ਰੁਝਾਨ ਖ਼ਬਰਾਂ
ਬਰਗਾੜੀ ਮੋਰਚੇ ਵਲੋਂ ਐਤਵਾਰ ਨੂੰ ਲਿਆ ਜਾਵੇਗਾ ਵੱਡਾ ਫ਼ੈਸਲਾ

ਬਰਗਾੜੀ ਮੋਰਚੇ ਵਲੋਂ ਐਤਵਾਰ ਨੂੰ ਲਿਆ ਜਾਵੇਗਾ ਵੱਡਾ ਫ਼ੈਸਲਾ

ਫ਼ਰੀਦਕੋਟ: ਬਰਗਾੜੀ ਇਨਸਾਫ਼ ਮੋਰਚਾ ਸਮਾਪਤੀ ਵੱਲ ਵਧਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਬੇਅਦਬੀ ਤੇ ਗੋਲ਼ੀਕਾਂਡਾਂ ਦੇ ਇਨਸਾਫ਼ ਲਈ ਲਾਏ ਇਸ ਮੋਰਚੇ ਨੂੰ ਐਤਵਾਰ ਨੂੰ ਖ਼ਤਮ ਕਰਨ ਬਾਰੇ ਵਿਚਾਰ-ਚਰਚਾ ਹੋ ਸਕਦੀ ਹੈ। ਹਾਲਾਂਕਿ, ਅੰਤਿਮ ਫੈਸਲਾ ਮੋਰਚੇ ਦੇ ਪ੍ਰਬੰਧਕਾਂ ਵੱਲੋਂ ਲਿਆ ਜਾਵੇਗਾ, ਪਰ ਸੂਤਰ ਦੱਸਦੇ ਹਨ ਕਿ ਮੋਰਚੇ ਦੇ ਪ੍ਰਬੰਧਕਾਂ ਅਤੇ ਸਰਕਾਰ ਦਰਮਿਆਨ ਸਹਿਮਤੀ ਬਣ ਗਈ ਹੈ। ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਮੁਤਾਬਕ ਸਰਕਾਰ ਨੇ ਉਨ੍ਹਾਂ ਦੀਆਂ ਮੰਗਾ ਮੰਨ ਲਈਆਂ ਹਨ ਅਤੇ ਸਰਕਾਰ ਦੇ ਨੁਮਾਇੰਦੇ ਅੱਠ ਤਾਰੀਖ਼ ਨੂੰ ਉਨ੍ਹਾਂ ਕੋਲ ਆਏਗੀ ਅਤੇ ਮੋਰਚੇ ਬਾਰੇ ਅੰਤਮ ਫੈਸਲਾ ਲਿਆ ਜਾ ਸਕਦਾ ਹੈ। ਬਰਗਾੜੀ ਇਨਸਾਫ਼ ਮੋਰਚੇ ਦੀਆਂ ਤਿੰਨ ਮੁੱਖ ਮੰਗਾਂ ਸਨ। ਸਭ ਤੋਂ ਪਹਿਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਦੂਜੀ ਮੰਗ ਕੋਟਕਪੂਰਾ ਗੋਲ਼ੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਤੀਜੀ ਮੰਗ ਸਜ਼ਾ ਪੂਰੀ ਕਰ ਚੁੱਕੇ ਪਰ ਹਾਲੇ ਤਕ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਦੀ ਰਿਹਾਈ, ਸ਼ਾਮਲ ਹਨ।