ਲਵ ਜਿਹਾਦ ਦੀ ਸਮੱਸਿਆ ਨੂੰ ਚਿਤਰਦਾ ਨਾਵਲ ‘ਬੇਨਾਮ ਰਿਸ਼ਤੇ’

ਲਵ ਜਿਹਾਦ ਦੀ ਸਮੱਸਿਆ ਨੂੰ ਚਿਤਰਦਾ ਨਾਵਲ ‘ਬੇਨਾਮ ਰਿਸ਼ਤੇ’

ਜੰਮੂ-ਕਸ਼ਮੀਰ ਸੂਬੇ ਦਾ ਮਾਣ ਅਤੇ ਪੰਜਾਬੀ ਸਾਹਿਤ ਦਾ ਜਾਣਿਆ-ਪਹਿਚਾਣਿਆ ਨਾਂ ਭੁਪਿੰਦਰ ਸਿੰਘ ਰੈਣਾ ਵਿਲੱਖਣ ਕਲਾ ਦਾ ਪੰਜਾਬੀ ਨਾਵਲਕਾਰ ਹੈ। ਜ਼ਿੰਦਗੀ ਦੇ ਸੱਤ ਦਹਾਕਿਆਂ ਤੋਂ ਵੀ ਜਿਆਦਾ ਦਾ ਸਫ਼ਰ ਤੈਅ ਕਰ ਚੁੱਕੇ ਰੈਣਾ ਜੀ ਨੇ ਕਸ਼ਮੀਰ ਵਾਦੀ ਦੇ ਬਦਲਦੇ ਹਾਲਾਤਾਂ ਅਤੇ ਤ੍ਰਾਸਦੀ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਇਨ੍ਹਾਂ ਨੇ ਆਪਣੇ ਜੀਵਨ ਵਿਚ ਅੱਖੀਂ ਡਿੱਠੀਆਂ ਸੱਚੀਆਂ ਘਟਨਾਵਾਂ ਨੂੰ ਕਲਮਬੱਧ ਕਰਕੇ ਨਾਵਲਾਂ ਦੇ ਰੂਪ ਦਿੱਤੇ ਹਨ। ਆਪ ਦੁਆਰਾ ਲਿਖੇ ਨਾਵਲਾਂ ਦਾ ਕਥਾਨਕ ਗੁੰਝਲਦਾਰ ਨਹੀਂ ਹੁੰਦਾ। ਨਾਵਲ ਦੀ ਕਹਾਣੀ ਸਰਲਤਾ ਤੇ ਸਪਸ਼ਟਤਾ ਨਾਲ ਲੜੀਵਾਰ ਤਰੀਕੇ ਅੱਗੇ ਤੁਰਦੀ ਹੈ। ਸਾਲ 2020 ਵਿਚ ਪ੍ਰਕਾਸ਼ਿਤ ਭੁਪਿੰਦਰ ਸਿੰਘ ਰੈਨਾ ਦਾ ਨਾਵਲ ‘ਬੇਨਾਮ ਰਿਸ਼ਤੇ’ ਇਕ ਮੱਧ ਆਕਾਰੀ ਨਾਵਲ ਹੈ ਅਤੇ ਇਸਨੂੰ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਜੰਮੂ ਯੂਨਿਵਰਸਿਟੀ ਦੇ ਪੰਜਾਬੀ ਵਿਭਾਗ ਨੇ ਇਸ ਨਾਵਲ ਦੀ ਅਹਿਮੀਅਤ ਸਮਝਦੇ ਹੋਏ ਇਸਨੂੰ ਆਪਣੇ ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਹੈ। ‘ਬੇਨਾਮ ਰਿਸ਼ਤੇ’ ਨਾਵਲ ਕੁਦਰਤੀ ਖ਼ੂਬਸੂਰਤ ਕਸ਼ਮੀਰ ਵਾਦੀ ਵਿਚ ਫਲ-ਫੁੱਲ ਰਹੇ ਲਵ ਜਿਹਾਦ ਦੀ ਸਮੱਸਿਆ ਨੂੰ ਚਿਤਰਦਾ ਹੈ। ਇਸ ਨਾਵਲ ਅਨੁਸਾਰ ਕਸ਼ਮੀਰ ਵਿਚ ਬਹੁਗਿਣਤੀ ਮੁਸਲਿਮ ਸਮਾਜ ਦੇ ਅਮੀਰ ਘਰਾਂ ਦੇ ਮੁੰਡੇ ਆਰਥਿਕ ਪੱਖੋਂ ਕਮਜ਼ੋਰ ਅਤੇ ਸਾਧਾਰਨ ਸਿੱਖ ਵਰਗ ਦੀਆਂ ਸੋਹਣੀਆਂ ਸੁਣੱਖੀਆਂ ਕੁੜੀਆਂ ਨੂੰ ਵਰਗਲਾ-ਫੁਸਲਾ ਕੇ ਲਵ ਜਿਹਾਦ ਦੇ ਜਾਲ ਵਿਚ ਉਲਝਾ ਲੈਂਦੇ ਹਨ। ਫ਼ਿਰ ਕੁੜੀ ਦਾ ਧਰਮ ਬਦਲਾ ਕੇ ਉਸ ਨਾਲ ਨਿਕਾਹ ਪੜ੍ਹਾ ਕੇ ਉਸ ਦਾ ਜਿਸਮਾਨੀ ਸ਼ੋਸ਼ਣ ਕਰਦੇ ਰਹਿੰਦੇ ਹਨ। ਅੰਤ ਵਿੱਚ ਆਪਣੇ ਮਿਥੇ ਟੀਚੇ ਨੂੰ ਪੂਰਾ ਕਰਕੇ ਔਰਤ ਦੀ ਜ਼ਿੰਦਗੀ ਨੂੰ ਨਰਕਮਈ ਬਣਾ ਕੇ ਬਰਬਾਦ ਕਰ ਦਿੰਦੇ ਹਨ। ਇਸ ਘਿਣੌਨੀ ਹਰਕਤ ਵਿੱਚ ਉਨ੍ਹਾਂ ਦਾ ਸਮਾਜ ਵੀ ਸਾਥ ਦਿੰਦਾ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਦੂਜੇ ਧਰਮ ਦੀ ਕੁੜੀ ਨੂੰ ਇਸਲਾਮ ਕਬੂਲ ਕਰਵਾ ਕੇ ਵਿਆਹ ਕਰਨਾ ਅਤੇ ਉਸ ਤੋਂ ਮੁਸਲਮਾਨ ਬੱਚੇ ਪੈਦਾ ਕਰਨਾ ਪੁੰਨ ਦਾ ਕੰਮ ਹੈ।
ਨਾਵਲ ਵਿਚ ਇੱਕ ਗੁਰਸਿੱਖ ਪਰਿਵਾਰ ਦੀ ਸਕੂਲ ਪੜ੍ਹਦੀ ਸੋਹਣੀ ਤੇ ਸੁਨੱਖੀ ਕੁੜੀ ਹਰਪ੍ਰੀਤ (ਪ੍ਰੀਤੀ) ਇਕ ਮੁਸਲਮਾਨ ਅਮੀਰ ਪਰਿਵਾਰ ਦੇ ਮੁੰਡੇ ਫ਼ਿਆਜ਼ ਦੀ ਸ਼ਾਨ-ਓ-ਸ਼ੌਕਤ ਦੇਖ ਕੇ ਉਸ ਨਾਲ ਪਿਆਰ ਦੀਆਂ ਪੀਘਾਂ ਝੂਟਣ ਲੱਗ ਪੈਂਦੀ ਹੈ। ਉਹ ਫ਼ਿਆਜ਼ ਦੇ ਪਿਆਰ ਵਿਚ ਏਨੀ ਅੰਨ੍ਹੀ ਹੋ ਜਾਂਦੀ ਹੈ ਕਿ ਉਹ ਆਪਣੇ ਘਰ ਵਿਚ ਬਜ਼ੁਰਗ ਮਾਂ, ਵੱਡੇ ਭਰਾਵਾਂ, ਸਵਰਗਵਾਸੀ ਪਿਤਾ ਅਤੇ ਸਮਾਜ ਦੀ ਇਜ਼ਤ ਦਾ ਕੋਈ ਖਿਆਲ ਨਾ ਕਰਦੀ ਹੋਈ ਉਸ ਨਾਲ ਘਰੋਂ ਨੱਸ ਜਾਂਦੀ ਹੈ। ਸਿੱਖ ਸਮਾਜ ਦੇ ਦਬਾਅ ਹੇਠ ਉਨ੍ਹਾਂ ਨੂੰ ਫੜ ਤਾਂ ਲਿਆ ਜਾਂਦਾ ਹੈ, ਪਰ ਉਸ ਸਮੇਂ ਤੱਕ ਉਹ ਆਪਣਾ ਧਰਮ ਬਦਲ ਕੇ ਫ਼ਿਆਜ਼ ਨਾਲ ਨਿਕਾਹ ਪੜ੍ਹਾ ਕੇ ਮੁਸਲਮਾਣੀ ਬਣ ਜਾਂਦੀ ਹੈ। ਅਜਿਹੀ ਘਰੋਂ ਭੱਜੀ ਚਰਿੱਤਰਹੀਣ ਕੁੜੀ ਨਾਲ ਕੋਈ ਵੀ ਮਰਦ ਜੀਵਨ ਬਿਤਾਉਣ ਲਈ ਤਿਆਰ ਨਹੀਂ ਹੁੰਦਾ। ਪਰ ਪ੍ਰੀਤੀ ਦੀ ਸੋਹਣੀ ਸੂਰਤ ਅਤੇ ਸਮਾਜ ਦੇ ਪ੍ਰਭਾਵ ਅਧੀਨ ਸਿੱਖ ਸਮਾਜ ਦਾ ਨੌਜਵਾਨ ਬਲਵੀਰ (ਬਬਲੂ) ਆਪਣੇ ਪਰਿਵਾਰ ਦੇ ਖਿਲਾਫ਼ ਜਾ ਕੇ ਉਸ ਨਾਲ ਵਿਆਹ ਕਰਵਾ ਲੈਂਦਾ ਹੈ। ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਬਾਰਾਮੂਲਾ ਵਿਚ ਕਰਿਆਨੇ ਦੀ ਦੁਕਾਨ ਖੋਲ੍ਹ ਦਿੱਤੀ ਜਾਂਦੀ ਹੈ। ਇੱਥੇ ਆ ਕੇ ਪ੍ਰੀਤੀ ਇੱਕ ਪਤਨੀ ਦੇ ਫਰਜ਼ ਤਾਂ ਨਿਭਾਉਂਦੀ ਹੈ, ਪਰ ਫ਼ਿਆਜ ਨੂੰ ਨਹੀਂ ਭੁੱਲਦੀ ਅਤੇ ਨਾ ਹੀ ਭੁੱਲਣ ਦਾ ਯਤਨ ਕਰਦੀ ਹੈ। ਕੁਝ ਮਰਦ ਘਰੋਂ ਭੱਜੀ ਕੁੜੀ ਨੂੰ ਹਮੇਸ਼ਾਂ ਕਾਮੁਕ ਅਤੇ ਬਦਚਲਨ ਸਮਝਦੇ ਹਨ ਅਤੇ ਉਸ ਤੋਂ ਕਾਮ-ਵਾਸ਼ਨਾ ਦੀ ਪੂਰਤੀ ਲੋਚਦੇ ਹਨ। ਅਜਿਹੀ ਸੋਚ ਅਧੀਨ ਬੱਬਲੂ ਦਾ ਦੋਸਤ ਕੁਲਦੀਪ ਬਬਲੂ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਦੇ ਘਰ ਆਉਂਦਾ ਹੈ, ਪਰ ਪ੍ਰੀਤੀ ਉਸਨੂੰ ਅਪਮਾਨਿਤ ਕਰਕੇ ਭਜਾ ਦਿੰਦੀ ਹੈ। ਕੁਲਦੀਪ ਅਪਮਾਨ ਦਾ ਬਦਲਾ ਲੈਣ ਲਈ ਉਨ੍ਹਾਂ ਦੀ ਸਾਲਗਿਰਹ ਵਾਲੇ ਦਿਨ ਪਹਿਲਗਾਮ ਹੋਟਲ ਵਿਖੇ ਦੋਵਾਂ ਨੂੰ ਨਸ਼ਾ ਖਿਲਾ ਕੇ ਪ੍ਰੀਤੀ ਨਾਲ ਬਲਾਤਕਾਰ ਕਰਦਾ ਹੈ। ਇਸ ਘਿਨੌਣੇ ਅਪਰਾਧ ਵਿੱਚ ਪ੍ਰੀਤੀ ਨੂੰ ਬਬਲੂ ਵੀ ਸ਼ਾਮਲ ਲੱਗਦਾ ਹੈ ਅਤੇ ਉਹ ਆਪਣੇ ਆਪ ਨੂੰ ਜ਼ਲੀਲ ਅਤੇ ਬੇਇਜ਼ਤ ਸਮਝਦੀ ਹੋਈ ਬਬਲੂ ਨੂੰ ਬਿਨਾਂ ਦੱਸੇ ਹੋਟਲ ਵਿਚੋਂ ਨਿਕਲ ਕੇ ਦੁਬਾਰਾ ਫਿਰ ਫ਼ਿਆਜ਼ ਕੋਲ ਚਲੀ ਜਾਂਦੀ ਹੈ। ਪਰ ਇੱਕ ਵਾਰ ਫੇਰ ਬਬਲੂ ਅਤੇ ਪ੍ਰੀਤੀ ਨੂੰ ਇੱਕਠੇ ਜੀਵਨ ਬਿਤਾਉਣ ਲਈ ਉਨ੍ਹਾਂ ਨੂੰ ਨਾਂਦੇੜ ਸਾਹਿਬ ਭੇਜਣ ਦੀ ਸ਼ਰਤ ‘ਤੇ ਮਜਬੂਰ ਕਰ ਲਿਆ ਜਾਂਦਾ ਹੈ। ਪਰ ਪ੍ਰੀਤੀ, ਬਬਲੂ ਨਾਲ ਇਕ ਸ਼ਰਤ ਰੱਖਦੀ ਹੈ ਕਿ ਜਦੋਂ ਉਹ ਚਾਹੇ ਫ਼ਿਆਜ਼ ਨਾਲ ਮਿਲ ਸਕੇ ਅਤੇ ਉਸ ਨੂੰ ਕੋਈ ਇਤਰਾਜ ਨਾ ਹੋਵੇ। ਆਮ ਤੌਰ ਤੇ ਨਾਵਲਾਂ ਵਿੱਚ ਔਰਤ ਜਾਤ ਹੀ ਸਮਝੌਤਾ ਕਰਦੀ ਨਜ਼ਰ ਆਉਂਦੀ ਹੈ। ਪਰ ਇਸ ਨਾਵਲ ਵਿੱਚ ਮਰਦ, ਔਰਤ ਵੱਲੋਂ ਰੱਖੀਆਂ ਸ਼ਰਤਾਂ ਉੱਤੇ ਜ਼ਿੰਦਗੀ ਜੀਉਂਦਾ ਹੈ। ਇਸ ਦੁਨੀਆ ਤੇ ਸ਼ਾਇਦ ਕੋਈ ਵਿਰਲਾ-ਟਾਵਾਂ ਹੀ ਅਜਿਹਾ ਮਨੁੱਖ ਹੋਵੇ, ਜੋ ਆਪਣੀ ਪਤਨੀ ਨੂੰ ਗੈਰ ਮਰਦ ਨਾਲ ਸਬੰਧ ਰੱਖਣ ਦੀ ਇਜਾਜ਼ਤ ਦੇਵੇ। ਇਸ ਨਾਵਲ ਦਾ ਪਾਤਰ ਬਬਲੂ ਕਿਸੇ ਗ਼ੈਰ ਧਰਮ ਵਿੱਚ ਵਿਆਹੀ ਹੋਈ ਕੁੜੀ ਨਾਲ ਵਿਆਹ ਕਰਦਾ ਹੈ ਅਤੇ ਵਿਆਹ ਤੋਂ ਬਾਅਦ ਵੀ ਆਪਣੀ ਪਤਨੀ ਨੂੰ ਗ਼ੈਰਮਰਦ ਨਾਲ ਸੰਬੰਧ ਰੱਖਣ ਦੀ ਪ੍ਰਵਾਨਗੀ ਦਿੰਦਾ ਹੈ। ਅਜਿਹੇ ਮਨੁੱਖ ਦੀ ਮਾਨਸਿਕ ਪੀੜਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ।
ਲਗਭਗ ਦੋ ਸਾਲ ਨਾਂਦੇੜ ਸਾਹਿਬ ਗੁਰਦੁਆਰੇ ਸੇਵਾ ਕਰਨ ਤੋਂ ਬਾਅਦ ਬਬਲੂ ਨਾਂਦੇੜ ਤੋਂ 20 ਕਿਲੋਮੀਟਰ ਦੂਰ ਅਮਰਾਵਤੀ ਰੋਡ ਤੇ ਢਾਬਾ ਖੋਲ੍ਹ ਲੈਂਦਾ ਹੈ ਤੇ ਉਸ ਦੇ ਢਾਬੇ ਦਾ ਕੰਮ ਵਧੀਆ ਚੱਲ ਪੈਂਦਾ ਹੈ। ਪ੍ਰੀਤੀ ਵੀ ਉਸ ਨਾਲ ਇਸ ਕੰਮ ਵਿਚ ਹੱਥ ਵਟਾਉਂਦੀ ਹੈ। ਉਨ੍ਹਾਂ ਦੇ ਵਿਆਹ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੁੰਦਾ ਹੈ, ਪਰ ਘਰ ਵਿਚ ਕੋਈ ਔਲਾਦ ਨਹੀਂ ਸੀ ਹੋਈ। ਫਿਰ ਅਚਾਨਕ ਉਨ੍ਹਾਂ ਦੋਹਾਂ ਦੀ ਜਿੰਦਗੀ ਵਿੱਚ ਨਵਾਂ ਮੌੜ ਆਉਂਦਾ ਹੈ। ਪ੍ਰੀਤੀ ਇਕ ਖ਼ਤ ਲਿਖ ਕੇ ਫ਼ਿਆਜ਼ ਨੂੰ ਉੱਥੇ ਸੱਦ ਲੈਂਦੀ ਹੈ ਅਤੇ ਉਸ ਨਾਲ ਹੋਟਲ ਵਿਚ ਰਾਤਾਂ ਗੁਜ਼ਾਰਦੀ ਹੈ। ਬਬਲੂ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੁੰਦਾ ਤੇ ਉਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ। ਨਾਵਲ ਦੇ ਕਥਾਨਕ ਵਿਚ ਕਸ਼ਮੀਰ ਵਾਦੀ ਦੀ ਖ਼ੂਬਸੂਰਤੀ ਅਤੇ ਆਤੰਕਵਾਦ ਕਾਰਨ ਬਿਗੜ ਰਹੇ ਹਾਲਾਤਾਂ ਨੂੰ ਬੜੇ ਹੀ ਸੁਚੱਜੇ ਅਤੇ ਢੁਕਵੇਂ ਸ਼ਬਦਾਂ ਰਾਹੀਂ ਉਲੀਕਿਆ ਗਿਆ ਹੈ। ਕੁਝ ਘਟਨਾਵਾਂ ਰਾਹੀ ਘੱਟ ਗਿਣਤੀ ਲੋਕਾਂ ਤੇ ਹੋ ਰਹੇ ਧੱਕੇ ਅਤੇ ਜਵਾਨ ਹੋ ਰਹੇ ਸਿੱਖ ਮੁੰਡੇ-ਕੁੜੀਆਂ ਨਾਲ ਹੋ ਰਹੇ ਜ਼ੁਲਮ ਤੇ ਤ੍ਰਾਸਦੀ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪਾਤਰਾਂ ਦਾ ਆਪਸੀ ਵਾਰਤਾਲਾਪ ਸਥਾਨਕ ਭਾਸ਼ਾ ਵਿਚ ਹੈ। ਨਾਵਲ ਪੜ੍ਹਦਿਆਂ ਹਰ ਸਮੇਂ ਉਤਸੁਕਤਾ ਬਣੀ ਰਹਿੰਦੀ ਹੈ ਅਤੇ ਪਾਠਕ ਨੂੰ ਇਸ ਤਰ੍ਹਾਂ ਲੱਗਦਾ ਕਿ ਘਟਨਾਵਾਂ ਉਸ ਦੀਆਂ ਅੱਖਾਂ ਸਾਹਮਣੇ ਹੀ ਘਟ ਰਹੀਆਂ ਹੋਣ।
ਫ਼ਿਆਜ਼ ਹੋਰ ਵਿਆਹ ਕਰਵਾਉਣ ਤੋਂ ਬਾਅਦ ਵੀ ਲਗਾਤਾਰ ਪ੍ਰੀਤੀ ਨੂੰ ਮਿਲਦਾ ਹੈ। ਪ੍ਰੀਤੀ ਦੀ ਕੁੱਖੋਂ ਇੱਕ ਮੁੰਡਾ ਤੇ ਕੁੜੀ ਜਨਮ ਲੈਂਦੇ ਹਨ। ਬਬਲੂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਚਾਵਾਂ ਨਾਲ ਸਕੂਲ ਛੱਡ ਕੇ ਆਉਂਦਾ ਹੈ। ਪ੍ਰੀਤੀ ਫ਼ਿਆਜ਼ ਦੇ ਕਹਿਣ ਮੁਤਾਬਕ ਆਪਣੇ ਮੁੰਡੇ ਦੇ ਸਿਰ ਦੇ ਵਾਲ ਕਟਵਾ ਦਿੰਦੀ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਭੂਚਾਲ਼ ਆ ਜਾਂਦਾ ਹੈ। ਫਿਰ ਪ੍ਰੀਤੀ ਇਹ ਰਾਜ਼ ਵੀ ਖੋਲ੍ਹ ਦਿੰਦੀ ਹੈ ਕਿ ਉਸ ਦੇ ਬੱਚਿਆਂ ਦਾ ਪਿਓ ਬਬਲੂ ਨਹੀਂ, ਬਲਕਿ ਫ਼ਿਆਜ਼ ਹੈ। ਇਸ ਤੋਂ ਬਾਅਦ ਨਾਵਲ ਦੇ ਕਥਾਨਕ ਵਿਚਲੀ ਰੌਚਕਤਾ ਅਤੇ ਉਤਸੁਕਤਾ ਸਿਖਰਾਂ ਤੇ ਪਹੁੰਚ ਜਾਂਦੀ ਹੈ। ਜਦੋਂ ਬਬਲੂ ਨੂੰ ਇਹ ਪਤਾ ਲਗਦਾ ਹੈ ਕਿ ਜਿਨ੍ਹਾਂ ਬੱਚਿਆਂ ਦੀ ਓਹ ਸਾਰ-ਸੰਭਾਲ ਕਰ ਰਿਹਾ ਸੀ, ਉਹ ਉਸ ਦਾ ਖੂਨ ਨਹੀਂ ਹਨ। ਅਜਿਹੇ ਹਾਲਾਤਾਂ ਵਿਚ ਪ੍ਰੀਤੀ ਅਤੇ ਬੱਚਿਆਂ ਦਾ ਕੀ ਹੋਇਆ? ਉਨ੍ਹਾਂ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਆਤੰਕਵਾਦੀ ਬਣੇ ਫ਼ਿਆਜ਼ ਨੇ ਕਿਵੇਂ ਪ੍ਰੀਤੀ ਦਾ ਜੀਵਨ ਨਰਕਮਈ ਬਣਾ ਦਿੱਤਾ? ਪ੍ਰੀਤੀ ਹਵਸ ਦੇ ਭੁੱਖੇ ਦਰਿੰਦਿਆ ਦਾ ਸ਼ਿਕਾਰ ਕਿਵੇਂ ਬਣੀ? ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਪਾਠਕ ਨਾਵਲ ਪੜ੍ਹ ਕੇ ਹੀ ਲੱਭ ਸਕਦੇ ਹਨ।
ਨਾਵਲ ਵਿਚ ਕੁਝ ਘਟਨਾਵਾਂ ਕਾਲਪਨਿਕ ਵੀ ਜਾਪਦੀਆਂ ਹਨ, ਪਰ ਨਾਵਲ ਦਾ ਸੰਦੇਸ਼ ਨੌਜਵਾਨ ਪੀੜ੍ਹੀ ਨੂੰ ਚੰਗੀ ਸੇਧ ਦਿੰਦਾ ਹੈ ਅਤੇ ਰਿਸ਼ਤਿਆਂ ਦੀ ਅਹਿਮੀਅਤ ਸਮਝਾਉਂਦਾ ਹੈ। ਜੋ ਬੱਚੇ ਆਪਣੇ ਮਾਂ-ਬਾਪ ਦੇ ਕਹਿਣੇ ਤੋਂ ਬਾਹਰ ਹੋ ਕੇ ਆਪਣੀ ਮਨ ਮਰਜੀ ਕਰਦੇ ਹਨ, ਉਨ੍ਹਾਂ ਦੇ ਭਵਿੱਖ ਦੀ ਦਾਸਤਾਨ ਇਹ ਨਾਵਲ ਪੇਸ਼ ਕਰਦਾ ਹੈ। ਨਾਵਲ ਸਮਾਜ ਵਿਚ ਰਿਸ਼ਤਿਆਂ ਨਿਸ਼ਾਨਦੇਹੀ ਕਰਦਾ ਹੈ, ਕੁਝ ਆਪਣੇ ਹੋ ਕੇ ਵੀ ਆਪਣੇ ਨਹੀਂ ਬਣਦੇ ਤੇ ਕੁਝ ਬੇਗਾਨੇ ਫ਼ਰਜ਼ ਨਿਭਾ ਕੇ ਬੇਨਾਮ ਰਿਸ਼ਤੇ ਕਾਇਮ ਕਰ ਜਾਂਦੇ ਹਨ। ਇਕ ਵਾਰ ਫੇਰ ਭੁਪਿੰਦਰ ਸਿੰਘ ਰੈਣਾ ਜੀ ਦੀ ਕਲਮ ਨੂੰ ਸਲਾਮ, ਜਿਨ੍ਹਾਂ ਨੇ ਕਸ਼ਮੀਰ ਵਿਚ ਲਵ ਜਿਹਾਦ ਦੀ ਸਮੱਸਿਆ ਨੂੰ ਸਫ਼ਲਤਾ ਪੂਰਬਕ ਕਲਮਬੱਧ ਕਰਕੇ ਪਾਠਕਾਂ ਸਾਹਮਣੇ ਪੇਸ਼ ਕੀਤਾ।

ਲੇਖਕ : ਡਾ. ਸੰਦੀਪ ਸਿੰਘ ਮੁੰਡੇ
ਮੋਬਾਇਲ ਨ. ૶ 9413652646