ਕੀ ਹੈ ਕਾਲਾ ਮੋਤੀਆ

ਕੀ ਹੈ ਕਾਲਾ ਮੋਤੀਆ 

ਕਾਲਾ ਮੋਤੀਆ (ਗਲੂਕੋਮਾ) ਅਤੇ ਚਿੱਟਾ ਮੋਤੀਆਬਿੰਦ (ਕੈਟਰੇਕਟ) ਕਾਫੀ ਮਿਲਦੇ-ਜੁਲਦੇ ਨਾਂਅ ਹਨ ਪਰ ਦੋਵਾਂ ਵਿਚ ਬਹੁਤ ਫਰਕ ਹੈ। ਜਿਥੇ ਆਪ੍ਰੇਸ਼ਨ ਨਾਲ ਚਿੱਟਾ ਮੋਤੀਆ ਠੀਕ ਹੋ ਜਾਂਦਾ ਹੈ, ਉਥੇ ਕਾਲਾ ਮੋਤੀਆ ਅੱਖਾਂ ਦੀ ਨਜ਼ਰ ਖਤਮ ਕਰ ਦਿੰਦਾ ਹੈ। ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਹਰ ਸੱਤਵਾਂ ਮਰੀਜ਼ ਅੱਖ ਦੀ ਨਿਗ੍ਹਾ ਖਤਮ ਹੋਣ ਤੋਂ ਬਾਅਦ ਹੀ ਡਾਕਟਰ ਦੇ ਕੋਲ ਪਹੁੰਚਦਾ ਹੈ।
ਚੰਗੀ ਭਲੀ ਨਿਗ੍ਹਾ ਵਾਲੇ ਵਿਅਕਤੀ ਨੂੰ ਇਕ ਦਿਨ ਅਚਾਨਕ ਇਕ ਅੱਖ ਤੋਂ ਘੱਟ ਦਿਖਾਈ ਦੇਣ ਜਾਂ ਬਿਲਕੁਲ ਦਿਖਾਈ ਨਾ ਦੇਣ ਦੀ ਸ਼ਿਕਾਇਤ ਹੋ ਸਕਦੀ ਹੈ। ਸਮੱਸਿਆ ਇਹ ਹੈ ਕਿ ਆਮ ਤੌਰ ‘ਤੇ ਇਸ ਰੋਗ ਦੇ ਲੱਛਣ ਪਹਿਲਾਂ ਪ੍ਰਗਟ ਨਹੀਂ ਹੁੰਦੇ ਅਤੇ ਜਦੋਂ ਇਸ ਦਾ ਪਤਾ ਲਗਦਾ ਹੈ, ਉਦੋਂ ਤੱਕ ਰੋਗੀ ਦੀ ਨਿਗ੍ਹਾ ਜਾ ਚੁੱਕੀ ਹੁੰਦੀ ਹੈ।
ਕਾਲਾ ਮੋਤੀਆ ਦਾ ਸਭ ਤੋਂ ਖਤਰਨਾਕ ਪਹਿਲੂ ਇਹ ਹੈ ਕਿ ਇਸ ਰੋਗ ਵਿਚ ਇਕ ਵਾਰ ਨਿਗ੍ਹਾ ਦਾ ਜਿੰਨਾ ਨੁਕਸਾਨ ਹੋ ਚੁੱਕਾ ਹੁੰਦਾ ਹੈ, ਉਸ ਨੂੰ ਇਲਾਜ ਦੀ ਕਿਸੇ ਵਿਧੀ ਰਾਹੀਂ ਵਾਪਸ ਨਹੀਂ ਲਿਆਂਦਾ ਜਾ ਸਕਦਾ। ਇਸ ਦੇ ਉਲਟ ਚਿੱਟੇ ਮੋਤੀਏ ਵਿਚ ਆਪ੍ਰੇਸ਼ਨ ਤੋਂ ਬਾਅਦ ਅੱਖਾਂ ਦੀ ਨਿਗ੍ਹਾ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਅਸਲ ਵਿਚ ਕਾਲਾ ਮੋਤੀਆ ਅਜਿਹੀ ਬਿਮਾਰੀ ਹੈ ਜੋ ਅੱਖਾਂ ਵਿਚ ਦਬਾਅ ਵਧਣ ਨਾਲ ਜੁੜੀ ਹੋਈ ਹੈ। ਅੱਖਾਂ ਵਿਚ ਇਕ ਦ੍ਰਵ ਭਰਦਾ ਰਹਿੰਦਾ ਹੈ, ਜਿਸ ਨਾਲ ਅੱਖਾਂ ਦਾ ਆਕਾਰ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ ਅਤੇ ਲੈੱਨਜ਼ ਅਤੇ ਕਾਰਨੀਆ ਨੂੰ ਪੋਸ਼ਣ ਮਿਲਦਾ ਹੈ।
ਕਾਲੇ ਮੋਤੀਏ ਦੇ ਮਰੀਜ਼ਾਂ ਦੀਆਂ ਅੱਖਾਂ ਵਿਚੋਂ ਤਰਲ ਪਦਾਰਥ ਠੀਕ ਤਰ੍ਹਾਂ ਬਾਹਰ ਨਹੀਂ ਨਿਕਲਦਾ। ਇਸ ਨਾਲ ਅੱਖ ਦੇ ਅੰਦਰ ਦਬਾਅ ਵਧ ਜਾਂਦਾ ਹੈ ਅਤੇ ਖੂਨ ਵਾਹਿਕਾਵਾਂ ਆਪਿਟਕ ਨਰਵ ਵੱਲ ਵਧ ਜਾਂਦੀਆਂ ਹਨ। ਸਨਾਯੂ ਕੋਸ਼ਿਕਾਵਾਂ ਹੌਲੀ-ਹੌਲੀ ਮਰਦੀਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ-ਨਾਲ ਨਿਗ੍ਹਾ ਵੀ ਖਤਮ ਹੁੰਦੀ ਜਾਂਦੀ ਹੈ। ਇਸ ਨਾਲ ਪੂਰੀ ਤਰ੍ਹਾਂ ਅੰਨ੍ਹਾਪਨ ਆ ਸਕਦਾ ਹੈ, ਜਿਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਆਮ ਤੌਰ ‘ਤੇ ਕਾਲੇ ਮੋਤੀਏ ਦਾ ਉਦੋਂ ਤੱਕ ਨਹੀਂ ਪਤਾ ਲਗਦਾ ਜਦੋਂ ਤੱਕ ਮਰੀਜ਼ ਨੇਤਰਹੀਣ ਨਹੀਂ ਹੋ ਜਾਂਦਾ।
ਕਾਲੇ ਮੋਤੀਏ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਪਰ ਇਸ ਦੀ ਕਿਸੇ ਵੀ ਕਿਸਮ ਦਾ ਬੁਰਾ ਅਸਰ ਅੱਖ ਦੇ ਸਾਰੇ ਹਿੱਸਿਆਂ ‘ਤੇ ਹੁੰਦਾ ਹੈ। ਆਮ ਲੋਕਾਂ ਦੀ ਤੁਲਨਾ ਵਿਚ ਸ਼ੂਗਰ ਰੋਗੀਆਂ ਵਿਚ ਕਾਲਾ ਮੋਤੀਆ ਅੱਠ ਗੁਣਾ ਜ਼ਿਆਦਾ ਪਾਇਆ ਜਾਂਦਾ ਹੈ, ਇਸ ਲਈ ਸਭ ਸ਼ੂਗਰ ਦੇ ਰੋਗੀਆਂ ਲਈ ਸਮੇਂ-ਸਮੇਂ ‘ਤੇ ਪੂਰੀ ਅੱਖਾਂ ਦੀ ਜਾਂਚ ਖਾਸ ਤੌਰ ‘ਤੇ ਜ਼ਰੂਰੀ ਹੁੰਦੀ ਹੈ। ਇਸ ਨੂੰ ਉਹ ਝੰਜਟ ਨਾ ਸਮਝਣ। ਕੁਝ ਪਰਿਵਾਰਾਂ ਵਿਚ ਕਾਲਾ ਮੋਤੀਆ ਖਾਨਦਾਨੀ ਤੌਰ ‘ਤੇ ਵੀ ਹੁੰਦਾ ਹੈ। ਇਸ ਲਈ ਜੇ ਮਾਤਾ ਜਾਂ ਪਿਤਾ, ਭਰਾ ਜਾਂ ਭੈਣ ਨੂੰ ਇਹ ਰੋਗ ਹੋਵੇ ਤਾਂ ਖੁਦ ਵੀ ਕਾਲੇ ਮੋਤੀਏ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।
ਕਾਲੇ ਮੋਤੀਏ ਦੀ ਸਭ ਤੋਂ ਆਮ ਕਿਸਮ ਸਿੰਪਲ (ਓਪਨ ਐਂਗਲ) ਕਲੂਕੋਮਾ ਹੈ, ਜੋ ਅੱਖ ਵਿਚੋਂ ਦ੍ਰਵ ਬਾਹਰ ਲਿਜਾਣ ਵਾਲੀਆਂ ਨਿਕਾਸ ਨਾਲੀਆਂ ਦੇ ਖਰਾਬ ਹੋ ਜਾਣ ਨਾਲ ਹੁੰਦਾ ਹੈ। ਇਸ ਨਾਲ ਦ੍ਰਵ ਦੀ ਨਿਕਾਸੀ ਹੌਲੀ ਹੋ ਜਾਂਦੀ ਹੈ ਅਤੇ ਅੱਖ ਦੇ ਅੰਦਰ ਦ੍ਰਵ ਦੀ ਮਾਤਰਾ ਵਧਦੇ ਰਹਿਣ ਨਾਲ ਅੱਖ ਦਾ ਅੰਦਰੂਨੀ ਦਬਾਅ ਵਧ ਜਾਂਦਾ ਹੈ। ਇਹ ਵਿਕਾਸ 40-70 ਸਾਲ ਦੀ ਉਮਰ ਵਿਚ ਹੀ ਜ਼ਿਆਦਾ ਪਾਇਆ ਜਾਂਦਾ ਹੈ।
ਮਾਹਿਰ ਕਹਿੰਦੇ ਹਨ ਕਿ ਗਲੂਕੋਮਾ ਵਿਚ ਸ਼ੁਰੂ ਵਿਚ ਇਹ ਭਿਣਕ ਵੀ ਨਹੀਂ ਲਗਦੀ ਕਿ ਅੱਖਾਂ ਕਾਲੇ ਮੋਤੀਏ ਨਾਲ ਘਿਰ ਗਈਆਂ ਹਨ। ਬਸ ਸਮੇਂ ਦੇ ਨਾਲ ਅੱਖਾਂ ਦਾ ਨਿਗ੍ਹਾ-ਖੇਤਰ ਘਟਦਾ ਚਲਿਆ ਜਾਂਦਾ ਹੈ। ਹਾਲਾਂਕਿ ਕੇਂਦਰੀ ਦ੍ਰਿਸ਼ਟੀ ਬਿਲਕੁਲ ਅਖੀਰ ਤੱਕ ਸਾਫ਼ ਬਣੀ ਰਹਿੰਦੀ ਹੈ। ਕੁਝ ਲੋਕਾਂ ਵਿਚ ਨਜ਼ਰ ਕਮਜ਼ੋਰ ਹੋਣ ਦੇ ਸਾਧਾਰਨ ਲੱਛਣ ਵੀ ਪਾਏ ਜਾਂਦੇ ਹਨ ਅਤੇ ਪੜ੍ਹਨ ਵਾਲੇ ਚਸ਼ਮੇ ਦਾ ਨੰਬਰ ਵਾਰ-ਵਾਰ ਬਦਲਦਾ ਹੈ, ਘੱਟ ਰੌਸ਼ਨੀ ਵਿਚ ਦੇਖਣ ਵਿਚ ਮੁਸ਼ਕਿਲ ਹੋਣ ਲਗਦੀ ਹੈ ਅਤੇ ਇਸੇ ਲਈ ਘੱਟ ਰੌਸ਼ਨੀ ਵਾਲੀ ਜਗ੍ਹਾ ਵਿਚ ਜਾਣ ‘ਤੇ ਭਰੋਸਾ ਹੋਣ ਵਿਚ ਸਮਾਂ ਲਗਦਾ ਹੈ।
