Copyright & copy; 2019 ਪੰਜਾਬ ਟਾਈਮਜ਼, All Right Reserved

ਸਿੱਖ ਰਾਜ ਦੇ ਖੁੱਸ ਜਾਣ ਦਾ ਮੁੱਢ ਕਿਵੇਂ ਬੱਝਾ?

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਪੰਜਾਬ ਦੀ ਰਾਜਨੀਤੀ ਨੂੰ ਨਵੇਂ ਅਰਥ ਦਿੱਤੇ। ਅਠਾਰਵੀਂ ਸਦੀ ਦੇ ਵੱਡੇ ਸਿੱਖ ਸੰਘਰਸ਼ ਤੋਂ ਬਾਅਦ ਹੀ ਰਣਜੀਤ ਸਿੰਘ ਸਿੱਖ ਰਾਜ ਸਥਾਪਤ ਕਰਨ ਵਿੱਚ ਕਾਮਯਾਬ ਹੋ ਸਕਿਆ ਸੀ। ਖਾਲਸੇ ਦੀ ਤੇਗ ਨਾਲ ਵਾਹੀਆਂ ਲੀਕਾਂ 19ਵੀਂ ਸਦੀ ਦੇ ਸਿੱਖ ਰਾਜ ਦਾ ਨਕਸ਼ਾ ਬਣੀਆਂ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਖੁਸ਼ਹਾਲੀ, ਸੁਰੱਖਿਆ, ਆਰਥਿਕ ਤਰੱਕੀ, ਨਿਰਵੈਰਤਾ ਅਤੇ ਨਿਰਪੱਖਤਾ ਨਾਲ ਅਮਨਪਸੰਦ ਮੁਲਕ ਵਿੱਚ ਤਬਦੀਲ ਕਰ ਦਿੱਤਾ।
ਪਰ ਅਫ਼ਸੋਸ ! ਪੰਜਾਬ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਗੋਕਲ ਚੰਦ ਨਾਰੰਗ ਨੇ ਇਨ੍ਹਾਂ ਹਾਲਾਤਾਂ ਨੂੰ ਦਿਲ ਟੁੰਬਵੇਂ ਸ਼ਬਦਾਂ ਵਿੱਚ ਕਿਹਾ “ਉਸ ਦੀ ਮੌਤ ਨਾਲ ਪੰਜਾਬ ਦੇ ਸਿਰ ਦਾ ਸਵਾਮੀ ਚਲਾਣਾ ਕਰ ਗਿਆ ਹੈ”।
ਜਜ਼ਬਾਤੀ ਗੱਲਾਂ ਦੀ ਅਹਿਮੀਅਤ ਨੂੰ ਜਾਣਦੇ ਹੋਇਆਂ ਵੀ ਇਸ ਲੇਖ ਨੂੰ ਮੁੱਖ ਤੌਰ ਤੇ ਰਾਜਨੀਤਿਕ ਪੜਚੋਲ ਵਜੋਂ ਲਿਖਣ ਦਾ ਮਕਸਦ ਅਤੀਤ ਦੀਆਂ ਗਲਤੀਆਂ ਭਵਿੱਖ ਦਾ ਰਾਹ ਦਸੇਰਾ ਬਣ ਸਕਣ ।
ਜੂਨ 1839 ਤੋਂ ਨਵੰਬਰ 1840 ਦਾ ਸਮਾਂ ਦੇਸ਼ ਪੰਜਾਬ ਦੀ ਰਾਜਨੀਤੀ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ 17 ਮਹੀਨਿਆਂ ਦੇ ਇਸ ਅਰਸੇ ਦੀ ਬਰੀਕੀ ਨਾਲ ਪੜਚੋਲ ਕਰਨੀ ਬਣਦੀ ਹੈ। ਇਸ ਸਮੇਂ ਦੌਰਾਨ ਮਹਾਰਾਜਾ ਖੜਕ ਸਿੰਘ ਅਤੇ ਕੰਵਰ ਨੌ ਨਿਹਾਲ ਸਿੰਘ ਦੇ ਸਬੰਧਾਂ ਅਤੇ ਲਾਹੌਰ ਦਰਬਾਰ ਦੇ ਮਹੱਤਵਪੂਰਨ ਵਿਅਕਤੀਆਂ ਦੀ ਕਾਰਜ਼ਗਾਰੀ ਵਿਚਾਰਨਯੋਗ ਹੈ ਦੂਜੇ ਪਾਸੇ ਬਰਤਾਨਵੀ ਭਾਰਤ ਦੇ ਦਖਲ ਨੇ ਪੰਜਾਬ ਦੀ ਘਰੇਲੂ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕੀਤਾ। ਇਨ੍ਹਾਂ ਦੋ ਸਾਲਾਂ ਦੀਆਂ ਕਈ ਘਟਨਾਵਾਂ ਨੇ ਸਿੱਖ ਰਾਜ ਦੇ ਖੁੱਸ ਜਾਣ ਦਾ ਮੁੱਢ ਬੰਨ੍ਹਿਆ।
ਲਾਹੌਰ ਦਰਬਾਰ ਵਿੱਚ ਮਹੱਤਵਪੂਰਨ ਵਿਅਕਤੀਆਂ ਨੂੰ ਮੋਟੇ ਤੌਰ ਤੇ ਸੱਤ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ
(1) ਡੋਗਰੇ ਭਰਾ (2) ਮਿਸਰ ਪਰਿਵਾਰ (3) ਭਾਈ ਪਰਿਵਾਰ (4) ਸੰਧਾਵਾਲੀਏ ਸਰਦਾਰ (5) ਅਟਾਰੀ ਵਾਲੇ ਸਰਦਾਰ (6) ਫ਼ਕੀਰ ਪਰਿਵਾਰ (7) ਯੂਰਪੀਅਨ ਅਫਸਰ।
ਡੋਗਰੇ ਅਤੇ ਭਾਈ ਪਰਿਵਾਰ ਦੀ ਆਪਸੀ ਖਿੱਚੋਤਾਨ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ 1817 ਵਿੱਚ ਧਿਆਨ ਸਿੰਘ ਡੋਗਰੇ ਨੇ ਜਮਾਦਾਰ ਖੁਸ਼ਹਾਲ ਸਿੰਘ ਨੂੰ ਡਿਉੜੀਦਾਰ ਦੀ ਜ਼ਿੰਮੇਵਾਰੀ ਤੋਂ ਫਾਰਗ ਕਰ ਆਪ ਇਹ ਅਹੁਦਾ ਸੰਭਾਲ ਲਿਆ ਸੀ। ਇਸੇ ਜ਼ਿੰਮੇਵਾਰੀ ਕਾਰਨ ਹੀ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਨਾਲ ਨੇੜਤਾ ਬਣਾਉਣ ਵਿੱਚ ਕਾਮਯਾਬ ਹੋਇਆ ਅਤੇ 1822 ਵਿੱਚ ,ਧਿਆਨ ਸਿੰਘ ਨੂੰ “ਰਾਜੇ” ਦਾ ਖ਼ਿਤਾਬ ਦਿੱਤਾ ਗਿਆ ਅਤੇ ਅਖੀਰ ਉਹ ਸਿੱਖ ਰਾਜ ਦਾ ਪ੍ਰਧਾਨ ਮੰਤਰੀ ਬਣਿਆ। ਭਾਵੇਂ ਕਿ ਮਹਾਰਾਜੇ ਨੇ ਡੋਗਰਿਆਂ ਦੀ ਕਿਸੇ ਬੇਈਮਾਨ ਨੂੰ ਨਹੀਂ ਫੜਿਆ ਸੀ ਪਰ ਅੰਗਰੇਜ਼ਾਂ ਨੇ ਇਸ਼ਾਰੇ ਮਾਤਰ ਡੋਗਰੇ ਭਰਾਵਾਂ ਨੂੰ ਸੰਭਾਵੀ ਤੌਰ ਤੇ ਤਾਕਤ ਦੇ ਭੁੱਖੇ ਬਿਆਨ ਦਿੱਤਾ ਸੀ। ਕਲਕੱਤਾ ਰੀਵਿਊ ਦੀ ਰਿਪੋਰਟ ਮੁਤਾਬਕ ਧਿਆਨ ਸਿੰਘ ਸਿਵਲ ਗੁਣਾਂ ਦਾ ਮਾਹਿਰ ਅਤੇ ਸੁਚੇਤ ਸਿੰਘ ਸੈਨਿਕ ਗੁਣਾਂ ਵਾਲਾ ਸੀ ਜਦਕਿ ਗੁਲਾਬ ਸਿੰਘ ਵਿੱਚ ਦੋਹਾਂ ਦੇ ਸੁਮੇਲ ਗੁਣ ਸਨ। ਮਿਸਰ ਪਰਿਵਾਰ ਤੇ ਡੋਗਰੇ ਭਰਾਵਾਂ ਦੇ ਸਬੰਧ ਵੀ ਚੰਗੇ ਨਹੀਂ ਸਨ ਇੱਥੇ ਦੱਸਣਯੋਗ ਹੈ ਕਿ ਜਦੋਂ ਚੇਤ ਸਿੰਘ, ਡੋਗਰੇ ਭਰਾਵਾਂ ਨੂੰ ਧਮਕਾ ਰਿਹਾ ਸੀ ਤਾਂ ਮਿਸਰ ਬੇਲੀ ਰਾਮ ਅਤੇ ਭਾਈ ਰਾਮ ਸਿੰਘ ਡੋਗਰੇ ਭਰਾਵਾਂ ਵਿਰੁੱਧ ਚੇਤ ਸਿੰਘ ਨਾਲ ਆਣ ਖੜ੍ਹੇ ਹੋਏ ਸਨ। ਸੰਧਾਵਾਲੀਏ ਸਰਦਾਰ ਵੀ ਡੋਗਰਾ ਵਿਰੋਧੀ ਰਵੱਈਆ ਰੱਖਦੇ ਸਨ। ਅਟਾਰੀਵਾਲੇ ਸਰਦਾਰ ਚੜ੍ਹਤ ਸਿੰਘ ਅਤੇ ਸ਼ਾਮ ਸਿੰਘ ਸਿੱਖ ਰਾਜ ਵਿੱਚ ਵਜੂਦਯੋਗ ਥਾਂ ਰੱਖਦੇ ਸਨ ਹਾਲਾਂਕਿ ਸਰਦਾਰ ਚੜ੍ਹਤ ਸਿੰਘ ਅਜੇ ਰਾਜਨੀਤਿਕ ਨੇਤਾ ਵਜੋਂ ਨਹੀਂ ਜਾਣਿਆ ਜਾਂਦਾ ਸੀ ਇਹ ਪਛਾਣ ਉਸ ਨੂੰ 1846 ਵਿਚ ਸਰਦਾਰ ਸ਼ਾਮ ਸਿੰਘ ਦੀ ਸ਼ਹੀਦੀ ਤੋਂ ਬਾਅਦ ਪ੍ਰਾਪਤ ਹੋਈ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਕੰਵਰ ਨੌ ਨਿਹਾਲ ਸਿੰਘ ਦਾ ਸਹੁਰਾ ਸੀ. ਨਿਰਸੰਦੇਹ ਸਰਦਾਰ ਸ਼ਾਮ ਸਿੰਘ ਇਕ ਬਹਾਦਰ ਯੋਧਾ ਸੀ ਪਰ ਉਸ ਵਿੱਚ ਰਾਜਨੀਤਕ ਗੁਣਾਂ ਦੀ ਕਮੀ ਹਮੇਸ਼ਾ ਦੇਖਣ ਨੂੰ ਮਿਲੀ। ਆਪਣੇ ਜਵਾਈ ਨੌ ਨਿਹਾਲ ਸਿੰਘ ਨੂੰ ਇੱਕ ਕਾਮਯਾਬ ਸ਼ਾਸਕ ਵਜੋਂ ਵੇਖਣ ਲਈ ਉਸ ਨੇ ਕੋਈ ਕੋਸ਼ਿਸ਼ ਨਹੀਂ ਕੀਤੀ।
