ਡਾਕਦਾਰਾਂ ਦਾ ਲਾਣਾ

ਡਾਕਦਾਰਾਂ ਦਾ ਲਾਣਾ

0ਜਿਉਂ ਹੀ ਜਨਕ ਬਾਣੀਆਂ ਸੱਥ ਵਾਲੇ ਥੜ੍ਹੇ ‘ਤੇ ਬਾਬੇ ਚੰਨਣ ਸਿਉਂ ਕੋਲ ਆ ਕੇ ਬੈਠਾ ਤਾਂ ਥੜ੍ਹੇ ਦੇ ਦੂਜੇ ਪਾਸੇ ਬੈਠਾ ਨਾਥਾ ਅਮਲੀ ਜਨਕ ਨੂੰ ਕਹਿੰਦਾ, ” ਓ ਸਣਾ ਬਈ ਸੇਠਾ! ਅੱਜ ਕਿਮੇਂ ਬਾਬੇ ਦੇ ਸਰ੍ਹਾਣੇ ਆ ਕੇ ਬਹਿ ਗਿਐਂ ਜਿਮੇਂ ਦਵਾਲੀ ਵੇਲੇ ਦੀਵੇ ਦੇਣ ਗਈ ਮਰਾਸਣ ਕਣਕ ਆਲੀ ਬਖਾਰੀ ਦੇ ਨੇੜ ਨੂੰ ਹੋ ਹੋ ਬਹਿੰਦੀ ਹੁੰਦੀ ਐ। ਕਿਤੇ ਆੜ੍ਹਤ ਤਾਂ ਨ੍ਹੀ ਬਾਬਾ ਪਾਈ ਬੈਠਾ ਤੂੰ ਇਹਦੇ ਨਾਲ?”
ਸੇਠ ਨੂੰ ਪੁੱਛਦਾ-ਪੁੱਛਦਾ ਅਮਲੀ ਬਾਬੇ ਨੂੰ ਵੀ ਸੁਆਲ ਕਰ ਗਿਆ।
ਮਾਹਲਾ ਨੰਬਰਦਾਰ ਕਹਿੰਦਾ, ”ਸੇਠ ਤਾਂ ਅੱਜ ਕਿਸੇ ਮੋਟੇ ਸ਼ਕਾਰ ‘ਤੇ ਲੱਗਦੈ। ਐਮੇਂ ਤਾਂ ਇਹਨੇ ਸੱਥ ‘ਚ ਕੀ ਬੈਠਣਾ ਸੀ ਆ ਕੇ।”
ਥੜ੍ਹੇ ਦੇ ਦੂਜੇ ਖੂੰਜੇ ‘ਚੋਂ ਉੱਠ ਕੇ ਨਾਥੇ ਅਮਲੀ ਨੇ ਸੇਠ ਨੂੰ ਨੇੜੇ ਹੋ ਕੇ ਜ਼ੀਰੋ ਬਲਬ ਦੇ ਮੱਧਮ ਜੇ ਚਾਨਣ ਵਰਗਾ ਹੋ ਕੇ ਪੁੱਛਿਆ, ”ਕਿਤੇ ਚੋਬਰਾਂ ਦੇ ਜੰਗੇ ਨੂੰ ਤਾਂ ਨ੍ਹੀ ‘ਡੀਕਦਾ। ਅੱਜ ਨ੍ਹੀ ਉਹ ਆਉਂਦਾ ਸੱਥ ‘ਚ। ਅੱਜ ਤਾਂ ਤੇਲੂ ਝਿਉਰ ਨਾਲ ਕੁੜੀ ਵਾਸਤੇ ਮੁੰਡਾ ਵੇਖਣ ਗਿਆ ਵਿਆ। ਆਥਣੇ ਊਥਣੇ ਕਿਤੇ ਮੁੜ੍ਹਣ ਮੜ੍ਹਣਗੇ। ਮੂੰਹ ‘ਨੇਰ੍ਹੇ ਜੇ ਘਰੇ ਈ ਜਾ ਮਿਲੀਂ?”
