ ਸਕਦੇ ਹਾਂ।
ਅੰਜੀਰ : ਪੁਰਾਣੇ ਸਮਿਆਂ ਤੋਂ ਹੀ ਅੰਜੀਰ ਨੂੰ ਇਕ ਸੁਪਰ ਭੋਜਨ ਸਮਝਿਆ ਜਾਂਦਾ ਹੈ। ਅੰਜੀਰ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ ਦੀ ਚੰਗੀ ਮਾਤਰਾ ਹੁੰਦੀ ਹੈ। ਸੁੱਕੀ ਅੰਜੀਰ ਵਿਚ ਖਾਰਾਪਣ ਹੁੰਦਾ ਹੈ ਅਤੇ ਖਾਰਾ ਭੋਜਨ ਸਰੀਰ ਦੇ ਅੰਦਰੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸ਼ੁੱਧੀਕਰਨ ਕਰਨ ਵਿਚ ਸਹਾਇਕ ਹੁੰਦਾ ਹੈ। ਅੰਜੀਰ ਵਿਚ ਅਜਿਹੇ ਅੰਜਾਇਮ ਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਦੀ ਰਸੌਲੀ ਨੂੰ ਦੂਰ ਕਰਨ ਵਿਚ ਸਮਰੱਥ ਹੁੰਦੇ ਹਨ।
ਖੂਨ ਦੀ ਕਮੀ ਹੋਵੇ ਤਾਂ ਇਸ ਨੂੰ ਦੂਰ ਕਰਨ ਲਈ ਅੰਜੀਰ ਦਾ ਸੇਵਨ ਇਕ ਵਧੀਆ ਉਪਾਅ ਹੈ। ਇਸ ਲਈ ਅੰਜੀਰ ਨੂੰ ਰਾਤ ਨੂੰ ਹੀ ਪਾਣੀ ਵਿਚ ਭਿਉਂ ਕੇ ਰੱਖ ਦਿਓ। ਸਵੇਰੇ ਇਸ ਦਾ ਸੇਵਨ ਕਰੋ।
ਕਮਜ਼ੋਰੀ ਮਹਿਸੂਸ ਹੋਣ ‘ਤੇ ਦੁੱਧ ਨਾਲ ਅੰਜੀਰ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਸੇਵਨ ਗੁਰਦੇ ਅਤੇ ਮੂਤਰ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਅੰਜੀਰ ਇਕ ਕੁਦਰਤੀ ਦਵਾਈ ਹੈ, ਜੋ ਬਲਗਮ ਨੂੰ ਦੂਰ ਕਰਨ ਵਿਚ ਸਹਾਇਕ ਹੁੰਦੀ ਹੈ। ਬਲਗਮ ਤੋਂ ਛੁਟਕਾਰਾ ਪਾਉਣ ਲਈ ਇਸ ਨੂੰ ਡੇਢ ਚਮਚ ਸ਼ਹਿਦ ਨਾਲ ਰੋਜ਼ਾਨਾ ਲਓ। ਜੇ ਨੱਕ ਵਿਚੋਂ ਖੂਨ ਵਗਦਾ ਹੋਵੇ ਜਾਂ ਜਿਗਰ ਕਮਜ਼ੋਰ ਹੋਵੇ ਤਾਂ ਵੀ ਇਸ ਦਾ ਸੇਵਨ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਏਨੀਆਂ ਵਿਸ਼ੇਸ਼ਤਾਵਾਂ ਹੋਣ ‘ਤੇ ਵੀ ਅੰਜੀਰ ਸਾਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ, ਜੇ ਇਸ ਦਾ ਸੇਵਨ ਠੀਕ ਤਰ੍ਹਾਂ ਨਾ ਕੀਤਾ ਜਾਵੇ ਤਾਂ। ਇਕ ਦਿਨ ਵਿਚ 2 ਤੋਂ 3 ਤੋਂ ਵੱਧ ਅੰਜੀਰ ਦਾ ਸੇਵਨ ਕਦੇ ਨਾ ਕਰੋ। ਸ਼ੂਗਰ ਦੇ ਰੋਗੀਆਂ ਲਈ ਇਸ ਦਾ ਸੇਵਨ ਠੀਕ ਨਹੀਂ ਹੈ।
