ਰੁਝਾਨ ਖ਼ਬਰਾਂ
ਬਾਦਲਾਂ ਦੀ ‘ਜਬਰ ਵਿਰੋਧੀ’ ਰੈਲੀ ਵਿਚ ਕੈਪਟਨ ਰਹੇ ਨਿਸ਼ਾਨਾ

ਬਾਦਲਾਂ ਦੀ ‘ਜਬਰ ਵਿਰੋਧੀ’ ਰੈਲੀ ਵਿਚ ਕੈਪਟਨ ਰਹੇ ਨਿਸ਼ਾਨਾ

ਪਟਿਆਲਾ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਟਿਆਲਾ ਰੈਲੀ ਵਿਚ ਐਲਾਨ ਕੀਤਾ ਕਿ ਖਾਲਸਾ ਪੰਥ ਸਿੱਖ ਕੌਮ ਦੀ ਦੁਸ਼ਮਣ ਕਾਂਗਰਸ ਪਾਰਟੀ ਨੂੰ ਕਦੇ ਵੀ ਸਿੱਖ ਗੁਰਧਾਮਾਂ ਉਤੇ ਕਬਜ਼ੇ ਕਰਨ ਅਤੇ ਸਿੱਖ ਕੌਮ ਦੀ ਤਕਦੀਰ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਇਥੇ ਔਜਬਰ ਵਿਰੋਧੀ’ ਰੈਲੀ ‘ਚ ਲੋਕਾਂ ਦੇ ਜੁਟਾਏ ਗਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਉਤੇ ਉਨ੍ਹਾਂ ਦੀ ਪਾਰਟੀ ਖਿਲਾਫ਼ ਲਾਏ ਜਾ ਰਹੇ ਸਾਰੇ ਝੂਠ ਦੋਸ਼ ਕਾਂਗਰਸ ਪਾਰਟੀ ਦੀ ਸਿੱਖ ਗੁਰਧਾਮਾਂ ‘ਤੇ ਕਬਜ਼ੇ ਕਰਨ ਲਈ ਰਚੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਅਸਲੀ ਮੰਤਵ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਵਾਲਿਆਂ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਲੀਨ ਚਿਟ ਦੇਣਾ ਹੈ। ਉਨ੍ਹਾਂ ਕਿਹਾ ਕਿ ਹੁਣ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਗੁਰਧਾਮਾਂ ਉਤੇ ਕਬਜ਼ੇ ਕਰਨ ਦੀ ਆਪਣੀ ਨੀਯਤ ਬਾਰੇ ਜਨਤਕ ਤੌਰ ‘ਤੇ ਐਲਾਨ ਕਰਕੇ ਬਿੱਲੀ ਨੂੰ ਥੈਲੇ ਵਿਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਦੇ ਖੁਲਾਸੇ ਨਾਲ ਸਾਬਤ ਹੋ ਗਿਆ ਹੈ ਕਿ ਕੁਝ ਅਖੌਤੀ ਸਿੱਖ ਜਥੇਬੰਦੀਆਂ ਸਿੱਖ ਵਿਰੋਧੀ ਕਾਂਗਰਸ ਪਾਰਟੀ ਨਾਲ ਰਲੀਆਂ ਹੋਈਆਂ ਹਨ। ਰੈਲੀ ‘ਚ ਅਕਾਲੀ ਦਲ ਵੱਲੋਂ ਆਪਣੇ ਆਪ ਨੂੰ ਸਿਰਮੌਰ ਪੰਥਕ ਜਥੇਬੰਦੀ ਸਿੱਧ ਕਰਨ ਦੀ ਪੂਰੀ ਵਾਹ ਲਾਈ ਗਈ। ਕਾਂਗਰਸ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਆਖਿਆ ਕਿ ਕਾਂਗਰਸ ਵੱਲੋਂ ਪੈਦਾ ਕੀਤੇ ਗਏ ਹਾਲਾਤ ਨਾਲ ਸਪੱਸ਼ਟ ਹੋ ਗਿਆ ਹੈ ਕਿ ਹੁਣ ਲੜਾਈ ਖਾਸਲਾ ਪੰਥ ਅਤੇ ਕਾਂਗਰਸ ਤੇ ‘ਕਾਂਗਰਸ ਪੰਥ’ ਵਿਚਕਾਰ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਗੁਰਧਾਮਾਂ ‘ਤੇ ਕਬਜ਼ੇ ਕਰਨ ਤੋਂ ਰੋਕਣ ਲਈ ਪੰਥ ਨੂੰ ਅੱਗੇ ਆਉਣਾ ਪੈਣਾ ਹੈ।