ਚਮੜੀ ਅਤੇ ਪੁਦੀਨੇ ਦਾ ਸਾਥੀ ਪੁਦੀਨਾ

ਪੁਦੀਨੇ ਦੀ ਚਟਣੀ ਗਰਮੀਆਂ ਵਿਚ ਭੋਜਨ ਦੇ ਸਵਾਦ ਨੂੰ ਵਧਾ ਦਿੰਦੀ ਹੈ। ਗਰਮੀਆਂ ਵਿਚ ਪੁਦੀਨਾ ਬਾਜ਼ਾਰ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ। ਪੁਦੀਨਾ ਸਵਾਦ ਦੇ ਨਾਲ ਪੇਟ ਨੂੰ ਵੀ ਲਾਭ ਪਹੁੰਚਾਉਂਦਾ ਹੈ ਅਤੇ ਮੂੰਹ ਦੀ ਬਦਬੂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ। ਇਸ ਸਭ ਤੋਂ ਇਲਾਵਾ ਪੁਦੀਨੇ ਵਿਚ ਕਈ ਦਵਾਈ ਵਾਲੇ ਗੁਣ ਵੀ ਹੁੰਦੇ ਹਨ ਜੋ ਚਿਹਰੇ ਦੀ ਚਮੜੀ ਲਈ ਉੱਤਮ ਹਨ।

ਦਾਗ-ਧੱਬਿਆਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ ਪੁਦੀਨਾ : ਚਿਹਰੇ ‘ਤੇ ਕਈ ਕਾਰਨਾਂ ਕਰਕੇ ਦਾਗ-ਧੱਬੇ ਆਪਣਾ ਕਬਜ਼ਾ ਜਮਾ ਲੈਂਦੇ ਹਨ। ਅਜਿਹੇ ਵਿਚ ਪੁਦੀਨੇ ਦੇ ਰਸ ਦਾ ਸੇਵਨ ਨਿਯਮਤ ਕਰਨ ਨਾਲ ਲਾਭ ਮਿਲਦਾ ਹੈ। ਨਾਲ ਹੀ ਪੁਦੀਨੇ ਦਾ ਪੇਸਟ ਚਿਹਰੇ ‘ਤੇ ਲਗਾਉਣ ਨਾਲ ਦਾਗ-ਧੱਬੇ ਘੱਟ ਹੋਣ ਵਿਚ ਮਦਦ ਮਿਲਦੀ ਹੈ। ਚਿਹਰੇ ‘ਤੇ ਆਈਆਂ ਛਾਈਆਂ ਵੀ ਦੂਰ ਹੁੰਦੀਆਂ ਹਨ।
ਝੁਰੜੀਆਂ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ : ਪੁਦੀਨੇ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਝੁਰੜੀਆਂ ਵਾਲੀ ਜਗ੍ਹਾ ‘ਤੇ ਲਗਾਓ। ਝੁਰੜੀਆਂ ਦੂਰ ਹੋਣਗੀਆਂ। ਜਵਾਨੀ ਵਿਚ ਵੀ ਤੁਸੀਂ ਪੁਦੀਨੇ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਚਿਹਰੇ, ਧੌਣ ‘ਤੇ ਲਗਾਉਂਦੇ ਰਹੋਗੇ ਤਾਂ ਝੁਰੜੀਆਂ ਬਹੁਤ ਵੱਡੀ ਉਮਰ ਵਿਚ ਆਉਣਗੀਆਂ।
ਮੁਹਾਸਿਆਂ ਨੂੰ ਦੂਰ ਕਰਨ ਵਿਚ ਵੀ ਉੱਤਮ ਹੈ ਪੁਦੀਨਾ: ਪੁਦੀਨੇ ਦੇ ਪੱਤਿਆਂ ਵਿਚ ਸੈਲੀਸਿਲਿਕ ਐਸਿਡ ਪਾਇਆ ਜਾਂਦਾ ਹੈ ਜੋ ਮੁਹਾਸਿਆਂ ਨੂੰ ਦੂਰ ਕਰਨ ਵਿਚ ਅਤੇ ਉਸ ਨਾਲ ਆਏ ਨਿਸ਼ਾਨਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਪੁਦੀਨੇ ਦਾ ਫੇਸ ਪੈਕ ਚਿਹਰੇ ‘ਤੇ ਲਗਾ ਸਕਦੇ ਹੋ। ਇਸ ਤੋਂ ਇਲਾਵਾ ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਗੁਲਾਬਜਲ ਵਿਚ ਮਿਲਾ ਕੇ ਚਿਹਰੇ ‘ਤੇ ਲਗਾ ਸਕਦੇ ਹੋ।
ਗਰਮੀਆਂ ਵਿਚ ਦਿੰਦਾ ਹੈ ਠੰਢਕ : ਪੁਦੀਨਾ ਠੰਢਾ ਹੁੰਦਾ ਹੈ, ਇਸ ਲਈ ਗਰਮੀਆਂ ਵਿਚ ਇਸ ਦੀ ਵਰਤੋਂ ਚਮੜੀ ਨੂੰ ਠੰਢਕ ਦਿੰਦੀ ਹੈ, ਜਿਸ ਨਾਲ ਚਮੜੀ ਤਰੋਤਾਜ਼ਾ ਮਹਿਸੂਸ ਕਰਦੀ ਹੈ ਅਤੇ ਚਿਹਰੇ ਦੇ ਮੁਸਾਮ ਵੀ ਖੁੱਲ੍ਹਦੇ ਹਨ। ਪੁਦੀਨੇ ਵਿਚ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਚਮੜੀ ਨੂੰ ਨਿਖਾਰਨ ਵਿਚ ਸਹਾਇਕ ਹੁੰਦੇ ਹਨ। -ਸੁਦਰਸ਼ਨ ਚੌਧਰੀ