ਸੀਤਾ ਮਰਾਸੀ ਅਮਲੀ ਦੀ ਗੱਲ ਸੁਣ ਕੇ ਟਿੱਚਰ ‘ਚ ਕਹਿੰਦਾ, ”ਕਿਉਂ ਵਚਾਰੇ ਬਾਬੂ ਦੇ ਘੋਟਣੇ ਮਰਵਾਉਣੇ ਐਂ। ਜਿਹੜੇ ਟੈਮ ਸੇਠ ਨੂੰ ਜੰਗੇ ਕੇ ਘਰੇ ਘੱਲਦੇ ਐਂ, ਓਸ ਟੈਮ ਜੱਟ ਰੂੜੀ ਮਾਰਕਾ ਨਾਲ ਡੱਕੇ ਵੇ ਹੁੰਦੇ ਐ। ਇਹਨੇ ਜਾ ਕੇ ਅਧਾਰ ਅਧੂਰ ਮੰਗਣੈ, ਓਹਨੇ ਸ਼ਰਾਬੀ ਹੋਏ ਨੇ ਡਾਂਗ ਖਿੱਚ ਲੈਣੀ ਐਂ। ਅੱਬਲ ਤਾਂ ਕੁੱਤਾ ਖੁੱਲ੍ਹਾ ਛੱਡ ਦੂ। ਇਹਨੇ ਸੇਠ ਨੇ ਕੁੱਤੇ ਤੋਂ ਡਰਦੇ ਨੇ ਦੇਹਲ਼ੀ ਨ੍ਹੀ ਟੱਪਣੀ। ਜੇ ਕਿਤੇ ਦੇਹਲ਼ੀਉਂ ਅੰਦਰ ਪੈਰ ਧਰ ਵੀ ਲਿਆ ਤਾਂ ਕੁੱਤੇ ਨੇ ਢਾਹ ਕੇ ਝੱਗਾ ਤੇ ਸੁੱਥੂ ਲੀਰੀਂ ਕਰਕੇ ਇਉਂ ਬਣਾ ਦੇਣਾਂ ਜਿਮੇਂ ਪਤੰਗੀ ਨੂੰ ਪੂੰਝੇ ਬੰਨ੍ਹੇ ਹੁੰਦੇ ਐ।”
ਜੱਗੇ ਕਾਮਰੇਡ ਨੇ ਜਨਕ ਨੂੰ ਪੁੱਛਿਆ, ”ਕਿਉਂ ਜਨਕ! ਏਮੇਂ ਈਂ ਐਂ ਗੱਲ ਜਿਮੇਂ ਮਰਾਸੀ ਕਹਿੰਦਾ ਓਏ?”
ਜਨਕ ਬਾਣੀਏਂ ਨੇ ਗੱਲ ਲਕੋਂਦੇ ਨੇ ਮੂੰਹ ਖੋਲ੍ਹ ਹੀ ਦਿੱਤਾ, ”ਤੈਨੂੰ ਕਿਮੇਂ ਪਤਾ ਲੱਗਿਆ ਨਾਥਾ ਸਿਆਂ?”
ਅਮਲੀ ਥੜ੍ਹੇ ‘ਤੇ ਬੈਠੇ ਬਾਣੀਏ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਇਹ ਕਿਹੜੀ ਗੱਲਾਂ ‘ਚੋਂ ਗੱਲ ਐ ਸੇਠਾ, ਅਸੀਂ ਤਾਂ ਬੰਦੇ ਦਾ ਖਾਧਾ ਪੀਤਾ ਦੱਸ ਦੀਏ। ਕਿੱਥੇ ਫਿਰਦੈਂ ਤੂੰ?”
ਬਾਬੇ ਚੰਨਣ ਸਿਉਂ ਨੇ ਅਮਲੀ ਨੂੰ ਟਿੱਚਰ ‘ਚ ਪੁੱਛਿਆ, ”ਅਮਲੀਆ ਇਹਦਾ ਸੇਠ ਦਾ ਦੱਸ ਕੀ ਖਾ ਕੇ ਆਇਆ ਘਰੋਂ ਇਹੇ?”
ਅਮਲੀ ਬਾਬੇ ਦੀ ਗੱਲ ਸੁਣ ਕੇ ਜਨਕ ਬਾਣੀਏ ਨੂੰ ਕਹਿੰਦਾ, ”ਲੈ ਬਈ ਸੇਠਾ! ਝੂਠ ਨਾ ਮਾਰੀ। ਗਊ ਮਾਤਾ ਨੂੰ ਸੱਚ ਜਾਣ ਕੇ ਗੱਲ ਕਰੀਂ। ਮੈਂ ਤੇਰੇ ਖਾਧੇ ਪੀਤੇ ਦਾ ਦੱਸਣ ਲੱਗਿਆਂ। ਖਾ ਕੇ ਤਾਂ ਤੂੰ ਕੁਸ ਆਇਆ ਨ੍ਹੀ, ਤੇ ਨਾ ਹੀ ਪੀ ਕੇ ਆਇਐਂ। ਇਹ ਤਾਂ ਗੱਲ ਮੰਨਦੈ ਨਾ ਤੂੰ। ਬਾਕੀ ਤੈਨੂੰ ਇਹ ਵੀ ਦੱਸ ‘ਤਾ ਬਈ ਤੂੰ ਕੀਹਨੂੰ ਭਾਲਦੈਂ?”
