ਰੁਝਾਨ ਖ਼ਬਰਾਂ
ਭਾਰਤ ‘ਚ ਪੱਤਰਕਾਰਾਂ ਖਿਲਾਫ਼ ਹੁੰਦੀ ਧੱਕੇਸ਼ਾਹੀ ਵਿਰੁੱਧ ਦੇਸ਼-ਵਿਦੇਸ਼ ‘ਚੋਂ ਉੱਠਣ ਲੱਗੀਆਂ ਅਵਾਜ਼ਾਂ

ਭਾਰਤ ‘ਚ ਪੱਤਰਕਾਰਾਂ ਖਿਲਾਫ਼ ਹੁੰਦੀ ਧੱਕੇਸ਼ਾਹੀ ਵਿਰੁੱਧ ਦੇਸ਼-ਵਿਦੇਸ਼ ‘ਚੋਂ ਉੱਠਣ ਲੱਗੀਆਂ ਅਵਾਜ਼ਾਂ

ਅੰਤਰਰਾਸ਼ਟਰੀ ਸ਼ਖਸੀਅਤਾਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ‘ਚ ਆਵਾਜ਼ ਬੁਲੰਦ

ਨਵੀਂ ਦਿੱਲੀ : ਭਾਰਤ ‘ਚ ਆਪਣੇ ਹੱਕਾਂ ਲਈ ਲੜ੍ਹਾਈ ਲੜ੍ਹਨ ਵਾਲੇ ਲੋਕਾਂ ਪ੍ਰਤੀ ਭਾਰਤ ਦੀ ਭਾਜਪਾ ਸਰਕਾਰ ਦਾ ਰਵੱਈਆ ਦਿਨੋਂ-ਦਿਨ ਵਿਗੜਦਾ ਹੀ ਜਾ ਰਿਹਾ ਹੈ। ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਦੇ ਸੰਘਰਸ਼ ਕਰ ਰਹੇ ਪਰ ਭਾਰਤ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਆਪਣੀ ਜਿੱਦ ‘ਤੇ ਅੜ੍ਹੀ ਹੋਈ ਹੈ।
ਹੁਣ ਇਸ ਦੌਰਾਨ ਹੀ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੀ 24 ਸਾਲਾ ਪੱਤਰਕਾਰ ਨੌਦੀਪ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਉਹ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਰਿਹਾਅ ਕਰਵਾਉਣ ਲਈ ਵੀ ਦੇਸ਼ ਭਰ ‘ਚ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਦੁਨੀਆ ਭਰ ‘ਚ ਭਾਰਤ ਸਰਕਾਰ ਦੀ ਇਸ ਕਾਰਵਾਈ ‘ਤੇ ਨਿੰਦਾ ਕੀਤੀ ਜਾ ਰਹੀ ਹੈ। ਹਰਿਆਣਾ ਪੁਲਿਸ ਵੱਲੋਂ 12 ਜਨਵਰੀ ਨੂੰ ਉਨ੍ਹਾਂ ਖਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ਼ਆਈਆਰ ਦਰਜ ਕੀਤੀ ਗਈ ਅਤੇ ਨੌਦੀਪ ਕੌਰ ਉੱਤੇ ਇਲਜ਼ਾਮ ਲਾਏ ਗਏ ਕਿ ਉਹ ਕਥਿਤ ਤੌਰ ‘ਤੇ ਜ਼ਬਰਨ ਪੈਸੇ ਉਗਰਾਹ ਰਹੀ ਹੈ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ ‘ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ। ਦੂਜੇ ਪਾਸੇ ਨੌਦੀਪ ਦੇ ਪਰਿਵਾਰਕ ਮੈਂਬਰ ਇਨ੍ਹਾਂ ਇਲਜ਼ਾਮਾਂ ਨੂੰ ਖ਼ਾਰਜ ਕਰ ਰਹੇ ਹਨ।
ਇਸ ਸਮੇਂ ਦੁਨੀਆਂ ਭਰ ਵਿੱਚ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ।
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਸਮੇਤ ਦੇਸ-ਵਿਦੇਸ਼ ਦੀਆਂ ਕਈ ਸ਼ਖ਼ਸੀਅਤਾਂ ਉਸ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਰੱਖੀ ਹੈ।