ਕੇਸਰ : ਇਹ ਇਕ ਅਦਭੁੱਤ ਦਵਾਈ ਹੈ। ਇਹ ਮਾਹਵਾਰੀ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਦਿਵਾਉਂਦੀ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਇਕ ਚਮਚ ਕੇਸਰ ਨੂੰ 125 ਮਿ: ਲਿ: ਪਾਣੀ ਵਿਚ ਉਬਾਲ ਲਓ ਅਤੇ ਠੰਢਾ ਹੋਣ ‘ਤੇ ਇਸ ਨੂੰ ਇਕ ਚਮਚ ਪਾਣੀ ਨਾਲ ਲਓ।
ਅਕਸਰ ਬੱਚਿਆਂ ਨੂੰ ਸਰਦੀ ਵਿਚ ਖੰਘ-ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਕੇਸਰ ਅਤੇ ਬਦਾਮ ਦਿਓ। ਜਿਨ੍ਹਾਂ ਵਿਅਕਤੀਆਂ ਦਾ ਜਿਗਰ ਸ਼ਰਾਬ ਦੇ ਸੇਵਨ ਕਾਰਨ ਕਮਜ਼ੋਰ ਹੋਵੇ, ਉਨ੍ਹਾਂ ਲਈ ਕੇਸਰ ਦਾ ਸੇਵਨ ਲਾਭਦਾਇਕ ਹੈ। ਗਰਭਵਤੀ ਔਰਤਾਂ ਨੂੰ ਕੇਸਰ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।
ਦਾਲਚੀਨੀ : ਇਹ ਇਕ ਰੁੱਖ ਦੀ ਛਿੱਲ ਹੁੰਦੀ ਹੈ। ਇਸ ਦਾ ਤੇਲ ਐਂਟੀਸੈਪਟਿਕ ਦਾ ਕੰਮ ਕਰਦਾ ਹੈ। ਇਹ ਇਕ ਸੁਗੰਧਿਤ ਪਦਾਰਥ ਹੈ ਅਤੇ ਇਲਾਇਚੀ ਵਰਗੇ ਬਹੁਤ ਜ਼ਿਆਦਾ ਹਰਮਨ ਪਿਆਰੇ ਸੁਗੰਧਿਤ ਪਦਾਰਥਾਂ ਵਿਚੋਂ ਇਕ ਹੈ। ਇਹ ਨਵਪ੍ਰਸੂਤਾ ਦੇ ਦੁੱਧ ਨੂੰ ਵਧਾਉਣ ਲਈ ਕਾਫੀ ਫਾਇਦੇਮੰਦ ਹੈ। ਜ਼ੁਕਾਮ ਅਤੇ ਖੰਘ ਵਰਗੇ ਰੋਗਾਂ ਵਿਚ ਇਸ ਨੂੰ ਕਾਲੀ ਮਿਰਚ ਅਤੇ ਸ਼ਹਿਦ ਨਾਲ ਸੇਵਨ ਕਰਨਾ ਚਾਹੀਦਾ ਹੈ। ਸਾਹ ਦੀ ਬਦਬੂ ਤੋਂ ਪ੍ਰੇਸ਼ਾਨ ਵਿਅਕਤੀਆਂ ਲਈ ਇਸ ਦਾ ਸੇਵਨ ਬਹੁਤ ਲਾਭਦਾਇਕ ਹੁੰਦਾ ਹੈ।
ਲੌਂਗ : ਇਹ ਦੰਦਾਂ ਸਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਇਹ ਦੰਦਾਂ ਅਤੇ ਮਸੂੜਿਆਂ ਦੀਆਂ ਬਿਮਾਰੀਆਂ ਵਿਚ ਐਂਟੀਸੈਪਟਿਕ ਦਾ ਕੰਮ ਕਰਦਾ ਹੈ। ਦੰਦਾਂ ਵਿਚ ਦਰਦ ਹੋਵੇ ਤਾਂ ਇਸ ਦੀ ਵਰਤੋਂ ਨਾਲ ਦੰਦ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨਾਲ ਹੀ ਇਹ ਸ਼ਵਸਨ ਸਬੰਧੀ ਬਿਮਾਰੀਆਂ ਵਿਚ ਵੀ ਲਾਭਦਾਇਕ ਮੰਨਿਆ ਜਾਂਦਾ ਹੈ।