ਮਾਂ

ਕਿੰਨਾ ਕੁਝ ਬਦਲਦਾ ਏ,
ਵਕ਼ਤ ਦੇ ਨਾਲ ਨਾਲ,
ਪਰ ਕੁਝ ਰਿਸ਼ਤੇ ਕਦੇ ਨਹੀਂ ਮੁੱਕਦੇ।
ਜਿਵੇਂ ਮਾਂ ਦਾ ਰਿਸ਼ਤਾ।
ਮਾਂ ਤਾਂ ਚਲੀ ਗਈ ਏ
ਪਰ ਅਜੇ ਵੀ ਮੇਰੇ ਸਾਹਾਂ ਚ ਆ।
ਕਦੇ ਉਲਝਦਾਂ ਹਾਂ ਜਦ,
ਮੇਰੇ ਨਾਲ ਉਹ ਉਹਨਾਂ ਰਾਹਾਂ ਚ ਆ।
ਪਰਦੇਸਾਂ ਚ ਆ
ਜਿੰਮੇਵਾਰ ਵੀ ਹੋ ਗਿਆਂ ਹਾਂ।
ਠੋਕਰਾਂ ਖਾ ਕੇ ਮਜ਼ਬੂਤ ਵੀ ਹੋਇਆਂ ਹਾਂ।
ਪਰ ਅਜੇ ਵੀ ਕੋਈ ਦਰਦ ਹੋਣ ਤੇ,
ਮੂੰਹੋਂ ਮਾਂ ਹੀ ਨਿਕਲਦਾ ਏ।
ਉਹ ਮਾਂ ਹੀ ਸੀ ਜੋ,
ਸਕੂਲ ਤੋਂ ਆਉਣ ਤੋਂ ਪਹਿਲਾਂ ਹੀ,
ਖਾਣਾ ਤਿਆਰ ਰੱਖਦੀ ਸੀ
ਹੁਣ ਵਕ਼ਤ ਬੇ ਵਕ਼ਤ
ਘਰ ਆਉਣ ਤੇ ਵੀ ਕੋਈ ਨਹੀਂ ਪੁੱਛਦਾ।
ਇਹ ਨਹੀਂ ਕਿ ਮਾਂ,
ਕਿਸੇ ਇਕ ਦਿਨ ਦੀ ਹੀ
ਮੋਹਤਾਜ ਆ।
ਉਹ ਹਰ ਦਿਨ, ਹਰ ਪਲ
ਨਾਲ ਹੁੰਦੀਂ ਏ।
ਦੇਖ ਮਾਂ ਤੇਰੇ ਪੁੱਤ ਨੇ,
ਕਈ ਮੁਕਾਮ ਵੀ ਹਾਸਿਲ ਕਰ ਲਏ ਨੇ।
ਜੀਣਾ ਵੀ ਸਿੱਖ ਲਿਆ ਏ
ਪਰ ਅਜੇ ਵੀ ਦਿਲ
ਤੇਰੀ ਗੋਦੀ ਸਿਰ ਰੱਖ ਰੋਣ ਨੂੰ ਲੋਚਦਾ ਏ।
ਪਰ ਉਹ ਹੁੰਦਾ ਕਿੱਥੇ,
ਜੋ ਬੰਦਾ ਹੋਣਾ ਲੋਚਦਾ ਏ।
ਬਸ ਦੁਆ ਏ ਖ਼ੁਦਾ ਅੱਗੇ,
ਕੋਈ ਬਚਪਨ ਨਾ ਖੋਵੇ ਆਪਣੀ ਮਾਂ।
ਕਿਸੇ ਪਰਦੇਸੀ ਪੁੱਤ ਦੀ,
ਯਾਦ ਚ ਨਾ ਰੋਵੇ,
ਕੋਈ ਬੇਵੱਸ ਮਾਂ।

ਲੇਖਕ : ਅਕਬਰ ਖਾਨ