ਜਨਕ ਕਹਿੰਦਾ, ”ਖਾਣ ਪੀਣ ਆਲੀ ਗੱਲ ਤਾਂ ਅਮਲੀਆ ਤੇਰੀ ਝੂਠੀ ਐ। ਜਿਹੜੀ ਗੱਲ ਤੂੰ ਭਾਲਣ ਭਲਾਉਣ ਦੀ ਕਰਦੈਂ, ਉਹ ਗੱਲ ਠੀਕ ਐ ਬਈ ਮੈਂ ਚੋਬਰਾਂ ਦੇ ਜੰਗੇ ਨੂੰ ਈਂ ਭਾਲਦਾਂ। ਬਾਕੀ ਜਿਹੜੀ ਖਾਣ ਪੀਣ ਦੀ ਗੱਲ ਐ, ਉਹ ਮੈਂ ਘਰੋਂ ਰੋਟੀ ਖਾ ਕੇ ਆਇਆਂ ਤੇ ਚਾਹ ਪੀ ਕੇ ਆਇਆਂ।”
ਨਾਥਾ ਅਮਲੀ ਜਨਕ ਬਾਣੀਏਂ ਦੀ ਗੱਲ ਸੁਣ ਕੇ ਕਹਿੰਦਾ, ”ਸੇਠਾ ਸੇਠਾ! ਮੈਂ ਚਾਹ ਰੋਟੀ ਦੀ ਗੱਲ ਨ੍ਹੀ ਕਰਦਾ। ਮੈਂ ਤਾਂ ਜੱਟਾਂ ਆਲੇ ਖਾਣੇ ਪੀਣੇ ਦੀ ਗੱਲ ਕਰਦਾਂ। ਦਾਰੂ ਛਿੱਕੇ ਦੀ। ਨਾ ਤਾਂ ਤੂੰ ਦਾਰੂ ਪੀ ਕੇ ਆਇਐਂ, ਨਾ ਈਂ ਤੂੰ ਝਟਕਾ ਝੁੱਟਕਾ ਖਾਧੈ। ਜੇ ਇਹ ਕੁਸ ਕਰਕੇ ਆਇਐਂ ਤਾਂ ਦੱਸ।” ਜਨਕ ਬਾਣੀਆਂ ਨਾਥੇ ਅਮਲੀ ਦੀ ਗੱਲ ਸੁਣ ਕੇ ਰਾਮ, ਰਾਮ, ਰਾਮ ਕਰਦਾ ਸੱਥ ‘ਚੋਂ ਉੱਠ ਕੇ ਇਉਂ ਭੱਜ ਗਿਆ ਜਿਮੇਂ ਤੰਧੂਰ ਤਪਾਉਣ ਆਈਆਂ ਬੁੜ੍ਹੀਆਂ ਦੀ ਆਵਾਜ਼ ਸੁਣ ਕੇ ਕਤੂਰਾ ਤੰਦੂਰ ‘ਚੋਂ ਨਿੱਕਲ ਕੇ ਭੱਜ ਗਿਆ ਹੋਵੇ।
ਤੁਰੇ ਜਾਂਦੇ ਬਾਣੀਏਂ ਨੂੰ ਸੀਤਾ ਮਰਾਸੀ ਕਹਿੰਦਾ, ”ਜਨਕ ਰਾਮਾਂ! ਓਏ ਆ ਜਾ ਯਾਰ ਕਾਹਨੂੰ ਗੁੱਸੇ ਹੁਨੈਂ।”
ਬਾਬਾ ਚੰਨਣ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਜਾਹ ਯਾਰ ਨਾਥਾ ਸਿਆਂ, ਤੂੰ ਤਾਂ ਸੇਠ ਈ ਸੱਥ ‘ਚੋਂ ਭਜਾ ‘ਤਾ। ਪੰਜ ਚਾਰ ਮਿੰਟ ਸਾਹ ਸੂਹ ਤਾਂ ਲੈਣ ਦਿੰਦੇ ਉਹਨੂੰ, ਫੇਰ ਪੁੱਛਦੇ ਸਾਰੇ ਕਹਾਣੀ। ਤੂੰ ਤਾਂ ਗੱਲ ਸੁਣਨ ਤੋਂ ਪਹਿਲਾਂ ਈਂ ਡੱਕਰ ‘ਤਾ।”