ਜਿਵੇਂ-ਜਿਵੇਂ ਨਜ਼ਰ ਦਾ ਦਾਇਰਾ ਘਟਦਾ ਹੈ, ਤੁਰਨ-ਫਿਰਨ ਵਿਚ ਵੀ ਮੁਸ਼ਕਿਲ ਆਉਂਦੀ ਹੈ। ਪੂਰਾ ਦ੍ਰਿਸ਼ ਸਾਫ਼ ਨਾ ਹੋਣ ਕਾਰਨ ਲੱਤਾਂ ਚੀਜ਼ਾਂ ਨਾਲ ਉਲਝਣ ਲਗਦੀਆਂ ਹਨ, ਪੈਰ ਲੜਖੜਾ ਉਠਦੇ ਹਨ ਅਤੇ ਸਿਰ ਨੂੰ ਵਾਰ-ਵਾਰ ਇਧਰੋਂ ਉਧਰ ਲਿਜਾਣ ਨਾਲ ਹੀ ਰਾਹ ਦਿਸਦਾ ਹੈ। ਇਲਾਜ ਤੋਂ ਬਿਨਾਂ ਨਿਗ੍ਹਾ ਬਰਾਬਰ ਡਿਗਦੀ ਜਾਂਦੀ ਹੈ ਅਤੇ ਇਕ ਸਮਾਂ ਅਜਿਹਾ ਆ ਜਾਂਦਾ ਹੈ ਜਦੋਂ ਅੱਖ ਦੇਖ ਨਹੀਂ ਸਕਦੀ। ਗਨੀਮਤ ਇਹ ਹੈ ਕਿ ਇਸ ਪੂਰੀ ਪ੍ਰਕਿਰਿਆ ਵਿਚ ਅਕਸਰ ਕਈ ਸਾਲ ਬੀਤ ਜਾਂਦੇ ਹਨ। ਇਸ ਵਿਚ ਰੋਗ ਦਾ ਪਤਾ ਲੱਗ ਜਾਵੇ ਤਾਂ ਅੱਖ ਦੀ ਰੌਸ਼ਨੀ ਬਚ ਸਕਦੀ ਹੈ।
ਕਿਉਂਕਿ ਕਾਲੇ ਮੋਤੀਏ ਦੇ ਕੋਈ ਇਲਾਜ ਨਹੀਂ ਹੁੰਦਾ, ਇਸ ਲਈ ਇਸ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਿਵੇਂ ਜੇ ਕਿਸੇ ਦੇ ਚਸ਼ਮੇ ਦਾ ਨੰਬਰ ਵਾਰ-ਵਾਰ ਬਦਲੇ, ਧੁੰਦਲਾ ਦਿਖਾਈ ਦੇਣ ਲੱਗੇ, ਅੱਖਾਂ ਵਿਚ ਦਰਦ ਰਹੇ ਜਾਂ ਅਚਾਨਕ ਕੁਝ ਚਮਕਦਾ ਹੋਇਆ ਨਜ਼ਰ ਆਵੇ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਰੋਗੀ ਨੂੰ ਕਾਲਾ ਮੋਤੀਆ ਹੈ। ਅਜਿਹੇ ਲੋਕਾਂ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅਜਿਹੇ ਸੰਕੇਤ ਨਾ ਹੋਣ ਤਾਂ ਵੀ ਅੱਖਾਂ ਦੀ ਨਿਯਮਤ ਜਾਂਚ ਕਰਾਈ ਜਾਣੀ ਚਾਹੀਦੀ ਹੈ।

-ਅਸ਼ੋਕ ਗੁਪਤਾ