84 ਦੀ ਪੀੜ੍ਹ

84 ਦੀ ਪੀੜ੍ਹ 

”ਮਾਤਾ ਜੀ ਸੂਰਜ ਨਿਕਲ ਆਇਆ, ਉਠ ਪਏ ? ਸਿਮਰਨ ‘ਚ ਲੀਨ ਹੋਇਆ ਇਹ ਨੌਜਵਾਨ ਇਸ ਬਸਤੀ ਦੇ ਹਰ ਉਸ ਦਰਵਾਜ਼ੇ ਤੇ ਪਹੁੰਚ ਰਿਹਾ ਸੀ ਜਿੱਥੇ ਬੇਸਹਾਰਾ ਬਜੁਰਗ ਜਿਨ੍ਹਾਂ ਨੂੰ ਆਪਣਿਆਂ ਵੱਲੋਂ ਤਿਆਗ ਦਿੱਤਾ ਗਿਆ ਸੀ ਜਾਂ ਜਿਨ੍ਹਾਂ ਦਾ ਕੋਈ ਨਹੀਂ ਸੀ, ਜਮਨਾ ਦੇ ਨਾਲ -ਨਾਲ ਝੁੱਗੀਆਂ ਚ ਦਿਨ ਕਟੀ ਕਰ ਰਹੇ ਸਨ।ਨੌਜਵਾਨ ਦੀ ਉਮਰ ਕੋਈ ਪੱਚੀ-ਛੱਬੀ ਸਾਲ, ਰੰਗ ਗੋਰਾ, ਹਲਕੀ ਦਾੜ੍ਹੀ, ਸਿਰ ਤੇ ਪੀਲਾ ਪਰਨਾ,ਹੰਸੂ-ਹੰਸੂ ਕਰਦਾ ਚਿਹਰਾ ਸਦਾ ਗੁਰਬਾਣੀ ਵਿੱਚ ਲੀਨ,ਹਰ ਦਰਵਾਜ਼ੇ ਤੇ ਸਤਿਕਾਰ ਨਾਲ ਆਵਾਜ਼ ਦਿੰਦਾ। ਇਹ ਨੌਜਵਾਨ ਸਵੇਰੇ ਸ਼ਾਮ ਗੱਡੀ ‘ਚ ਲੰਗਰ ਅਤੇ ਹੋਰ ਸਮਾਨ ਰੱਖ ਇੱਥੇ ਵੰਡ ਕੇ ਜਾਂਦਾ। ”ਹਾਂ ਬਿਟਵਾ ਜਾਗਤ ਹੈਂ,ਆ ਜਾਓ।ਹਮੇਂ ਉਪਰ ਵਾਲੇ ਸੂਰਜ ਸੇ ਨਹੀਂ, ਆਪ ਕੇ ਆਨੇ ਸੇ ਰੌਸ਼ਨੀ ਹੋਵਤ ਹੈ।ਹਮਾਰਾ ਸੂਰਜ ਤੋ ਆਪ ਹੈਂ।” ਬਜੁਰਗ ਮਾਤਾ ਨੇ ਪਿਆਰ ਨਾਲ ਨੌਜਵਾਨ ਦਾ ਮੋਢਾ ਪਲੂਸਿਆ ਅਤੇ ਅਸ਼ੀਰਵਾਦ ਦਿੱਤਾ।ਨੌਜਵਾਨ ਲੋੜ ਦਾ ਸਮਾਨ ਰੱਖ ਅਗਲੇ ਬੂਹੇ ਵੱਲ ਵੱਧ ਗਿਆ।ਉਸ ਦਾ ਇਹ ਨਿੱਤ ਨੇਮ ਸੀ॥ ਸਾਡੀ ਮੁਲਾਕਾਤ ਵੀ ਉਸ ਨਾਲ ਅਚਾਨਕ ਉਦੋਂ ਹੋਈ ਜਦੋਂ ਦਿੱਲੀ ਵਿੱਚ ਸਿੱਖ ਦੰਗੇ ਜੋਰਾਂ ਤੇ ਸਨ। ਮੇਰੀ ਉਮਰ ਉਦੋਂ ਪੰਦਰਾਂ ਸੋਲ੍ਹਾਂ ਸਾਲ ਦੇ ਕਰੀਬ ਸੀ।