ਚੰਗੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਔਲਾ

ਚੰਗੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਔਲਾ

ਸੰਸਕ੍ਰਿਤ ਗ੍ਰੰਥਾਂ ਵਿਚ ਅਮਰਫਲ ਦੇ ਨਾਂਅ ਨਾਲ ਜਾਣਿਆ ਜਾਂਦਾ ਔਲਾ ਕੁਦਰਤ ਦਾ ਉਹ ਵਰਦਾਨ ਹੈ, ਜਿਸ ਦਾ ਸੇਵਨ ਕਰਕੇ ਹਰ ਆਦਮੀ, ਹਰ ਰੁੱਤ ਵਿਚ ਤਰੋਤਾਜ਼ਾ ਅਤੇ ਤੰਦਰੁਸਤ ਰਹਿ ਸਕਦਾ ਹੈ।
ਔਲੇ ਵਿਚ ਪ੍ਰੋਟੀਨ, ਚਰਬੀ, ਲੋਹਾ, ਕੈਲਸ਼ੀਅਮ, ਕਾਰਬੋਜ਼, ਖਣਿਜ ਲਵਣ, ਫਾਸਫੋਰਸ ਤੋਂ ਇਲਾਵਾ ਵਿਟਾਮਿਨ ‘ਸੀ’ ਲੋੜੀਂਦੀ ਮਾਤਰਾ ਵਿਚ ਹੁੰਦਾ ਹੈ। ਇਹ ਸਵਾਦ ਵਿਚ ਕਸੈਲਾ, ਮਧੁਰ, ਚਟਪਟਾ, ਅਮਲਯੁਕਤ ਅਤੇ ਠੰਢਾ ਹੁੰਦਾ ਹੈ।
ਔਲਾ ਤ੍ਰਿਦੋਸ਼ ਨਾਸ਼ਕ ਅਰਥਾਤ ਵਾਤ, ਪਿਤ, ਕਫ ਜਨਿਤ ਰੋਗਾਂ ਨੂੰ ਦੂਰ ਕਰਦਾ ਹੈ। ਖੂਨ ਸ਼ੁੱਧ, ਅੱਖਾਂ ਦੀ ਰੌਸ਼ਨੀ, ਵਾਲਾਂ ਦੀ ਸੁਰੱਖਿਆ, ਪੀਲੀਆ, ਅਜੀਰਣ, ਪਤਲੇ ਦਸਤ, ਪਿੱਤ ਦੋਸ਼, ਉਲਟੀ, ਹਿਚਕੀ, ਨਕਸੀਰ, ਧਾਤੂ-ਰੋਗ, ਸਾਹ, ਖੰਘ, ਮੁਹਾਸੇ ਆਦਿ ਲਈ ਔਲਾ ਲਾਭਦਾਇਕ ਹੈ। ਔਲੇ ਦੀ ਵਰਤੋਂ ਤਿੰਨ ਤਰ੍ਹਾਂ ਨਾਲ ਲਾਭ ਦਿੰਦੀ ਹੈ। ਪਹਿਲਾ-ਕੱਚਾ ਫਲ ਚਟਣੀ ਜਾਂ ਰਸ ਕੱਢ ਕੇ, ਦੂਜਾ-ਅਚਾਰ ਜਾਂ ਮੁਰੱਬਾ ਬਣਾ ਕੇ ਅਤੇ ਤੀਜਾ-ਸੁਕਾ ਕੇ ਚੂਰਨ ਬਣਾ ਕੇ ਦਵਾਈ ਦੇ ਰੂਪ ਵਿਚ। ਬਾਜ਼ਾਰ ਵਿਚ ਔਲਾ ਤਿੰਨਾਂ ਰੂਪਾਂ ਵਿਚ ਉਪਲਬਧ ਰਹਿੰਦਾ ਹੈ। ਅੱਜਕਲ੍ਹ ਵਿਗਿਆਨਕ, ਵੈਦ ਅਤੇ ਡਾਕਟਰ ਔਲੇ ਦੇ ਗੁਣਾਂ ‘ਤੇ ਵਿਸ਼ੇਸ਼ ਖੋਜ ਕਰ ਰਹੇ ਹਨ।
ਨਵੀਆਂ ਖੋਜਾਂ ਨਾਲ ਪਤਾ ਲੱਗਾ ਹੈ ਕਿ ਔਲੇ ਵਿਚ ਵਿਟਾਮਿਨ ‘ਸੀ’ ਦੀ ਮਾਤਰਾ ਸੰਤਰੇ ਅਤੇ ਨਾਰੰਗੀ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ, ਇਸ ਲਈ ਸਰੀਰ ਦੇ ਵਿਕਾਸ ਲਈ ਇਹ ਬਹੁਤ ਉਪਯੋਗੀ ਹੈ।
