ਰਿਹਾਈ

ਰਿਹਾਈ

ਕਈ ਸਾਲ ਲੰਘ ਗਏ ਪਰ ਕਰਮ ਸਿੰਘ ਮੁੜਿਆ ਨਹੀਂ ਸੀ। ਉਸਨੂੰ ਅਮਰੀਕਾ ਲੰਘੇ ਨੂੰ ਦਸ ਸਾਲ ਹੋਣ ਵਾਲੇ ਸਨ। ਪ੍ਰੀਤ ਆਪਣੇ ਪਤੀ ਦਾ ਰਾਹ ਦੇਖਦੀ ਹੋਈ ਹੁੱਣ ਤਾਂ ਥੱਕ ਗਈ ਸੀ। ਬੜਾ ਚਿਰ ਹੋਇਆ ਕੋਈ ਫੋਨ ਵੀ ਨਹੀਂ ਆਇਆ ਸੀ।
ਕਰਮ ਦੀਆਂ ਚਿੱਠੀਆਂ ਚਾਰ ਕੁ ਸਾਲਾਂ ਤੱਕ ਆਂਓਦੀਆਂ ਰਹੀਆਂ ਸਨ। ਪਰ ਹੁੱਣ ਪਿਛਲੇ ਛੇ ਸਾਲਾਂ ਤੋਂ ਕਰਮ ਨੇ ਕਿਸੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਸੀ।
ਪ੍ਰੀਤ ਨੇ ਕਈ ਵਾਰ ਪੀਸੀਓ ਤੋਂ ਫੋਨ ਲਗਾਓਣ ਦੀ ਵੀ ਕੋਸ਼ਿਸ਼ ਕਰੀ। ਪਰ ਕਰਮ ਦਾ ਦਿੱਤਾ ਨੰਬਰ ਲੱਗਦਾ ਨਹੀਂ ਸੀ। ਛੇ ਸਾਲ ਤੋਂ ਪ੍ਰੀਤ ਰੋਜ ਕੋਸ਼ਿਸ਼ ਕਰਦੀ ਸੀ। ਕਿ ਉਸਦੇ ਪਤੀ ਦਾ ਫੋਨ ਲੱਗ ਜਾਵੇ। ਓਹ ਪੀਸੀਓ ਜਾਂਦੀ ਅਤੇ ਫੋਨ ਲਗਾ ਕੇ ਦੇਖਦੀ। ਪਰ ਫੋਨ ਨਾ ਲੱਗਦਾ।
ਕੁੱਛ ਲੋਕ ਕਹਿੰਦੇ ਸਨ ਕਿ ਕਰਮ ਮਰ-ਮਰਾ ਗਿਆ ਹੋਣਾ! ਕੁੱਛ ਕਹਿੰਦੇ ਸਨ ਕਿ ਉਸਨੇ ਅਮਰੀਕੇ ਕਿਸੇ ਗੋਰੀ ਨਾਲ ਵਿਆਹ ਕਰ ਲਿਆ ਹੋਣਾ! ਓਥੇ ਪੱਕਾ ਹੋਣ ਲਈ! ਪਰ ਅਸਲ ਗੱਲ ਕੋਈ ਨਹੀਂ ਜਾਣਦਾ ਸੀ।
ਪ੍ਰੀਤ ਦੇ ਪੱਲੇ ਤਾਂ ਬੱਸ ਇੰਤਜਾਰ ਸੀ। ਉਸਦੇ ਪਿਤਾ ਤਾਂ ਵਿਆਹ ਤੋਂ ਤਿੰਨ ਦਿਨ ਬਾਅਦ ਈ ਦਿਰ ਦਾ ਦੌਰਾ ਪੈਣ ਨਾਲ ਮਰ ਗਏ ਸਨ। ਆਪਣੀ ਧੀ ਦੀ ਹਾਲਤ ਦੇਖਦੀ ਹੋਈ ਮਾਂ ਪਿਛਲੇ ਸਾਲ ਪਾਰ ਲੰਘ ਗਈ। ਪ੍ਰੀਤ ਹੁੱਣ ਪਿੱਛੇ ਕਰਮ ਦੇ ਮਾਂ-ਬਾਪ ਦੀ ਸੇਵਾ ਕਰਦੀ ਆਪਣਾ ਸਮਾਂ ਲਘਾਂਓਦੀ ਸੀ।