ਚਾਚਾ ਬਲਦੇਵ ਸਿੰਘ ਟਰੱਕ ਲੈ ਕੇ ਦਿੱਲੀ ਜਾ ਰਿਹਾ ਸੀ,ਦਿੱਲੀ ਵੇਖਣ ਦੇ ਚਾਅ ‘ਚ ਮੈਂ ਵੀ ਟਰੱਕ ‘ਚ ਚੜ੍ਹ ਬੈਠਾ। ਰੰਗ ਦਾ ਸਮਾਨ ਭਰ ਜਦੋਂ ਵਾਪਿਸ ਤੁਰਨ ਲੱਗੇ ਤਾਂ ਭਿਆਨਕ ਦੰਗੇ ਸ਼ੁਰੂ ਹੋ ਗਏ।ਸਾਨੂੰ ਸੜਕ ਤੇ ਖੜਿਆਂ ਦੇਖ ਉਸ ਨੇ ਇਕਦਮ ਛੁਪਣ ਲਈ ਕਿਹਾ ਪਰ ਅਸੀਂ ਕਿੱਧਰ ਜਾਂਦੇ, ਅਖੀਰ ਉਸ ਨੇ ਸਾਨੂੰ ਇਸ ਬਸਤੀ ਦੀਆਂ ਝੁੱਗੀਆਂ ਚ ਲਿਆ ਛੁਪਾਇਆ।ਅਸੀਂ ਇੱਕ ਦਿਨ ਰਾਤ ਉੱਥੇ ਲੁਕੇ ਰਹੇ। ਬਜੁਰਗਾਂ ਦੇ ਨਾਲ ਉਹ ਸਾਨੂੰ ਵੀ ਲੰਗਰ ਦੇ ਜਾਂਦਾ। ”ਖਾਲਸਾ ਜੀ ਤੁਹਾਡਾ ਨਾਂ ?” ਚਾਚੇ ਨੇ ਬੈਠਿਆਂ ਬੈਠਿਆਂ ਪੁੱਛ ਲਿਆ। ”ਵੀਰ ਜੀ ਨਾਲੇ ਨਾਮ ਲੈ ਰਹੇ ਹੋ, ਨਾਲੇ ਪੁਛਦੇ ਹੋ!ਕਹਿ ਕੇ ਉਹ ਹੱਸ ਪਿਆ,”ਹਾਂ ਮੈਂ ਅਨੰਦਪੁਰ ਵਾਲੇ ਪਿਤਾ ਦਾ ਖਾਲਸਾ ਪੁੱਤ ਹਾਂ।” ਇਸੇ ਸਮੇਂ ਭੀੜ ਦੇ ਇਸ ਪਾਸੇ ਆਉਣ ਦੀ ਭਿਣਕ ਪਈ।ਅਸਲ ‘ਚ ਇਸ ਬਸਤੀ ਅਤੇ ਆਲੇ ਦੁਆਲੇ ਦੇ ਕੁੱਝ ਲੋਕ ਲੁੱਟ ਮਾਰ ਦੀ ਨੀਅਤ ਨਾਲ ਸਿੱਖਾਂ ਦੇ ਘਰ, ਦੁਕਾਨਾਂ ਲੁੱਟ ਰਹੇ ਸਨ ਅਤੇ ਮਿਲਦੇ ਹਰ ਸਿੱਖ ਨੂੰ ਜਿਉਂਦੇ ਸਾੜ,ਮਾਰ ਰਹੇ ਸਨ। ਧੀਆਂ ਭੈਣਾਂ ਦੀ ਇੱਜ਼ਤ ਸੜਕਾਂ ਤੇ ਸਰੇਆਮ ਰੋਲੀ ਜਾ ਰਹੀ ਸੀ।ਅਸੀਂ ਬਸਤੀ ਛੱਡ ਭਰੇ ਹੋਏ ਟਰੱਕ ‘ਚ ਜਾ ਲੁਕੇ। ਥੋੜ੍ਹੀ ਹੀ ਦੇਰ ‘ਚ ਭੀੜ ਸਾਡੇ ਸਿਰ ਤੇ ਆਣ ਪੁੱਜੀ।ਸਭ ਦੇ ਹੱਥ ਵਿੱਚ ਨੰਗੀਆਂ ਤਲਵਾਰਾਂ, ਲੋਹੇ ਦੇ ਰਾਡ ਆਦਿ ਸਨ। ਉਨ੍ਹਾਂ ਨੇ ਟਰੱਕ ਨੂੰ ਅੱਗ ਲਗਾਉਣੀ ਚਾਹੀ ਪਰ ਉਸ ਨੌਜਵਾਨ ਨੇ ਅੱਗੇ ਆ ਰੌਲਾ ਪਾਇਆ ਕਿ ਟਰੱਕ ਨੂੰ ਅੱਗ ਨਾ ਲਾਓ,ਕੈਮੀਕਲ ਭਰਿਆ, ਆਸਾ- ਪਾਸਾ ਸਭ ਸੜ ਜਾਊ, ਸਭ ਮਾਰੇ ਜਾਓਗੇ।ਭੀੜ ਟਰੱਕ ਤੋਂ ਪਾਸੇ ਹੋ ਗਈ ਅਤੇ ਉਸ ਨੌਜਵਾਨ ਨੂੰ ਘੇਰੇ ‘ਚ ਲੈ ਲਿਆ। ਉਹ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸ਼ੈਤਾਨ ਕਦੋਂ ਕਿਸੇ ਦੀ ਸੁਣਦਾ। ਇਸੇ ਦੌਰਾਨ ਕਿਸੇ ਨੇ ਪਿੱਛੋਂ ਦੀ ਰਾਡ ਉਸ ਦੇ ਸਿਰ ‘ਚ ਮਾਰਿਆ, ਲਹੂ ਦਾ ਫੁਹਾਰਾ ਫੁੱਟਿਆ ਤੇ ਉਹ ਧਰਤੀ ਤੇ ਡਿੱਗ ਪਿਆ, ਨਾਲ ਦੀ ਨਾਲ ਦੂਸਰੇ ਨੇ ਤੇਲ ਛਿੜਕ ਤੀਲੀ ਸੁੱਟ ਦਿੱਤੀ। ਅੱਗ ਦੀਆਂ ਲਪਟਾਂ ਇੱਕਦਮ ਉਠੀਆਂ।ਬਜੁਰਗ ਮਾਤਾ ਝੌਂਪੜੀ ‘ਚੋਂ ਬਚਾਉਣ ਲਈ ਦੌੜੀ ਅਤੇ ਭੀੜ ਨੂੰ ਚਿਲਾਉਣ ਲੱਗੀ,” ਇਸੇ ਨਾ ਮਾਰੋ..ਇਹ ਹਮਾਰ ਬਿਟਵਾ ਹੈ..ਹਮਾਰ ਸੂਰਜ..ਹਮਾਰ ਸੂਰਜ ਕੋ ਆਗ..।” ਕਿਸੇ ਨੇ ਉਸ ਨੂੰ ਧੱਕਾ ਮਾਰਿਆ ਤੇ ਉਹ ਧਰਤੀ ਤੇ ਡਿੱਗ ਪਈ, ਆਵਾਜ਼ ਉਸ ਦੇ ਸੰਘ ਚ ਰਹਿ ਗਈ। ਭੀੜ ਉਸ ਨੂੰ ਲਤਾੜਦੀ ਹੋਈ, ਨਾਅਰੇ ਲਗਾਉਂਦੀ ਅੱਗੇ ਵੱਧ ਗਈ ਸੀ। ਰਹਿ ਗਈ ਸੀ ਉਸ ਮਾਤਾ ਦੀ ਪੈਰਾਂ ਵਿੱਚ ਰੁਲਦੀ ਲਾਸ਼ ਤੇ ਉਸ ਨੌਜਵਾਨ ਦਾ ਅੱਧ-ਸੜਿਆ ਹੱਡੀਆਂ ਦਾ ਪਿੰਜਰ।

-ਗੁਰਮੀਤ ਸਿੰਘ ਮਰਾੜ੍ਹ, ਮੋ:9501400397