ਅਮਲੀ ਕਹਿੰਦਾ, ”ਮੈਂ ਕੀ ਬਾਬਾ ਕਰਾੜ ਦੇ ਪੂਛੜ ‘ਤੇ ਪੈਰ ਧਰ ‘ਤਾ ਬਈ ਬਿੰੜਗਾਂ ਦੇ ਕੁੰਢੇ ਕੇ ਕੁੱਤੇ ਆਂਗੂੰ ਕਰਾੜ ਲੰਡਾ ਹੋ ਗਿਆ। ਔਖਾ ਤਾਂ ਚੋਬਰਾਂ ਦੇ ਜੰਗੇ ‘ਤੇ ਐ ਬਈ ਮੇਰੇ ਪੈਂਸੇ ਨ੍ਹੀ ਮੋੜਦਾ। ਉਹਦੇ ਘਰੇ ਜਾ ਕੇ ਪੈਂਸੇ ਮੰਗੇ। ਐਥੇ ਸੱਥ ‘ਚ ਕੀ ਬੰਕ ਖੁੱਲ੍ਹਿਆ ਵਿਆ। ਜਾਵੇ ਤਾਂ ਸਹੀ ਅਗਲੇ ਦੇ ਘਰੇ ਫੇਰ ਵੇਖੀਂ ਉਨ੍ਹਾਂ ਦੀ ਬੁੜ੍ਹੀ ਕਰਾੜ ਦੇ ਲੈਂਦੀ ਝੱਗੇ ਦਾ ਮੇਚਾ। ਮੈਂ ਕਿਹੜਾ ਸੌਗੀ ਲੈ ਕੇ ਜਾਣੀ ਐ ਇਹਦੀ ਆੜ੍ਹਤ ‘ਤੇ। ਮੈਨੂੰ ਇੱਕ ਗੱਲ ਦੀ ਸਮਝ ਨ੍ਹੀ ਆਈ ਬਾਬਾ। ਇਹਨੇ ਬਾਣੀਏ ਨੇ ਪਹਿਲਾਂ ਸੰਗੂ ਧੋਣ ਪਿੰਡ ਆਲੇ ਗੱਭਰੂਆਂ ਦੇ ਲਾਣੇ ਨੂੰ ਮਾਂਜਿਆ ਆੜ੍ਹਤ ‘ਚ। ਹੁਣ ਆਪਣੇ ਪਿੰਡ ਆਲੇ ਚੋਬਰਾਂ ਦੇ ਟੱਬਰ ਨੂੰ ਕੁਕੜੀ ਆਂਗੂੰ ਮਰੋੜੀ ਫਿਰਦੈ। ਇਹ ਕੀ ਚੱਕਰ ਹੋਇਆ ਬਈ ਗੱਭਰੂਆਂ ਚੋਬਰਾਂ ਦੇ ਲਾਣਿਆਂ ਨੂੰ ਠੱਗੀ ਜਾਂਦੈ ਇਹੇ। ਇਹਦੇ ਬਾਰੇ ਨ੍ਹੀ ਕੁਸ ਪਤਾ ਲੱਗਿਆ।”
ਨਾਥੇ ਅਮਲੀ ਦੀ ਗੱਲ ਸੁਣ ਕੇ ਸੀਤਾ ਮਰਾਸੀ ਟਿੱਚਰ ਕਹਿੰਦਾ, ”ਅਮਲੀਆ ਗੱਭਰੂ ਤੇ ਚੋਬਰ ਈ ਕਾਹਦੇ ਹੋਏ ਜਿਹੜੇ ਸੁੱਕ ਕੇ ਪਕੌੜੀ ਆਰਗੇ ਹੋਏ ਕਰਾੜ ਤੋਂ ਈਂ ਡਰੀ ਜਾਂਦੇ ਐ।”
ਜਦੋਂ ਜਨਕ ਬਾਣੀਆਂ ਸੱਥ ‘ਚੋਂ ਉੱਠ ਕੇ ਚਲਾ ਗਿਆ ਤਾਂ ਬਾਬੇ ਚੰਨਣ ਸਿਉਂ ਨੇ ਨਾਥੇ ਅਮਲੀ ਨੂੰ ਪੁੱਛਿਆ, ”ਕਿਉਂ ਬਈ ਨਾਥਾ ਸਿਆਂ, ”ਚੱਲੋਂ ਇਹ ਗੱਲਾਂ ਤਾਂ ਤੁਸੀਂ ਹੁਣ ਛੱਡੋ। ਹੁਣ ਤੂੰ ਇਉਂ ਦੱਸ ਬਈ ਇਹ ਜਨਕ ਬਾਣੀਆਂ ਜੰਗੇ ਨੂੰ ਕਾਹਤੋਂ ਭਾਲਦੈ ਫਿਰਦੈ?”
