Copyright © 2019 - ਪੰਜਾਬੀ ਹੇਰਿਟੇਜ
ਸਟੱਡੀ ਵੀਜ਼ਾ: ਘਰ ਖਾਲੀ, ਬਾਂਹਾਂ ਸੁੰਨੀਆਂ, ਪੁੱਤ ਤੋਰੇ ਪ੍ਰਦੇਸ

ਸਟੱਡੀ ਵੀਜ਼ਾ: ਘਰ ਖਾਲੀ, ਬਾਂਹਾਂ ਸੁੰਨੀਆਂ, ਪੁੱਤ ਤੋਰੇ ਪ੍ਰਦੇਸ

ਬਠਿੰਡਾ: ਨਰਮਾ ਪੱਟੀ ‘ਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਣ ਲੱਗਾ ਹੈ। ਪੁੱਤਾਂ ਧੀਆਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ ‘ਤੇ ਲੱਗਾ ਹੈ। ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ ਫੀਸਾਂ ਲਈ ਖੇਤੀ ਮਸ਼ੀਨਰੀ ਦਾ ਵਿਕਣਾ ਹੁਣ ਲੁਕੀ ਛਿਪੀ ਗੱਲ ਨਹੀਂ। ਪੂਰੇ ਇੱਕ ਵਰ੍ਹੇ ਤੋਂ ਇਸ ਖ਼ਿੱਤੇ ‘ਚ ਸਟੱਡੀ ਵੀਜ਼ੇ ਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਵੱਲ ਹੋਇਆ ਹੈ।
ਕੋਈ ਵੇਲਾ ਸੀ ਜਦੋਂ ਖੇਤੀ ਸੰਕਟ ‘ਚ ਕਿਸਾਨ ਨਵੇਂ ਟਰੈਕਟਰ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਸਨ। ਵਕਤ ਨੇ ਮੁੜ ਕਰਵਟ ਲਈ ਹੈ। ਪਿੰਡ ਚੱਕ ਬਖਤੂ ‘ਚ ਦੋ ਪਰਿਵਾਰਾਂ ਨੇ ਆਪਣੇ ਮੁੰਡੇ ਤੇ ਕੁੜੀ ਨੂੰ ਸਟੱਡੀ ਵੀਜ਼ੇ ‘ਤੇ ਭੇਜਣ ਲਈ ਪੂਰੀ ਖੇਤੀ ਮਸ਼ੀਨਰੀ ਵੇਚ ਦਿੱਤੀ। ਨਾਲੇ ਸਾਰੇ ਪਸ਼ੂ ਵੇਚ ਦਿੱਤੇ। ਗਿੱਲ ਖੁਰਦ ਦੇ ਇੱਕ ਘਰ ਨੂੰ ਇਕੱਲੀ ਜ਼ਮੀਨ ਨਹੀਂ, ਟਰੈਕਟਰ ਵੀ ਵੇਚਣਾ ਪਿਆ। ਮੰਡੀ ਕਲਾਂ ‘ਚ ਇੱਕ ਘਰ ਨੇ ਫੀਸਾਂ ਲਈ ਜ਼ਮੀਨ ਵੇਚੀ। ਜਹਾਜ਼ ਦੀ ਟਿਕਟ ਲਈ ਪਸ਼ੂ ਵੇਚਣੇ ਪਏ ਹਨ। ਲਹਿਰਾ ਖਾਨਾ ਤੇ ਭੁੱਚੋ ਖੁਰਦ ਦੇ ਘਰਾਂ ‘ਚ ਏਦਾਂ ਹੋਇਆ ਹੈ ਕਿ ਮਾਵਾਂ ਨੇ ਸਾਂਭ ਸਾਂਭ ਕੇ ਰੱਖੇ ਗਹਿਣੇ ਹੁਣ ਗਿਰਵੀ ਕੀਤੇ ਹਨ।
ਭੁੱਚੋ ਮੰਡੀ ਦੇ ਨੀਟਾ ਜਵੈਲਰਜ਼ ਦੇ ਮਾਲਕ ਗੁਰਦਵਿੰਦਰ ਜੌੜਾ ਨੇ ਦੱਸਿਆ ਕਿ ਹੁਣ ਇੱਕੋ ਦਿਨ ‘ਚ ਚਾਰ ਚਾਰ ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ, ਜਿਨ੍ਹਾਂ ‘ਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ‘ਤੇ ਲੋਨ ਲੈਣ ਵਾਲੇ ਕੇਸ ਵਧੇ ਹਨ। ਬਰਨਾਲਾ ਦੇ ਮਿੱਤਲ ਜਵੈਲਰਜ਼ ਦੇ ਮਾਲਕ ਅਮਨ ਮਿੱਤਲ ਨੇ ਦੱਸਿਆ ਕਿ ਪਿੰਡਾਂ ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ ਹੈ ਅਤੇ ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਖਾਤਰ ਕੰਨਾਂ ਦਾ ਸੋਨਾ ਵੀ ਵੇਚ ਰਹੇ ਹਨ। ਇਸੇ ਤਰ੍ਹਾਂ ਗਿੱਦੜਬਹਾ ਦੇ ਮੇਨ ਜਵੈਲਰਜ਼ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਹਰ ਮਹੀਨੇ ਅੱਠ ਤੋਂ ਦਸ ਕੇਸ ਏਦਾਂ ਦੇ ਆਉਣ ਲੱਗੇ ਹਨ। ਬਹੁਤੇ ਮਾਪੇ ਇਸ ਨੂੰ ਮਜਬੂਰੀ ਦੱਸਦੇ ਹਨ। ਮੁਕਤਸਰ ਜ਼ਿਲ੍ਹੇ ਦੇ ਪਿੰਡ ਗੁਰੂਸਰ ਦੇ ਇੱਕ ਪਰਿਵਾਰ ਨੂੰ ਤਾਂ ਆਪਣੀ ਧੀ ਨੂੰ ਆਈਲੈੱਟਸ ਕਰਾਉਣ ਖਾਤਰ ਹੀ ਗਹਿਣੇ ਗਿਰਵੇ ਰੱਖਣੇ ਪਏ ਹਨ।