ਘਰੋਂ ਬਾਹਰ ਨਹੀਂ ਨਿਕਲਦੀ ਸੀ। ਬਾਹਰ ਪਰਾਏ ਮਰਦਾਂ ਦੀਆਂ ਅੱਖਾਂ ਉਸਨੂੰ ਨੋਚਦੀਆਂ ਸਨ। ਉਹ ਸਵੇਰੇ ਸਾਝਰੇ ਪਿੰਡ ਦੇ ਗੂਰੂਘਰ ਮੱਥਾ ਟੇਕ ਆਂਓਦੀ ਸੀ। ਇਸ ਤੋਂ ਇਲਾਵਾ ਬੱਸ ਗੁਆਂਢ ਵਿੱਚ ਬਣੇ ਹੋਏ ਪੀਸੀਓ ਜਾਂਦੀ ਸੀ।
“ਮੇਰੇ ਪੁੱਤ ਨੂੰ ਤੂੰ ਖਾ ਗੀ ਕਲਛਣੀਏ!! ਤੂੰ ਆਈ ਤਾਂ ਓਹ ਘਰੋਂ ਪੈਰ ਪੱਟ ਗਿਆ!! ਜਿੱਦਣ ਤੂੰ ਮਰੀ ਓਦਣ ਈ ਓਨੇ ਪਰਤਣਾ!!” ਦਿਲਬਾਗ ਕੌਰ ਨੇ ਕਿਹਾ।
ਦਿਲਬਾਗ ਕੌਰ ਪ੍ਰੀਤ ਦੀ ਸੱਸ ਸੀ। ਓਹ ਹਮੇਸ਼ਾਂ ਉਸਨੂੰ ਕੋਸਦੀ ਰਹਿੰਦੀ ਸੀ। ਅਰਜਣ ਸਿੰਘ ਵੀ ਘੱਟ ਨਹੀਂ ਸੀ। ਸਹੁਰਾ ਹੋਣ ਨਾਤੇ ਬੰਦਾ ਨੂੰਹ ਦਾ ਲਿਹਾਜ ਰੱਖਦਾ ਪਰ ਓਹ ਵੀ ਪ੍ਰੀਤ ਨੂੰ ਹਮੇਸ਼ਾਂ ਖਰੀਆਂ-ਖੋਟੀਆਂ ਸੁਣਾਂਓਦਾ ਰਹਿੰਦਾ ਸੀ।
“ਇਹਨੇ ਕਿੱਥੇ ਜਾਣਾ!! ਇਹ ਇੱਥੇ ਈ ਮਰੂ!! ਸਾਡੇ ਪੱਲੇ ਪੈ ਗੀ ਇਹ ਸਰਾਪਣੀ!!!” ਅਰਜਣ ਸਿੰਘ ਬੋਲਿਆ।
ਪ੍ਰੀਤ ਓਨਾ ਦੋਵਾਂ ਨੂੰ ਰੋਟੀ ਦੇ ਰਹੀ ਸੀ ਜਦੋਂ ਓਹ ਉਸਨੂੰ ਕੋਸਣ ਤੇ ਲੱਗੇ ਹੋਏ ਸਨ। ਸੱਚ ਸੀ ਕਿ ਹੁੱਣ ਤਾਂ ਪ੍ਰੀਤ ਦੇ ਹੰਝੂ ਵੀ ਸੁੱਕ ਗਏ ਸਨ। ਰੋ-ਰੋ ਕੇ ਵੀ ਓਹ ਥੱਕ ਗਈ ਸੀ।
ਉਸ ਰਾਤ ਜਦੋਂ ਉਸਦੇ ਸੱਸ-ਸਹੁਰਾ ਬੋਲਣੋ ਈ ਨਾ ਹਟੇ ਤਾਂ ਓਨਾ ਨੂੰ ਰੋਟੀ ਖਵਾ ਕੇ ਪ੍ਰੀਤ ਭਾਂਡੇ ਧੋਣੇ ਛੱਡ ਕੇ ਆਪਣੇ ਕਮਰੇ ਵੱਲ ਚਲੀ ਗਈ। ਪਹਿਲਾਂ ਓਹ ਭਾਂਡੇ ਧੋਤੇ ਬਿਨਾ ਕਦੇ ਸੌਣ ਨਹੀਂ ਸੀ ਗਈ।
