ਕਿਉਂ ਹੁੰਦਾ ਹੈ ਸਿਰ ਦਰਦ

ਕਿਉਂ ਹੁੰਦਾ ਹੈ ਸਿਰ ਦਰਦ

ਅਕਸਰ ਲੋਕ ਸਿਰਦਰਦ ਦੀ ਸ਼ਿਕਾਇਤ ਹੋਣ ‘ਤੇ ਜਾਂ ਤਾਂ ਗੋਲੀ ਖਾ ਲੈਂਦੇ ਹਨ ਜਾਂ ਚਾਹ ਦੀਆਂ ਚੁਸਕੀਆਂ ਨਾਲ ਇਸ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕਰਦੇ ਹਨ। ਪੁਰਾਣੀ ਪੀੜ੍ਹੀ ਦੇ ਲੋਕ ਆਮ ਤੌਰ ‘ਤੇ ਅਜਿਹੇ ਵਿਚ ਆਪਣੇ ਸਿਰ ਦੀ ਮਾਲਿਸ਼ ਕਰਵਾਉਣੀ ਪਸੰਦ ਕਰਦੇ ਹਨ ਅਤੇ ਦੂਜਿਆਂ ਨੂੰ ਵੀ ਇਹੀ ਸਲਾਹ ਦਿੰਦੇ ਹਨ। ਕੁਝ ਲੋਕ ਆਪਣੇ ਸਿਰ ਨੂੰ ਕੱਪੜੇ ਨਾਲ ਕੱਸ ਕੇ ਬੰਨ੍ਹ ਲੈਂਦੇ ਹਨ ਤੇ ਕੁਝ ਆਰਾਮ ਕਰਨ ਨੂੰ ਹੀ ਸਿਰਦਰਦ ਭਜਾਉਣ ਦਾ ਵਧੀਆ ਉਪਾਅ ਮੰਨਦੇ ਹਨ।
ਆਮ ਤੌਰ ‘ਤੇ ਥਕਾਨ, ਆਰਾਮ ਦਾ ਨਾ ਮਿਲਣਾ, ਸਫ਼ਰ ਕਰਨਾ ਆਦਿ ਨੂੰ ਹੀ ਸਿਰਦਰਦ ਦਾ ਕਾਰਨ ਮੰਨਿਆ ਜਾਂਦਾ ਹੈ ਪਰ ਗਹਿਰਾਈ ਵਿਚ ਜਾ ਕੇ ਇਸ ਦੇ ਮੁੱਖ ਕਾਰਨ ਨੂੰ ਜਾਣਨ ਦੀ ਕੋਸ਼ਿਸ਼ ਸ਼ਾਇਦ ਬਹੁਤ ਘੱਟ ਲੋਕ ਕਰਦੇ ਹਨ।
ਇਹ ਸਹੀ ਹੈ ਕਿ ਥਕਾਨ ਜਾਂ ਸਫ਼ਰ ਆਦਿ ਵਿਚ ਸਿਰਦਰਦ ਹੋਣਾ ਆਮ ਗੱਲ ਹੈ ਪਰ ਇਹ ਜ਼ਰੂਰੀ ਨਹੀਂ ਹੈ। ਸਿਰਦਰਦ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ।

– ਅੱਖਾਂ ਦਾ ਕੋਈ ਰੋਗ ਹੋਵੇ ਜਾਂ ਨਜ਼ਰ ਕਮਜ਼ੋਰ ਹੋਵੇ ਤਾਂ ਇਹ ਵੀ ਸਿਰਦਰਦ ਦਾ ਕਾਰਨ ਹੋ ਸਕਦਾ ਹੈ।
– ਜੇ ਔਰਤਾਂ ਮਾਸਿਕ ਧਰਮ ਦੌਰਾਨ ਬਹੁਤ ਜ਼ਿਆਦਾ ਠੰਢੇ ਵਾਤਾਵਰਨ ਵਿਚ ਰਹਿੰਦੀਆਂ ਹਨ ਜਾਂ ਠੰਢੇ ਪਾਣੀ ਨਾਲ ਲਗਾਤਾਰ ਕੰਮ ਕਰਦੀਆਂ ਹਨ, ਜਿਵੇਂ ਕੱਪੜੇ ਧੋਣਾ, ਸਿਰ ਧੋਣਾ ਆਦਿ ਤਾਂ ਇਸ ਨਾਲ ਉਨ੍ਹਾਂ ਦੇ ਸਰੀਰ ਵਿਚ ਜੋ ਠੰਢ ਪੈਦਾ ਹੁੰਦੀ ਹੈ, ਉਸ ਨਾਲ ਸਿਰਦਰਦ ਹੋਣ ਲਗਦਾ ਹੈ।
– ਬਹੁਤ ਦੁਰਬਲ ਸੁਨਾਯੂ ਸੰਸਥਾਨ ਵਾਲੇ ਵਿਅਕਤੀਆਂ ਨੂੰ ਅਕਸਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ।
– ਜੋ ਲੋਕ ਸ਼ਰਾਬ, ਗਾਂਜਾ ਜਾਂ ਤੰਬਾਕੂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਵੀ ਅਕਸਰ ਇਨ੍ਹਾਂ ਵਸਤੂਆਂ ਦੇ ਕਾਰਨ ਸਿਰਦਰਦ ਹੋਣ ਲਗਦਾ ਹੈ।
– ਦਿਮਾਗੀ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਕੰਮ ਦੇ ਕਾਰਨ ਸਿਰਦਰਦ ਹੁੰਦੀ ਹੈ।
– ਜੇ ਕਦੇ ਤੁਸੀਂ ਠੀਕ ਤਰ੍ਹਾਂ ਸੌਂ ਨਾ ਸਕੋ ਤਾਂ ਵੀ ਸਿਰਦਰਦ ਦੀ ਸ਼ਿਕਾਇਤ ਹੋ ਜਾਂਦੀ ਹੈ।
– ਜ਼ਿਆਦਾ ਤੰਗ ਜਗ੍ਹਾ ‘ਤੇ ਜ਼ਿਆਦਾ ਦੇਰ ਰਹਿਣ ‘ਤੇ ਸਿਰਦਰਦ ਹੋਣੀ ਆਮ ਗੱਲ ਹੈ।
– ਜੇ ਸਿਰ ਵਿਚ ਖੂਨ ਦੀ ਬਹੁਤਾਤ ਹੋ ਜਾਵੇ ਤਾਂ ਵਿਅਕਤੀ ਦਾ ਮੂੰਹ ਲਾਲ ਹੋ ਜਾਂਦਾ ਹੈ ਅਤੇ ਸਿਰ ਅਤੇ ਧੌਣ ਦੀਆਂ ਖੂਨ ਵਾਲੀਆਂ ਨਾੜੀਆਂ ਕੰਬਣ ਲਗਦੀਆਂ ਹਨ ਅਤੇ ਸਿਰਦਰਦ ਸ਼ੁਰੂ ਹੋ ਜਾਂਦੀ ਹੈ।
– ਖੂਨ ਦੀ ਕਮੀ ਵੀ ਸਿਰਦਰਦ ਦਾ ਕਾਰਨ ਹੋ ਸਕਦਾ ਹੈ।