ਬਾਬੇ ਚੰਨਣ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਇਉਂ ਭੱਜ ਕੇ ਪੈ ਗਿਆ ਜਿਮੇਂ ਸਬਜੀ ਮੰਡੀ ‘ਚ ਰੇੜ੍ਹੀ ‘ਤੇ ਪਈਆਂ ਗਾਜਰਾਂ ਨੂੰ ਮੂੰਹ ਮਾਰਨ ਆਲੇ ਗਧੇ ਨੂੰ ਬਾਣੀਆਂ ਭੱਜ ਕੇ ਪੈ ਗਿਆ ਹੋਵੇ।
ਅਮਲੀ ਕਹਿੰਦਾ, ”ਤੈਨੂੰ ਨ੍ਹੀ ਪਤਾ ਬਾਬਾ ਜੰਗੇ ਨੂੰ ਕਾਹਤੋਂ ਭਾਲਦੈ। ਤੂੰ ਤਾਂ ਬਾਬਾ ਯਾਰ ਇਉਂ ਪੁੱਛਦੈਂ ਜਿਮੇਂ ਡੇਲਿਆਂ ਆਲੀ ਰਹਿੰਨਾ ਹੁੰਨੈ। ਸਾਰੇ ਪਿੰਡ ਦੀ ਤੈਨੂੰ ਖਬਰ ਸਾਰ ਹੁੰਦੀ ਐ। ਹਰੇਕ ਬੰਦੇ ਬੁੜ੍ਹੀ ਦਾ ਪਤਾ ਤੈਨੂੰ ਬਈ ਕਿਹੜਾ ਬੰਦਾ ਚੋਰੀ ਚੱਕ ਚੱਕ ਝਟਕੀਆਂ ਨੂੰ ਕੁੱਕੜ ਵੇਚਦੈ। ਕਿਹੜੀ ਬੁੜ੍ਹੀ ਚੁਗਲੀਆਂ ਦੀ ਪੰਡ ਐ। ਸਾਰਾ ਪਤਾ ਤੈਨੂੰ। ਪੁੱਛਦੈ ਤੂੰ ਸਾਨੂੰ ਐਂ। ਬਾਣੀਏ ਨੇ ਜੰਗੇ ਕਿਆਂ ਤੋਂ ਪੈਸੇ ਲੈਣੇ ਐਂ। ਹੋਰ ਕੀ ਇਹਨੇ ਜੰਗੇ ਨੂੰ ਰੋਟੀ ਕਰਨੀ ਐਂ।” ਮਾਹਲਾ ਨੰਬਰਦਾਰ ਕਹਿੰਦਾ, ”ਹਜੇ ਵੀ ਜੰਗਾ ਕਰਜਾਈ ਐ। ਹੁਣ ਤਾਂ ਮੁੰਡਾ ਕਨੇਡੇ ਤੋਂ ਡਾਲੇ ਭੇਜਦਾ ਹੋਣੈ। ਕਿਤੇ ਜੰਗੇ ਨੇ ਨਾ ਬਾਣੀਏਂ ਨੂੰ ਪੈਂਸੇ ਵਿਆਜੂ ਦੇਣੇ ਹੋਣ। ਹੁਣ ਤਾਂ ਬੱਕਰੀ ਨੋਟ ਨ੍ਹੀ ਖਾਂਦੀ ਹੋਣੀ। ਦਸ, ਦਸ ਕੋਹ ਤੱਕ ਤਾਂ ਪਤਾ ਲੱਗ ਗਿਆ ਬਈ ਚੋਬਰਾਂ ਦੇ ਜੰਗੇ ਦਾ ਮੁੰਡਾ ਕਨੇਡੇ ਗਿਆ ਵਿਆ।”
ਨਾਥਾ ਅਮਲੀ ਨੰਬਰਦਾਰ ਨੂੰ ਵੀ ਸੂਈ ਕੁੱਤੀ ਵਾਂਗੂੰ ਭੱਜ ਕੇ ਪੈ ਗਿਆ, ”ਕੀ ਗੱਲਾਂ ਕਰਦੈਂ ਨੰਬਰਦਾਰਾ ਯਾਰ ਤੂੰ। ਜੇ ਕੋਈ ਜੇਬ੍ਹ ‘ਚ ਪੈਨ ਟੰਗ ਲੈਂਦਾ ਤਾਂ ਉਹ ਪਟਵਾਰੀ ਤਾਂ ਨ੍ਹੀ ਲੱਗ ਜਾਂਦੈ। ਆਹ ਜਥੇਦਾਰ ਵੀਰ ਸਿਉਂ ਦੇ ਮੁੰਡਿਆਂ ਨੂੰ ਅੱਠ ਦਸ ਸਾਲ ਹੋ ਗੇ ਹੋਣੇ ਐਂ ਕਨੇਡੇ ਗਿਆਂ ਨੂੰ, ਹਜੇ ਤੱਕ ਕੁੱਕੜਾਂ ਆਲਾ ਖੁੱਡਾ ਨ੍ਹੀ ਬਣਿਆਂ। ਇਹਦੇ ਜੰਗੇ ਦੇ ਮੁੰਡੇ ਨੂੰ ਤਾਂ ਹਜੇ ਸਾਲ ਡੂਢ ਸਾਲ ਮਨ੍ਹੀਂ ਹੋਇਆ ਹੁਣੇ ਈਂ ਕਿੱਥੋਂ ਚਤੌੜਗੜ੍ਹ ਦਾ ਕਿਲ੍ਹਾ ‘ਸਾਰਦੇ। ਤੂੰ ਤਾਂ ਨੰਬਰਦਾਰਾ ਉਹ ਗੱਲ ‘ਤੀ, ਅਕੇ ਕੇਰਾਂ ਆਪਣੇ ਗੁਆੜ ਆਲੇ ਡਾਕਦਾਰਾਂ ਦੇ ਬਸੰਤੇ ਦੇ ਘਰੇ ਬੁੜ੍ਹੀ ਨੂੰ ਦੁਆ ਬੂਟੀ ਕਰਨ ਆਇਆ ਡਾਕਦਾਰ ਦਿਲ ਬੁੜ੍ਹਕਦਾ ਵੇਖਣ ਆਲੀਆਂ ਟੂਟੀਆਂ ਜੀਆਂ ਭੁੱਲ ਗਿਆ।”
ਬਾਬੇ ਚੰਨਣ ਸਿਉਂ ਨੇ ਗੱਲ ਵਿੱਚੋਂ ਟੋਕ ਕੇ ਅਮਲੀ ਨੂੰ ਪੁੱਛਿਆ, ”ਅਮਲੀਆਂ ਬਸੰਤੇ ਕਿਆਂ ਨੂੰ ਡਾਕਦਾਰਾਂ ਦੇ ਕਿਉਂ ਕਹਿੰਦੇ ਬਈ। ਡਾਕਦਾਰੀ ਤਾਂ ਇਨ੍ਹਾਂ ਦੀ ਕਿਸੇ ਸਕੀਰੀ ਦੇ ਵੀ ਨੇੜੇ ਤੇੜੇ ਨ੍ਹੀ।”
ਅਮਲੀ ਕਹਿੰਦਾ, ”ਉਹੀ ਗੱਲ ਦੱਸਣ ਲੱਗਿਆਂ ਬਾਬਾ। ਡਾਕਦਾਰ ਜਿਹੜੀਆਂ ਟੂਟੀਆਂ ਬਸੰਤੇ ਕੇ ਘਰੇ ਭੁੱਲ ਕੇ ਗਿਆ ਸੀ ਉਹ ਟੂਟੀਆਂ ਕਿਤੇ ਜੁਆਕਾਂ ਦੇ ਹੱਥ ਲੱਗ ਗੀਆਂ। ਜੁਆਕ ਟੂਟੀਆਂ ਗਲ ‘ਚ ਪਾ ਕੇ ਬੜੂੰਦੀ ਆਲਾ ਮੱਘਰ ਡਾਕਦਾਰ ਬਣੇ ਫਿਰਨ। ਜਦੋਂ ਬਸੰਤੇ ਨੂੰ ਪਤਾ ਲੱਗਿਆ ਬਈ ਡਾਕਦਾਰ ਦੀਆਂ ਟੂਟੀਆਂ ਤਾਂ ਜੁਆਕ ਚੱਕੀ ਫਿਰਦੇ ਐ, ਉਹਨੇ ਜੁਆਕਾਂ ਨੂੰ ਘੂਰ ਕੇ ਉਨ੍ਹਾਂ ਤੋਂ ਟੂਟੀਆਂ ਖੋਹੀਆਂ। ਜਦੋਂ ਬਸੰਤੇ ਨੇ ਜੁਆਕਾਂ ਤੋਂ ਟੂਟੀਆਂ ਫੜ੍ਹੀਆਂ ਤਾਂ ਓਧਰੋਂ ਕਿਤੇ ਕਿਸੇ ਓਪਰੇ ਬੰਦੇ ਨੇ ਬਾਰ ਖੁੱਲ੍ਹਾ ਵੇਖ ਕੇ ਬਸੰਤੇ ਨੂੰ ‘ਵਾਜ ਮਾਰ ‘ਤੀ। ਉਹ ਬੰਦਾ ਕਿਤੇ ਕਿਸੇ ਬਾਹਰਲੇ ਪਿੰਡੋਂ ਸੀ। ਉਹ ਟਰੈਲੀ ‘ਚ ਕਿਸੇ ਬੰਬਾਰ ਨੂੰ ਪਾਈ ਫਿਰਦੇ ਸੀ। ਉਨ੍ਹਾਂ ਨੇ ਬਸੰਤੇ ਨੂੰ ਤਾਂ ਆਪਣੇ ਪਿੰਡ ਆਲੇ ਮੱਖਣ ਵੈਦ ਦਾ ਘਰ ਪੁੱਛਣ ਲਈ ‘ਵਾਜ ਮਾਰੀ ਸੀ। ਜਦੋਂ ਓਸ ਬੰਦੇ ਨੇ ਬਸੰਤੇ ਦੇ ਹੱਥ ‘ਚ ਟੂਟੀਆਂ ਵੇਖੀਆਂ ਤਾਂ ਓਹਨੇ ਸਮਝਿਆ ਬਈ ਕਿਤੇ ਏਹੀ ਐ ਮੱਖਣ ਵੈਦ ਦਾ ਘਰ। ਘਰ ਪੁੱਛਣ ਆਲਾ ਬਸੰਤੇ ਨਾਲ ਗੱਲ ਕਰਨ ਦੀ ਥਾਂ ਟਰੈਲੀ ਆਲਿਆਂ ਨੂੰ ਕਹਿੰਦਾ ‘ਆ ਜੋ, ਆ ਜੋ ਟਰੈਲੀ ਅੰਦਰੇ ਈ ਲਿਆਉ ਇਹੀ ਘਰ ਐ’। ਉਨ੍ਹਾਂ ਨੇ ਟਰੈਲੀ ਬਸੰਤੇ ਕੇ ਘਰੇ ਵਾੜ ‘ਤੀ। ਟਰੈਲੀ ਅੰਦਰ ਵਾੜ ਕੇ ਉਨ੍ਹਾਂ ਨੇ ਤਾਂ ਟਰੈਲੀ ‘ਚ ਬੰਬਾਰ ਪਈ ਬੁੜ੍ਹੀ ਨੂੰ ਚੱਕ ਕੇ ਕਾਹਲੀ ਕਾਹਲੀ ਨਾਲ ਵੇਹੜੇ ‘ਚ ਲਾਹ ਲਿਆ। ਟਰੈਲੀ ਆਲੇ ਨੂੰ ਕਹਿੰਦੇ ਤੂੰ ਜਾਹ। ਟਰੈਲੀ ਆਲਾ ਤਾਂ ਆਵਦੀ ਟਰੈਲੀ ਲੈ ਕੇ ਚਲਾ ਗਿਆ। ਬਸੰਤੇ ਕਾ ਸਾਰਾ ਟੱਬਰ ਹਰਾਨ ਹੋ ਗਿਆ ਬਈ ਇਹ ਕੀ ਐ? ਜਦੋਂ ਬਸੰਤੇ ਨੇ ਉਨ੍ਹਾਂ ਨੂੰ ਪੁੱਛਿਆ ਬਈ ਤੁਸੀਂ ਕੌਣ ਐਂ, ਇਹਨੂੰ ਬੁੜ੍ਹੀ ਨੂੰ ਕੀ ਹੋਇਆ ਵਿਆ, ਤਾਂ ਏਨੇ ਚਿਰ ਨੂੰ ਬੁੜ੍ਹੀ ਦੇਵ ਪੁਰੀ ਨੂੰ ਚੜ੍ਹਾਈ ਕਰ ਗੀ। ਉਹ ਬਸੰਤੇ ਨੂੰ ਕਹਿੰਦੇ ‘ਵੈਦ ਜੀ! ਇਹਨੂੰ ਸਾਡੀ ਮਾਤਾ ਨੂੰ ਵੇਖੋ, ਕੱਲ੍ਹ ਪਰਸੋਂ ਦੀ ਔਖੇ ਔਖੇ ਜੇ ਸਾਹ ਲਈ ਜਾਂਦੀ ਐ’। ਅਕੇ ਬਸੰਤਾ ਕਹਿੰਦਾ ‘ਮੈਂ ਵੈਦ ਨ੍ਹੀ। ਮੈਨੂੰ ਨ੍ਹੀ ਪਤਾ ਏਥੇ ਕੌਣ ਐਂ ਵੈਦ’? ਉਹ ਬੰਦੇ ਕਹਿੰਦੇ ‘ਅਸੀਂ ਤਾਂ ਸੋਡੇ ਹੱਥ ‘ਚ ਟੂਟੀਆਂ ਵੇਖ ਕੇ ਸੋਨੂੰ ਈਂ ਵੈਦ ਸਮਝਗੇ’। ਅਕੇ ਮੁੜ ਕੇ ਬਸੰਤੇ ਨੇ ਉਨ੍ਹਾਂ ਨੂੰ ਓਸੇ ਡਾਕਦਾਰ ਦੇ ਭੇਜ ‘ਤਾ ਜਿਹੜਾ ਟੂਟੀਆਂ ਭੁੱਲ ਕੇ ਗਿਆ ਸੀ। ਜਦੋਂ ਉਹ ਮਰੀ ਵੀ ਬੁੜ੍ਹੀ ਨੂੰ ਡਾਕਦਾਰ ਕੋਲ ਲੈ ਕੇ ਗਏ ਤਾਂ ਡਾਕਦਾਰ ਨੂੰ ਟੂਟੀਆਂ ਯਾਦ ਆ ਗੀਆਂ। ਉਹ ਭੱਜ ਕੇ ਬਸੰਤੇ ਕੇ ਘਰੇ ਟੂਟੀਆਂ ਲੈਣ ਆ ਗਿਆ। ਟਰੈਲੀ ਆਲਿਆਂ ਨੂੰ ਬਾਹਰ ਕੱਢ ਕੇ ਬਸੰਤੇ ਨੇ ਬਾਰ ਬੰਦ ਕਰ ਲਿਆ। ਜਦੋਂ ਡਾਕਦਾਰ ਨੇ ਆ ਕੇ ਬਸੰਤੇ ਕਾ ਕੁੰਡਾ ਖੜਕਾਇਆ ਤਾਂ ਬਸੰਤੇ ਦੀ ਮਾਂ ਕਹਿੰਦੀ ‘ਹੁਣ ਨਾ ਬਾਰ ਖੋਲ੍ਹੀਂ, ਇਹ ਫੇਰ ਨਾ ਆ ਗੇ ਹੋਣ’। ਡਾਕਦਾਰ ਬਾਹਰ ਖੜ੍ਹਾ ਤਖਤੇ ਭੰਨ੍ਹੀ ਜਾਵੇ, ਬਸੰਤਾ ਕੁੰਡਾ ਲਾਈ ਬੈਠਾ। ਜਦੋਂ ਬਸੰਤੇ ਨੇ ‘ਵਾਜ ਮਾਰ ਕੇ ਪੁੱਛਿਆ ਬਈ ਕੌਣ ਐਂ ਤੂੰ? ਤਾਂ ਡਾਕਦਾਰ ਕਹਿੰਦਾ ‘ਮੈਂ ਨੈਬ ਡਾਕਦਾਰ ਆਂ। ਮੇਰੀਆਂ ਟੂਟੀਆਂ ਸੋਡੇ ਘਰੇ ਰਹਿ ਗੀਆਂ’। ਜਦੋਂ ਬਸੰਤੇ ਨੇ ਇਹ ਗੱਲ ਸੁਣੀ ਤਾਂ ਉਹਨੇ ਟੂਟੀਆਂ ਕੰਧ ਉੱਤੋਂ ਦੀ ਬਾਹਰ ਬੀਹੀ ‘ਚ ਸਿੱਟ ‘ਤੀਆਂ। ਆਹ ਗੱਲ ਬਸੰਤੇ ਕਿਆਂ ਨਾਲ ਹੋਈ ਐ। ਤਾਂ ਕਰਕੇ ਬਸੰਤੇ ਕਿਆਂ ਨੂੰ ਡਾਕਦਾਰਾਂ ਦਾ ਲਾਣਾ ਕਹਿੰਦੇ ਐ। ਆਹ ਗੱਲ ਐ ਬਾਬਾ।”
ਗੱਲਾਂ ਕਰਦਿਆਂ ਤੋਂ ਏਨੇ ਚਿਰ ਨੂੰ ਬੱਗੜ ਚੌਂਕੀਦਾਰ ਸੱਥ ‘ਚ ਆ ਕੇ ਬਾਬੇ ਚੰਨਣ ਸਿਉਂ ਨੂੰ ਕਹਿੰਦਾ, ”ਬਾਬਾ ਜੀ! ਸੋਨੂੰ ਸਾਰਿਆਂ ਨੂੰ ਨਮੀਂ ਪਚੈਤ ਨੇ ਆਪਣੇ ਗੁਆੜ ਆਲੀ ਧਰਮਸਾਲਾ ‘ਚ ਸੱਦਿਆ।”
ਚੌਂਕੀਦਾਰ ਤੋਂ ਪੰਚਾਇਤ ਦਾ ਸੁਨੇਹਾ ਸੁਣ ਕੇ ਸੱਥ ਵਾਲੇ ਸਾਰੇ ਬਸੰਤੇ ਕਿਆਂ ਦੀਆਂ ਗੱਲਾਂ ਕਰਦੇ ਕਰਦੇ ਧਰਮਸ਼ਾਲਾ ਵੱਲ ਨੂੰ ਚੱਲ ਪਏ। ਸੱਥ ਖਾਲੀ ਹੋ ਗਈ।

ਲੇਖਕ : ਸੁਖਮੰਦਰ ਸਿੰਘ ਬਰਾੜ
1-604-751-1113