ਸਿੱਖ ਰਾਜ ਵਿੱਚ ਫ਼ਕੀਰ ਪਰਿਵਾਰ ਦਾ ਯੋਗਦਾਨ ਬਹੁਤ ਉਸਾਰੂ ਅਤੇ ਖਾਮੋਸ਼ ਰਿਹਾ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਵੀ ਲੋੜ ਮਹਿਸੂਸ ਪਈ ਫ਼ਕੀਰ ਨੂਰ-ਉਦ-ਦੀਨ ਬਿਹਤਰੀਨ ਸਲਾਹ ਲੈ ਕੇ ਹਾਜ਼ਰ ਹੋਇਆ।
ਸੋ, ਉਪਰੋਕਤ ਗੱਲਾਂ ਦੇ ਮੱਦੇਨਜ਼ਰ ਇਹ ਕਹਿਣਾ ਵਾਜਬ ਹੋਵੇਗਾ। ਕਿ 1839-40 ਦੌਰਾਨ ਲਾਹੌਰ ਦਰਬਾਰ ਅੰਦਰੂਨੀ ਧੜੇਬੰਦੀ ਵੱਲ ਵੱਧ ਰਿਹਾ ਸੀ ਭਾਈ ਪਰਿਵਾਰ, ਮਿਸਰ ਪਰਿਵਾਰ ਅਤੇ ਸੰਧਾਵਾਲੀਏ ਸਰਦਾਰ ਅਤੇ ਯੂਰਪੀਅਨ ਅਫਸਰ ਡੋਗਰਾ ਵਿਰੋਧੀ ਰਵੱਈਆ ਰੱਖਦੇ ਸਨ। ਜਦਕਿ ਫਕੀਰ ਅਤੇ ਦੀਵਾਨ ਦੀਨਾ ਨਾਥ ਨੇ ਨਿਰਪੱਖਤਾ ਦਾ ਪੱਲਾ ਫੜੀ ਰੱਖਿਆ।
ਜਨਵਰੀ 1839 ਵਿਚ, ਮਹਾਰਾਜੇ ਰਣਜੀਤ ਸਿੰਘ ਨੂੰ ਅਧਰੰਗ ਦਾ ਜਾਨਲੇਵਾ ਦੋਰਾ ਪਿਆ ਤਾਂ ਖੜਕ ਸਿੰਘ, ਸ਼ੇਰ ਸਿੰਘ ਅਤੇ ਕੰਵਰਨੌ ਨਿਹਾਲ ਸਿੰਘ ਨੇ ਬਿਮਾਰ ਮਹਾਰਾਜੇ ਦੇ ਇਰਦ ਗਿਰਦ ਸਰਗਰਮੀ ਵਧਾ ਦਿੱਤੀ। ਐਮ.ਐਲ ਆਹਲੂਵਾਲੀਆ ਮੁਤਾਬਿਕ, ਮਹਾਰਾਜਾ ਰਣਜੀਤ ਸਿੰਘ, ਸ਼ੇਰ ਸਿੰਘ ਅਤੇ ਕੰਵਰ ਨੋ ਨਿਹਾਲ ਸਿੰਘ ਨੂੰ ਲਾਹੌਰ ਤੋਂ ਦੂਰ ਰੱਖਣਾ ਚਾਹੁੰਦਾ ਸੀ ਤਾਂ ਤੇ ਖੜਕ ਸਿੰਘ ਨਾਲ ਸਿੱਧੇ ਟਕਰਾ ਤੋਂ ਬਚਾ ਕੀਤਾ ਜਾ ਸਕੇ। ਨੌਂ ਨਿਹਾਲ ਸਿੰਘ ਨੂੰ ਉਸ ਦੀ ਇੱਛਾ ਦੇ ਖ਼ਿਲਾਫ਼ ਪਿਸ਼ਾਵਰ ਭੇਜਿਆ ਗਿਆ ਤਾਂ ਜੋ ਉਹ ਤ੍ਰੈ-ਪੱਖੀ ਸੰਧੀ(1838) ਅਨੁਸਾਰ ਦੋਸਤ ਮੁਹੰਮਦ ਖ਼ਿਲਾਫ਼ ਅੰਗਰੇਜ਼ਾਂ ਦਾ ਸਾਥ ਦੇ ਸਕੇ ਅਤੇ ਸ਼ੇਰ ਸਿੰਘ ਨੂੰ ਉਸ ਦੇ ਇਲਾਕੇ ਬਟਾਲੇ ਵਿੱਚ ਵਾਪਸ ਜਾਣ ਲਈ ਕਿਹਾ ਗਿਆ । ਸ਼ੇਰ ਸਿੰਘ ਅਤੇ ਕੰਵਰ ਨੌ ਨਿਹਾਲ ਸਿੰਘ ਲਗਾਤਾਰ ਚਿੱਠੀ ਪੱਤਰ ਰਾਹੀਂ ਮਹਾਰਾਜੇ ਦੀ ਸਿਹਤ ਦਾ ਹਾਲ ਪੁੱਛਦੇ ਰਹੇ ਅਤੇ ਉਨ੍ਹਾਂ ਨੂੰ ਲਗਾਤਾਰ ਇਹ ਕਿਹਾ ਗਿਆ ਕਿ ਮਹਾਰਾਜੇ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ।
ਮਹਾਰਾਜੇ ਦੀ ਸਿਹਤ ਵਿੱਚ ਆਉਂਦੇ ਲਗਾਤਾਰ ਨਿਘਾਰ ਕਾਰਨ 21 ਜੂਨ 1839 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਖੜਕ ਸਿੰਘ ਦੇ ਮੱਥੇ ਤੇ ਤਿਲਕ ਲਗਾ ਕੇ ਉਸ ਨੂੰ ਦੇਸ਼ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰ ਦੇ ਦਿੱਤੇ ਤੇ ਰਾਜਾ ਧਿਆਨ ਸਿੰਘ ਨੂੰ ਨੈਬ-ਉੱਲ-ਸਲਤਨਤ-ਏ -ਅਜ਼ਮਤ ਵਰਗੇ ਖਿਤਾਬ ਦਿੱਤੇ ਗਏ। 27 ਜੂਨ 1839 ਵਿੱਚ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ। ਮਹਾਰਾਜੇ ਰਣਜੀਤ ਸਿੰਘ ਦੇ ਦੇਹਾਂਤ ਤੋਂ ਕੁੱਝ ਘੰਟਿਆਂ ਬਾਅਦ ਦੀਆਂ ਕਾਰਵਾਈਆਂ ਨੇ ਇਹ ਸਿੱਧ ਕਰ ਦਿੱਤਾ ਸੀ ਕਿ ਇਕ ਖੜਕ ਸਿੰਘ ਵਾਲਾ ਪ੍ਰਬੰਧ ਜਿਆਦਾ ਸਮਾਂ ਨਹੀਂ ਚੱਲੇਗਾ। ਧਿਆਨ ਸਿੰਘ ਨੂੰ ਇਹ ਇਲਮ ਹੋ ਗਿਆ ਕਿ ਬਦਲੇ ਹਾਲਾਤਾਂ ਵਿੱਚ ਨੈਬ-ਉੱਲ-ਸਲਤਨਤ ਵਰਗੇ ਖਿਤਾਬਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ।
ਜ਼ਿਕਰਯੋਗ ਹੈ ਕਿ ਜਦੋਂ 19 ਅਗਸਤ 1835 ਵਿੱਚ ਮਹਾਰਾਜੇ ਰਣਜੀਤ ਸਿੰਘ ਨੂੰ ਅਧਰੰਗ ਦਾ ਅਟੈਕ ਆਇਆ ਸੀ ਤਾਂ ਖੜਕ ਸਿੰਘ ਨੇ ਆਪਣੇ ਨੌਕਰ ਮੌਲਵੀ ਆਜ਼ਮ ਅਲੀ ਰਾਹੀਂ ਕੈਪਟਨ ਵੇਡ ਨਾਲ ਸੰਪਰਕ ਸਾਧਿਆ ਸੀ ਉਸ ਸਮੇਂ ਮੌਲਵੀ ਨੇ ਕੈਪਟਨ ਵੇਡ ਨੂੰ ਕਿਹਾ ਸੀ ਕਿ ਉਸ ਦੀ ਸਰਕਾਰ (ਖੜਕ ਸਿੰਘ) ਨੂੰ ਧਿਆਨ ਸਿੰਘ ਤੋਂ ਡਰ ਹੈ ਜਿਸ ਨੇ ਮਹਾਰਾਜੇ ਦੇ ਮਨ ਉੱਤੇ ਪੂਰਾ ਕੰਟਰੋਲ ਕੀਤਾ ਹੋਇਆ ਹੈ।
ਉਮਦਾ ਉੱਤਵਾਰੀਖ਼ ਦੇ ਕਰਤੇ ਸੋਹਨ ਲਾਲ ਸੂਰੀ ਅਨੁਸਾਰ, ਮਹਾਰਾਜੇ ਦੇ ਸੰਸਕਾਰ ਵੇਲੇ ਧਿਆਨ ਸਿੰਘ ਨੇ ਫ਼ਰੇਬੀ ਅਤੇ ਹੁਸ਼ਿਆਰੀ ਨਾਲ ਐਲਾਨ ਕੀਤਾ ਕਿ ਉਹ ਸਤੀ ਪ੍ਰਥਾ ਤਹਿਤ ਮਹਾਰਾਜੇ ਨਾਲ ਉਸ ਦੀ ਚਿਖਾ ਵਿੱਚ ਸੜ ਜਾਵੇਗਾ। ਇਸ ਐਲਾਨ ਦਾ ਮਕਸਦ ਖੜਕ ਸਿੰਘ ਅਤੇ ਹੋਰਾਂ ਦੇ ਇਰਾਦਿਆਂ ਨੂੰ ਜਾਣਨ ਤੋਂ ਵੱਧ ਕੁਝ ਨਹੀਂ ਸੀ। ਖੜਕ ਸਿੰਘ ਨੇ ਧਿਆਨ ਸਿੰਘ ਦੀ ਇਸ ਗੱਲ ਦਾ ਵਿਰੋਧ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਕਦੇ ਉਸ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰੇਗਾ ਅਤੇ ਹਮੇਸ਼ਾ ਉਸ ਨੂੰ ਰਣਜੀਤ ਸਿੰਘ ਦੇ ਵਿਕਲਪ ਵਜੋਂ ਵੇਖੇਗਾ।
ਦੂਸਰੀ ਘਟਨਾ ਜੋ ਮਹਾਰਾਜੇ ਦੇ ਸਸਕਾਰ ਵੇਲੇ ਘਟੀ, ਰਾਣੀ ਕਟੋਚ ਕਾਂਗੜੇ ਦੇ ਰਾਜੇ ਦੀ ਧੀ ਸੀ। ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਤੀ ਹੋਈ। ਰਾਣੀ ਕਟੋਚ ਨੇ ਮਹਾਰਾਜਾ ਰਣਜੀਤ ਸਿੰਘ ਦੀ ਦੇਹ ਤੇ ਸੀਤਾ ਰੱਖ ਕੇ ਦਰਬਾਰੀਆਂ ਨੂੰ ਸਹੁੰ ਖਾਣ ਨੂੰ ਕਿਹਾ ਕਿ
(1) ਮੈਂ ਰਾਜ ਵਿੱਚ ਫੁੱਟ ਨਹੀਂ ਪਾਵਾਂਗਾ ਅਤੇ ਖੜਕ ਸਿੰਘ ਅਤੇ ਨੌਨਿਹਾਲ ਦੇ ਸੰਬੰਧਾਂ ਨੂੰ ਨਹੀਂ ਵਿਗਾੜਾਂਗਾ
(2) ਮੈਂ ਖੜਕ ਸਿੰਘ ਨੂੰ ਅਜਿਹਾ ਕਰਨ ਲਈ ਨਹੀਂ ਪ੍ਰੇਰੇਗਾ ਜਿਸ ਜਿਸ ਨਾਲ ਕੰਵਰ ਨੌ ਨਿਹਾਲ ਸਿੰਘ ਦੀਆਂ ਮੁਸ਼ਕਿਲਾਂ ਵਧਣ।
ਧਿਆਨ ਸਿੰਘ ਨੇ ਇਹ ਗੱਲ ਕਹਿ ਕੇ ਕਸਮ ਚੁੱਕਣ ਤੋਂ ਮਨ੍ਹਾ ਕਰ ਦਿੱਤਾ ਕਿ ਜਦ ਉਹ ਸਤੀ ਹੋ ਕੇ ਮਰ ਹੀ ਰਿਹਾ ਹੈ ਤਾਂ ਅਜਿਹੀ ਕਸਮ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਉਪਰੋਕਤ ਦੋ ਗੱਲਾਂ ਪਹਿਲੀ ਸਤੀ ਹੋਣ ਬਾਰੇ ਅਤੇ ਦੂਜੀ ਸਹੁੰ ਨਾ ਚੁੱਕਣ ਤੋਂ ਸਪੱਸ਼ਟ ਹੁੰਦਾ ਹੈ ਕਿ ਖੜਕ ਸਿੰਘ ਅਤੇ ਧਿਆਨ ਸਿੰਘ ਦੇ ਸਬੰਧ ਸੁਖਾਲੇ ਨਹੀਂ ਹੋਣ ਵਾਲੇ।
ਗੁਲਸ਼ਨ-ਏ-ਪੰਜਾਬ ਦੇ ਲੇਖਕ ਪੰਡਤ ਦੇਬੀ ਪ੍ਰਸਾਦ ਲਿਖਦਾ ਹੈ ਕਿ ਖੜਕ ਸਿੰਘ ਜੋ ਕੇ ਰਾਜੇ ਧਿਆਨ ਸਿੰਘ ਦੀ ਲਾਹੌਰ ਦਰਬਾਰ ਤੇ ਪਕੜ ਨੂੰ ਘੱਟ ਕਰਨ ਦਾ ਚਾਹਵਾਨ ਸੀ ਇਹ ਕਾਰਨ ਹੀ ਉਸਨੂੰ ਧਿਆਨ ਸਿੰਘ ਦਾ ਬਦਲ ਲੱਭਣ ਵੱਲ ਲੈ ਕੇ ਜਾਂਦੇ ਹਨ ਅਤੇ ਇੱਥੋਂ ਹੀ ਚੇਤ ਸਿੰਘ ਬਾਜਵੇ ਦਾ ਲਾਹੌਰ ਦਰਬਾਰ ਵਿੱਚ ਪ੍ਰਵੇਸ਼ ਹੁੰਦਾ ਹੈ। ਚੇਤ ਸਿੰਘ ਬਾਜਵਾ ਜੋ ਕਿ ਖੜਕ ਸਿੰਘ ਦਾ ਦੂਰ ਦਾ ਰਿਸ਼ਤੇਦਾਰ ਸੀ ਅਤੇ ਪੁਰਾਣਾ ਉਸਤਾਦ ਸੀ। ਖੜਕ ਸਿੰਘ ਦੇ ਮਹਾਰਾਜਾ ਬਣਨ ਤੋਂ ਬਾਅਦ ਉਸ ਦਾ ਲਾਹੌਰ ਦਰਬਾਰ ਵਿੱਚ ਚੋਖਾ ਪ੍ਰਭਾਵ ਸੀ। ਉਹ ਲਗਭਗ ਪ੍ਰਧਾਨਮੰਤਰੀ ਵਜੋਂ ਹੀ ਕੰਮ ਕਰ ਰਿਹਾ ਸੀ।
ਦੂਜੇ ਪਾਸੇ ਕੰਵਰ ਨੌ ਨਿਹਾਲ ਸਿੰਘ ਜੋ ਕਿ ਉਸ ਸਮੇਂ ਪਿਸ਼ਾਵਰ ਵਿੱਚ ਸੀ 8 ਜੁਲਾਈ 1839 ਨੂੰ ਕੰਵਰ ਨੌ ਨਿਹਾਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੇ ਸੋਗ ਵਜੋਂ ਪਿਸ਼ਾਵਰ ਵਿਖੇ ਦਰਬਾਰ ਸਜਾਇਆ ਇਸ ਦਰਬਾਰ ਵਿੱਚ ਉਸ ਨੇ ਲਾਹੌਰ ਜਾ ਕੇ ਰਾਜ ਦੇ ਮਾਮਲਿਆਂ ਦਾ ਕੰਮਕਾਰ ਵੇਖਣ ਦਾ ਫ਼ੈਸਲਾ ਸੁਣਾਇਆ। 14 ਅਤੇ 16 ਜੁਲਾਈ ਨੂੰ ਨੌਨਿਹਾਲ ਸਿੰਘ ਨੇ ਦਰਬਾਰ ਵਿੱਚ ਫੇਰ ਆਪਣਾ ਪ੍ਰਣ ਦੁਹਰਾਇਆ ਅਤੇ ਲਾਹੌਰ ਦੇ ਦਰਬਾਰੀਆਂ ਨੂੰ ਪਰਵਾਨਾ ਭੇਜ ਕੇ ਤਾਜ਼ਪੋਸ਼ੀ ਦੀ ਰਸਮ ਨੂੰ ਉਸ ਦੇ ਲਾਹੌਰ ਆਉਣ ਤੱਕ ਰੋਕਣ ਨੂੰ ਕਿਹਾ।
ਕੰਵਰ ਨੌ ਨਿਹਾਲ ਸਿੰਘ ਨੇ ਪਿਸ਼ਾਵਰ ਵਿਖੇ ਮੌਜੂਦ ਦਰਬਾਰੀਆਂ ਦੇ ਇੱਕ ਦਸਤਾਵੇਜ਼ ਤੇ ਹਸਤਾਖਰ ਵੀ ਕਰਵਾਏ। ਇਹ ਦਸਤਾਵੇਜ਼ ਉਸ ਨੂੰ ਸਿੱਖ ਰਾਜ ਦਾ “ਮੁਖਤਿਆਰ ” ਬਿਆਨ ਦਾ ਸੀ। 16 ਜੁਲਾਈ 1839 ਦੇ ਇਸ ਪਰਵਾਨੇ ਤੋਂ ਰਾਜਾ ਧਿਆਨ ਸਿੰਘ ਤਕਲੀਫ਼ ਵਿੱਚ ਸੀ।
21 ਜੁਲਾਈ 1839 ਦੀ ਪੰਜਾਬ ਅਖ਼ਬਾਰ ਦੀ ਖ਼ਬਰ ਅਨੁਸਾਰ ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਨੂੰ ਚਿੱਠੀ ਲਿਖੀ “ਕਿ ਰਾਜ ਦੇ ਕੰਮਾਂ ਵਿੱਚ ਉਸ ਦੀ ਮਿਹਨਤ, ਮਹਾਰਾਜੇ ਦੀ ਮੌਤ ਤੋ ਮੌਤ ਤੋਂ ਬਾਅਦ ਖ਼ਜ਼ਾਨੇ ਅਤੇ ਫੌਜ ਦੀ ਸਖਤ ਦੇਖ ਭਾਲ ਤੋਂ ਬਾਅਦ ਉਸ ਨੂੰ ਚਾਹੀਦਾ ਹੈ ਕਿ ਉਹ ਬਨਾਰਸ ਜਾਣ ਦੀ ਤਿਆਰੀ ਕਰ ਲਵੇ। ਇੱਛੁਕ ਧੜਿਆਂ ਦੀ ਗਲਤ ਜਾਣਕਾਰੀ ਕਾਰਨ ਕੰਵਰ ਨੌ ਨਿਹਾਲ ਸਿੰਘ ਦੀ ਨਾਰਾਜ਼ਗੀ ਤੋਂ ਉਹ ਚਿੰਤਤ ਹੈ। ਕੰਵਰ ਨੌ ਨਿਹਾਲ ਸਿੰਘ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਨਾਲ ਰੱਲ ਕੇ ਰਾਜ ਦੇ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਨਿੱਜਠਣ ਦਾ ਇੱਛੁਕ ਸੀ। ਪਰ ਦਰਬਾਰੀ ਅਤੇ ਡੋਗਰੇ ਆਪਣੇ ਨਿੱਜੀ ਮੁਫ਼ਾਦਾਂ ਬਾਰੇ ਸੋਚ ਰਹੇ ਸਨ। ਧਿਆਨ ਸਿੰਘ ਬੜੀ ਫ਼ਰੇਬੀ ਨਾਲਚੇਤ ਸਿੰਘ ਨੂੰ ਅਧਾਰ ਬਣਾ ਕੇ ਕੰਵਰ ਨੌ ਨਿਹਾਲ ਸਿੰਘ ਨੂੰ ਆਪਣੇ ਪਿਤਾ ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ। ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਖੜਕ ਖੜਕ ਸਿੰਘ ਦੀ ਮਹਾਰਾਜੇ ਵਜੋਂ ਤਾਜਪੋਸ਼ੀ ਦੀ ਰਸਮ ਕਾਹਲੀ ਵਿੱਚ ਕੀਤੀ ਗਈ। ਤਾਜਪੋਸ਼ੀ ਦੀ ਰਸਮ ਜੋ ਕਿ ਅਕਤੂਬਰ 1839 ਹੋਣ ਦੀ ਸੰਭਾਵਨਾ ਸੀ। ਬੜੀ ਕਾਹਲੀ ਨਾਲ ਇਹ ਰਸਮ ਕੰਵਰ ਨੌਨਿਹਾਲ ਸਿੰਘ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਇੱਕ ਸਤੰਬਰ 1839 ਨੂੰ ਕੀਤੀ ਗਈ। ਕਈ ਇਤਿਹਾਸਕਾਰ ਇਸ ਕਾਹਲੀ ਦਾ ਮਕਸਦ ਬਰਤਾਨਵੀ ਭਾਰਤ ਦੇ ਮਿਸ਼ਨ ਦਾ ਸੋਗ ਵਜੋਂ ਪੰਜਾਬ ਆਉਣਾ ਅਤੇ ਨਵੇਂ ਮਹਾਰਾਜੇ ਨੂੰ ਵਧਾਈ ਦੇਣਾ ਵੀ ਮੰਨਦੇ ਹਨ।
ਮਹਾਰਾਜਾ ਖੜਕ ਸਿੰਘ ਸੁਚੱਜੇ ਢੰਗ ਨਾਲ ਰਾਜ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਵਿੱਚ ਸੀ। ਚੇਤ ਸਿੰਘ ਬਾਜਵਾ ਲਗਭਗ ਪ੍ਰਧਾਨ ਮੰਤਰੀ ਵਜੋਂ ਕੰਮ ਕਰ ਰਿਹਾ ਸੀ। ਇਸ ਸਾਰੇ ਢਾਂਚੇ ਵਿੱਚ ਧਿਆਨ ਸਿੰਘ ਡੋਗਰੇ ਦਾ ਲਾਹੌਰ ਦਰਬਾਰ ਤੇ ਕੰਟਰੋਲ ਘੱਟ ਰਿਹਾ ਸੀ ਕੰਵਰ ਨੌਨਿਹਾਲ ਸਿੰਘ ਦੇ ਪਿਸ਼ਾਵਰ ਤੋਂ ਆਉਣ ਤੋਂ ਬਾਅਦ ਧਿਆਨ ਸਿੰਘ ਨੇ ਖੜਕ ਸਿੰਘ ਅਤੇ ਚੇਤ ਸਿੰਘ ਦੇ ਅੰਗਰੇਜ਼ਾਂ ਨਾਲ ਮਿਲੇ ਹੋਣ ਦੀ ਖ਼ਬਰ ਉਡਾ ਦਿੱਤੀ ਅਤੇ ਕੰਵਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦੇ ਵਿਰੋਧ ਵਿੱਚ ਖੜ੍ਹਾ ਕਰ ਦਿੱਤਾ। ਧਿਆਨ ਸਿੰਘ ਵੱਲੋਂ ਨੌਨਿਹਾਲ ਸਿੰਘ ਰਾਹੀਂ ਮਹਾਰਾਜੇ ਖੜਕ ਸਿੰਘ ਨੂੰ ਵਾਰ-ਵਾਰ ਚੇਤ ਸਿੰਘ ਨੂੰ ਦਰਬਾਰ ਵਿੱਚੋਂ ਕੱਢਣ ਦੀ ਗੱਲ ਉੱਤੇ ਜ਼ੋਰ ਪਾਇਆ ਗਿਆ। ਇਹ ਅਜਿਹੀ ਸਥਿਤੀ ਸੀ ਜਿਸ ਵਿਚ ਧਿਆਨ ਸਿੰਘ ਦੀ ਦਰਬਾਰ ਵਿਚ ਪਾਵਰ ਵੱਧਦੀ ਸੀ।
24 ਸਤੰਬਰ 1839 ਵਿੱਚ ਪੰਜਾਬ ਅਖ਼ਬਾਰ ਦੀ ਖ਼ਬਰ ਅਨੁਸਾਰ ਕੰਵਰ ਨੌ ਨਿਹਾਲ ਸਿੰਘ ਨੇ ਆਪਣੇ ਪਿਤਾ ਖੜਕ ਸਿੰਘ ਨੂੰ ਹੀਰਾ ਸਿੰਘ ਰਾਹੀਂ ਚੇਤ ਸਿੰਘ ਨੂੰ ਹਟਾਉਣ ਦੀ ਬੇਨਤੀ ਕੀਤੀ ਜਿਸ ਤੇ ਖੜਕ ਸਿੰਘ ਨੇ ਕਿਹਾ ਕਿ “ਉਹ ਘੋੜੇ,ਹਾਥੀ, ਪੈਸੇ ਜਾਂ ਜਗੀਰ ਦੇਣ ਲਈ ਰਾਜ਼ੀ ਹੈ ਪਰ ਉਹ ਕੰਵਰ ਦੀ ਇਹ ਤਰਕਹੀਣ ਨਾਰਾਜ਼ਗੀ ਦੀ ਪੂਰਤੀ ਨਹੀਂ ਕਰ ਸਕਦਾ”।
ਸੋਹਨ ਲਾਲ ਸੂਰੀ ਅਨੁਸਾਰ, “7 ਅਕਤੂਬਰ 1839 ਨੂੰ ਧਿਆਨ ਸਿੰਘ,ਸੰਧਾਵਾਲੀਏ ਸਰਦਾਰ,ਜਮਾਂਦਾਰ ਖ਼ੁਸ਼ਹਾਲ ਸਿੰਘ ਅਤੇ ਲਹਿਣਾ ਸਿੰਘ ਮਜੀਠੀਏ ਨੇ ਨੌਨਿਹਾਲ ਸਿੰਘ ਨੂੰ ਇੱਕ ਵਫਦ ਦੇ ਤੌਰ ਤੇ ਮਿਲ ਕੇ ਕਿਹਾ ਕਿ ਉਨ੍ਹਾਂ ਦੀ ਵਫ਼ਾਦਾਰੀ ਅਤੇ ਸਮਰਪਣ ਕੇਵਲ ਖੜਕ ਸਿੰਘ, ਕੰਵਰ ਨੌ ਨਿਹਾਲ ਸਿੰਘ ਅਤੇ ਪਰਿਵਾਰ ਪ੍ਰਤੀ ਹੈ ਅਤੇ ਉਹ ਚੇਤ ਸਿੰਘ ਵੱਲੋਂ ਕਿਸੇ ਵੀ ਹਾਲਤ ਵਿੱਚ ਹੁਕਮ ਨਹੀਂ ਲੈਣਗੇ ਅਤੇ ਜੇਕਰ ਚੇਤ ਸਿੰਘ ਨੂੰ ਦਰਬਾਰ ਵਿੱਚੋਂ ਨਹੀਂ ਕੱਢਿਆ ਜਾਂਦਾ ਤਾਂ ਉਹ ਆਪਣੇ ਅਸਤੀਫੇ ਸੌਂਪ ਦੇਣਗੇ। ਕੰਵਰ ਨੋ ਨਿਹਾਲ ਸਿੰਘ ਨੇ ਵਾਅਦਾ ਕੀਤਾ ਕੇ ਉਸ ਇਸ ਮਸਲੇ ਨੂੰ ਸੁਲਝਾਵੇਗਾ “।
9 ਅਕਤੂਬਰ 1839 ਨੂੰ ਧਿਆਨ ਸਿੰਘ ਅਤੇ ਸਾਥੀਆਂ ਦਾ ਇੱਕ ਗਰੁੱਪ ਖੜਕ ਸਿੰਘ ਦੇ ਆਰਾਮ ਕਰਨ ਵਾਲੇ ਕਮਰੇ ਵਿੱਚ ਦਾਖ਼ਲ ਹੁੰਦੇ ਹਨ ਜਿੱਥੇ ਧਿਆਨ ਸਿੰਘ ਵੱਲੋਂ ਚੇਤ ਸਿੰਘ ਦਾ ਕਤਲਕਰ ਦਿੱਤਾ ਜਾਂਦਾ ਹੈ ਅਤੇ ਮਿਸਰ ਬੇਲੀ ਰਾਮ ਨੂੰ ਕੈਦ ਕਰ ਲਿਆ ਜਾਂਦਾ ਹੈ ਜੋ ਕਿ ਮਹਾਰਾਜੇ ਖੜਕ ਸਿੰਘ ਦੇ ਨਾਲ ਅਤੇ ਧਿਆਨ ਸਿੰਘ ਖਿਲਾਫ ਸੀ। ਇੱਥੋਂ ਹੀ ਲਾਹੌਰ ਦਰਬਾਰ ਵਿੱਚ ਖਾਨਾਜੰਗੀ ਦੀ ਸ਼ੁਰੂਆਤ ਹੁੰਦੀ ਹੈ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਚੇਤ ਸਿੰਘ ਦਾ ਕਤਲ ਧਿਆਨ ਸਿੰਘ ਡੋਗਰੇ ਦੀ ਤਾਕਤ ਅਤੇ ਮਹਾਰਾਜਾ ਖੜਕ ਸਿੰਘ ਦੀ ਤਾਕਤ ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਚੇਤ ਸਿੰਘ ਬਾਜਵੇ ਦੇ ਕਤਲ ਦੀ ਇਸ ਗੁੰਝਲਦਾਰ ਕਾਰਵਾਈ ਵਿੱਚ ਰਸਲ ਕਲਾਰਕ, ਬਰਤਾਨਵੀ ਪੁਲੀਟੀਕਲ ਏਜੰਟ, ਦੀ ਭੂਮਿਕਾ ਵੀ ਘੱਟ ਨਹੀਂ। ਰਸਲ ਕਲਾਰਕ ਸਤੰਬਰ 1839 ਵਿੱਚ ਲਾਹੌਰ ਆਇਆ ਹੋਇਆ ਸੀ। 19 ਸਤੰਬਰ 1839 ਵਿੱਚ ਲਾਰਡ ਆਕਲੈਂਡ ਨੂੰ ਲਿਖੀ ਚਿੱਠੀ ਵਿੱਚ ਉਹ ਆਖਦਾ ਹੈ ਕਿ ਮੈਂ ਹਰ ਇੱਕ ਚੇਤ ਸਿੰਘ ਵਿਰੋਧੀ ਨੂੰ ਮਿਲਿਆ ਅਤੇ ਉਹਨਾਂ ਨੂੰ ਚੇਤ ਸਿੰਘ ਨੂੰ ਦਰਬਾਰ ਵਿੱਚੋਂ ਕੱਢਣ ਦੀ ਲੋੜ ਦੱਸੀ। ਇਸ ਪਿੱਛੇ ਅੰਗਰੇਜ਼ਾਂ ਨੇ ਕਿਹੜੀਆਂ ਭਾਵਨਾ ਭਾਵਨਾਵਾਂ ਸੀ ਇਹ ਇੱਕ ਅਲੱਗ ਖੋਜ ਦਾ ਵਿਸ਼ਾ ਹੈ ਇੱਕ ਪਾਸੇ ਧਿਆਨ ਸਿੰਘ ਵਲੋਂ ਚੇਤ ਸਿੰਘ ਅਤੇ ਖੜਕ ਸਿੰਘ ਨੂੰ ਅੰਗਰੇਜ਼ਾਂ ਨਾਲ ਮਿਲੇ ਹੋਣ ਦੀ ਗੱਲ ਆਖੀ ਜਾਂਦੀ ਹੈ ਅਤੇ ਦੂਜੇ ਪਾਸੇ ਰਸਲ ਕਲਾਰਕ ਚੇਤ ਸਿੰਘ ਨੂੰ ਦਰਬਾਰ ਵਿੱਚੋਂ ਕੱਢਣ ਦੀ ਜ਼ਰੂਰਤ ਸਮਝਦਾ ਹੈ ਕਿਹੜੇ ਕਾਰਨ ਸਨ ਜੋ ਉਸ ਨੂੰ ਧਿਆਨ ਸਿੰਘ ਦੇ ਪਾਵਰ ਵਿੱਚ ਰਹਿਣ ਨਾਲ ਲਾਭ ਦਿੰਦੇ ਸਨ ? ਚੇਤ ਸਿੰਘ ਬਾਜਵੇ ਦੇ ਕਤਲ ਨੇ ਲਾਹੌਰ ਦਰਬਾਰ ਵਿੱਚ ਹਿੰਸਕ ਕਾਰਵਾਈਆਂ ਦਾ ਮੁੱਢ ਬੰਨ੍ਹਿਆ ਅਤੇ ਇਸ ਦੀ ਸ਼ੁਰੂਆਤ ਵੀ ਰਾਜ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਡਾ:ਹੋਨਿੰਗਬਰਗਰ, ਆਸਟਰੀਅਨ ਡਾਕਟਰ, ਇਸ ਤੇ ਆਪਣੀ ਟਿੱਪਣੀ ਦਿੰਦਾ ਹੈ ਕਿ ਜੇਕਰ ਖੜਕ ਸਿੰਘ ਆਪਣੇ ਪਿਤਾ ਦੀ ਸਲਾਹ ਮੰਨ ਕੇ ਧਿਆਨ ਸਿੰਘ ਤੇ ਭਰੋਸਾ ਕੀਤਾ ਹੁੰਦਾ ਤਾਂ ਸਾਰਾ ਕੁਝ ਠੀਕ ਰਹਿਣਾ ਸੀ। ਸੀਤਾ ਰਾਮ ਕੋਹਲੀ ਅਨੁਸਾਰ , ਕੰਵਰ ਨੌ ਨਿਹਾਲ ਸਿੰਘ ਦੀ ਆਪਣੇ ਪਿਤਾ ਨੂੰ ਰਾਜਗੱਦੀ ਤੋਂ ਲਾਉਣ ਦੀ ਮਨਸ਼ਾ ਦੇ ਸਬੂਤ ਕਿਤੋਂ ਵੀ ਨਹੀਂ ਮਿਲਦੇ। ਇਹ ਗੱਲ ਕੇਵਲ ਕਪਤਾਨ ਵੇਡ, ਬਰਤਾਨਵੀ ਪੁਲੀਟੀਕਲ ਏਜੰਟ, ਵਲੋਂ ਕਹੀ ਗਈ। ਨੌ ਨਿਹਾਲ ਸਿੰਘ ਕੇਵਲ ਕੁਸ਼ਲ ਰਾਜ ਪ੍ਰਬੰਧ ਸਥਾਪਤ ਕਰਨਾ ਚਾਹੁੰਦਾ ਸੀ। ਤਾਂ ਜੋ ਖਾਲਸਾ ਰਾਜ ਦੇ ਗੌਰਵ ਨੂੰ ਬਰਕਰਾਰ ਰੱਖਿਆ ਜਾ ਸਕੇ। ਮਹਾਰਾਜੇ ਖੜਕ ਸਿੰਘ ਦੇ ਹਮਾਇਤੀਆਂ ਦਾ ਘੇਰਾ ਛੋਟਾ ਹੋਣਾਂ ਅਤੇ ਖੜਕ ਸਿੰਘ-ਚੇਤ ਸਿੰਘ ਵਿਰੋਧੀ ਧੜੇ ਵਜੋਂ ਨੌ ਨਿਹਾਲ ਸਿੰਘ ਨੂੰ ਆਗੂ ਵਜੋਂ ਪੇਸ਼ ਕਰਨਾ ਲਾਹੌਰ ਦਰਬਾਰ ਵਿਚ ਆਪਸੀ ਫੁੱਟ ਦੀ ਪਹਿਲ ਸੀ। ਉਪਰੋਕਤ ਘਟਨਾਵਾਂ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਰਾਜ ਪ੍ਰਬੰਧ ਦੀ ਦਸ਼ਾ ਦਰਸਾਉਂਦੀਆਂ ਹਨ।
– ਇੰਦਰਪ੍ਰੀਤ ਸਿੰਘ