Copyright & copy; 2019 ਪੰਜਾਬ ਟਾਈਮਜ਼, All Right Reserved
ਐਬਟਸਫੋਰਡ ਦੇ ਠੱਗ ਲਾੜੇ ਵੱਲੋਂ ਵਿਆਹ ਕਰਵਾ ਕੇ ਕੁਝ ਦਿਨਾਂ ਪਿੱਛੋਂ ਹੀ ਦਾਜ ਦੀ ਵਧੇਰੇ ਮੰਗ ਨੂੰ ਲੈ ਕੇ ਵਿਆਹੁਤਾ ਘਰੋਂ ਕੱਢੀ

ਐਬਟਸਫੋਰਡ ਦੇ ਠੱਗ ਲਾੜੇ ਵੱਲੋਂ ਵਿਆਹ ਕਰਵਾ ਕੇ ਕੁਝ ਦਿਨਾਂ ਪਿੱਛੋਂ ਹੀ ਦਾਜ ਦੀ ਵਧੇਰੇ ਮੰਗ ਨੂੰ ਲੈ ਕੇ ਵਿਆਹੁਤਾ ਘਰੋਂ ਕੱਢੀ

ਪਤੀ, ਦਿਉਰ, ਨਣਦ ਅਤੇ ਨਣਦੋਈਏ ਸਮੇਤ ਸੱਤਾਂ ‘ਤੇ ਧਾਰਾ 420, 406, 498-ਏ, 120ਬੀ ਅਧੀਨ ਮੁਕੱਦਮਾ ਦਰਜ

ਬਠਿੰਡਾ :  ਜਿਵੇਂ ਅਕਸਰ ਹੀ ਦਾਜ ਦਹੇਜ ਖ਼ਾਤਰ ਰਿਸ਼ਤੇ ਟੁੱਟ ਰਹੇ ਹਨ ਇਸੇ ਤਰਾਂ ਹੀ ਇੱਕ ਹੋਰ ਦਾਜ ਦੇ ਲੋਭੀਆਂ ਵੱਲੋਂ ਸੱਜ ਵਿਆਹੀ ਲੜਕੀ ਨੂੰ ਵਿਆਹ ਤੋਂ ਕੁਝ ਹੀ ਦਿਨਾਂ ਬਾਅਦ ਘਰੋਂ ਕੱਢ ਦੇਣ ਦਾ ਸਮਾਚਾਰ ਮਿਲਿਆ ਹੈ। ਬਠਿੰਡਾ ਜ਼ਿਲ੍ਹਾ ਦੇ ਥਾਨਾ ਦਿਆਲਪੁਰਾ ਵਿਖੇ ਦਰਜ ਹੋਈ ਐਫ ਆਈ ਆਰ, ਨੰਬਰ 0026 ਮੁਤਾਬਿਕ ਐਬਟਸਫੋਰਡ (ਕੈਨੇਡਾ) ਰਹਿੰਦੇ ਮੋਗਾ ਜ਼ਿਲ੍ਹਾ ਦੇ ਪਿੰਡ ਲੋਹਗੜ੍ਹ ਦੇ ਜੰਮਪਲ ਸੁਖਦੇਵ ਸਿੰਘ ਬਦੇਸ਼ਾ (ਲਾੜਾ) ਪੁੱਤਰ ਜੋਗਰਾਜ ਸਿੰਘ, ਬਠਿੰਡਾ ਜ਼ਿਲ੍ਹਾ ਦੇ ਪਿੰਡ ਭਗਤਾ ਭਾਈ ਕਾ ਦੀ ਪ੍ਰਭਜੋਤ ਕੌਰ ਬਰਾੜ ਪੁੱਤਰੀ ਰਾਜਿੰਦਰ ਸਿੰਘ ਬਰਾੜ ਨਾਲ ਵਿਆਹ ਕਰਵਾ ਕੇ ਕੁਝ ਹੀ ਦਿਨਾਂ ਪਿੱਛੋਂ ਉਸ ਨੂੰ ਇਸ ਕਰਕੇ ਘਰੋਂ ਕੱਢ ਕੇ ਆਪਣੇ ਪਰਿਵਾਰ ਸਮੇਤ ਐਬਟਸਫੋਰਡ ਭੱਜ ਗਿਆ ਕਿ ਉਹ ਦਾਜ ਦਹੇਜ ਘੱਟ ਲਿਆਈ ਹੈ। ਦਾਜ ਦੀ ਵਧੇਰੇ ਮੰਗ ਕਰਨ ਉਪਰੰਤ ਜਦੋਂ ਉਨ੍ਹਾਂ ਦੀ ਹੋਰ ਮੰਗ ਪੂਰੀ ਨਾ ਹੋਈ ਤਾਂ ਠੱਗ ਲਾੜੇ ਸੁਖਦੇਵ ਸਿੰਘ ਬਦੇਸ਼ਾ ਨੇ ਆਪਣੀ ਭੈਣ ਜਸਵੀਰ ਕੌਰ ਪਤਨੀ ਸੇਵਕਪਾਲ ਸ਼ਰਮਾ, ਜੀਜੇ ਸੇਵਕਪਾਲ ਸ਼ਰਮਾ ਪੁੱਤਰ ਰਾਮਜੀ ਦਾਸ ਵਾਸੀ ਝੱਖੜਵਾਲ (ਫਰੀਦਕੋਟ), ਭਰਾ ਸੁਖਮੰਦਰ ਸਿੰਘ ਅਤੇ ਮਾਮੇ ਸੁਖਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਦਾਰਾਪੁਰ (ਮੋਗਾ) ਮਾਮੇ ਸੁਖਦੇਵ ਸਿੰਘ ਦੇ ਪੁੱਤਰ ਤੇਜਭਾਨ ਸਿੰਘ ਅਤੇ ਮਾਮੇ ਮੁਹਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਵਾੜਾ ਜਵਾਹਰ ਸਿੰਘ ਵਾਲਾ (ਫ਼ਿਰੋਜ਼ਪੁਰ) ਨਾਲ ਮਿਲ ਕੇ ਨਵ-ਵਿਆਹੁਤਾ ਨੂੰ ਘਰੋਂ ਕੱਢ ਕੇ ਲਾੜੇ ਨੇ ਕੈਨੇਡਾ ਜਾਣ ਉਪਰੰਤ ਤਲਾਕ ਦੇ ਕਾਗਜ਼ਾਤ ਭੇਜ ਦਿੱਤੇ। ਦੋਹਾਂ ਪਰਿਵਾਰਾਂ ਨੂੰ ਮੁੜ ਤੋਂ ਮਿਲਾਉਣ ਲਈ ਪੰਚਾਇਤ ਰੂਪੀ ‘ਚ ਯਤਨ ਕੀਤੇ ਗਏ ਪਰ ਲੜਕੇ ਦਾ ਪਰਿਵਾਰ ਲੜਕੀ ਨੂੰ ਨਾ ਰੱਖਣ ਦੀ ਜ਼ਿਦ ‘ਤੇ ਅੜਿਆ ਰਿਹਾ ਜਿਸ ਉਪਰੰਤ ਇਨ੍ਹਾਂ ਸੱਤਾਂ ‘ਤੇ ਥਾਣਾ ਦਿਆਲਪੁਰ ਸਥਿੱਤ ਭਗਤਾ ਭਾਈ ਕਾ ਵਿਖੇ 420, 406, 498ਏ ਅਤੇ 120ਬੀ ਧਾਰਾ ਤਾਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਫੜ੍ਹਣ ਲਈ ਪੁਲਿਸ ਵੱਲੋਂ ਛਾਪੇਮਾਰ ਜਾਰੀ ਹੈ। ਲੜਕੀ ਦੇ ਪਿਤਾ ਰਜਿੰਦਰ ਸਿੰਘ ਵੱਲੋਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਾਈ ਹੈ। ਪਿਤਾ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਲਾੜੇ ਸੁਖਦੇਵ ਸਿੰਘ ਬਦੇਸ਼ਾ, ਉਸਦੀ ਭੈਣ ਜਸਵੀਰ ਕੌਰ, ਭਰਾ ਸੁਖਮੰਦਰ ਸਿੰਘ, ਭਣੋਈਏ ਸੇਵਕਪਾਲ ਸ਼ਰਮਾ, ਦੋ ਮਾਮੇ ਸੁਖਦੇਵ ਸਿੰਘ, ਮੁਹਿੰਦਰ ਸਿੰਘ ਅਤੇ ਮਾਮੇ ਦੇ ਇੱਕ ਪੁੱਤਰ ਤੇਜਭਾਨ ਸਿੰਘ ਨੇ ਮੇਰੀ ਬੇਟੀ ਨੂੰ ਦਾਜ ਦੀ ਵਧੇਰੇ ਮੰਗ ਕਰਦਿਆਂ ਵਿਆਹ ਤੋਂ ਕੁਝ ਹੀ ਦਿਨਾਂ ਬਾਅਦ ਘਰੋਂ ਕੱਢ ਕੇ ਉਨ੍ਹਾਂ ਨੂੰ ਬਿਨਾਂ ਦੱਸੇ ਕੈਨੇਡਾ ਭੱਜ ਗਏ ਅਤੇ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਧੋਖੇ ਨਾਲ ਲੜਕੀ ਦੀ ਪੜ੍ਹਾਈ ਦੇ ਸਾਰੇ ਅਸਲੀ ਸਰਟੀਫ਼ਿਕੇਟ ਲੈ ਕੇ ਕਿੱਥੇ ਖੁਰਦ-ਬੁਰਦ ਕੀਤੇ ਹਨ। ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦੇ ਵਿਆਹ ਲਈ ਲੜਕੇ ਵਾਲਿਆਂ ਦੇ ਪਰਿਵਾਰ ਦੇ ਕਹਿਣ ‘ਤੇ 35 ਲੱਖ ਤੋਂ ਵੱਧ ਦੀ ਰਕਮ ਖਰਚ ਕੀਤੀ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਲੜਕੇ ਦੀ ਭੈਣ, ਭਰਾ ਅਤੇ ਜੀਜਾ ਇਸ ਸਮੇਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਵਿਖੇ ਰਹਿ ਰਹੇ ਹਨ ਜਦੋਂ ਕਿ ਮੁਕੱਦਮੇ ‘ਚ ਨਾਮਜ਼ਦ ਬਾਕੀ ਤਿੰਨ ਪੰਜਾਬ ਵਿੱਚ ਹੀ ਰਹਿੰਦੇ ਹਨ। ਪੁਲਿਸ ਵੱਲੋਂ ਪਰਚੇ ਵਿੱਚ ਨਾਂ ਦਰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਜਾਰੀ ਹੈ।