ਪਰ ਅੱਜ ਕਮਰੇ ਅੰਦਰ ਜਾ ਕੇ ਉਸਨੇ ਆਪਣੇ ਗਲ ਵਿੱਚੋਂ ਚੁੰਨੀ ਲਾਹੀ ਅਤੇ ਛੱਤ ਨਾਲ ਫਾਹਾ ਲੈ ਕੇ ਮਰ ਗਈ। ਸਵੇਰੇ ਜਦੋਂ ਦਿਲਬਾਗ ਕੌਰ ਉਠੀ ਤਾਂ ਉਸਨੇ ਦੇਖਿਆ ਭਾਂਡੇ ਸਾਰੇ ਓਵੇਂ ਈ ਪਏ ਨੇ! ਇਹ ਦੇਖ ਓਹ ਮੱਚ ਗਈ। ਸੋਚਿਆ ਅੱਜ ਦੱਸਦੀ ਆ ਇਨੂੰ ਮੈਂ!! ਗੁੱਸੇ ਵਿੱਚ ਤੁਰਦੀ ਹੋਈ ਜਦੋਂ ਓਹ ਪ੍ਰੀਤ ਦੇ ਕਮਰੇ ਵੱਲ ਗਈ ਤਾਂ ਅੰਦਰ ਛੱਤ ਨਾਲ ਗਲ ਸਹਾਰੇ ਪ੍ਰੀਤ ਦੀ ਲਾਸ਼ ਲਟਕਦੀ ਸੀ। ਦਿਲਬਾਗ ਕੌਰ ਦੀ ਚੀਕ ਨਿੱਕਲ ਗਈ। ਅਰਜਣ ਸਿੰਘ ਵੀ ਭੱਜਦਾ ਆਇਆ।
ਕੁਦਰਤੀ ਇਸੇ ਵਕਤ ਗੁਆਂਢ ਵਿੱਚ ਬਣੇ ਪੀਸੀਓ ਤੇ ਕਰਮ ਦਾ ਫੋਨ ਆ ਗਿਆ। ਉਸਨੇ ਦੱਸਿਆ ਕਿ ਓਹ ਅਮਰੀਕਾ ਵਿੱਚ ਜੇਲ ਅੰਦਰ ਬੰਦ ਹੋ ਗਿਆ ਸੀ। ਉਸਨੂੰ ਸਜ਼ਾ ਹੋਈ ਸੀ। ਪਰ ਅੱਜ ਓਹ ਰਿਹਾ ਹੋ ਕੇ ਆਇਆ ਹੈ। ਦਿਲਬਾਗ ਕੌਰ ਨੇ ਜਾ ਕੇ ਫੋਨ ਸੁਣਿਆ।
“ਬੇਬੇ ਮੇਰੀ ਰਿਹਾਈ ਹੋ ਗਈ ਹੈ! ਮੈਂ ਵਾਪਸ ਆ ਰਿਹਾ ਬੇਬੇ!! ਪ੍ਰੀਤ ਕਿੱਥੇ ਆ!!? ਓਹ ਠੀਕ ਆ ਨਾ!! ਓਹ ਕਿੱਥੇ ਆ ਬੇਬੇ!!?” ਫੋਨ ਤੇ ਇੱਕੋ ਸਾਹੇ ਕਰਮ ਪੁੱਛੀ ਜਾ ਰਿਹਾ ਸੀ ਅਤੇ ਅੰਦਰ ਪ੍ਰੀਤ ਦੀ ਲਾਸ਼ ਲਟਕੀ ਹੋਈ ਸੀ।
ਦਿਲਬਾਗ ਕੌਰ ਦੇ ਹੱਥੋਂ ਫੋਨ ਡਿੱਗ ਪਿਆ।
ਪਤਾ ਨਹੀਂ ਕਿਸਦੀ ਸਜ਼ਾ ਖਤਮ ਹੋਈ ਸੀ। ਕਰਮ ਦੀ……..ਜਾਂ ਫਿਰ ਪ੍ਰੀਤ ਦੀ!!!

ਲੇਖਕ : ਜੱਸ ਧਾਲੀਵਾਲ