ਸਿਰਦਰਦ, ਵਾਲਾਂ ਨੂੰ ਝੜਨ ਤੋਂ ਬਚਾਉਣ, ਉਨ੍ਹਾਂ ਦੇ ਕੁਦਰਤੀ ਰੰਗ ਨੂੰ ਬਚਾਈ ਰੱਖਣ ਲਈ ਔਲਾ ਚੂਰਨ ਨਾਲ ਸਿਰ ਧੋਣਾ ਚਾਹੀਦਾ ਹੈ। ਔਲੇ ਦਾ ਤੇਲ ਅਤੇ ਔਲਾ ਯੁਕਤ ਸਾਬਣ ਅਤੇ ਕ੍ਰੀਮ ਅਤੇ ਪਾਊਡਰ ਵੀ ਬਾਜ਼ਾਰ ਵਿਚ ਲੋੜੀਂਦੀ ਮਾਤਰਾ ਵਿਚ ਉਪਲਬਧ ਹਨ।
ਗਰਮੀਆਂ ਅਤੇ ਬਰਸਾਤ ਵਿਚ ਹੋਣ ਵਾਲੇ ਰੋਗ ਜਿਵੇਂ ਫੋੜੇ-ਫਿਨਸੀ, ਮੁਹਾਸੇ ਅਤੇ ਲੂ ਦੇ ਲਈ ਵੀ ਇਹ ਬਹੁਤ ਲਾਭਕਾਰੀ ਹੈ। ਲੂ ਲੱਗਣ ‘ਤੇ ਔਲਾ ਰਸ, ਇਮਲੀ, ਸੰਤਰਾ ਜਾਂ ਮੌਸੰਮੀ ਦੇ ਨਾਲ ਬਹੁਤ ਫਾਇਦਾ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਇਸ ਦਾ ਤੇਲ ਚਮੜੀ ਰੋਗ ਨੂੰ ਦੂਰ ਕਰਦਾ ਹੈ। ਗਰਮੀਆਂ ਵਿਚ ਅਕਸਰ ਨਕਸੀਰ, ਜਿਸ ਨੂੰ ਨੱਕ ਫੁੱਟਣਾ ਕਹਿੰਦੇ ਹਨ, ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਸਮੇਂ ਔਲੇ ਦਾ ਕਾੜ੍ਹਾ ਪਿਲਾਉਣਾ ਚਾਹੀਦਾ ਹੈ।
ਇਸੇ ਤਰ੍ਹਾਂ ਪਿਸ਼ਾਬ ਦੀ ਜਲਣ ਦੂਰ ਕਰਨ ਲਈ ਚੂਰਨ ਨੂੰ ਪਾਣੀ ਜਾਂ ਸ਼ਹਿਦ ਦੇ ਨਾਲ ਲੈਣਾ ਚੰਗਾ ਹੁੰਦਾ ਹੈ।
ਸਰੀਰਕ ਕਮਜ਼ੋਰੀ, ਧਾਤੂ ਰੋਗ ਅਤੇ ਕਬਜ਼ ਵਰਗੇ ਰੋਗਾਂ ਲਈ ਤਾਂ ਇਹ ਰਾਮਬਾਣ ਦਵਾਈ ਹੈ। ‘ਚਵਨਪ੍ਰਾਸ਼’ ਨਾਮਕ ਦਵਾਈ ਤੋਂ ਸਾਰੀ ਦੁਨੀਆ ਜਾਣੂ ਹੈ। ਕਹਿੰਦੇ ਹਨ ਕਿ ਚਵਨ ਨਾਮਕ ਰਿਸ਼ੀ ਨੇ ਔਲੇ ਦੇ ਅਜਿਹੇ ਹੀ ਅਵਲੇਹ ਦੇ ਸੇਵਨ ਨਾਲ ਨਵ-ਜੋਬਨ ਪ੍ਰਾਪਤ ਕੀਤਾ ਸੀ।
ਬੁਖਾਰ ਦੇ ਨਾਲ ਅਮਲ-ਪਿਤ, ਬਵਾਸੀਰ, ਆਮਵਾਤ, ਖੰਘ, ਤੁਤਲਾਉਣਾ, ਪੇਚਿਸ਼, ਦਿਲ ਦੀ ਧੜਕਣ, ਗਲਾ ਬੈਠਣਾ, ਸਿਰਦਰਦ, ਮਾਨਸਿਕ ਤਣਾਅ, ਖਸਰਾ, ਗਠੀਆ, ਘਮੌਰੀ, ਚੇਚਕ ਆਦਿ ਅਨੇਕ ਰੋਗਾਂ ਵਿਚ ਔਲਾ ਲਾਭਦਾਇਕ ਹੈ।