ਰੁਝਾਨ ਖ਼ਬਰਾਂ
ਅਮਰੀਕੀ ਨੈਸ਼ਨਲ ਫੁੱਟਬਾਲ ਲੀਗ ‘ਚ ਚੱਲਿਆ ਕਿਸਾਨ ਅੰਦੋਲਨ ਦਾ ਇਸ਼ਤਿਹਾਰ

ਅਮਰੀਕੀ ਨੈਸ਼ਨਲ ਫੁੱਟਬਾਲ ਲੀਗ ‘ਚ ਚੱਲਿਆ ਕਿਸਾਨ ਅੰਦੋਲਨ ਦਾ ਇਸ਼ਤਿਹਾਰ

ਵਾਸ਼ਿੰਗਟਨ : ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਦਾ ਅੰਦੋਲਨ ਹੁਣ ਦੇਸ਼ ਭਰ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਲੋਕਾਂ ਦਾ ਖੂਬ ਧਿਆਨ ਖਿੱਚ ਰਿਹਾ ਹੈ। ਵਿਦੇਸ਼ੀ ਕਲਾਕਾਰ ਵੀ ਕਿਸਾਨ ਅੰਦੋਲਨ ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ । ਉੱਥੇ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਇੱਕ ਇਸ਼ਤਿਹਾਰ ਅਮਰੀਕੀ ਨੈਸ਼ਨਲ ਫੁੱਟਬਾਲ ਲੀਗ ਵਿੱਚ ਵੀ ਚਲਾਇਆ ਗਿਆ। ਜਿੱਥੇ ਸਿਰਫ ਦੁਨੀਆ ਦੇ ਸਭ ਤੋਂ ਮਸ਼ਹੂਰ ਵਪਾਰਕ ਇਸ਼ਤਿਹਾਰ ਹੀ ਪ੍ਰਸਾਰਿਤ ਕੀਤੇ ਜਾਂਦੇ ਹਨ। ਅਮਰੀਕੀ ਨੈਸ਼ਨਲ ਫੁੱਟਬਾਲ ਲੀਗ ਵਿੱਚ ਕਿਸਾਨ ਅੰਦੋਲਨ ਨਾਲ ਜੁੜੇ ਇੱਕ ਇਸ਼ਤਿਹਾਰ ਦੀ ਵੀਡੀਓ ਨੂੰ ਕਈ ਹਸਤੀਆਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਕਿ ਦੁਨੀਆ ਇਸ ਨੂੰ ਦੇਖ ਰਹੀ ਹੈ। ਅਮਰੀਕੀ ਨੈਸ਼ਨਲ ਫੁੱਟਬਾਲ ਲੀਗ ਵਿੱਚ ਚਲਾਇਆ ਗਿਆ ਕਿਸਾਨ ਅੰਦੋਲਨ ਦਾ ਇਹ ਇਸ਼ਤਿਹਾਰ ਨਾ ਸਿਰਫ ਕੈਲੀਫੋਰਨੀਆ, ਬਲਕਿ ਦੂਜੇ ਰਾਜਾਂ ਵਿੱਚ ਵੀ ਚਲਾਇਆ ਗਿਆ ਹੈ। ਇਸ 30 ਸੈਕਿੰਡ ਦੇ ਇਸ਼ਤਿਹਾਰ ਦੀ ਸ਼ੁਰੂਆਤ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕੋਟ ਨਾਲ ਹੋਈ, ਜਿਸ ਵਿੱਚ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਨੂੰ ”ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ” ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਪਰ ਬਾਊਲ ਦੇ ਦਰਸ਼ਕ ਬਹੁਤ ਜ਼ਿਆਦਾ ਹਨ, ਅਜਿਹੀ ਸਥਿਤੀ ਵਿੱਚ ਇਸ ਖੇਡ ਦੇ ਦੌਰਾਨ ਪ੍ਰਸਾਰਿਤ ਕੀਤੇ ਜਾਣ ਵਾਲੇ ਇਸ਼ਤਿਹਾਰ ਵੀ ਬਹੁਤ ਮਹਿੰਗੇ ਹੁੰਦੇ ਹਨ।