Copyright & copy; 2019 ਪੰਜਾਬ ਟਾਈਮਜ਼, All Right Reserved
ਕੋਰੋਨਾਵਾਇਰਸ ਮਹਾਂਮਾਰੀ ਕਾਰਨ ਬੀ.ਸੀ. ਦਾ ਵਿੱਤੀ ਸਾਲ 2020-21 ਦਾ ਘਾਟਾ 12.8 ਬਿਲੀਅਨ ਡਾਲਰ ਤੱਕ ਪਹੁੰਚੇਗਾ 

ਕੋਰੋਨਾਵਾਇਰਸ ਮਹਾਂਮਾਰੀ ਕਾਰਨ ਬੀ.ਸੀ. ਦਾ ਵਿੱਤੀ ਸਾਲ 2020-21 ਦਾ ਘਾਟਾ 12.8 ਬਿਲੀਅਨ ਡਾਲਰ ਤੱਕ ਪਹੁੰਚੇਗਾ

 

ਸਰੀ, (ਕੈਨੇਡੀਅਨ ਪੰਜਾਬ ਟਾਇਮਜ਼, ਪਰਮਜੀਤ ਸਿੰਘ):  ਬੀ.ਸੀ. ਨੂੰ ਸਾਲ 2020-21 ਦੇ ਵਿੱਤੀ ਸਾਲ ‘ਚ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਤਕਰੀਬਨ 12.8 ਬਿਲੀਅਨ ਡਾਲਰ ਦਾ ਘਾਟਾ ਪਵੇਗਾ। ਬੀ.ਸੀ. ਦੀ ਵਿੱਤ ਮੰਤਰੀ ਕੈਰੋਲ ਜੇਮਜ਼ ਵਲੋਂ ਵੀਰਵਾਰ ਵਿੱਤੀ ਸਾਲ 2020-21 ਦੇ ਪਹਿਲੇ ਤਿੰਨ ਮਹੀਨਿਆਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਰਿਪੋਰਟ ਜਾਰੀ ਕਰਦਿਆਂ ਵਿੱਤ ਮੰਤਰੀ ਕੈਰੋਲ ਜੇਮਜ਼ ਨੇ ਕਿਹਾ ਕਿ ਸਾਨੂੰ ਸਭ ਨੂੰ ਇਹ ਗੱਲ ਪਤਾ ਹੈ ਕਿ ਦੁਨੀਆ ਫਰਵਰੀ ਤੋਂ ਪਹਿਲਾਂ ਅੱਜ ਦੇ ਦਿਨ ਨਾਲੋਂ ਕਿੰਨੀ ਵਖਰੀ ਸੀ।  ਕੋਰੋਨਾਵਾਇਰਸ ਮਹਾਂਮਾਰੀ ਨੇ ਨਾ ਸਿਰਫ਼ ਕੈਨੇਡਾ ਦੀ ਅਰਥਵਿਵਸਥਾ ਨੂੰ ਡਵਾਂਡੋਲ ਕੀਤਾ ਸਗੋਂ ਦੁਨੀਆ ਭਰ ਦੇ ਦੇਸ਼ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ।

ਕੈਰੋਲ ਨੇ ਕਿਹਾ ਕੋਰੋਨਾਵਾਇਰਸ ਮਹਾਂਮਾਰੀ ਤੋਂ ਪਹਿਲਾਂ ਸੂਬਈ ਘਾਟਾ ਸਿਰਫ਼ 227 ਮਿਲੀਅਨ ਡਾਲਰ ਸੀ। ਅਪ੍ਰੈਲ ਤੋਂ ਜੂਨ ਦੇ ਮਹੀਨਿਆਂ ਦੌਰਾਨ ਮਹਾਂਮਾਰੀ ਕਾਰਨ ਠੱਪ ਹੋਏ ਕਾਰੋਬਾਰਾਂ ਨੇ ਕੈਨੇਡਾ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਦਿੱਤਾ। ਮਹਾਂਮਾਰੀ ਕਾਰਨ ਕੰਮ-ਕਾਜ ਤੋਂ ਵਿਹਲੇ ਹੋਏ ਲੋਕਾਂ ਲਈ ਸਰਕਾਰ ਵਲੋਂ ਕਈ ਉਪਰਾਲੇ ਕੀਤੇ ਗਏ ਜਿਵੇਂ ਕਿ ਟੈਕਸਾਂ ‘ਚ ਕਟੌਤੀ, ਕ੍ਰੈਡਿਟ ‘ਚ ਵਾਧਾ, ਕਿਰਾਏਦਾਰਾਂ ਦੀ ਮਦਦ, ਆਮਦਨੀ ‘ਚ ਸਹਾਇਤਾ, ਕਰਮਚਾਰੀ ਲਾਭ ਲਈ ਕਈ ਪ੍ਰੋਗਰਾਮ ਚਲਾਏ ਗਏ। ਜਿਸ ਤੋਂ ਬਾਅਦ ਬੀ.ਸੀ. ਦੀ ਅਰਥਵਿਵਸਥਾ ਨੂੰ ਵੀ ਕਾਫੀ ਵਿੱਤੀ ਨੁਕਸਾਨ ਝੱਲਣਾ ਪਿਆ ਹੈ।

ਕੈਰੋਲ ਨੇ ਦੱਸਿਆ ਕਿ 12.8 ਬਿਲੀਅਨ ਡਾਲਰ ਘਾਟਾ ਪੈਣ ਦਾ ਜੋ ਅਨੁਮਾਨ ਲਗਾਇਆ ਗਿਆ ਹੈ ਜੂਨ ਤੱਕ ਦੇ ਮਹੀਨਿਆਂ ਦਾ ਹੈ ਸਾਲ ਦੇ ਅੰਤ ਤੱਕ ਇਹ ਅੰਕੜੇ ਬਦਲ ਵੀ ਸਕਦੇ ਹਨ। ਉਨ੍ਹਾਂ ਕਿਹਾ ਮਈ ਤੋਂ ਰੀ-ਓਪਨ ਬੀ.ਸੀ. ਪ੍ਰੋਗਰਾਮ ਦੇ ਤਹਿਤ ਤਕਰੀਬਨ 2,46,900 ਲੋਕ ਵਾਪਸ ਆਪਣੀਆਂ ਨੌਕਰੀਆਂ ਤੇ ਪਰਤੇ ਜੋ ਕਿ ਸੂਬੇ ਦਾ 62% ਬਣਦਾ ਹੈ ਅਤੇ ਅਗਸਤ ਤੱਕ 149,600 ਨਵੀਆਂ ਨੌਕਰੀਆਂ ਪੈਦਾ ਹੋਈਆਂ। ਪਰ ਫਿਰ ਵੀ ਅਗਸਤ ‘ਚ ਬੇਰੁਜ਼ਗਾਰੀ ਦੀ ਦਰ 10.7 ਪ੍ਰਤੀਸ਼ਤ ਰਹੀ ਜੋ ਕਿ ਫਰਵਰੀ ‘ਚ ਸਿਰਫ਼ 5 ਫੀਸਦੀ ਸੀ।