ਨਦੀਪ ਨੂੰ ਦੋ ਵਾਰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ , ਕਿਉਂਕਿ ਉਸ ਵਿਰੁੱਧ ਧਾਰਾ 307 ਭਾਵ ਕਿ ਕਤਲ ਦੀ ਕੋਸ਼ਿਸ਼ ਸਮੇਤ ਕਈ ਹੋਰ ਦੋਸ਼ ਲਗਾਏ ਗਏ ਹਨ। ਨੋਦੀਪ ਕੌਰ ਨੇ ਕੁਝ ਸਾਲ ਪਹਿਲਾਂ ਬਾਰ੍ਹਵੀਂ ਜਮਾਤ ਪਾਸ ਕੀਤੀ ਸੀ ਅਤੇ ਇੱਕ ਫੈਕਟਰੀ ਵਿੱਚ ਵਰਕਰ ਵਜੋਂ ਨੌਕਰ ਹੋਈ ਸੀ । ਕੁਝ ਮਹੀਨੇ ਪਹਿਲਾਂ ਉਹ ਕਿਸਾਨਾਂ ਦੇ ਅੰਦੋਲਨ ਵਿਚ ਸ਼ਾਮਲ ਹੋਈ ਤੇ ਨਾਲ ਹੀ ਉਸਨੇ ਕੁੰਡਲੀ ਵਿਚ ਐਫਆਈਈਐਮ ਇੰਡਸਟਰੀਜ਼ ਨਾਮਕ ਇਕ ਬਲਬ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਨੋਦੀਪ ਦੇ ਮਾਤਾ ਪਿਤਾ ਮੁਕਤਸਰ ਦੀ ਪੰਜਾਬ ਖੇਤ-ਮਜਦੂਰ ਯੂਨੀਅਨ ਨਾਲ ਜੁੜੇ ਹੋਏ ਹਨ ਤੇ ਉਸਦੀ ਵੱਡੀ ਭੈਣ ਰਾਜਵੀਰ ਕੌਰ ਦਿੱਲੀ ਯੂਨੀਵਰਸਿਟੀ ਦੀ ਇੱਕ ਵਿਦਿਆਰਥੀ ਕਾਰਕੁਨ ਹੈ ਤੇ ਭਗਤ ਸਿੰਘ ਸਟੂਡੈਂਟਸ ਫਰੰਟ ਨਾਲ ਜੁੜੀ ਹੋਈ ਹੈ। ਨੋਦੀਪ ਵੀ ਮਜ਼ਦੂਰ ਅਧਿਕਾਰ ਸੰਗਠਨ ਨਾਲ ਕੁੰਡਲੀ ਵਿਚ ਮਜ਼ਦੂਰਾਂ ਅਤੇ ਕਿਸਾਨਾਂ ਦੀ ਇਕ ਯੂਨੀਅਨ ਵਿਚ ਸ਼ਾਮਲ ਹੋਈ। ਨੋਦੀਪ ਦੀ ਮਾਂ ਸਵਰਨਜੀਤ ਕੌਰ ਨੇ ਦਸਿਆ , ”ਅਸੀਂ ਆਰਥਿਕ ਤੌਰ ‘ਤੇ ਪਛੜੇ ਹੋਏ ਹਾਂ। ਇਸ ਲਈ ਉਹ ਕੁੰਡਲੀ ਵਿਖੇ ਫੈਕਟਰੀ ਵਿਚ ਕੰਮ ਕਰਨ ਲੱਗ ਗਈ। ਉਹ ਚੱਲ ਰਹੀ ਕਿਸਾਨੀ ਲਹਿਰ ਵਿਚ ਸਰਗਰਮ ਸੀ। ” ਨੋਦੀਪ ਦੇ ਵਕੀਲ ਜਿਤੇਂਦਰ ਕੁਮਾਰ ਦੇ ਅਨੁਸਾਰ, ਨੋਦੀਪ ਦੀ ਮੈਡੀਕਲ ਜਾਂਚ ਉਸ ਤੋਂ ਬਾਅਦ ਕੀਤੀ ਗਈ ਜਦੋਂ ਉਸ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੈਡੀਕਲ ਰਿਪੋਰਟ ਦੇ ਅਨੁਸਾਰ ਉਸ ਦੇ ਸਰੀਰ ਅਤੇ ਗੁਪਤ ਅੰਗਾਂ ਉੱਤੇ ਜ਼ਖਮ ਹਨ। ਵਕੀਲ ਜਿਤੇਂਦਰ ਕੁਮਾਰ ਨੇ ਦੋਸ਼ ਲਗਾਇਆ ਕਿ ”ਇਹ ਤੱਥ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪੁਲਿਸ ਹਿਰਾਸਤ ਵਿੱਚ ਨੋਦੀਪ ਦਾ ਯੌਨ ਸ਼ੋਸ਼ਣ ਹੋਇਆ ਸੀ।
ਇਸ ਵੇਲੇ ਨੌਦੀਪ ਕੌਰ ਦੇ ਖਿਲਾਫ ਤਿੰਨ ਐਫਆਈਆਰ ਦਰਜ ਹਨ। ਉਸ ਉੱਤੇ ਭਾਰਤੀ ਦੰਡਾਵਲੀ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਇੱਕ ਮਾਰੂ ਹਥਿਆਰ ਰੱਖਣ, ਗੈਰਕਾਨੂੰਨੀ ਇਕੱਠ ਕਰਨ , ਹਥਿਆਰਬੰਦ ਹੋਣ , ਫੈਕਟਰੀ ਮਾਲਕ ਨੂੰ ਨੁਕਸਾਨ ਪਹੁੰਚਾਉਣ , ਜ਼ੁਲਮ ਕਰਨ, ਜਬਰੀ ਉਗਰਾਹੀ , ਅਪਰਾਧਕ ਧਮਕੀ ਅਤੇ ਕਤਲ ਦੀ ਕੋਸ਼ਿਸ਼ਾਂ ਸ਼ਾਮਲ ਹਨ।